ਵਾਰ ਕਿਸੇ ਵਿਅਕਤੀ ਨੂੰ ਅਮੀਰੀ, ਸੱਤਾ ਤੇ ਸੁੰਦਰਤਾ ਦੇ ਮੁਕਾਬਲੇ ਗਿਆਨ ਦੇ ਸਿਰ 'ਤੇ ਅਸੀਮ ਪ੍ਰਸਿੱਧੀ ਮਿਲੀ। ਪਲੈਟੋ ਕਹਿੰਦਾ ਹੈ ਕਿ ਦੇਖਣ ਵਿਚ ਸੁਕਰਾਰ ਜਿੰਨਾ ਕਰੂਪ ਸੀ, ਉਸਦੀ ਆਤਮਾ ਓਨੀ ਹੀ ਜ਼ਿਆਦਾ ਸੁੰਦਰ ਸੀ। ਨੌਜਵਾਨ ਮੁੰਡੇ ਉਸ ਦੀਆਂ ਗੱਲਾਂ ਦੇ ਖਿੱਚੇ ਪਿੱਛੇ-ਪਿੱਛੇ ਆਉਂਦੇ। ਉਸਦੇ ਗਿਆਨ ਮੰਡਲ ਵਿਚ ਦਾਖ਼ਲੇ ਲਈ ਅਮੀਰ ਹੋਣਾ ਲਾਜ਼ਮੀ ਨਹੀਂ ਸੀ, ਬਲਕਿ ਜਿਗਿਆਸਾ ਹੀ ਕਿਸੇ ਵਿਦਿਆਰਥੀ ਦੀ ਮੁੱਢਲੀ ਯੋਗਤਾ ਸੀ। ਉਹ ਵਿਦਿਆਰਥੀਆਂ ਕੋਲੋਂ ਮੂਕ ਹੋ ਕੇ ਧਿਆਨ ਨਾਲ ਗੱਲਾਂ ਸੁਣਨ ਦੀ ਆਸ ਨਹੀਂ ਸੀ ਕਰਦਾ ਬਲਕਿ ਸਵਾਲ ਪੁੱਛਣ ਵਾਲੇ, ਸੰਵਾਦ-ਰਚਾਉਣ ਵਾਲੇ ਤੇ ਉਸਦੀਆਂ ਗੱਲਾਂ ਦੇ ਮੋੜਵੇਂ ਉੱਤਰ ਦੇਣ ਵਾਲੇ ਸਿਖਿਆਰਥੀ ਉਸਦੇ ਚਹੇਤੇ ਸਨ। ਉਹ ਕਹਿੰਦਾ ਸੀ, “ਤੁਹਾਡੇ ਸਵਾਲਾਂ ਦੀ ਸਾਣ 'ਤੇ ਮੈਂ ਆਪਣੀ ਬੁੱਧੀ ਦਾ ਚਾਕੂ ਤੇਜ਼ ਕਰਦਾ ਹਾਂ ਤੇ ਤੁਹਾਡਾ ਮੈਨੂੰ ਰੱਦ ਕਰਨਾ ਮੇਰੀ ਸ਼ਕਲ ਨੂੰ ਸ਼ੀਸ਼ਾ ਦਿਖਾਉਣਾ ਹੈ।" ਲੋਕ ਉਸਦੀ ਸ਼ਖ਼ਸੀ ਖਿੱਚ ਦੇ ਖਿੱਚੇ ਚਲੇ ਆਉਂਦੇ ਸਨ ਤਾਂ ਕਦੀ-ਕਦੀ ਉਸਦੀਆਂ ਸੱਚੀਆਂ ਗੱਲਾਂ ਤੋਂ ਘਬਰਾ ਵੀ ਜਾਂਦੇ ਸਨ। ਪਲੈਟੋ ਦੇ 'ਮੇਨੋ' ਸਿਰਲੇਖ ਵਾਲੇ ਸੰਵਾਦ ਵਿਚ ਇਕ ਨੌਜਵਾਨ ਮੇਨੋ ਸੁਕਰਾਤ ਸਾਹਮਣੇ ਆਪਣੀ ਭਾਵੁਕਤਾ ਪੇਸ਼ ਕਰਦਾ ਹੈ। ਉਹ ਆਪਣੇ ਨੌਕਰ ਤੇ ਦੋਸਤ ਦੀ ਹਾਜ਼ਰੀ ਵਿਚ 'ਨੇਕੀ' ਤੇ ਇਸਦੇ ਮਹੱਤਵ ਬਾਰੇ ਸੁਕਰਾਤ ਨਾਲ ਸੰਵਾਦ ਕਰਦਾ ਹੈ। ਜਦੋਂ ਸੁਕਰਾਤ ਉਸਨੂੰ ਆਪਣੀਆਂ ਦਲੀਲਾਂ ਨਾਲ ਲਾਜਵਾਬ ਕਰਦਾ ਹੈ ਤਾਂ ਮੇਨੇ ਉਸਨੂੰ ਆਖਦਾ ਹੈ:
