ਬਲਕਿ ਉਸ ਪ੍ਰਤੀ ਵੀ ਆਲੋਚਨਾਤਮਕ ਪਹੁੰਚ ਰਾਹੀਂ ਨਵੇਂ ਸਿੱਟੇ ਤੱਕ ਪਹੁੰਚਿਆ ਜਾ ਸਕਦਾ ਹੈ। ਇਹੀ ਸੁਕਰਾਤੀ ਵਿਧੀ ਦਾ ਚੱਕਰੀ ਵਿਚਾਰ-ਢਾਂਚਾ ਹੈ। ਗਿਆਨ ਉਸ ਲਈ ਇਕ ਲੰਮੀ ਜ਼ੰਜੀਰ ਵਾਂਗ ਹੈ ਜਿਸਦੀਆਂ ਕੜੀਆਂ ਸਵਾਲਾਂ ਨਾਲ ਜੁੜੀਆਂ ਹੋਈਆਂ ਹਨ। ਸੁਕਰਾਤੀ ਵਿਧੀ ਵਿਆਪਕ ਗਿਆਨ ਦੀ ਹਮਾਇਤ ਕਰਦੀ ਹੈ। 'ਫੇਡੋ' ਨਾਂ ਦੇ ਸੰਵਾਦ ਵਿਚ ਸੁਕਰਾਤ ਕਹਿੰਦਾ ਹੈ ਕਿ, "ਗਿਆਨ ਕਦੇ ਵਸ਼ਿਸ਼ਟ ਨਹੀਂ ਹੁੰਦਾ ਪਰ ਉਸਦੇ ਵਿਆਪਕ ਹੋਣ ਦੀ ਆਸ ਵੀ ਨਹੀਂ ਕੀਤੀ ਜਾਣੀ ਚਾਹੀਦੀ। ਵਿਸ਼ੇਸ਼ ਤਾਂ ਜਿਗਿਆਸਾ ਜਾਂ ਸਵਾਲ ਹੁੰਦਾ ਹੈ ਜੋ ਉਸ ਵਿਸ਼ੇ ਨਾਲ ਸੰਬੰਧਿਤ ਵਿਆਪਕ ਖੇਤਰਾਂ ਵਿਚ ਸੰਬੰਧ ਬਣਾ ਸਕਦਾ ਹੈ।"
ਸੁਕਰਾਤ ਦੀ ਇਸ ਵਿਧੀ ਦੇ ਵਿਕਾਸ ਬਾਰੇ ਸਹੀ ਪ੍ਰਸੰਗ ਜਾਨਣ ਲਈ ਉਸ ਦੌਰ ਦੇ ਸੋਫਿਸਟਾਂ ਨਾਲ ਉਸਦੇ ਸੰਬੰਧਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਸੋਫਿਸਟ ਵਿਚਾਰਕ ਉਨ੍ਹਾਂ ਦਾਰਸ਼ਨਿਕਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਬੁੱਧੀਜੀਵੀਆਂ ਵਾਂਗ ਵਿਹਾਰ ਕਰਦੇ ਅਤੇ ਬੁੱਧੀਵਾਨਾਂ ਵਾਂਗ ਵਿਚਰਦੇ ਸਨ। ਉਨ੍ਹਾਂ ਦੀ ਆਮਦ ਯੂਨਾਨੀ ਦਰਸ਼ਨ ਵਿਚ ਅਨੈਕਸਾਗੋਰਸ ਤੋਂ ਬਾਅਦ ਹੋਈ। ਆਪਣੇ ਸਮੇਂ ਵਿਚ ਘ੍ਰਿਣਾ ਤੇ ਸ਼ਰਧਾ ਦੇ ਭਾਵਾਂ ਦਾ ਪਾਤਰ ਬਣਿਆ ਰਿਹਾ ਸੋਫਿਸਟ ਚਿੰਤਨ ਯੂਨਾਨੀ ਦਰਸ਼ਨ ਵਿਚ ਕੁਦਰਤੀ ਵਿਗਿਆਨਾਂ ਉੱਪਰ ਹੀ ਕੇਂਦਰਿਤ ਰਿਹਾ। ਕਰੀਬਨ ਸਾਰੇ ਦਾਰਸ਼ਨਿਕ ਸੰਸਾਰ ਦੇ ਮੂਲ ਤੇ ਸ੍ਰਿਸ਼ਟੀ ਦੇ ਭੇਦਾਂ ਨੂੰ ਸਮਝਣ ਵਿਚ ਹੀ ਲੱਗੇ ਰਹੇ। ਸੋਫਿਸਟ ਚਿੰਤਕਾਂ ਨੇ ਤਾਰਾ ਵਿਗਿਆਨ, ਜੋਤਿਸ਼ ਵਿਗਿਆਨ ਆਦਿ ਵਿਸ਼ਿਆਂ ਦੀ ਥਾਂ ਮਨੁੱਖ ਦੇ ਆਤਮ ਉੱਪਰ ਕੇਂਦਰਿਤ ਦਰਸ਼ਨ ਦੀ ਬੁਨਿਆਦ ਰੱਖੀ। ਉਨ੍ਹਾਂ ਮਨੁੱਖ ਦੀ ਬੁੱਧੀ ਨੂੰ ਹਰ ਵਰਤਾਰੇ ਦੇ ਪ੍ਰਤੱਖਣ ਦਾ ਕੇਂਦਰ ਮੰਨਦਿਆਂ ਘੋਸ਼ਣਾ ਕਰ ਦਿੱਤੀ ਕਿ ਮਨੁੱਖ ਹੀ ਹਰ ਵਸਤੂ ਦੀ ਪੈਮਾਇਸ਼ ਦਾ ਆਧਾਰ ਹੈ। ਜੋ ਕੁਝ ਮਨੁੱਖ ਦੇ ਕੋਲ ਹੈ ਉਸ ਦੀ ਹੋਂਦ ਅਤੇ ਜੋ ਕੁਝ ਨਹੀਂ ਹੈ ਉਸਦੀ ਥੋੜ੍ਹ ਬਾਰੇ ਮਨੁੱਖ ਹੀ ਪ੍ਰਭਾਵ ਨਿਸ਼ਚਿਤ ਕਰਦਾ ਹੈ। ਇਸ ਲਈ ਸੋਫਿਸਟ-ਦਰਸ਼ਨ ਵਧੇਰੇ ਕਰਕੇ ਸੰਗੀਤ, ਖੇਡਾਂ, ਗਣਿਤ, ਕਲਾ ਆਦਿ ਖੇਤਰਾਂ ਵੱਲ ਵਧੇਰੇ ਜ਼ੋਰ ਦਿੰਦਾ ਹੈ। ਸੋਫਿਸਟ ਸ਼ਬਦ ਦੇ ਅਰਥ ਸੋਫ਼ (ਬੁੱਧੀ) ਅਤੇ ਸੋਫਿਜੋ (ਮੈਂ ਬੁੱਧੀਮਾਨ ਹਾਂ) ਮੂਲ ਦੀ ਵਿਆਖਿਆ ਨਾਲ ਵਧੇਰੇ ਸਪੱਸ਼ਟ ਹੋ ਸਕਦੇ ਸਨ। ਸੋਫਿਸਟ ਐਸੇ ਘੁਮੱਕੜ ਦਾਰਸ਼ਨਿਕ ਸਨ ਜੋ ਆਪਣੇ ਨਾਲ ਚੇਲਿਆਂ ਦਾ ਸਮੂਹ ਲੈ ਕੇ ਘੁੰਮਦੇ ਸਨ। ਲੱਛੇਦਾਰ ਭਾਸ਼ਾ ਵਿਚ ਮਾਹਰ ਤੇ ਹਰ ਵਿਸ਼ੇ ਬਾਰੇ ਗਿਆਨ-ਪ੍ਰਵਚਨ ਦੇ ਧਾਰਨੀ ਇਹ ਚਿੰਤਕ ਗਿਆਨ ਦੇ ਪਸਾਰ ਦਾ ਕਾਰਜ ਕਰਦੇ ਸਨ। ਇਨ੍ਹਾਂ ਵਿੱਚੋਂ ਕੁਝ ਲੋਕ ਏਥਨਜ਼ ਦੇ ਵੀ ਸਨ ਪਰ ਜ਼ਿਆਦਾਤਰ ਸੋਫਿਸਟਾਂ ਦਾ ਸੰਬੰਧ ਏਸ਼ੀਆ ਮਾਈਨਰ ਨਾਲ ਸੀ। ਇਸ ਲਈ ਗਿਆਨ ਦੀਆਂ ਪੂਰਬੀ ਤੇ ਪੱਛਮੀ ਧਾਰਾਵਾਂ ਦੇ ਕੇਂਦਰ ਵਿਚ ਹੋਣ ਕਾਰਨ ਸੋਫਿਸਟ ਉਸ ਦੌਰ ਦੇ