ਸੁਲਤਾਨ ਪੁਰੋਂ ਤਿਆਰੀਆਂ
ਵਾਹਿਗੁਰੂ-ਪ੍ਰੇਮ :
ਜਿਕੁਰ ਭਗੀਰਥ ਜੀ ਦਾ ਹਾਲ ਵਿਸਥਾਰ ਨਾਲ ਆਇਆ ਹੈ ਇੱਕੁਰ ਦੇ ਕਈ ਉਪਕਾਰ ਤੇ ਨਾਮ ਦਾਨ ਦੇ ਕੰਮ ਸੁਲਤਾਨਪੁਰੇ ਹੋਏ ਤੇ ਹੁੰਦੇ ਰਹੇ। ਸ੍ਰੀ ਗੁਰੂ ਜੀ ਦੀ ਨਿਤਿ ਕ੍ਰਿਯਾ ਸਵੇਰ ਦੇ ਕੰਮ ਕਾਜ ਤੋਂ ਵਿਹਲੇ ਹੋਕੇ ਇਸ ਪ੍ਰਕਾਰ ਸੀ:
ਦੁਪਹਿਰੇ ਅੰਨ ਤੋਂ ਵਿਹਲੇ ਹੋਕੇ ਕੁਛ ਆਰਾਮ ਦੇ ਮਗਰੋਂ ਸ੍ਰੀ ਗੁਰੂ ਜੀ ਨੇ ਮੇਦੀਖਾਨੇ ਦਾ ਬਾਕੀ ਕੰਮ ਮੁਕਾਉਣਾ, ਫੋਰ ਲੌਢੇ ਪਹਿਰ ਦੇ ਮੁੱਕਣ ਵੇਲੇ ਕਿਸੇ ਸੁਹਣੇ ਥਾਂ ਅਨੰਦ ਮੰਗਲਾਚਾਰ ਲੱਗ ਪੈਣੇ। ਕਦੋ ਆਪ ਨੇ ਜੰਗਲੀ ਏਕਾਂਤ ਜਾ ਬੈਠਣਾ, ਕਦੇ ਸਤਿਸੰਗ ਵਿਚ, ਪਰ ਰਾਤ ਹੁੰਦੇ ਹੀ ਪਹਿਰ ਰਾਤ ਗਈ ਤਕ ਕੀਰਤਨ ਹੋਣਾ। ਆਪ ਬੀ ਰੱਬੀ ਦਾਤ ਦਾ ਇਲਾਹੀ ਨਾਦ ਵਾਲਾ ਗਲਾ ਰੱਖਦੇ ਸੇ, ਉਠਦੇ ਬਹਿੰਦੇ ਟੁਰਦੇ ਫਿਰਦੇ ਸਤਿਸੰਗ ਕਿ ਏਕਾਂਤ, ਕੀਰਤਨ ਵਿਚ ਕਿ ਐਵੇਂ ਬੈਠਿਆਂ ਆਪਣੇ ਪ੍ਰੀਤਮ ਵਾਹਿਗੁਰੂ ਦੇ ਪਿਆਰ ਵਿਚ ਕਦੇ ਕਦੇ ਐਸਾ ਗਾਇਨ ਕਰਦੇ ਕਿ ਮਾਨੋਂ ਚਲਦੇ ਦਰਿਆ ਤੇ ਉੱਡਦੇ ਪੰਛੀ ਸੁਣਨ ਲਈ ਖੜੇ ਹੋ ਜਾਂਦੇ।
ਆਪ ਕੰਮ ਕਾਜ ਕਰਨ, ਘਰ ਬਾਰੀ ਸਦਾਉਣ, ਪਰ 'ਗ੍ਰਿਹਸਤ-ਉਦਾਸ' ਦਾ ਨਵਾਂ ਰਸਤਾ ਇਥੇ ਰਹਿੰਦਿਆ ਬੰਨ੍ਹ ਦਿਖਾਇਆ। ਵਰਤਣ ਜਗਤ ਨਾਲ ਸਾਫ ਸੁਹਣੀ, ਪਰ ਹਿਰਦੇ ਇਸ ਵੱਲੋਂ ਸਹਿਜ ਭਾ ਦੀ ਉਦਾਸੀ ਸੀ। ਚਾਉ, ਉਮਾਹ, ਰੰਗ ਰਸ, ਖਿੱਚ ਸਿੱਕ, ਸੰਧਰ, ਸ਼ੌਂਕ, ਪਿਆਰ, ਪ੍ਰੀਤ ਸਾਰੀ ਵਾਹਿਗੁਰੂ ਚਰਨਾਂ ਵੱਲ। ਰਾਤ ਦਾ ਪਹਿਲਾ ਤੇ ਪਿਛਲਾ ਪਹਿਰ ਤਾਂ ਹਰੀ ਜਸ ਦੇ ਕੀਰਤਨ ਦੇ ਤੇ ਧਿਆਨ ਮਗਨਤਾ ਦੇ ਲੰਘਦੇ ਸਨ। ਕਈ ਵਾਰ ਧੁਰ ਛੱਤੇ ਮਗਨ ਬੈਠਿਆਂ, ਕਈ ਵੇਰ ਜੰਗਲਾਂ ਵਿਚ ਰਾਤਾਂ ਫਿਰਦਿਆਂ, ਕਈ ਵੇਰ ਇਕ ਥਾਵੇਂ ਸਤਿਸੰਗ ਵਿਚ ਚੁੱਪ ਮਗਨ ਬੈਠਿਆਂ ਲੰਘ ਜਾਣ। ਗਲ ਕੀਹ 'ਇਕ ਰੱਬੀ ਰੰਗ ਇਕ 'ਅੰਦਰਲਾ ਪਿਆਰ' ਪੂਰੇ ਜੋਬਨਾਂ ਵਿਚ ਠਾਠਾਂ ਮਾਰਦਾ ਰਹਿੰਦਾ ਸੀ।
ਜੇ ਕਦੇ ਆਪ ਨੇ ਥੋੜੇ ਜਿਹੇ ਸਰੀਰਾਂ ਦਾ ਉਧਾਰ ਕਰਨਾ ਹੁੰਦਾ ਤਾਂ ਇਹ ਰੰਗ ਰੂਪ ਵਰਤੋਂ ਵਰਤਾਉ ਤੇ ਦੈਵੀ ਪਿਆਰ ਸਹਿਜ ਰੰਗ ਦਾ ਇਸੇ ਤਰ੍ਹਾਂ ਟੁਰਿਆ ਰਹਿਂਦਾ, ਪਰ ਜਗਤ ਜਲ ਰਿਹਾ ਸੀ, ਦੁੱਖ ਦੀ ਤੀਣੀ ਬਾਣ ਉਠ ਅਸਮਾਨਾਂ ਤੱਕ ਅੱਪੜਦੀ ਸੀ, ਇਸ ਕਰਕੇ ਕਈ ਵੇਰ ਆਪ ਤ੍ਰਬ੍ਹਕ ਉਠਦੇ ਸੇ ਤੇ ਜਗਤ ਲਈ ਅਰਦਾਸੇ ਕਰਦੇ ਸੇ। ਉਹ ਜਗਤ ਦੇ ਉਧਾਰ ਦੀ ਰੱਬੀ ਰਮਜ਼, ਜੋ ਉਹਨਾਂ ਦੇ ਸਰੀਰਕ ਜੀਵਨ ਦੀ ਕਣੀ ਵਿਚ ਕਣੀ ਬਣਕੇ ਰਲੀ ਪਈ ਸੀ, ਉਹਨਾਂ ਨੂੰ ਉਦਾਸੀਆਂ ਦਿਆ ਕਰਦੀ ਸੀ, ਇਕ ਸ਼ਾਂਤਿਮਯ ਦਿਲਗੀਰੀ ਛਾ ਜਾਇਆ ਕਰਦੀ ਸੀ ਤੇ ਆਪ ਅਰਦਾਸ ਵਿਚ ਆਕੇ ਕਿੰਨਾਂ ਕਿੰਨਾਂ ਚਿਰ ਸਾਂਈਂ ਦੇ ਚਰਨਾਂ ਵਿਚ ਪਏ ਰਿਹਾ ਕਰਦੇ ਸੇ।
