ਤੋਂ ਉਮਰ ਵਿਚ ਕਾਫ਼ੀ ਛੋਟੀ ਸੀ। ਅਰਿਸਤੋਫੇਨਸ ਨੇ ਤਾਂ ਉਮਰ ਦਾ ਫਰਕ ਚਾਲੀ ਸਾਲ ਦੇ ਆਸ-ਪਾਸ ਦੱਸਿਆ ਹੈ। ਉਸਦੇ ਤਿੰਨ ਪੁੱਤਰ ਲੈਮਪ੍ਰੋਕਨੀਜ਼, ਸਾਫਰਾਨਿਕਸ ਅਤੇ ਮੈਨੀਜੀਨਸ ਸਨ। ਸੁਕਰਾਤ ਦੀ ਮੌਤ ਸਮੇਂ ਵੱਡਾ ਪੁੱਤਰ ਸੁਰਤ ਵਿਚ ਸੀ ਤੇ ਸਭ ਤੋਂ ਛੋਟਾ ਜ਼ੈਨਥਿਪੀ ਦੇ ਕੁੱਛੜ ਸੀ। ਡੱਚ ਚਿੱਤਰਕਾਰ ਸੇਈਜ਼ਰ ਬੋਥੀਅਸ ਨੇ ਸਤਾਰਵੀਂ ਸਦੀ ਵਿਚ ਸੁਕਰਾਤ ਦੇ ਜੀਵਨ ਨੂੰ ਤਸਵੀਰਾਂ ਵਿਚ ਚਿਤਰਿਆ ਹੈ। ਉਸਦੀ ਇਕ ਤਸਵੀਰ ਵਿਚ ਸੁਕਰਾਤ ਆਪਣੀ ਮੌਤ ਤੋਂ ਪਹਿਲੀ ਸ਼ਾਮ ਜੇਲ੍ਹ ਦੀ ਕੋਠੜੀ ਵਿਚ ਆਪਣੇ ਸ਼ਾਗਿਰਦਾਂ ਵਿਚ ਘਿਰਿਆ ਪ੍ਰਵਚਨ ਦੇਣ ਵਿਚ ਮਗਨ ਹੈ ਤੇ ਪਿੱਛੇ ਜਿਹੇ ਜ਼ੈਨਥਿਪੀ ਇਕ ਬਾਲ ਨੂੰ ਕੁੱਛੜ ਚੁੱਕੀ ਪ੍ਰੇਸ਼ਾਨੀ ਨਾਲ ਦੇਖ ਰਹੀ ਹੈ। ਅਰਿਸਤੋਫੇਨਸ ਦੇ ਹਾਸ-ਨਾਟਕ ਕਲਾਊਡਜ਼ ਅਨੁਸਾਰ ਜ਼ੈਨਥਿਪੀ ਬਹੁਤ ਝਗੜਾਲੂ ਔਰਤ ਸੀ ਜਿਸਨੂੰ ਆਪਣੇ ਵੱਡੀ ਉਮਰ ਦੇ ਦਾਰਸ਼ਨਿਕ ਪਤੀ ਦੇ ਹਰ ਵੇਲੇ ਚਿੰਤਨ-ਮਗਨ ਰਹਿਣ ਤੋਂ ਚਿੜ ਸੀ। ਉਹ ਉਸਨੂੰ ਵਿਹਲਾ ਤੇ ਨਿਖੱਟੂ ਕਹਿੰਦੀ ਰਹਿੰਦੀ ਤੇ ਆਪਣੇ ਮੁਕੱਦਰਾਂ ਨੂੰ ਕੋਸਦੀ ਰਹਿੰਦੀ। ਪਰ ਪਲੇਟ ਨੇ ਕਿਤੇ ਵੀ ਜ਼ੈਨਥਿਪੀ ਦੇ ਕੁਰੱਖਤ ਸੁਭਾਅ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਜ਼ੀਨੋਫੋਨ ਨੇ ਵੀ ਜ਼ੈਨਥਿਪੀ ਨੂੰ ਪਤੀ ਦੀ ਮਕਬੂਲੀਅਤ 'ਤੇ ਮਾਣ ਕਰਨ ਵਾਲੀ ਸਹਿਯੋਗੀ ਔਰਤ ਵਜੋਂ ਹੀ ਪੇਸ਼ ਕੀਤਾ। ਇਕ ਹੋਰ ਧਾਰਨਾ ਅਨੁਸਾਰ ਸੁਕਰਾਤ ਦੀਆਂ ਦੋ ਪਤਨੀਆਂ ਸਨ ਤੇ ਉਸਨੇ ਅਰਿਸਟੀਡੀਜ਼ ਦੀ ਪੁੱਤਰੀ 'ਮਾਈਟਰੋ' ਨਾਲ ਵੀ ਵਿਆਹ ਕੀਤਾ ਸੀ। ਇਸ ਔਰਤ ਬਾਰੇ ਕਿਹਾ ਗਿਆ ਕਿ ਉਹ ਸੁਕਰਾਤ ਦੀ ਹਮ-ਉਮਰ ਤੇ ਸ਼ਾਂਤ ਸੁਭਾਅ ਵਾਲੀ ਸੀ। ਬੋਥੀਅਸ ਨੇ ਆਪਣੀ ਇਕ ਪੇਂਟਿੰਗ ਦੇ ਤੀਵੀਆਂ (Two Wives) ਵਿਚ ਸੁਕਰਾਤ ਦੀਆਂ ਦੋ ਪਤਨੀਆਂ ਸੰਬੰਧੀ ਧਾਰਨਾ ਨੂੰ ਹੋਰ ਪੱਕਿਆਂ ਕੀਤਾ ਹੈ। ਕੁਝ ਆਲੋਚਕਾਂ ਨੇ ਜ਼ੈਨਥਿਪੀ ਦੇ ਕੌੜੇ ਸੁਭਾਅ ਦਾ ਕਾਰਨ ਸੁਕਰਾਤ ਦੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਨਿਰਲੇਪ ਰਹਿਣ ਨੂੰ ਮੰਨਿਆ। ਕਿਹਾ ਗਿਆ ਕਿ ਉਹ ਪਰਿਵਾਰ ਦੀ ਪਰਵਰਿਸ਼ ਲਈ ਯੋਗ ਧਨ ਕਮਾ ਸਕਣ ਦੇ ਅਯੋਗ ਸੀ। ਇਸ ਲਈ ਪਰਿਵਾਰ ਨੂੰ ਬੋਝ ਸਮਝਦਾ ਸੀ ਤੇ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਪਰ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ ਲੱਗਦੀ। 'ਫੇਡੋ' ਨਾਮ ਦੇ ਸੰਵਾਦ ਵਿਚ ਪਲੈਟੋ ਨੇ ਲਿਖਿਆ ਕਿ ਜ਼ੈਨਥਿਪੀ ਤੇ ਉਸਦਾ ਪੁੱਤਰ, ਸੁਕਰਾਤ ਦੀ ਮੌਤ ਤੋਂ ਪਹਿਲੀ ਸ਼ਾਮ ਜੇਲ੍ਹ ਦੀ ਕੋਠੜੀ ਵਿਚ ਹੀ ਸਨ ਤੇ ਜ਼ੈਨਥਿਪੀ ਬਹੁਤ ਘਬਰਾਈ ਹੋਈ ਤੇ ਰੋ ਰਹੀ ਸੀ। ਉਸ ਨੇ ਸੁਕਰਾਤ ਨਾਲ ਕਾਫ਼ੀ ਸਮਾਂ ਬਤੀਤ ਕੀਤਾ ਅਤੇ ਸੁਕਰਾਤ ਨੇ ਆਪਣੇ ਵਿਸ਼ੇਸ਼ ਮਿੱਤਰ ਕੀਟੋ ਦੇ ਸਾਹਮਣੇ ਹੀ ਜ਼ੈਨਥਿਪੀ ਨੂੰ ਭਵਿੱਖ ਸੰਬੰਧੀ ਕੁਝ ਹਦਾਇਤਾਂ ਦਿੱਤੀਆਂ। ਪਰਿਵਾਰ ਦੇ ਸੰਬੰਧ ਵਿਚ ਧਾਰਨਾ ਬਣਾਉਣ ਲੱਗੇ ਵੱਖ-ਵੱਖ ਚਿੰਤਕਾਂ ਨੇ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਕੇ ਹਾਸ ਨਾਟਕ 'ਤੇ ਵੱਧ ਭਰੋਸਾ ਕੀਤਾ।