ਇੰਜ ਸੁਕਰਾਤ ਹਰ ਲਿਹਾਜ਼ ਨਾਲ ਆਪਣੇ ਗਿਆਨ ਨੂੰ ਵਿਹਾਰਕ ਰੂਪ ਵਿਚ ਜੀਵੰਤ ਰੱਖਣ ਵਾਲਾ ਦਾਰਸ਼ਨਿਕ ਸੀ। ਪਲੈਟੋ ਆਪਣੇ ਸੰਵਾਦ ਸਿੰਪੋਜ਼ੀਅਮ ਵਿਚ ਉਸਦੇ ਗੁਣਾਂ ਬਾਰੇ ਗੱਲ ਕਰਦਾ ਹੈ:
ਹਰ ਕਿਸੇ ਵਿਚ ਕੁਝ ਗੁਣ ਜ਼ਰੂਰ ਮਿਲਦੇ ਹਨ, ਪਰ ਸੁਕਰਾਤ ਵਿਚ ਉਹ ਸਾਰੇ ਗੁਣ 'ਕੱਠਿਆਂ ਹੀ ਦਿਖਾਈ ਦਿੰਦੇ ਹਨ। ਉਸ ਦਾ ਸਭ ਤੋਂ ਵੱਡਾ ਗੁਣ ਤਾਂ ਇਹੀ ਹੈ ਕਿ ਨਾ ਉਹਦੇ ਵਰਗਾ ਕੋਈ ਪੁਰਾਤਨ ਸਮੇਂ ਵਿਚ ਸੀ ਨਾ ਮੌਜੂਦਾ ਸਮੇਂ ਵਿਚ ਹੈ... ।24
ਅਰਿਸਤੋਫੇਨਸ ਨੇ ਆਪਣੇ ਨਾਟਕ 'ਕਲਾਉਡਜ਼' ਵਿਚ ਸੁਕਰਾਤ ਦੀ ਪਾਤਰ ਦੇ ਰੂਪ ਵਿਚ ਖਿੱਲੀ ਉਡਾਈ। ਉਸ ਵਲੋਂ ਸੁਕਰਾਤ ਦਾ ਬਿੰਬ ਏਨਾ ਦੂਸ਼ਿਤ ਕਰ ਦਿੱਤਾ ਗਿਆ ਕਿ ਉਹ ਗੱਲਾਂ ਸੁਕਰਾਤ ਨਾਲ ਪੱਕੇ ਤੌਰ 'ਤੇ ਅੱਜ ਵੀ ਜੁੜੀਆਂ ਹੋਈਆਂ ਹਨ। ਸੁਕਰਾਤ ਵਿਚ ਸਹਿਣਸ਼ੀਲਤਾ ਏਨੀ ਸੀ ਕਿ ਉਸਨੇ ਫਿਰ ਵੀ ਅਰਿਸਤੋਫੇਨਸ ਦਾ ਬੁਰਾ ਨਹੀਂ ਮਨਾਇਆ ਤੇ ਦੋਵੇਂ ਪਹਿਲਾਂ ਵਾਂਗ ਹੀ ਮਿੱਤਰ ਬਣੇ ਰਹੇ। ਏਨੇ ਗੁਣਾਂ ਵਾਲਾ ਦਾਰਸ਼ਨਿਕ, ਮਹਾਨਤਾ ਦਾ ਸਿਖਰ ਛੂਹ ਚੁੱਕਾ ਦਰਵੇਸ਼ ਸੁਕਰਾਤ ਆਪਣੇ ਚਿੰਤਨ ਨਾਲ ਯੂਨਾਨ ਦਾ ਹੀ ਨਹੀਂ ਸਾਰੀ ਦੁਨੀਆਂ ਦਾ ਰਾਹ ਦਿਸੇਰਾ ਬਣਿਆ ਹੋਇਆ ਹੈ। ਪਲੈਟੋ ਨੇ ਠੀਕ ਹੀ ਕਿਹਾ ਸੀ,
"ਮੈਂ ਯੂਨਾਨੀ ਜੰਮਿਆ, ਅਗਿਆਨੀ ਨਹੀਂ, ਪੁਰਸ਼ ਵਜੋਂ ਜੰਮਿਆ, ਔਰਤ ਵਜੋਂ ਨਹੀਂ, ਆਜ਼ਾਦ ਜੰਮਿਆ ਗੁਲਾਮ ਨਹੀਂ, ਪਰ ਸਭ ਤੋਂ ਵੱਡੀ ਖ਼ੁਸ਼ਕਿਸਮਤੀ ਇਹ ਹੈ ਕਿ ਮੈਂ ਸੁਕਰਾਤ ਦੇ ਯੁਗ ਵਿਚ ਜੰਮਿਆ।25