'ਵਾਹਿਗੁਰੂ ਦਾ ਪ੍ਰੇਮ' ਅਸਾਂ ਲਈ ਇਕ ਵਾਕ ਹੈ, ਇਕ ਫਿਕਰਾ ਹੈ, ਇਕ ਗਲ ਹੈ। 'ਵਾਹਿਗੁਰੂ' ਸਾਡੇ ਕੰਨੀ ਸੋ ਪਈ ਹੈ, 'ਅਸੀਂ ਪਿਆਰ ਕਰੀਏ ਤਾਂ ਅਸੀਂ ਪਰਮਪਦ ਪਾਈਏ' ਇਹ ਗੱਲ ਬੀ ਅਸਾਂ ਜਾਣੀ ਹੈ, ਕਦੇ ਕਦੇ ਅਸੀਂ ਅਰਦਾਸ ਤੇ ਪਾਠ ਬੀ ਕਰਦੇ ਹਾਂ, ਪਰ ਜੋ ਵਾਹਿਗੁਰੂ-ਪ੍ਰੇਮ ਆਪ ਨੂੰ ਸੀ ਉਸ ਨੂੰ ਅਸੀਂ ਨਹੀਂ ਸਮਝਦੇ; ਕਿੰਨਾ ਜ਼ੋਰ ਲਾਈਏ ਤਾਂ ਬੀ ਅਸੀਂ ਉਸਦਾ ਪੂਰਾ ਅਨੁਭਵ ਨਹੀਂ ਕਰ ਸਕਦੇ। ਜਿਵੇਂ ਅਸੀਂ ਸੂਰਜ ਵੇਖਦੇ ਹਾਂ ਆਪ ਨੂੰ ਰੱਬ ਐਉਂ ਸਾਮਰਤੱਖ ਸੀ। ਜਿਵੇਂ ਮਾਤਾ ਨੂੰ ਬਾਲ ਨਾਲ ਪਿਆਰ ਹੈ, ਜਿਵੇਂ ਬੱਚੇ ਨੂੰ ਮਾਤਾ ਦੀ ਲਿਵ ਹੈ, ਜਿਵੇਂ ਲੋਭੀ ਨੂੰ ਧਨ ਦਾ ਪਿਆਰ ਹੈ, ਜਿਵੇਂ ਇਸਤ੍ਰੀ ਨੂੰ ਪਤੀ ਦੀ ਖਿੱਚ ਹੈ, ਜਿਵੇਂ ਚੁੰਬਕ ਨੂੰ ਲੋਹੇ ਦੀ ਧੂਹ ਹੈ, ਤਿਵੇਂ ਨਹੀਂ, ਇਸ ਤੋਂ ਕਿਤੇ ਵੱਧ ਆਪ ਨੂੰ ਆਪਣੇ ਪ੍ਰੀਤਮ ਵਾਹਿਗੁਰੂ ਦਾ ਪਿਆਰ ਸੀ। ਦਰਸ਼ਨ ਸ਼ਾਸਤ੍ਰਾਂ ਦੇ ਵੇਤਾ ਤੇ ਫਿਲਸਫੇ ਵਾਲੇ ਯੁਕਤੀਆਂ ਤੇ ਦਲੀਲਾਂ ਨਾਲ "ਰੱਬ ਹੈ" ਸਿੱਧ ਕਰਦੇ ਹਨ, ਕੁਦਰਤ ਦੇ ਪ੍ਰੇਮੀ ਕਾਦਰ ਦੇ ਲੱਛਣਾਂ ਤੋਂ ਪਛਾਣ ਕਰਦੇ ਹਨ, ਜੋਗੀ ਜਨ ਧਿਆਨ ਟਿਕਾਕੇ ਏਕਾਗਤਾ ਵਿਚ ਉਸਦਾ ਪ੍ਰਭਾਉ ਅਨੁਭਵ ਕਰਨ ਦਾ ਜਤਨ ਲਾਉਂਦੇ ਹਨ, ਭਗਤ ਜਨ ਆਪਣੇ ਆਪ ਵਿਚ ਭਗਤੀ ਭਾਵ ਪੈਦਾ ਕਰਕੇ ਜਸ ਗਾਉਂਦੇ ਹਨ, ਜੋ ਜਸ ਗਾਉਂਦਿਆਂ ਰਸ ਉਪਜੇ ਤੇ ਦਾਤਾ ਮਿਲੇ, ਪਰ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੂੰ ਸਾਮਰਤੱਖ ਵੇਖਦੇ ਸੇ। ਉਹਨਾਂ ਨੂੰ 'ਰੱਬ ਇਕ ਲੁਕੀ ਹੋਈ ਪਰ ਜਾਣਨੇ ਜੋਗ ਗੱਲ' ਨਹੀਂ ਸੀ, 'ਰਬ ਹੈ ਨਿਰਾ ਮੰਨ ਲੈਣ ਵਾਲਾ ਰੰਗ ਨਹੀਂ ਸੀ, ਉਹਨਾਂ ਨੂੰ :-
