ਅਪਰਾਧ ਦੇ ਕਈ ਦੋਸ਼ੀਆਂ ਉੱਪਰ ਵੀ ਅੱਡ-ਅੱਡ ਮੁਕੱਦਮਾ ਚਲਾਇਆ ਜਾ ਸਕਦਾ ਸੀ। ਸੁਕਰਾਤ ਨੇ ਇਨ੍ਹਾਂ ਸਾਰਿਆਂ ਨੂੰ ਨਿਆਂ ਦੇ ਇੱਕੋ ਰੱਸੇ ਬੰਨ੍ਹ ਕੇ ਫਾਹੇ ਲਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਸੁਕਰਾਤ ਉਸ ਸਮੇਂ 500 ਜਣਿਆਂ ਦੀ ਉਸ ਸੰਸਦ ਸਭਾ ਦੇ ਮੈਂਬਰ ਸਨ ਜਿਸ ਵਿਚ ਦਸ ਜਾਤੀਆਂ ਵਿੱਚੋਂ ਪ੍ਰਤੀ ਜਾਤੀ ਪੰਜਾਹ ਨੁਮਾਇੰਦੇ ਚੁਣੇ ਜਾਂਦੇ ਸਨ। ਉਸ ਸੰਸਦ ਦੇ ਨੇਮਾਂ ਅਨੁਸਾਰ ਹਰ ਜਾਤੀ ਦੇ ਦਸ ਜਣੇ ਪੈਂਤੀ-ਪੈਂਤੀ ਦਿਨਾਂ ਦੇ ਵਕਫ਼ੇ ਲਈ ਵਾਰੀ-ਵਾਰੀ ਇਸ ਸਭਾ ਦੇ ਪੰਚ ਬਣਦੇ ਸਨ ਤੇ ਇਨ੍ਹਾਂ ਦਸਾਂ ਵਿੱਚੋਂ ਹੀ ਕੋਈ ਇਕ ਜਣਾ ਇਕ ਹਫ਼ਤੇ ਲਈ ਆਗੂ ਚੁਣਿਆ ਜਾਂਦਾ ਸੀ । ਇਨ੍ਹਾਂ ਦਸਾਂ ਵਿੱਚੋਂ ਹੀ ਕੋਈ ਇਕ ਜਣਾ ਇਕ ਦਿਨ ਲਈ ਪ੍ਰਵਕਤਾ ਵੀ ਬਣਦਾ ਸੀ। ਜਿਸ ਦਿਨ ਸੁਕਰਾਤ ਆਪਣੀ ਜਾਤੀ ਦੇ ਚੁਣੇ ਗਏ ਦਸ ਜਣਿਆਂ ਦਾ ਪ੍ਰਵਕਤਾ ਬਣਿਆ ਤਾਂ ਉਸਨੇ ਇਸ ਫੈਸਲੇ ਨੂੰ ਨਿਆਂ ਵਿਰੋਧੀ ਜਾਣਿਆ ਤੇ ਇਸ ਸੰਬੰਧੀ ਕਿਸੇ ਵੀ ਮਸ਼ਵਰੇ ਤੋਂ ਨਾਂਹ ਕਰ ਦਿੱਤੀ। ਸਾਥੀਆਂ ਦੇ ਸਮਝਾਉਣ ਦੇ ਬਾਵਜੂਦ ਉਹ ਆਪਣੇ ਫੈਸਲੇ 'ਤੇ ਅਟੱਲ ਰਿਹਾ ਤੇ ਉਹਨੇ ਕਿਸੇ ਵੀ ਹਾਲਾਤ ਵਿਚ ਸੱਚ 'ਤੇ ਅਡਿੱਗ ਰਹਿਣ ਤੇ ਇਸ ਪ੍ਰਸਤਾਵ ਦਾ ਹਿੱਸਾ ਨਾ ਬਣਨ ਦਾ ਫੈਸਲਾ ਕੀਤਾ। ਅਗਲੇ ਦਿਨ ਕੋਈ ਕਮਜ਼ੋਰ ਆਦਮੀ ਪ੍ਰਵਕਤਾ ਬਣਿਆ ਤੇ ਸੰਸਦ ਨੇ ਫੌਜੀ ਜਰਨੈਲਾਂ ਵਿਰੁੱਧ ਸਜ਼ਾ ਦਾ ਪ੍ਰਸਤਾਵ ਪਾਸ ਕਰ ਦਿੱਤਾ।
