

ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥
ਇਹ ਜੀਵ ਤੇਹੋ ਜੇਹਾ ਫਲ ਪਾਉਂਦਾ ਹੈ ਜੇਵੇਹੀ=ਜਿਸ ਤਰ੍ਹਾਂ ਦੀ ਕਾਰ ਕਮਾਂਵਦਾ ਹੈ।
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨਾ ਦੀ ਪਾਈਐ॥
ਜੇਕਰ ਮਸਤਕ ਉਪਰ ਪੂਰਬਿ=ਪਿਛਲੇ ਕਰਮਾਂ ਦਾ ਸ੍ਰੇਸ਼ਟ ਲੇਖ ਲਿਖਿਆ ਹੋਇਆ ਹੋਵੇ ਤਾਂ ਹੀ ਤਿਨ੍ਹਾਂ ਮਹਾਤਮਾਂ ਦੇ ਚਰਨ ਕਵਲਾਂ ਦੀ ਧੂੜ ਪਾਈਦੀ ਹੈ।
ਮਤਿ ਥੋੜੀ ਸੇਵ ਗਵਾਈਐ ॥੧੦॥
ਇਹ ਜੀਵ ਥੋੜੀ=ਤੁਛ ਮਤੀ ਕਰਕੇ ਸੇਵਾ ਕੀਤੀ ਹੋਈ ਨੂੰ ਗਵਾ ਲੈਂਦਾ ਹੈ।
ਸਾਖੀ-ਨੰਦ ਚੰਦ ਦੀ
ਇਹ ਨੰਦ ਚੰਦ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਦਾ ਮੁਸਾਹਿਬ ਸੀ, ਇਸ ਨੂੰ ਇਕ ਉਦਾਸੀ ਮਹਾਤਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖ ਕਰਕੇ ਮਹਾਰਾਜ ਜੀ ਦੇ ਦਸਤਖ਼ਤ ਪਵਾਣ ਵਾਸਤੇ ਦਿੱਤੀ। ਉਸ ਵਕਤ ਤਾਂ ਇਸ ਨੇ ਕਿਹਾ ਕਿ ਮੈਂ ਦਸਤਖ਼ਤ ਪਵਾ ਦੇਵਾਂਗਾ, ਜਦ ਉਹ ਦੇ ਕੇ ਫਿਰ ਵਾਪਸ ਪਤਾ ਲੈਣ ਵਾਸਤੇ ਆਇਆ ਤਾਂ ਨੰਦ ਚੰਦ ਨੇ ਟਾਲ ਟੂਲ ਦਿੱਤਾ, ਕਿਉਂਕਿ ਉਸ ਬੀੜ ਦੇ ਸੋਹਣੇ ਅੱਖਰ ਦੇਖ ਕੇ ਨੰਦ ਚੰਦ ਦਾ ਮਨ ਬੇਈਮਾਨ ਹੋ ਗਿਆ ਸੀ। ਇਸੀ ਤਰ੍ਹਾਂ ਉਹ ਤਿੰਨ ਚਾਰ ਵੇਰ ਆਇਆ ਪਰ ਨੰਦ ਚੰਦ ਟਾਲ ਦਿਆ ਕਰੇ। ਪੰਜਵੀਂ ਵਾਰ ਉਹ ਆਇਆ ਤਾਂ ਸਾਫ਼ ਹੀ ਮੁੱਕਰ ਗਿਆ ਕਿ ਤੈਨੇ ਤਾਂ ਮੈਨੂੰ ਕੋਈ ਬੀੜ ਦਿੱਤੀ ਹੀ ਨਹੀਂ। ਤਿਸ ਵੇਲੇ ਉਸ ਨੇ ਸਤਿਗੁਰਾਂ ਨੂੰ ਮਿਲਣਾ ਚਾਹਿਆ ਪਰ ਮਿਲ ਨਾ ਸਕਿਆ, ਕਿਉਂਕਿ ਨੰਦ ਚੰਦ ਨੇ ਸਭ ਦਰਵਾਨਚੀਆਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਇਸ ਮਹਾਤਮਾ ਨੂੰ ਅੰਦਰ ਨਾ ਆਉਣ ਦੇਣਾ।
ਇਕ ਸਮੇਂ ਉਸ ਨੂੰ ਬਾਹਰ ਉਜਾੜ ਵਿਚ ਸਤਿਗੁਰ ਦੇਵ ਜੀ ਸ਼ਿਕਾਰ ਖੇਡਦੇ ਮਿਲ ਪਏ, ਉਸ ਵਕਤ ਸਾਧੂ ਨੇ ਦੋ ਹੱਥ ਜੋੜ ਕੇ ਨਿੰਮ੍ਰਤਾ ਸਹਿਤ ਪ੍ਰਾਰਥਨਾ ਕੀਤੀ-ਹੇ ਪ੍ਰਭੂ! ਆਪ ਦੇ ਹਸਤ ਕਵਲਾਂ ਦੇ ਦਸਤਖ਼ਤ ਪੁਆਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੈਂ ਆਪ ਦੇ ਮੁਸਾਹਿਬ ਨੂੰ ਦਿੱਤੀ ਸੀ, ਉਹ ਹੁਣ ਵਾਪਸ ਨਹੀਂ ਦੇਂਦਾ। ਆਪ ਕਿਰਪਾ ਕਰਕੇ ਉਹ ਬੀੜ ਮੈਨੂੰ ਵਾਪਸ ਦਿਵਾ ਦਿਓ।
ਇਹ ਗੱਲ ਸੁਣ ਕੇ ਕਲਗੀਧਰ ਜੀ ਆਪਣੇ ਮੰਦਰਾਂ ਵਿਖੇ ਆ ਗਏ ਅਤੇ ਤਿਸ ਵੇਲੇ ਨੰਦ ਚੰਦ ਨੂੰ ਪੁਛਿਆ ਕਿ ਇਹ ਉਦਾਸੀਨ ਮਹਾਤਮਾ ਜੋ ਤੈਨੂੰ ਬੀੜ ਦੇ ਗਏ ਹਨ, ਉਹ ਕਿਥੇ ਹੈ?
ਉਸ ਵੇਲੇ ਉਹ ਸਾਫ਼ ਹੀ ਮੁਕਰ ਗਿਆ ਕਿ ਨਾ ਇਹ ਬੀੜ ਮੈਨੂੰ ਦੇ ਗਏ ਹਨ ਅਤੇ