"ਵਾਹਿਗੁਰੂ ਹੈ”
ਇਕ ਅਹਿੱਲ, ਅਡਿੱਗ, ਇਕ ਸੱਚ, ਸਾਮਰਤੱਖ ਸੱਚ, ਇਕ ਪਰਤੱਖ ਦਰਸ਼ਨ ਸੀ ਤੇ ਉਸ ਦੇ ਨਾਲ ਅਮਿਤ ਪਿਆਰ (ਜਿਸ ਦੀ ਉਪਮਾ ਜਗਤ ਵਿਚ
ਅਕਾਲ ਪੁਰਖ ਗੁਰੂ ਹੋਕੇ ਮਿਲੇ ਤੇ ਵਰ ਦਾਨ ਪਾਇਆ :
ਇਕ ਦਿਨ ਪਹਿਰ ਰਾਤ ਰਹਿੰਦੀ ਉੱਠਕੇ ਆਪ ਵੇਈਂ ਨੂੰ ਗਏ। ਕਿਨਾਰੇ ਅੱਪੜਕੇ ਕੱਪੜੇ ਉਤਾਰੇ ਤੇ ਖਿਦਮਤਗਾਰ ਨੂੰ ਦਿੱਤੇ। ਆਪ ਦਰਯਾ ਵਿਚ ਵੜੇ। ਥੋੜਾ ਚਿਰ ਦਾਸ ਨੂੰ ਵੇਈਂ ਵਿਚ ਨਾਉਂਦੇ ਤੇ ਤਰਦੇ ਦਿੱਸੇ, ਪਰ ਫੇਰ ਨਜ਼ਰੋਂ ਦਿੱਸਣੋਂ ਰਹਿ ਗਏ। ਉਹ ਆਦਮੀ ਸੂਰਜ ਚੜ੍ਹੇ ਤਕ ਬੈਠਾ ਰਿਹਾ, ਅੰਤ ਨਿਰਾਸ ਹੋਕੇ ਮੁੜ ਆਇਆ ਤੇ ਖ਼ਾਨ ਨੂੰ ਖਬਰ ਕੀਤੀ। ਉਧਰੋਂ ਘਰਦਿਆਂ ਨੂੰ ਖ਼ਬਰ ਹੋਈ। ਸਾਰੇ ਵੇਈਂ ਤੇ ਆਏ, ਇੰਨੇ ਨੂੰ ਨਵਾਬ ਬੀ ਘੋੜੇ ਤੇ ਚੜ੍ਹਕੇ ਆਇਆ, ਮਲਾਹ ਬੁਲਾਏ ਗਏ, ਨਦੀ ਵਿਚ ਬੜੀ ਟੋਲ ਕੀਤੀ; ਦੋ ਚਾਰ ਮੀਲ ਹੇਠਾਂ ਤਕ ਗਏ ਪਰ ਕੁਛ ਪਤਾ ਨਹੀਂ ਲੱਗਾ। ਆਖਰ ਇਹ ਸਮਝਕੇ ਕਿ ਨਦੀ ਵਿਚ ਡੁੱਬ ਤੇ ਰੁੜ੍ਹ ਗਏ ਹਨ ਸਾਰੇ ਦਿਲਗੀਰ ਹੋਕੇ ਘਰੀਂ ਆ ਗਏ।
ਜੈਰਾਮ ਜੀ ਲੱਗੇ ਤਲਵੰਡੀ ਖਬਰਾਂ ਘੱਲਣ, ਪਰ ਬੇਬੇ ਨਾਨਕੀ ਨੇ ਹੋੜਿਆ ਤੇ ਆਖਿਆ: ਮੇਰਾ ਵੀਰ ਰੱਬੀ ਨੂਰ ਹੈ, ਉਸ ਨੂੰ ਕਿਹੜਾ ਦਰਿਆ ਡੋਬਣ ਵਾਲਾ ਹੈ ? ਜਿਸ ਦੇ ਚਾਨਣੇ ਸਭ ਨੂੰ ਚਾਨਣਾ ਹੁੰਦਾ ਹੈ-ਉਸ ਨੂੰ ਕੌਣ ਹਨੇਰੇ ਵਿਚ ਪਾ ਸਕਦਾ ਹੈ ? ਇਹ ਕੋਈ ਕੌਤਕ ਹੈ ਤੇ ਪਿਛਲਿਆਂ ਤੋਂ ਵੱਡਾ ਕੌਤਕ ਹੈ, ਉਡੀਕ ਕਰੋ ਤੇ ਵੇਖੋ ਕਿ ਕੀ ਖੇੜਾ ਖਿੜਦਾ ਹੈ। ਗੱਲ ਕੀ ਸਾਰੇ ਹੀ 'ਡੁੱਬ ਜਾਣ' ਵਾਲੇ ਖਿਆਲ ਵਿਚ ਪੈ ਜਾਂਦੇ ਸਨ, ਪਰ ਇਕ ਬੇਬੇ ਦਾ ਨਿਸ਼ਚਾ ਅਹਿੱਲ ਸੀ, ਉਸ ਨੂੰ ਕੋਈ ਯਕੀਨ ਨਹੀਂ ਸੀ ਕਰਾ ਸਕਦਾ ਕਿ ਤਾਰਨਹਾਰ ਜੀ ਡੁੱਬ ਗਏ ਹਨ"।
ਮਰਦਾਨਾ ਆਪਣੇ ਪਿਆਰੇ ਸੁਆਮੀ ਦੇ ਪ੍ਰੇਮ ਵਿਚ ਵੇਈਂ ਦੇ ਕਿਨਾਰੇ ਕਿਨਾਰੇ ਘੁੰਮਦਾ ਕੀਰਤਨ ਕਰਦਾ ਤੇ ਬਿਰਹੋਂ ਦੇ ਸ਼ਬਦ ਗਾਉਂਦਾ ਫਿਰਦਾ ਸੀ, ਸਤਿਸੰਗੀ ਪ੍ਰੇਮੀ ਬਣਾਂ ਵਿਚ ਉਦਾਸ ਫਿਰਦੇ ਬਾਣੀ ਗਾਉਂਦੇ ਸੇ। ਤ੍ਰੈ ਦਿਨ ਇਸ ਤਰ੍ਹਾਂ ਬੀਤ ਗਏ, ਪਰ ਅਜ ਤਕ ਜਗਤ ਰਖ੍ਯਕ ਜੀ ਦੀ ਕੋਈ ਸੂੰਹ ਨਾ ਪਈ। ਉਧਰ ਜੋ ਉਨ੍ਹਾਂ ਨਾਲ ਵਰਤੀ ਸੋ ਵਰਣਨ ਨਹੀਂ ਹੋ ਸਕਦੀ, ਕਿਉਂਕਿ ਏਹ ਤ੍ਰੈ ਦਿਨ ਉਨ੍ਹਾਂ ਦੇ ਉਥੇ ਲੰਘੇ ਜਿਸ ਨੂੰ ਅਸੀਂ ਦਿਨ ਨਹੀਂ ਕਹਿ ਸਕਦੇ, ਕਿਉਂਕਿ ਉਥੇ ਨਾ ਦੇਸ਼ ਹੈ ਨਾ ਕਾਲ। ਸਾਡੇ ਤ੍ਰੈ ਦਿਨ ਉਹਨਾਂ ਦੇ ਅਕਾਲ ਤੇ ਅਦੇਸ਼ ਟਿਕਾਣੇ
–––––––––
ਲੰਘੇ, ਜਿਥੇ ਨਾ ਬੋਲੀ ਹੈ ਨਾ ਸੁਣਨਾ, ਜਿੱਥੇ ਨਾ ਮੈਂ ਹੈ ਨਾ ਤੂੰ, ਪਰ ਜਿੱਥੇ ਅਦੇਸ਼ ਅਕਾਲ ਰੰਗ ਵਿਚ, ਕਿਸੇ ਹੋਰ ਸੰਪੂਰਨ ਰੰਗ ਵਿਚ ਸਭੋ ਕੁਛ ਹੈ, ਪਰ ਦਿ ਨੂਰ ਨਾਲ ਤੇ ਦਿੱਯ ਚਾਨਣੇ ਨਾਲ ਹੈ। ਏਥੇ 'ਅਨੇਕਤਾ' ਹੈ, 