ਵੀ ਹੋ ਰਿਹਾ ਸੀ। ਨਵੇਂ ਬਣੇ ਅਮੀਰ ਸੰਸਦ ਮੈਂਬਰਾਂ ਨੂੰ ਡਰ ਸੀ ਕਿ ਲਿਓਨ ਲੋਕਾਂ ਵਿਚ ਵੇਲੇ ਅਸੰਤੋਖ ਨੂੰ ਹੋਰ ਵਧਾ ਦੇਵੇਗਾ ਤੇ ਖ਼ਾਨਾਜੰਗੀ ਦੇ ਹਾਲਾਤ ਵੀ ਪੈਦਾ ਹੋ ਸਕਦੇ ਹਨ। ਉਨ੍ਹਾਂ ਨੇ ਸੁਕਰਾਤ ਤੇ ਚਾਰ ਹੋਰ ਜਣਿਆਂ ਨੂੰ ਕਿਹਾ ਕਿ ਉਹ ਜਾਣ ਅਤੇ ਲਿਓਨ ਨੂੰ ਗ੍ਰਿਫ਼ਤਾਰ ਕਰਕੇ ਲਿਆਉਣ ਤਾਂ ਜੋ ਉਸਨੂੰ ਬਣਦਾ ਦੰਡ ਦਿੱਤਾ ਜਾਵੇ। ਬਾਕੀ ਦੇ ਚਾਰੇ ਜਣੇ ਇਸ ਲਈ ਤਿਆਰ ਹੋ ਗਏ ਪਰ ਸੁਕਰਾਤ ਨੇ ਇਸ ਨਿੱਜੀ ਬਦਲਾਖ਼ੋਰੀ ਦਾ ਹਿੱਸਾ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸਨੇ ਸਾਫ਼ ਸ਼ਬਦਾਂ ਵਿਚ ਕਿਹਾ, “ਜਿਹੜਾ ਵੀ ਕੰਮ ਕਰਨ ਦੀ ਗਵਾਹੀ ਮੇਰੀ ਆਤਮਾ ਮੈਨੂੰ ਨਹੀਂ ਦਿੰਦੀ, ਮੈਂ ਉਹ ਹਰਗਿਜ਼ ਨਹੀਂ ਕਰਾਂਗਾ।" ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸੁਕਰਾਤ ਦੇ ਸ਼ਬਦ ਕ੍ਰਿਤਿਆਸ ਦੇ ਹੁਕਮਾਂ ਦੇ ਵਿਰੁੱਧ ਗਏ ਸਨ। ਕ੍ਰਿਤਿਆਸ ਉਨ੍ਹਾਂ ਤੀਹ ਜ਼ਾਲਮਾਂ ਦੇ ਸੰਗਠਨ ਦਾ ਮੋਹਰੀ ਤੇ ਸਭ ਤੋਂ ਹਿੰਸਕ ਰਾਜਨੀਤੀਵਾਨ ਸੀ। ਉਹ ਪਲੈਟੋ ਦੀ ਮਾਂ ਦਾ ਚਚੇਰਾ ਭਰਾ ਸੀ ਤੇ ਸੁਕਰਾਤ ਦੀ ਨੇੜਤਾ ਵਿਚ ਵੀ ਰਿਹਾ ਸੀ। ਕਿਸੇ ਸਮੇਂ ਉਸ ਨੇ ਲੇਖਕ ਬਣਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ। ਪਲੈਟੋ ਦੇ ਸਵਾਦ 'ਪ੍ਰੋਟਾਗੋਰਸ' ਵਿਚ ਉਹ ਇਕ ਪਾਤਰ ਹੈ। ਜਦੋਂ ਸੁਕਰਾਤ ਨੇ ਉਸਦੇ ਕੁਕਰਮਾਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਮੱਚ ਗਿਆ ਪਰ ਸੁਕਰਾਤ ਨੇ ਆਪਣੀ ਦ੍ਰਿੜਤਾ ਤੇ ਆਤਮਿਕ ਮਜ਼ਬੂਤੀ ਦਾ ਸਬੂਤ ਦਿੱਤਾ। ਇਸ ਤੋਂ ਬਾਅਦ ਉਹ ਏਥਨਜ਼ ਦੇ ਲੋਕਾਂ ਅਤੇ ਆਪਣੇ ਨੌਜਵਾਨ ਉਪਾਸ਼ਕਾਂ ਸਾਹਮਣੇ ਕ੍ਰਿਤਿਆਸ ਦੇ ਕੰਮਾਂ ਦਾ ਸਿੱਧਾ ਵਿਰੋਧ ਕਰਨ ਲੱਗਾ। ਨਾਲ ਹੀ ਉਸਨੇ ਤੀਹ ਰਾਜ ਅਧਿਕਾਰੀਆਂ ਨੂੰ ਏਥਨਜ਼ ਦੇ ਜਨਤੰਤਰ ਦਾ ਕਤਲ ਕਰਨ ਵਾਲੇ 'ਤੀਹ ਤਾਨਾਸ਼ਾਹ' ਕਿਹਾ। ਸੁਕਰਾਤ ਦੀ ਨਿਡਰਤਾ ਦਾ ਆਲਮ ਇਹ ਸੀ ਕਿ ਉਹ 'ਤੀਹ ਤਾਨਾਸ਼ਾਹਾਂ' ਨੂੰ ਸਪਾਰਟਾ ਪੱਖੀ ਕਿਹਾ ਕਰਦਾ ਸੀ। ਤਰਕ ਅਤੇ ਸੰਵਾਦ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਸੁਕਰਾਤ ਹਥਿਆਰਾਂ ਦੇ ਸਿਰ 'ਤੇ ਰਾਜ ਕਰਨ ਵਾਲੇ ਇਨ੍ਹਾਂ ਸ਼ਾਸਕਾਂ ਦਾ ਕੱਟੜ ਵਿਰੋਧੀ ਬਣ ਗਿਆ। ਇਨ੍ਹਾਂ ਤੀਹ ਲੋਕਾਂ ਦੀ ਪਰਿਸ਼ਦ ਨੇ 1500 ਤੋਂ ਵਧੇਰੇ ਲੋਕਾਂ ਨੂੰ ਬਿਨਾਂ ਮੁਕੱਦਮਾ ਚਲਾਏ ਖ਼ਤਮ ਕਰ ਦਿੱਤਾ। ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕਤੰਤਰ ਦੀ ਬਹਾਲੀ ਦੇ ਹਮਾਇਤੀਆਂ ਦੀ ਸੀ। ਪਲੈਟੇ ਦੇ ਇਕ ਸੰਵਾਦ ਵਿਚ ਸੁਕਰਾਤ ਇਨ੍ਹਾਂ ਤੀਹ ਜਣਿਆਂ ਨੂੰ 'ਏਥਨਜ਼ ਦੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਵਾਲੇ ਲੋਕ' ਕਹਿੰਦਾ ਹੈ। ਪਲੈਟੋ ਦੇ ਸੰਵਾਦ 'ਪ੍ਰੋਟਾਗੋਰਸ' ਵਿਚ ਸੁਕਰਾਤ ਬਹੁਤ ਘੱਟ ਬੋਲਦਾ ਹੈ ਤੇ ਗੰਭੀਰ ਗੱਲਾਂ ਕਰਦਾ ਹੈ। ਉਹ ਅੰਦੇਸ਼ਾ ਪ੍ਰਗਟ ਕਰਦਾ ਹੈ ਕਿ 'ਏਥਨਜ਼' ਦੇ ਲੋਕਾਂ ਨੇ ਨਿੱਜੀ ਰਾਜ ਵਿਰੁੱਧ ਲੰਮਾ ਸੰਘਰਸ਼ ਕਰਕੇ ਲੋਕਤੰਤਰ ਜਿੱਤਿਆ ਸੀ, ਹੁਣ ਫਿਰ ਨਿੱਜੀ ਭਾਂਤ ਦੇ ਰਾਜ ਦੀ ਸਥਾਪਤੀ ਦੀ ਕੋਸ਼ਿਸ਼ ਹੈ। ਇਹ ਭਵਿੱਖ ਨੂੰ ਅਤੀਤ ਦੀ ਨ੍ਹੇਰੀ ਗਾਰ ਵੱਲ ਲਿਜਾਣ ਦੀ ਕੋਝੀ ਰੁਚੀ ਹੈ।23