ਦੇ ਚੁਣੇ ਹੋਏ ਸੈਂਕੜੇ ਨੁਮਾਇੰਦੇ ਸਨ। ਇਹ ਨੁਮਾਇੰਦੇ ਮਿਲ ਕੇ ਹਰ ਮਸਲੇ 'ਤੇ ਇਕ ਰਾਏ ਕਾਇਮ ਕਰਦੇ ਸਨ, ਜਿਸ ਦੇ ਆਧਾਰ 'ਤੇ ਹੀ ਫੌਜੀ, ਸਿਵਲ ਅਤੇ ਪ੍ਰਸ਼ਾਸਨਿਕ ਫੈਸਲੇ ਕੀਤੇ ਜਾਂਦੇ ਸਨ। ਸੜਕਾਂ, ਇਮਾਰਤਾਂ, ਸਭਾਵਾਂ ਤੇ ਹੋਰ ਵਸਤਾਂ ਦੇ ਨਿਰਮਾਣ ਲਈ ਇਸ ਸੰਸਦ ਵੱਲੋਂ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੇ ਸਨ। ਇਨ੍ਹਾਂ ਨੁਮਾਇੰਦਿਆਂ ਵਿੱਚੋਂ ਹੀ ਇਕ 'ਪਹਿਲਾ ਨਾਗਰਿਕ' ਚੁਣਿਆ ਜਾਂਦਾ ਜੋ ਸੰਸਦ ਦੇ ਵਿਸ਼ਵਾਸ ਨਾਲ ਲੋਕਾਂ ਦੀ ਬਿਹਤਰੀ ਲਈ ਕਾਰਜ ਕਰਦਾ। ਫਾਰਸ ਨਾਲ ਹੋਏ ਦੋ ਯੁੱਧਾਂ (490 ਈ. ਪੂ. ਅਤੇ 481-479 ਈ. ਪੂ.) ਨੇ ਏਥਨਜ਼ ਅਤੇ ਸਪਾਰਟਾ ਨੂੰ ਵੱਖ-ਵੱਖ ਕਰ ਦਿੱਤਾ ਸੀ। ਵੱਖ-ਵੱਖ ਹੀ ਨਹੀਂ ਕੀਤਾ ਸਗੋਂ ਵਿਰੋਧੀ ਰਾਜ ਬਣਾ ਦਿੱਤਾ। ਸਪਾਰਟਾ ਵਿਚ ਮੁੜ ਤੋਂ ਰਾਜਾਸ਼ਾਹੀ ਸ਼ਾਸਨ ਪ੍ਰਬੰਧ ਕਾਇਮ ਹੋ ਗਿਆ। ਧਨੀ ਜਾਗੀਰਦਾਰਾਂ ਤੇ ਰਾਜਿਆਂ ਨੇ ਏਥਨਜ਼ ਦੇ ਲੋਕਤੰਤਰੀ ਤਰੀਕੇ ਨਾਲ ਸਦਾ ਖੁੰਦਕ ਵਾਲਾ ਵਤੀਰਾ ਧਾਰਨ ਕਰੀ ਰੱਖਿਆ। ਏਥਨਜ਼ ਵਿਚ ਵਿਸ਼ੇਸ਼ ਤੌਰ 'ਤੇ 445 ਈ. ਪੂ. ਤੋਂ 431 ਈ. ਪੂ. ਤੇਕ ਪੇਰੀਕਲੀਸ ਦਾ ਸੁਨਹਿਰੀ ਸ਼ਾਸਨ ਯੁੱਗ ਰਿਹਾ। ਇਸ ਯੁੱਗ ਨੂੰ ਪੱਛਮੀ ਇਤਿਹਾਸਕਾਰ ਮਨੁੱਖੀ ਸਭਿਅਤਾ ਵਿਚ ਸੰਪੂਰਣਤਾ ਦਾ ਦੌਰ ਕਹਿੰਦੇ ਹਨ। ਇਸ ਕਾਲ ਤੋਂ ਪਹਿਲਾਂ ਏਥਨਜ਼ ਦੇ ਅਮੀਰਾਂ, ਜਿਨ੍ਹਾਂ ਨੂੰ ਸਪਾਰਟਾ ਦੇ ਰਾਜ ਘਰਾਣਿਆਂ ਦਾ ਸਹਿਯੋਗ ਹਾਸਲ ਸੀ ਅਤੇ ਸਾਧਾਰਣ ਲੋਕਾਂ ਵਿਚ ਲੰਮਾ ਸੰਘਰਸ਼ ਚੱਲਿਆ। ਪੇਰੀਕਲੀਸ ਹਰ ਸਾਲ ਏਥਨਜ਼ ਦਾ ਪਹਿਲਾ ਨਾਗਰਿਕ ਚੁਣਿਆ ਜਾਂਦਾ ਰਿਹਾ। ਉਹ ਬਿਨਾਂ ਕਿਸੇ ਵਿਤਕਰੇ ਦੇ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕਰਦਾ ਰਿਹਾ। ਉਸਦੇ ਕਾਰਜਕਾਲ ਵਿਚ ਏਥਨਜ਼ ਨੇ ਭਰਪੂਰ ਵਿਕਾਸ ਕੀਤਾ। ਉਸਦੇ ਦੌਰ ਵਿਚ ਸਾਹਿਤ, ਕਲਾ ਤੇ ਦਰਸ਼ਨ ਨੂੰ ਭਰਵਾਂ ਹੁਲਾਰਾ ਮਿਲਿਆ ਤੇ ਏਥਨਜ਼ ਪੁਰਾਣੇ ਯੂਨਾਨ ਦੇ ਇਕ ਅਹਿਮ ਬੌਧਿਕ ਕੇਂਦਰ ਵਜੋਂ ਸਥਾਪਿਤ ਹੋ ਗਿਆ। ਉਸੇ ਦੇ ਦੌਰ ਵਿਚ ਹੀ ਓਕਰੋਪੋਲੀਸ ਦੀ ਪਹਾੜੀ ਉੱਪਰ ਪਾਰਥਕੇਨ ਵਰਗੇ ਕੇਂਦਰ ਸਥਾਪਿਤ ਹੋਏ। ਇਸ ਵਿਕਾਸ ਦਾ ਦੁਹਰਾ ਅਸਰ ਦੇਖਣ ਨੂੰ ਮਿਲਿਆ। ਏਥਨਜ਼ ਦੇ ਇਸ ਵਿਕਾਸ ਤੋਂ ਖਿਝੇ ਸਪਾਰਟਾ ਤੇ ਹੋਰ ਰਾਜਸ਼ਾਹੀ ਰਾਜਾਂ ਨੂੰ ਫ਼ਿਕਰ ਹੋ ਗਿਆ ਕਿਤੇ ਉਨ੍ਹਾਂ ਦੀ ਜਨਤਾ ਵੀ ਲੋਕਤੰਤਰੀ ਤਰਜ਼ ਦੇ ਸ਼ਾਸਕ ਪ੍ਰਬੰਧ ਦੀ ਮੰਗ ਨਾ ਕਰਨ ਲੱਗੇ। ਦੂਜੇ ਪਾਸੇ ਏਥਨਜ਼ ਰਾਜ ਦੀ ਬਹੁਤੀ ਆਮਦਨ ਵਿਕਾਸ 'ਤੇ ਖਰਚੇ ਜਾਣ ਕਾਰਨ ਫੌਜੀ ਤੇ ਰੱਖਿਆ ਪੱਖ ਕਮਜ਼ੋਰ ਹੋ ਗਿਆ। ਇਸੇ ਦਾ ਨਤੀਜਾ ਸੀ ਕਿ ਸਪਾਰਟਾ ਨੇ ਰਹਿ-ਰਹਿ ਕੇ ਏਥਨਜ਼ ਉੱਪਰ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦਾ ਸਾਹਮਣਾ ਕਰਨ ਲਈ ਏਥਨਜ਼ ਕੋਲ ਢੁਕਵੇਂ ਵਸੀਲੇ ਹੀ ਨਹੀਂ ਸਨ। ਫੌਜ ਦੀ ਸੀਮਤ ਗਿਣਤੀ ਕਾਰਨ ਪੇਰੀਕਲੀਸ ਨੇ ਸਾਧਾਰਣ ਲੋਕਾਂ ਨੂੰ ਰਾਜ ਦੀ ਰਖਵਾਲੀ ਲਈ ਫੌਜੀਆਂ ਵਜੋਂ ਸੇਵਾ ਕਰਨ ਦੀ ਅਪੀਲ ਕੀਤੀ। 432-31 ਈ. ਪੂ. ਦੀ ਜੰਗ