'ਰੂਪ' ਹੈ ਤੇ 'ਨਾਉਂ" ਹੈ। ਓਥੇ ਏਕਤਾ ਹੈ ਤੇ ਹੈ ਜੋ ਕੁਛ ਸੋ ਮੂਲ ਹੈ, ਉਸ ਦਾ ਨਾਉਂ ਰੂਪ ਰੰਗ ਕੁਛ ਕਿਹਾ ਨਹੀਂ ਜਾਂਦਾ। ਉਹ "ਹੈ” ਬੱਸ। ਪਰ ਸਰਬ ਚੇਤਨਾ ਓਥੇ ਹੈ, ਸਰਬ ਪ੍ਰੇਮ ਓਥੇ ਹੈ, ਸਰਬ ਅਨੰਦ ਓਥੇ ਹੈ। ਪਰ ਹੈ 'ਹੈ' ਦੇ ਰੂਪ। ਜਿਸ ਰੂਪ ਵਿਚ ਉਹ ਬਾਣੀ ਨਾਲ ਨਹੀਂ ਕਿਹਾ ਜਾਂਦਾ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਮਨ ਨਾਲ ਸਮਝਿਆ ਨਹੀਂ ਜਾਂਦਾ। ਉਥੋਂ ਦਾ ਜੋ ਕੁਛ ਹੈ ਉਹ ਅਗੰਮ ਹੈ, ਅਗੋਚਰ ਹੈ। ਪਰ 'ਹੈ' ਜ਼ਰੂਰ ਤੇ ਉਹ ਜਿਵੇਂ ਆਪ ਅਦੇਸ਼ ਅਕਾਲ ਹੈ, ਉਥੇ ਜੋ ਕੁਛ 'ਹੁੰਦਾ' ਹੈ ਉਹ ਬੀ ਅਦੇਸ਼ ਅਕਾਲ ਹੈ ; ਉਹ 'ਹੈ' ਤੇ ਓਥੋਂ ਦੀ 'ਹੋਂਦ' ਦੋਵੇਂ ਕਹੇ ਨਹੀਂ ਜਾ ਸਕਦੇ, ਉਹ ਆਪ ਸੰਪੂਰਨ ਹੈ ਤੇ ਜੋ ਕੁਛ ਕਰਦਾ ਹੈ ਸੰਪੂਰਨ ਹੈ। ਆਪ ਪਾਰਬ੍ਰਹਮ ਹੈ ਜੋ ਕੁਛ ਕਰਦਾ ਹੈ ਸਾਡੀ ਸਮਝ ਤੋਂ ਪਾਰ ਹੈ।
ਫਿਰ ਜੋ ਜਗਤ ਰਖਯਕ ਨਾਲ ਓਥੇ ਵਰਤੀ, ਜਾਂ ਵਰਤਾਉਣ ਵਾਲਾ ਜਾਣੇ ਜਾਂ ਜਿਸ ਤੇ ਵਰਤੀ ਉਹ ਜਾਣੇ, ਪਰ ਸਾਡੀ ਸਮਝ ਗੋਚਰਾ ਕਰਨ ਲਈ-ਸਾਡੀ ਬੋਲੀ ਤੇ ਸਾਡੇ ਤੀਕੇ ਵਿਚ, ਸਾਡੇ ਸਾਮਾਨ ਦੇ ਵਾਂਙੂ ਜੋ ਕਿਹਾ ਜਾ ਸਕਦਾ ਹੈ ਸਤਿਗੁਰੂ ਜੀ ਨੇ-ਆਪਣੇ ਮੁਖਾਰਬਿੰਦੋਂ ਐਉਂ ਦੱਸਿਆ ਹੈ:-
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥ ੨੭ ॥ਸੁਧੁ॥*
