ਇਸ ਤੋਂ ਸਿੱਧ ਹੁੰਦਾ ਹੈ ਕਿ ਸੁਕਰਾਤ ਕੋਲ ਗਿਆਨ ਅਤੇ ਚਿੰਤਨ ਦੀ ਅਥਾਹ ਪੂੰਜੀ ਸੀ। ਗਿਆਨ ਦੇ ਜਿਗਿਆਸੂ ਉਸਦੀਆਂ ਦਲੀਲਾਂ ਅਤੇ ਸਿਰੜ ਸਾਹਮਣੇ ਨਤਮਸਤਕ ਹੁੰਦੇ ਸਨ। 'ਸਿੰਪੋਜ਼ੀਅਮ' ਸਿਰਲੇਖ ਵਾਲੇ ਸੰਵਾਦ ਵਿਚ ਐਲਕੀਬਿਆਡੀਜ਼ ਔਰਤ-ਮਰਦ ਦੇ ਆਪਸੀ ਪ੍ਰੇਮ ਸੰਬੰਧੀ ਸੁਕਰਾਤ ਦੇ ਗਿਆਨ ਤੋਂ ਏਨਾ ਪ੍ਰਭਾਵਿਤ ਹੋ ਗਿਆ ਕਿ ਉਸਨੇ ਸੁਕਰਾਤ ਦੀ ਤੁਲਨਾ ਯੂਨਾਨੀ ਕਥਾਵਾਂ ਵਿਚ ਬੰਸਰੀ ਨਾਲ ਸਰੋਤਿਆਂ ਨੂੰ ਮੁਗਧ ਕਰ ਦੇਣ ਵਾਲੇ ਦੇਵਤੇ 'ਮਰਸਿਆਸ' ਨਾਲ ਕਰ ਦਿੱਤੀ। ਉਸਨੇ ਕਿਹਾ ਕਿ, "ਮਰਸਿਆਸ ਤਾਂ ਆਪਣੇ ਸਾਹਾਂ ਨੂੰ ਬੰਸਰੀ ਵਿਚ ਫੂਕ ਕੇ ਸਰੋਤਿਆਂ ਉੱਪਰ ਜਾਦੂ ਧੂੜਦਾ ਹੈ ਪਰ ਹੇ ਸੁਕਰਾਤ! ਤੈਨੂੰ ਸਾਜ਼ ਦੀ ਵੀ ਲੋੜ ਨਹੀਂ, ਤੇਰੇ ਕੋਲ ਸ਼ਬਦ ਹਨ।"" ਇਹ ਓਹੀ ਐਲਕੀਬਿਆਡੀਜ਼ ਹੈ ਜੋ ਏਥਨਜ਼ ਦੇ ਅਮੀਰ ਘਰਾਣੇ ਵਿਚ ਪੈਦਾ ਹੋਇਆ ਕਵੀ ਸੀ। ਉਹ ਸਿਆਸਤ ਵਿਚ ਰਾਜ ਦੇ ਸਿਖਰਲੇ ਅਹੁਦੇ ਤੱਕ ਪਹੁੰਚਿਆ ਸੀ। ਉਸਨੂੰ ਹੀ ਸੁਕਰਾਤ ਨੇ ਲੜਾਈ ਦੇ ਮੈਦਾਨ ਵਿੱਚੋਂ ਆਪਣੇ ਮੋਢੇ 'ਤੇ ਢੋ ਕੇ ਲਿਆਂਦਾ ਸੀ। ਉਹ ਸੁਕਰਾਤ ਦਾ ਪਰਮ ਮਿੱਤਰ ਸੀ।
ਸੁਕਰਾਤ ਨੂੰ ਕੁਝ ਲੋਕਾਂ ਨੇ 'ਸੋਫਿਸਟ' ਵੀ ਕਿਹਾ ਹੈ ਪਰ ਉਸਨੂੰ ਇਸ ਪਦ ਨਾਲ ਨਫ਼ਰਤ ਦੀ ਹੱਦ ਤੱਕ ਘਿਰਣਾ ਸੀ। ਉਹ ਗਿਆਨ ਨੂੰ ਨਿਮਰਤਾ ਦਾ ਵਾਹਕ ਮੰਨਦਾ ਹੋਇਆ ਆਪਣੇ ਆਪ ਨੂੰ 'ਫ਼ਿਲਾਸਫ਼ਰ' ਅਖਵਾ ਕੇ ਖ਼ੁਸ਼ ਰਹਿੰਦਾ ਸੀ। ਉਸਨੇ ਕਦੇ ਆਪਣੇ ਗਿਆਨ 'ਤੇ ਹੰਕਾਰ ਕੀਤਾ ਹੀ ਨਹੀਂ। ਇਕ ਵਾਰ ਸੁਕਰਾਤ ਦੇ ਲੰਗੋਟੀਏ ਮਿੱਤਰ ਸ਼ੇਰੀਫੋਨ ਨੇ ਡੇਲਫ਼ੀ ਦੀ ਪ੍ਰਸਿੱਧ ਨਜੂਮੀ ਔਰਤ ਪਾਇਥੀਆ ਕੋਲੋਂ ਪੁੱਛਿਆ, "ਕੀ ਸੁਕਰਾਤ ਨਾਲੋਂ ਵੱਧ ਕੋਈ ਸਿਆਣਾ ਏਥਨਜ਼ ਵਿਚ ਹੈ?"
ਪਾਇਥੀਆ ਨੇ ਦੋ-ਟੁੱਕ ਜਵਾਬ ਦਿੱਤਾ, "ਹਰਗਿਜ਼ ਨਹੀਂ!"
ਜਦੋਂ ਸ਼ੇਰੀਫੋਨ ਨੇ ਇਹ ਗੱਲ ਸੁਕਰਾਤ ਨੂੰ ਦੱਸੀ ਤਾਂ ਉਹ ਹੱਸ ਪਿਆ ਤੇ ਕਹਿਣ ਲੱਗਾ। "ਹਾਂ ਮੈਂ ਸੱਚਮੁੱਚ ਉਨ੍ਹਾਂ ਨਾਲੋਂ ਸਿਆਣਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਕੁਝ ਬਾਰੇ ਮੈਨੂੰ ਕੱਖ ਵੀ ਨਹੀਂ ਪਤਾ। ਇਹੀ ਗੱਲ ਹੈ ਜੋ ਹੋਰ ਗਿਆਨੀਆਂ ਨੂੰ ਨਹੀਂ ਪਤਾ।” ਇਸ ਤੋਂ ਬਾਅਦ ਉਸਨੇ ਆਪਣੇ ਗਿਆਨ ਦੀ ਪਰਖ ਲਈ ਏਥਨਜ਼ ਦੇ ਵੱਖ-ਵੱਖ ਵਿਅਕਤੀਆਂ ਨਾਲ ਸੰਵਾਦ ਕਰਕੇ ਕੁਝ ਪ੍ਰਯੋਗ ਕੀਤੇ। ਉਸਨੇ ਇਕ ਸਿਆਸਤਾਨ ਦੀ ਬੁੱਧੀ ਦੀ ਪਰਖ ਕੀਤੀ, ਕੁਝ ਕਵੀਆਂ ਨਾਲ ਲੰਮੇ ਸੰਵਾਦ ਕੀਤੇ ਅਤੇ ਕੁਝ ਸ਼ਿਲਪਕਾਰਾਂ ਦੇ ਗਿਆਨ ਨੂੰ ਸਮਝਿਆ। ਇਨ੍ਹਾਂ ਪ੍ਰਯੋਗਾਂ ਤੋਂ ਬਾਅਦ ਸੁਕਰਾਤ ਨੂੰ ਆਪਣੇ ਗਿਆਨ ਦੀ ਵਿਲੱਖਣਤਾ ਦਾ ਅਹਿਸਾਸ ਤਾਂ ਹੋਇਆ ਨਾਲ ਹੀ ਉਸਦੇ ਦੁਸ਼ਮਣਾਂ ਦੀ ਗਿਣਤੀ ਵਿਚ ਬਹੁਤ ਵਾਧਾ ਵੀ ਹੋ ਗਿਆ।