ਦੋ ਸਾਲ ਬਾਅਦ ਹੀ ਸਪਾਰਟਾ ਨੇ ਏਥਨਜ਼ ਦਾ ਵਧੇਰੇ ਰਾਜ ਫਿਰ ਤੋਂ ਜਿੱਤ ਲਿਆ। ਇਸ ਨਾਲ ਏਥਨਜ਼ ਦਾ ਕਮਜ਼ੋਰ ਲੋਕਤੰਤਰ ਖਾਤਮੇ ਦੇ ਕੰਢੇ ਪੁੱਜ ਗਿਆ। ਸੰਸਦ ਨੂੰ ਭੰਗ ਕਰ ਦਿੱਤਾ ਗਿਆ ਤੇ ਸ਼ਾਸਨ ਪ੍ਰਬੰਧ 30 ਜ਼ਾਲਮ ਜਿਹੇ ਅਧਿਕਾਰੀਆਂ ਦੇ ਸੰਗਠਨ ਕੋਲ ਆ ਗਿਆ। ਤੀਹ ਜਣਿਆਂ ਦੀ ਇਸ ਪਰਿਸ਼ਦ ਵਿਚ ਸ਼ਹਿਰ ਦੇ ਸਾਰੇ ਅਮੀਰ ਸਨ ਜਿਨ੍ਹਾਂ ਨੂੰ ਲੋਕਾਂ ਦੀ ਜਾਨ ਤੋਂ ਜ਼ਿਆਦਾ ਆਪਣੀ ਸੰਪਤੀ ਦੀ ਚਿੰਤਾ ਸੀ। ਉਸ ਸਮੇਂ ਤੱਕ ਜੰਗ ਦੀ ਭਿਆਨਕਤਾ ਦਾ ਐਸਾ ਰੂਪ ਸਾਹਮਣੇ ਆ ਗਿਆ ਸੀ ਕਿ ਏਥਨਜ਼ ਸ਼ਹਿਰ ਦੇ ਚਾਰੇ ਪਾਸੇ ਖੜ੍ਹੀ ਕੰਧ ਤਬਾਹ ਕਰ ਦਿੱਤੀ ਗਈ ਸੀ। ਕ੍ਰਿਤਿਆਸ ਦੀ ਤਜਵੀਜ਼ 'ਤੇ ਜਿਨ੍ਹਾਂ ਤੀਹ ਵਿਅਕਤੀਆਂ ਦੀ ਪਰਿਸ਼ਦ ਦਾ ਗਠਨ ਕੀਤਾ ਗਿਆ ਸੀ, ਉਹ ਆਪਣੇ ਦੁਸ਼ਮਣਾਂ ਦਾ ਖਾਤਮਾ ਕਰਨ ਲਈ ਬਹੁਤ ਕਾਹਲ ਵਿਚ ਸੀ। ਉਹ ਇਹ ਵੀ ਚਾਹੁੰਦੇ ਸਨ ਕਿ ਇਹ ਕੰਮ ਅਜਿਹੇ ਲੋਕਾਂ ਤੋਂ ਕਰਵਾਇਆ ਜਾਵੇ ਜਿਨ੍ਹਾਂ ਦੀ ਲੋਕਾਂ ਵਿਚ ਡੂੰਘੀ ਪੈਂਠ ਹੋਵੇ ਤਾਂ ਕਿ ਇਹ ਸਭ ਕੁਝ ਵਧੇਰੇ ਤਰਕ-ਸੰਗਤ ਜਾਪੇ। ਉਨ੍ਹਾਂ ਦਿਨਾਂ ਵਿਚ ਲਿਓਨ ਨਾਮ ਦਾ ਇਕ ਵਿਅਕਤੀ ਸ਼ਰੇਆਮ ਲੋਕਾਂ ਦੇ ਇਕੱਠਾਂ ਵਿਚ ਇਸ ਲੰਮੀ ਜੰਗ ਲਈ ਅਮੀਰਾਂ ਅਤੇ ਕ੍ਰਿਤਿਆਸ ਨੂੰ ਜ਼ਿੰਮੇਵਾਰ ਕਹਿੰਦਾ ਸੀ। ਲੋਕ ਉਸਦੇ ਵਿਚਾਰ ਸੁਣ ਵੀ ਰਹੇ ਸਨ ਤੇ ਉਨ੍ਹਾਂ 'ਤੇ ਅਸਰ