ਸੁਕਰਾਤ ਨੂੰ ਜਾਣਦਿਆਂ.....
ਸੁਕਰਾਤ ਜਿੰਨੀ ਪ੍ਰਸਿੱਧੀ ਸ਼ਾਇਦ ਹੀ ਮਨੁੱਖੀ ਇਤਿਹਾਸ ਵਿਚ ਕਿਸੇ ਹੋਰ ਹਸਤੀ ਨੂੰ ਮਿਲੀ ਹੋਵੇ। ਦੁਨੀਆਂ ਦੇ ਯੁਗ-ਗਰਦੀਆਂ ਨਾਲ ਭਰੇ ਇਤਿਹਾਸ ਵਿਚ ਉਸਦੇ ਜ਼ਹਿਰ ਦਾ ਪਿਆਲਾ ਪੀਣ ਨੂੰ ਵਾਰ-ਵਾਰ ਯਾਦ ਕੀਤਾ ਗਿਆ। ਸੁਕਰਾਤ ਨੂੰ ਪੱਛਮ ਵਿਚ ਹੀ ਨਹੀਂ ਪੂਰਬੀ ਸਭਿਅਤਾ ਵਿਚ ਵੀ ਬਦੀ ਨਾਲ ਟਕਰਾ ਕੇ ਨੇਕੀ ਦੇ ਰਸਤੇ ਆਪਾ ਵਾਰਨ ਵਾਲੇ ਦਾਰਸ਼ਨਿਕ ਵਜੋਂ ਜਾਣਿਆ ਜਾਂਦਾ ਹੈ। ਇਸ ਤਸਵੀਰ ਦਾ ਦੂਜਾ ਰੁਖ਼ ਵੀ ਘੱਟ ਹੈਰਾਨੀਜਨਕ ਨਹੀਂ। ਸੁਕਰਾਤ ਜਿੰਨਾ ਗੁੰਮਨਾਮ ਵੀ ਸ਼ਾਇਦ ਹੀ ਕੋਈ ਹੋਰ ਦਾਰਸ਼ਨਿਕ ਹੋਵੇ। ਇਹ ਵਿਰੋਧਤਾਈ ਉਸਨੂੰ ਜਾਨਣ ਦੀ ਉਤਸੁਕਤਾ ਨੂੰ ਵਧਾ ਦਿੰਦੀ ਹੈ। ਉਸਦੇ ਇਸ ਦਰਜਾ ਮਸ਼ਹੂਰ-ਮਕਬੂਲ ਹੋਣ ਦੇ ਬਾਵਜੂਦ ਸਾਡੇ ਯੁਗ ਦੇ ਤਮਾਮ ਸਰੋਤ ਵੀ ਸੁਕਰਾਤ ਬਾਰੇ ਓਨੀ ਹੀ ਜਾਣਕਾਰੀ ਰੱਖਦੇ ਹਨ ਜਿੰਨੀ ਦੂਸਰੀ ਸਦੀ ਈਸਵੀ ਦੇ ਲੋਕਾਂ ਨੂੰ ਸੀ। ਇਹ ਵੱਖਰੀ ਗੱਲ ਹੈ ਕਿ 21ਵੀਂ ਸਦੀ ਤਕ ਆਉਂਦੇ-ਆਉਂਦੇ ਗਾਹੇ-ਬਗਾਹੇ ਕਈ ਦਾਰਸ਼ਨਿਕਾਂ ਨੇ ਸੁਕਰਾਤ ਨੂੰ ਜਾਨਣ ਦੇ ਜੋ ਯਤਨ ਕੀਤੇ ਉਹ ਸਾਡਾ ਰਸਤਾ ਪੱਧਰਾ ਕਰਦੇ ਹਨ। ਪਰ ਫਿਰ ਵੀ ਇਹ ਸਵਾਲ ਦੋ ਹਜ਼ਾਰ ਸਾਲ ਤੋਂ ਪੁੱਛਿਆ ਜਾਂਦਾ ਰਿਹਾ ਹੈ :
ਸੁਕਰਾਤ??? ਕਿਹੜਾ ਸੁਕਰਾਤ???
ਜਿਸਨੇ ਜ਼ਹਿਰ ਪੀਤਾ ਸੀ ਉਹ ਸੁਕਰਾਤ, ਜਾਂ ਪਲੈਟੋ ਦਾ ਗੁਰੂ ਸੁਕਰਾਤ, ਜਾਂ ਫਿਰ ਉਹ ਸੁਕਰਾਤ ਜੋ ਪਲੈਟੋ ਦੀਆਂ ਸੰਵਾਦਨੁਮਾ ਲਿਖਤਾਂ ਵਿਚ ਸਿਧਾਂਤਕ ਪ੍ਰਵਚਨ ਕਰਦਾ ਹੈ ਉਹ ਸੁਕਰਾਤ। ਅਸਲ ਗੱਲ ਇਹ ਹੈ ਕਿ ਇਹ ਸਾਰੇ ਸੁਕਰਾਤ ਇਕ ਹੋਣ ਦੇ ਬਾਵਜੂਦ ਇਕ ਨਹੀਂ ਹਨ। ਪਰ ਵੱਖਰੇ ਹੋਣ ਦੇ ਬਾਵਜੂਦ ਇਕ ਮੰਨਣ ਦੀ ਮਜਬੂਰੀ ਵੀ ਹੈ। ਇਸ ਲਈ ਸੁਕਰਾਤ ਦੀ ਤਲਾਸ਼ ਵਿਚ ਤੁਰਨ ਵਾਲੇ ਹਰ ਜਣੇ ਨੂੰ ਆਪਣਾ ਸੁਕਰਾਤ ਆਪ ਘੜਨਾ ਪੈਂਦਾ ਹੈ ਜੋ ਇਨ੍ਹਾਂ ਸਾਰੀਆਂ ਵਿਰੋਧਤਾਈਆਂ ਤੋਂ ਵੱਖ ਨਹੀਂ ਹੋ ਪਾਉਂਦਾ। ਸੰਸਾਰ ਦੇ ਵੱਡੇ ਤੋਂ ਵੱਡੇ ਚਿੰਤਕ ਵੀ ਇਸੇ ਸਮੱਸਿਆ ਨਾਲ ਦੋ-ਚਾਰ ਹੋਏ ਹਨ। ਇਸੇ ਲਈ 'ਕਿਹੜਾ ਸੁਕਰਾਤ ਵਾਲਾ ਸਵਾਲ ਬਹੁਤ ਸੁਭਾਵਿਕ ਲਗਦਾ ਹੈ। ਪੱਛਮ ਵਿਚ ਤਾਂ ਇਕ ਹੋਰ ਰਵਾਇਤ ਵੀ ਰਹੀ ਹੈ। ਪਲੈਟੋ ਦਾ ਸੁਕਰਾਤ, ਜ਼ੀਨੋਫੋਨ ਦਾ ਸੁਕਰਾਤ ਜਾਂ ਸਭ ਤੋਂ ਪ੍ਰਚਲਿਤ ਰਿਹਾ ਅਰਿਸਤੋਫੇਨਸ ਦਾ ਸੁਕਰਾਤ ਤਿੰਨੇ ਅੱਡ-ਅੱਡ ਕਰਕੇ ਵੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