ਜਨਮ ਸਾਖੀ ਨੇ ਸਾਡੀ ਸਮਝ ਗੋਚਰਾ ਕਰਨੇ ਲਈ ਐਉਂ ਦੱਸਿਆ ਹੈ ਕਿ ਅਰਸ਼ਾਂ ਤੋਂ ਕੋਈ ਨੂਰੀ ਆਏ ਤੇ ਗੁਰੂ ਜੀ ਦੇ ਆਤਮਾ ਨੂੰ ਵਾਹਿਗੁਰੂ ਦੇ ਦੇਸ਼ ਲੈ ਗਏ। ਜਿਤ ਦਰ ਦੇਵੀ ਦੇਵ ਅਵਤਾਰ ਪੀਰ ਪੈਕਾਂਬਰ ਖੜੇ ਸਿਰ ਝੁਕਾਉਂਦੇ ਹਨ, ਉਸ ਦਰਗਾਹੇ ਧੁਰ ਅੰਦਰ ਸੱਚੇ ਪੁਰਖ ਦੇ ਪਾਸ ਲੈ ਗਏ।
–––––––––
* ਮਾਝ ਕੀ ਵਾਰ ਮ: ੧ ਵਿਚ ਹੈ।
ਤਾਂ ਅੰਮ੍ਰਿਤ ਦਾ ਕਟੋਰਾ ਭਰ ਕਰ ਆਗਿਆ ਨਾਲ ਮਿਲਿਆ। ਹੁਕਮ ਹੋਇਆ, "ਨਾਨਕ ਇਹੁ ਅੰਮ੍ਰਿਤ ਮੇਰੋ ਨਾਮ ਕਾ ਪਿਆਲਾ ਹੈ, ਤੂੰ ਪੀਉ"। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ। ਸਾਹਿਬ ਮਿਹਰਵਾਨ ਹੋਯਾ :-
"ਨਾਨਕ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਤਾਈਂ ਨਿਹਾਲੁ ਕੀਆ ਹੈ ਅਰ ਜੋ ਤੇਰਾ ਨਾਉਂ ਲੇਵੇਗਾ, ਸੋ ਸਭ ਮੈਂ ਨਿਹਾਲ ਕੀਤੇ ਹੈਨ।"
"ਤੂੰ ਜਾਇ ਕਰ ਮੇਰਾ ਨਾਮ ਜਪਿ। ਅਰ ਲੋਕਾਂ ਥੀਂ ਭੀ ਜਪਾਇ ਅਰੁ ਸੰਸਾਰ ਥੀਂ ਨਿਰਲੇਪ ਰਹੁ; ਨਾਮ, ਦਾਨ, ਇਸ਼ਨਾਨ, ਸੇਵਾ ਸਿਮਰਨ ਵਿਚ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮ ਦੀਆ ਹੈ, ਤੂੰ ਏਹਾ ਕਿਰਤ ਕਰ।”
ਤਦ ਗੁਰ ਜੀ ਨੇ ਮੱਥਾ ਟੇਕਿਆ ਤੇ ਖੜੇ ਹੋਕੇ ਇਹ ਸਿਫਤ ਮਹਾਂਰਾਜ ਦੀ ਗਾਵੀਂ:-
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥ ੧ ॥
ਸਾਚਾ ਨਿਰੰਕਾਰੁ ਨਿਜ ਥਾਇ ॥
