Back ArrowLogo
Info
Profile

ਨਾ ਹੀ ਮੇਰੇ ਪਾਸ ਹੈ। ਨਾ ਹੀ ਮੈਂ ਇਸ ਨੂੰ ਜਾਣਦਾ ਹਾਂ। ਉਸ ਵਕਤ ਉਹ ਨੰਦ ਚੰਦ ਡਰਦਾ ਮਾਰਾ ਰਾਤੋ ਰਾਤ ਬੀੜ ਲੈ ਕੇ ਨਿਕਲ ਗਿਆ ਤੇ ਕਰਤਾਰ ਪੁਰ ਆ ਗਿਆ। ਜਦ ਧੀਰ ਮਲ ਨੇ ਸੁਣਿਆਂ, ਉਸੀ ਵਕਤ ਉਸ ਨੇ ਗੋਲੀ ਨਾਲ ਮਰਵਾ ਦਿੱਤਾ। ਹੁਣ ਉਹ ਬੀੜ ਡਰੌਲੀ ਵਿਖੇ ਬਿਰਾਜਮਾਨ ਹੈ, ਉਸ ਦਾ ਜੋ ਸੰਪੂਰਨ ਪਾਠ ਕਰਕੇ ਭੋਗ ਪਾਉਂਦਾ ਹੈ, ਓਹ ਅੰਧਾ ਹੋ ਜਾਂਦਾ ਹੈ।

ਹੁਣ ਵਿਚਾਰ ਕੇ ਦੇਖੋ ਤੁਛ ਮਤੀ ਕਰਕੇ ਨੰਦ ਚੰਦ ਨੇ ਦਸਵੇਂ ਪਾਤਿਸ਼ਾਹ ਜੀ ਦਾ ਫ਼ੁਰਮਾਨ ਨਾ ਮੰਨਿਆ ਤੇ ਬੀੜ ਲੁਕਾ ਕੇ ਰੱਖੀ ਤੇ ਅਗਲੀ ਜੇਹੜੀ ਸੇਵਾ ਕੀਤੀ ਹੋਈ ਸੀ ਓਹ ਸਭ ਨਿਸਫਲ ਗਵਾ ਲਈ।

ਪੂਰਾ ਪ੍ਰਸੰਗ ਦੇਖਣਾ ਹੋਵੇ ਤਾਂ ਸੂਰਜ ਪ੍ਰਤਾਪ ਦੀ ਰੁਤ ਤੀਸਰੀ ੩੧ ਅੰਸੂ ਵਿਖੇ ਦੇਖੋ। ਤਾਂਤੇ ਚੰਗੀ ਮਤ ਹੋਵੇ ਤਾਂ ਸੇਵਾ ਕੀਤੀ ਸਫਲੀ ਹੈ।

ਯਥਾ- ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥

(ਸਾਰੰਗ ਕੀ ਵਾਰ, ਪੰਨਾ ੧੨੪੫)

ਅਥਵਾ:-ਗੁਰਾਂ ਦੀ ਸੇਵਾ ਕਰੇ ਤਾਂ ਹੀ ਇਹ ਜੀਵ ਆਪਣੀ ਤੁੱਛ ਮਤੀ ਨੂੰ ਗਵਾ ਲੈਂਦਾ ਹੈ ਤਾਂਤੇ ਹੇ ਰਾਇ ਬੁਲਾਰ ! ਤੂੰ ਭੀ ਗੁਰਾਂ ਦੀ ਸੇਵਾ ਕਰ ਤਾਂ ਤੇਰਾ ਉਧਾਰ ਹੋਵੇਗਾ॥੧੦॥

ਸਲੋਕੁ ਮਃ ੧ ॥

ਉਥਾਨਕਾ- ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਰਟਨ ਕਰਦੇ ਹੋਏ ਸੁਮੇਰ ਪਰਬਤ 'ਪਰ ਪਹੁੰਚੇ ਹਨ।

ਯਥਾ- ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟੀ ਆਈ॥

(ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੮)

ਤਾਂ ਸਿੱਧਾਂ ਨੇ ਬੇਨਤੀ ਕੀਤੀ ਕਿ ਆਪ ਸੰਸਾਰ 'ਚੋਂ ਆਏ ਹੋ, ਇਹ ਦੱਸੋ ਮਾਤ ਲੋਕ ਵਿਚ ਕੀ ਵਰਤਾਰਾ ਵਰਤ ਰਿਹਾ ਹੈ ?

ਗੁਰ ਉੱਤਰ:-

ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥

ਸੱਚ ਦਾ ਤਾਂ ਕਾਲ ਹੀ ਪੈ ਗਿਆ ਹੈ, ਭਾਵ ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ ਸੱਚ ਤਾਂ ਉੱਡ ਹੀ ਗਿਆ ਹੈ ਤੇ ਕੂੜ-ਝੂਠ ਬੋਲਣਾ ਹੀ ਜਿਥੇ ਕਿਥੇ ਵਰਤ ਰਿਹਾ ਭਾਵ ਪਰਧਾਨ ਹੋ ਰਿਹਾ ਹੈ। ਕਲਜੁਗ ਦੀ ਜੋ ਕਿਰਿਆ ਹੈ ਕਾਲਖ=ਪਾਪਾਂ ਵਾਲੀ ਇਸ ਕਰਕੇ ਇਹ ਜੀਵ ਬੇਤਾਲ=ਭੂਤਨੇ ਹੋ ਰਹੇ ਹਨ।

ਅਥਵਾ:-ਤਾਲ=ਸਰੂਪ ਤੋਂ ਬੇ=ਰਹਿਤ ਹੋ ਰਹੇ ਹਨ।

99 / 355
Previous
Next