ਕਿ ਅਸਲ ਵਿਚ ਸੁਕਰਾਤ ਬਾਰੇ ਮਿਲਦੀ ਜਾਣਕਾਰੀ ਇਨ੍ਹਾਂ ਲੇਖਕਾਂ ਦੇ ਨਜ਼ਰੀਏ ਹਨ। ਇਨ੍ਹਾਂ ਤਿੰਨੇ ਲੇਖਕਾਂ ਦਾ ਸੁਕਰਾਤ ਇਕ ਨਹੀਂ ਬਲਕਿ ਵਿਰੋਧਾਭਾਸੀ ਹੈ। ਕਿਸੇ ਇਕ ਜਾਂ ਦੂਸਰੀ ਵਜ੍ਹਾ ਕਰਕੇ ਇਨ੍ਹਾਂ ਤਿੰਨਾਂ ਦੇ ਸੁਕਰਾਤ ਦੀ ਪ੍ਰਮਾਣਿਕਤਾ ਵੀ ਸ਼ੱਕੀ ਹੁੰਦੀ ਹੈ। ਇਸ ਲਈ ਉਸ ਦੌਰ ਦੇ ਇਤਿਹਾਸ ਨੂੰ ਜਾਣ ਕੇ ਸੁਕਰਾਤ ਦੀ ਖੋਜ ਵਿਚ ਆਪ ਹੀ ਤੁਰਨਾ ਪੈਂਦਾ ਹੈ। ਇਕ ਹੋਰ ਗੱਲ ਵੀ ਹੈ ਜਿਸ ਰਾਹੀਂ ਇਤਿਹਾਸ ਦੇ ਸੁਕਰਾਤ ਦੇ ਨੇੜੇ ਪੁੱਜਿਆ ਜਾ ਸਕਦਾ ਹੈ ਉਹ ਹੈ ਉਸ ਤੋਂ ਪਹਿਲਾਂ ਦੇ ਦਰਸ਼ਨ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ ਤੇ ਸੁਕਰਾਤ ਨੇ ਉਸ ਦਾਰਸ਼ਨਿਕ ਵਿਧੀ ਵਿਚ ਜੋ ਵਾਧਾ ਕੀਤਾ ਉਸਨੂੰ ਸਮਝਿਆ ਜਾਵੇ। ਇਹ ਮੁਕਾਬਲਤਨ ਔਖਾ ਤਰੀਕਾ ਹੈ ਪਰ ਵੱਧ ਪ੍ਰਮਾਣਿਕ ਵੀ ਇਹੀ ਲਗਦਾ ਹੈ।
ਸੁਕਰਾਤ ਨੂੰ ਸੋਫਿਸਟ ਸਮਝਣ ਦੀ ਰਵਾਇਤ ਵੀ ਘੱਟ ਪ੍ਰਵਾਨ ਨਹੀਂ ਹੋਈ। ਇਸਦਾ ਇਕ ਕਾਰਨ ਇਹ ਹੈ ਕਿ ਸੋਫਿਸਟ ਸੁਕਰਾਤ ਦੇ ਵੇਲੇ ਦੀਆਂ ਸਭ ਤੋਂ ਪ੍ਰਸਿੱਧ ਦਾਰਸ਼ਨਿਕ ਹਸਤੀਆਂ ਸਨ। ਉਨ੍ਹਾਂ ਦਾ ਚਿੰਤਨ ਲੋਕਪ੍ਰਿਯ ਤਰੀਕਿਆਂ ਨੂੰ ਦੁਬਾਰਾ ਜੀਵਤ ਕਰਕੇ ਗਿਆਨ ਨੂੰ ਸਾਧਾਰਣ ਲੋਕ-ਬੋਧ ਦੀਆਂ ਕਿਰਿਆਵਾਂ ਤੱਕ ਘਟਾ ਦਿੰਦਾ ਸੀ। ਸੋਫਿਸਟਾਂ ਦਾ ਪ੍ਰਸਿੱਧ ਤਰੀਕਾ ਗਿਆਨ ਨੂੰ ਸੁਆਦਲੇ ਤਰੀਕੇ ਵਿਚ ਬਦਲ ਕੇ ਅਨੁਯਾਈਆਂ ਦੀ ਭੀੜ ਵਧਾਉਣਾ ਸੀ ਪਰ ਸੁਕਰਾਤ ਨੇ ਸੋਫ਼ੀਆਂ ਨਾਲ ਸਿੱਧਾ ਸੰਵਾਦ ਕੀਤਾ ਤੇ ਆਪਣੇ ਮੁਕੱਦਮੇ ਦੌਰਾਨ ਸੋਫ਼ੀਆਂ ਨਾਲੋਂ ਖੁਦ ਨੂੰ ਵੱਖ ਵੀ ਕਰ ਲਿਆ। ਇਹ ਸਹੀ ਹੈ ਕਿ ਸੋਫ਼ੀਆਂ ਵਾਂਗ ਸੁਕਰਾਤ ਵੀ ਰੂੜੀਵਾਦ ਦਾ ਵਿਰੋਧੀ ਸੀ ਤੇ ਸਮਾਜ ਦੀਆਂ ਜਰਜਰੀਆਂ ਮਾਨਤਾਵਾਂ ਤੇ ਸੱਟ ਮਾਰਨ ਦਾ ਤਰੀਕਾ ਉਸ ਮੁਤਾਬਿਕ ਪੁਰਾਣੀ ਸਮਝਕਾਰੀ ਨੂੰ ਤਬਦੀਲ ਕਰਨਾ ਸੀ। ਇਹ ਨਵੀਆਂ ਦਾਰਸ਼ਨਿਕ ਵਿਧੀਆਂ ਲਿਆ ਕੇ ਤੇ ਲੋਕਾਂ ਵਿਚ ਨਵੇਂ ਗਿਆਨ ਨੂੰ ਰਸਾ-ਵਸਾ ਕੇ ਹੀ ਸੰਭਵ ਹੋ ਸਕਣਾ ਸੀ। ਉਸਨੇ ਇਹੀ ਕੋਸ਼ਿਸ਼ ਕੀਤੀ। ਸੋਫ਼ੀਆਂ ਦੇ ਪਾਖੰਡ ਤੇ ਨੌਜਵਾਨਾਂ ਨੂੰ ਭਵਿੱਖ ਦੇ ਸ਼ਾਸਕਾਂ ਵਜੋਂ ਤਿਆਰ ਕਰਨ ਦੀ ਜਗ੍ਹਾ ਸੁਕਰਾਤ ਨੇ ਨੌਜਵਾਨੀ ਨੂੰ ਭਵਿੱਖ ਦੇ ਵਿਚਾਰਕਾਂ ਵਜੋਂ ਤਿਆਰ ਕੀਤਾ ਜੋ ਆਪਣੀ ਰਵਾਇਤ ਉੱਪਰ ਸ਼ੰਕੇ ਖੜ੍ਹੇ ਕਰਨ, ਸਵਾਲ ਪੁੱਛਣ ਤੇ ਨਵੀਆਂ ਧਾਰਨਾਵਾਂ ਦੇ ਪ੍ਰਚਲਨ ਲਈ ਸਮਾਜ ਅੱਗੇ ਆਦਰਸ਼ ਬਣ ਕੇ ਵਿਚਰਨ।
ਸੁਕਰਾਤ ਨੇ ਖੁਦ ਇਕ ਸ਼ਬਦ ਵੀ ਨਹੀਂ ਲਿਖਿਆ। ਇੱਥੋਂ ਤਕ ਕਿ ਉਸਦੇ ਅਨੁਯਾਈਆਂ ਨੇ ਵੀ ਉਸਦੇ ਜਿਉਂਦੇ ਜੀਅ ਕੁਝ ਨਹੀਂ ਲਿਖਿਆ। ਅਰਿਸਤੋਫੇਨਸ ਨੇ ਇਕ ਨਾਟਕ 'ਕਲਾਊਡਜ਼' ਵਿਚ ਸੁਕਰਾਤ ਦੀ ਪ੍ਰਤੀਕਾਤਮਕ ਕਿਰਦਾਰ-ਕਸ਼ੀ ਕੀਤੀ। ਉਸਨੇ ਸੁਕਰਾਤ ਵਰਗਾ ਇਕ ਕਿਰਦਾਰ ਘੜਿਆ ਤੇ ਉਸਨੂੰ ਸੋਫ਼ੀਆਂ ਦੇ ਨੇੜੇ-ਤੇੜੇ ਸਿੱਧ ਕੀਤਾ। ਜ਼ਿੰਦਗੀ ਦੀ ਵਿਹਾਰਕਤਾ ਤੋਂ ਟੁੱਟਿਆ ਹੋਇਆ ਮਨੁੱਖ