ਇਸੇ ਨਾਟਕ ਦੇ ਕਈ ਹੋਰ ਪ੍ਰਸੰਗ ਹਨ ਜਿਨ੍ਹਾਂ ਨੂੰ ਸੁਕਰਾਤ ਦੇ ਘਰੇਲੂ ਜੀਵਨ ਵਜੋਂ ਸਮਝਣ ਦੀ ਗਲਤੀ ਇਤਿਹਾਸ ਵਿਚ ਕੀਤੀ ਜਾਂਦੀ ਰਹੀ ਹੈ। ਇਕ ਘਟਨਾ ਵਿਚ ਉਹ ਆਪਣੇ ਸ਼ਾਗਿਰਦਾਂ ਨਾਲ ਘਰ ਪਰਤਦਾ ਹੈ ਤਾਂ ਗੁੱਸੇ ਵਿਚ ਲੋਹੀ-ਲਾਖੀ ਹੁੰਦੀ ਉਸ ਦੀ ਬੀਵੀ ਉਸ ਉੱਪਰ ਪਾਣੀ ਪਾ ਦਿੰਦੀ ਹੈ। ਉਹ ਚਿੰਤਕ ਪਾਤਰ ਅੱਗੋਂ ਮਜ਼ਾਕੀਆ ਲਹਿਜ਼ੇ 'ਚ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਹੈ, "ਸੁਣਿਆ ਸੀ ਕਿ ਜੋ ਬੱਦਲ ਗਰਜਦੇ ਹਨ, ਉਹ ਵਰਸਦੇ ਨਹੀਂ। ਪਰ ਇਹ ਬੱਦਲ ਤਾਂ ਗਰਜਣ ਦੇ ਨਾਲ-ਨਾਲ ਵਰਸ ਵੀ ਰਹੇ ਹਨ।" ਬੋਥੀਅਸ ਦੀ ਇਸ ਪ੍ਰਸੰਗ ਬਾਰੇ ਬਣਾਈ ਪੇਂਟਿੰਗ ਵੀ ਸੰਸਾਰ ਪ੍ਰਸਿੱਧ ਰਹੀ ਤੇ ਉਸਨੇ ਸੁਕਰਾਤ ਦੇ ਪਰਿਵਾਰਕ ਜੀਵਨ ਬਾਰੇ ਮਿੱਥਾਂ ਨੂੰ ਦ੍ਰਿੜ ਕੀਤਾ। ਅਸਲ ਵਿਚ ਜਿਨ੍ਹਾਂ ਲਿਖਤਾਂ ਵਿਚ ਸੁਕਰਾਤ ਦੇ ਜੀਵਨ ਬਾਰੇ ਕਿਸੇ ਵੀ ਤਰ੍ਹਾਂ ਦੀ ਪ੍ਰਮਾਣਿਕ ਜਾਣਕਾਰੀ ਮਿਲਦੀ ਹੈ, ਉਨ੍ਹਾਂ ਵਿਚ ਉਸ ਦੀ ਬੀਵੀ ਜ਼ੈਨਥਿਪੀ ਨੂੰ ਬਹੁਤ ਸੁਹਿਰਦ ਤੇ ਮੁਹੱਬਤ ਕਰਨ ਵਾਲੀ ਘਰੇਲੂ ਸੁਆਣੀ ਵਜੋਂ ਚਿਤਰਿਆ ਗਿਆ ਹੈ। ਪਲੈਟੋ ਦੇ ਕਿਸੇ ਵੀ ਵਾਰਤਾਲਾਪ ਵਿਚ ਜ਼ੈਨੀਥਿਪੀ ਦੇ ਵਿਹਾਰ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਹੈ। ਇਸ ਲਈ ਸੁਕਰਾਤ ਦੇ ਗ੍ਰਹਿਸਥ ਜੀਵਨ ਸੰਬੰਧੀ ਬਹੁਤ ਸਾਰੇ ਭੁਲਾਂਦਰਿਆਂ ਦਾ ਕਾਰਨ ਅਰਿਸਤੋਫੇਨਸ ਦਾ ਨਾਟਕ ਕਲਾਊਡਜ਼ ਬਣਦਾ ਹੈ।