ਹੇ ਸੁਕਰਾਤ। ਤੁਹਾਨੂੰ ਮਿਲਣ ਤੋਂ ਪਹਿਲਾਂ ਮੈਨੂੰ ਤੁਹਾਡੇ ਬਾਰੇ ਇਹੀ ਦੱਸਿਆ ਗਿਆ ਸੀ ਕਿ ਤੁਸੀਂ ਵਹਿਮ ਵਿਚ ਜਿਉਂਦੇ ਹੋ ਤੇ ਦੂਜਿਆਂ ਨੂੰ ਵੀ ਇਸੇ ਵਹਿਮ ਦਾ ਸ਼ਿਕਾਰ ਬਣਾਉਂਦੇ ਹੋ। ਹੁਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਮੈਨੂੰ ਸੰਮੋਹਿਤ ਕਰ ਰਹੇ ਹੋ ਤੇ ਮੈਂ ਪੂਰੀ ਤਰ੍ਹਾਂ ਤੁਹਾਡੇ ਜਾਦੂ ਦੇ ਅਸਰ ਹੇਠ ਆ ਗਿਆ ਹਾਂ। ਜੇਕਰ ਮੈਂ ਇਮਾਨਦਾਰੀ ਨਾਲ ਆਖਾਂ ਤਾਂ ਤੁਸੀਂ ਮੈਨੂੰ ਆਪਣੀ ਤਾਕਤ ਅਤੇ ਦਿੱਖ ਵਿਚ ਉਸ ਤਾਰਪੀਡੋ ਮੱਛੀ ਵਾਂਗ ਲਗਦੇ ਹੋ ਜੋ ਆਪਣੇ ਨੇੜੇ ਆਉਣ ਵਾਲੇ ਜਾਂ ਛੂਹਣ ਵਾਲੇ ਨੂੰ ਅਧਰੰਗ ਜਿਹਾ ਕਰ ਦਿੰਦੀ ਹੈ। ਮੇਰੀ ਆਤਮਾ ਤੇ ਮੇਰੀ ਜ਼ੁਬਾਨ ਅਧਰੰਗੇ ਗਏ ਹਨ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਹਾਡਾ ਉੱਤਰ ਕਿਵੇਂ ਦਿੱਤਾ ਜਾਵੇ।ਮੈਂ 'ਨੇਕੀ' ਦੇ ਵਿਸ਼ੇ ਉੱਪਰ ਬਹੁਤ ਲੋਕਾਂ ਸਾਹਮਣੇ ਭਾਸ਼ਣ ਦਿੱਤੇ ਹਨ ਪਰ ਤੁਹਾਡੇ ਸਾਹਮਣੇ ਮੈਨੂੰ ਕੁਝ ਸੁੱਝ ਹੀ ਨਹੀਂ ਰਿਹਾ। ਇਹ ਸਾਰਾ ਕੁਝ ਉਦੋਂ ਹੈ ਜਦੋਂ ਤੁਸੀਂ ਆਪਣੇ ਘਰ ਤੋਂ ਬਹੁਤ ਦੂਰ ਘੁੰਮੇ ਨਹੀਂ ਜੇਕਰ ਤੁਸੀਂ ਏਥਨਜ਼ ਤੋਂ ਬਾਹਰ ਗਏ ਹੁੰਦੇ ਤਾਂ ਤੁਹਾਡਾ ਜਾਦੂ ਸਿਰ ਚੜ੍ਹ ਕੇ ਬੋਲਦਾ।