ਜਿਸਦੇ ਰਿਸ਼ਤੇ ਉਸ ਤੋਂ ਅੱਕੇ ਪਏ ਹਨ, ਜੋ ਸਿੱਖਿਆ ਦੇਣ ਬਦਲੇ ਧਨ ਲੈਂਦਾ ਹੈ, ਜੋ ਸੁਪਨਿਆਂ ਵਿਚ ਵਿਚਰਦਾ ਹੈ। ਇਹ ਕਿਰਦਾਰ ਏਨਾ ਪ੍ਰਚਲਿਤ ਹੋਇਆ ਕਿ ਸੁਕਰਾਤ ਖਿਲਾਫ ਮੁਕਦਮੇ ਵਿਚ ਇਸ ਨਾਟਕ ਨੇ ਨਾਂਹ-ਵਾਚੀ ਰਾਇ ਬਣਾਈ। ਏਨਾ ਹੀ ਨਹੀਂ 'ਕਲਾਊਡਜ਼' ਅੱਜ ਵੀ ਸੁਕਰਾਤ ਦੀ ਸ਼ਖ਼ਸੀ ਵਾਕਫ਼ੀ ਉੱਪਰ ਅਸਰਅੰਦਾਜ਼ ਦਿਸਦਾ ਹੈ। ਇਹ ਇਕ ਮਜ਼ਾਹੀਆ ਨਾਟਕ ਸੀ ਜੋ ਸੋਫ਼ੀਆਂ ਦੇ ਜੀਵਨ ਵਿਹਾਰ ਦੀ ਖਿੱਲੀ ਉਡਾਉਣ ਲਈ ਲਿਖਿਆ ਗਿਆ ਸੀ। ਅਰਿਸਤੋਫੇਨਸ ਤੇ ਸੁਕਰਾਤ ਨੇੜੇ ਦੇ ਮਿੱਤਰ ਸਨ ਤੇ ਸੁਕਰਾਤ ਦਾ ਆਪਣੇ ਲੇਖਕ ਮਿੱਤਰ ਉੱਪਰ ਅਮਿੱਟ ਪ੍ਰਭਾਵ ਵੀ ਸੀ। ਪਰ ਤਾਂ ਵੀ ਇਹ ਨਾਟਕ ਅਜਿਹੀ ਰਚਨਾ ਹਰਗਿਜ਼ ਵੀ ਨਹੀਂ ਜਿਸਨੂੰ ਅਧਾਰ ਬਣਾ ਕੇ ਸੁਕਰਾਤ ਦੀ ਇਤਿਹਾਸਕਤਾ ਬਾਰੇ ਕੋਈ ਨਿੱਗਰ ਰਾਏ ਬਣਾਈ ਜਾ ਸਕੇ।
ਏਥਨਜ਼ ਦੇ ਇਕ ਸ਼ਿਲਪੀ ਦੇ ਘਰ ਜੰਮਿਆ ਸੁਕਰਾਤ ਤਮਾਮ ਉਮਰ ਗਿਆਨ ਦੇ ਖੇਤਰ ਚ ਸਰਗਰਮ ਰਿਹਾ। ਉਸਦੇ ਮੁਢਲੇ ਜੀਵਨ ਬਾਰੇ ਕੁਝ ਜਾਣਕਾਰੀ ਹੈ ਜਿਸ ਉੱਪਰ ਕੋਈ ਸ਼ੱਕ ਨਹੀਂ ਜਾਂ ਫਿਰ ਉਮਰ ਦੇ ਅਖੀਰ ਤੇ ਮੁਕੱਦਮੇ ਦੀ ਸਾਰੀ ਕਾਰਵਾਈ ਪ੍ਰਮਾਣਿਕ ਹੈ। ਬਾਕੀ ਦੇ ਸੁਕਰਾਤ ਤੇ ਉਸਦੀ ਜ਼ਿੰਦਗੀ ਬਾਰੇ ਜ਼ੀਨੋਫੋਨ ਤੇ ਪਲੈਟੋ ਦੀਆਂ ਲਿਖਤਾਂ ਉੱਪਰ ਨਿਰਭਰਤਾ ਬਿਨਾਂ ਕੋਈ ਚਾਰਾ ਨਹੀਂ। ਉਸ ਉੱਪਰ ਨੌਜਵਾਨਾਂ ਦੀ ਬੁੱਧ ਭ੍ਰਿਸ਼ਟ ਕਰਨ ਤੇ ਦੇਵਤਿਆਂ ਦੀ ਨਿੰਦਾ ਕਰਕੇ ਨਾਸਤਿਕਤਾ ਨੂੰ ਉਤਸ਼ਾਹਿਤ ਕਰਨ ਦੀਆਂ ਤੁਹਮਤਾਂ ਲਾ ਕੇ ਮੁਕੱਦਮਾ ਚਲਾਇਆ ਗਿਆ। ਮੁਕੱਦਮੇ ਦੀ ਸਾਰੀ ਕਾਰਵਾਈ ਪਲੈਟੋ ਦੇ 30 ਦੇ ਕਰੀਬ ਸੰਵਾਦਾਂ ਅਪੋਲੌਜੀ, ਫ਼ੇਡੋ, ਮੇਨੋ, ਕ੍ਰੇਟੋ ਆਦਿ ਵਿਚ ਦਰਜ ਹੈ। ਇਸ ਤੋਂ ਬਿਨਾਂ ਸੁਕਰਾਤ ਦੀਆਂ ਨੀਤੀਗਤ, ਰਾਜਨੀਤਿਕ, ਦਾਰਸ਼ਨਿਕ ਧਾਰਨਾਵਾਂ ਲਈ ਰਿਪਬਲਿਕ ਇਕ ਅਹਿਮ ਸਰੋਤ ਹੈ। ਰਿਪਬਲਿਕ ਵਿਚਲਾ 'ਮੈਂ' ਸੁਕਰਾਤ ਹੈ ਜਿਸ ਬਾਰੇ ਪਲੈਟੋ ਆਰੰਭ ਵਿਚ ਹੀ ਸੰਕੇਤ ਕਰ ਦਿੰਦਾ ਹੈ। ਇਸਦੇ ਮੁਕਾਬਲੇ ਜ਼ੀਨੋਫੋਨ ਦਾ ਸੁਕਰਾਤ ਵਿਹਾਰਕਤਾ ਨਾਲ ਜੁੜਿਆ ਇਕ ਪ੍ਰੇਰਕ ਦਰਸ਼ਨਵੇਤਾ ਹੈ। ਉਹ ਬਹੁਤ ਸਾਰੇ ਥਾਵਾਂ ਤੇ ਪਲੈਟੋ ਨਾਲੋਂ ਉਲਟ ਵਿਚਾਰ ਦਿੰਦਾ ਹੈ। ਮਿਸਾਲ ਵਜੋਂ ਰਿਪਬਲਿਕ ਵਿਚ ਸੁਕਰਾਤ ਔਰਤਾਂ ਨੂੰ ਸਿਖਿਆ ਦੇ ਕੇ ਉਨ੍ਹਾਂ ਨੂੰ ਸਮਾਜਿਕ ਗਤੀ ਵਿਚ ਅਹਿਮ ਕੜੀ ਵਜੋਂ ਸ਼ਾਮਿਲ ਕਰਨ ਦਾ ਹਾਮੀ ਹੈ ਪਰ ਜ਼ੀਨੋਫੋਨ ਦੀ ਕਿਤਾਬ 'ਕਨਵਰਸੇਸ਼ਨਜ਼ ਆਫ ਸੋਕਰੇਟਸ' ਵਿਚਲਾ ਸੁਕਰਾਤ ਸਮਾਜ ਦੇ ਨਿਰਵਿਘਨ ਚੱਲਣ ਲਈ ਔਰਤਾਂ ਨੂੰ ਗਿਆਨ ਦੀ ਗਤੀਵਿਧੀ ਤੋਂ ਪਰੇ ਰੱਖਣ ਦੀ ਗੱਲ ਕਰਦਾ ਹੈ। ਇਸ ਲਈ ਇਹ ਪੱਕੀ ਗੱਲ ਹੈ ਕਿ ਇਨ੍ਹਾਂ ਦੋਵਾਂ ਦੀਆਂ ਲਿਖਤਾਂ ਵਿਚ ਪੇਸ਼ ਹੋਇਆ ਸੁਕਰਾਤ ਦਾ ਬਿੰਬ ਵੀ ਇਨ੍ਹਾਂ ਦੇ ਨਿੱਜ ਤੋਂ ਅਭਿੱਜ ਨਹੀਂ। ਪੱਛਮ ਵਿਚ ਇਸੇ ਉਲਝਾਅ ਨੂੰ 'ਸੁਕਰਾਤੀ ਸਮੱਸਿਆ' ਕਿਹਾ