ਸੁਕਰਾਤ ਦੇ ਦਰਸ਼ਨ ਵਿਚ ਮਨੁੱਖ ਦੇ ਕਾਰਜਾਂ ਅਤੇ ਵਿਚਾਰਾਂ ਦੀ ਏਕਤਾ ਉੱਪਰ ਬਹੁਤ ਬਲ ਦਿੱਤਾ ਗਿਆ ਹੈ। ਵੱਖ-ਵੱਖ ਸੰਵਾਦਾਂ ਵਿਚ ਵਾਰ-ਵਾਰ ਉਹ ਨੈਤਿਕਤਾ ਦੇ ਪ੍ਰਦਰਸ਼ਨ ਉੱਪਰ ਖਿੱਝਦਾ ਹੈ ਤੇ ਨੈਤਿਕ ਵਿਹਾਰ ਕਰਨ ਨੂੰ ਕਹਿੰਦਾ ਹੈ। 'ਫੇਡੋ' ਸਿਰਲੇਖ ਵਾਲੇ ਸੰਵਾਦ ਵਿਚ ਸੁਕਰਾਤ ਕਹਿੰਦਾ ਹੈ ਕਿ, "ਦੇਸ਼ਭਗਤੀ ਚਾਰ ਲੋਕਾਂ ਦੇ ਇਕੱਠ ਵਿਚ ਮੁੱਠੀਆਂ ਤਣ ਕੇ ਪ੍ਰਗਟਾਈ ਜਾਣ ਵਾਲੀ ਭਾਵਨਾ ਮਾਤਰ ਨਹੀਂ। ਇਹ ਐਸਾ ਜਜ਼ਬਾ ਹੈ ਜੋ ਸਮਾਂ ਆਉਣ 'ਤੇ ਯੁੱਧਭੂਮੀ ਵਿਚ ਕੁਰਬਾਨ ਹੋਣ ਦੀ ਹੱਦ ਤੱਕ ਲੈ ਜਾਂਦਾ ਹੈ, ਜੋ ਚੁੱਪਚਾਪ ਮਨ ਵਿਚ ਸਾਂਭਿਆ ਵੀ ਰਹਿੰਦਾ ਹੈ।" ਸੁਕਰਾਤ ਨੇ ਇਸ ਵਿਚਾਰ ਦੇ ਅਮਲ ਲਈ ਆਪ ਏਥਨਜ਼ ਦੀ ਫੌਜੀ ਸੇਵਾ ਵਿਚ ਭਾਗ ਵੀ ਲਿਆ ਸੀ। ਪਲੈਟੋ ਉਸ ਦੀ ਫੌਜੀ ਨੌਕਰੀ ਦਾ ਜ਼ਿਕਰ ਵਾਰ-ਵਾਰ ਕਈ ਸੰਵਾਦਾਂ ਜਿਵੇਂ ਅਪੋਲੋਜੀ, ਸਿੰਪੋਜ਼ੀਅਮ ਅਤੇ ਚਾਰਮੀਡੀਜ਼ ਵਿਚ ਕਰਦਾ ਹੈ। ਪਲੈਟੋ ਦੇ ਹਵਾਲਿਆਂ ਦੇ ਨਾਲ ਹੀ ਉਸ ਦੌਰ ਦੀਆਂ ਇਤਿਹਾਸਕ ਘਟਨਾਵਾਂ ਵੀ ਸਾਥਿਤ ਕਰਦੀਆਂ ਹਨ ਕਿ ਸੁਕਰਾਤ ਦਾ ਯੁੱਗ ਏਥਨਜ਼ ਦੀ ਅਸੀਮ ਤਰੱਕੀ ਦੇ ਨਾਲ-ਨਾਲ ਜੰਗੀ ਯੁੱਗ-ਗਰਦੀਆਂ ਦਾ ਸਮਾਂ ਵੀ ਸੀ। ਛੇਵੀਂ ਸਦੀ ਈ. ਪੂ. ਤੋਂ ਹੀ ਏਥਨਜ਼ ਅਤੇ ਸਪਾਰਟਾ ਨੇ ਵਿਕਾਸ ਅਤੇ ਸਹਿਯੋਗ ਲਈ ਸਾਂਝੀ ਸ਼ਾਸਨ ਵਿਵਸਥਾ ਅਪਣਾ ਲਈ ਸੀ। ਦੋਵਾਂ ਦੀ ਸਾਂਝੀ ਸੰਸਦ ਏਥਨਜ਼ ਵਿਚ ਹੀ ਸੀ ਜਿਸ ਵਿਚ ਲੋਕਾਂ