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥ ੧ ॥ ਰਹਾਉ ॥
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
ਅਗੀ ਸੇਤੀ ਜਾਲੀਆ ਭਸਮ ਸੋਤੀ ਰਲਿ ਜਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥ ੨ ॥
ਪੰਖੀ ਹੋਇ ਕੈ ਜੇ ਭਵਾ ਸੋ ਅਸਮਾਨੀ ਜਾਉ ॥
ਨਦਰੀ ਕਿਸੈ ਨ ਆਵਉ ਨਾ ਕਿਛੁ ਪੀਆ ਨ ਖਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥ ੩ ॥
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
ਇਸ ਪਰ ਧੁਨਿ ਆਈ :-
–––––––––
* ਏਹ ਸਾਰੇ ਵਾਕ ਪੁਰਾਤਨ ਜਨਮ ਸਾਖੀ ਦੇ ਹਨ।
੧. ਸਿਰੀ ਰਾਗੁ ਮਹਲਾ ੧ ॥
'ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ ਤੂੰ ਮੇਰੇ ਹੁਕਮ ਦੀ ਸਿਫਤ ਕਰ"।'
ਤਦ ਗੁਰੂ ਜੀ ਬੋਲੇ :-
ਹੇ ਪਿਤਾ ਜੀ ! ਜੀਵ ਕੀ ਆਖ ਸਕਦਾ ਹੈ, ਜੋ ਮੈਂ ਡਿੱਠਾ ਹੈ ਕਹਿਣ ਜੋਗਾ ਨਹੀਂ! ਤੂੰ ਹੈਂ :-
ਤਦ ਬਾਬਾ ਬੋਲਿਆ ਰਾਗ ਆਸਾ ਵਿਚ ਜਪੁ ਕੀਤਾ :-
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ਜਪੁ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਤਦ ਫੇਰ ਸਚੇ ਪੁਰਖ ਤੋਂ ਆਗ੍ਯਾ ਆਈ, ਹੁਕਮ ਹੋਆ :-
"ਨਾਨਕ ! ਜਿਸ ਉਪਰਿ ਤੇਰੀ ਨਦਰਿ
ਤਿਸ ਉਪਰਿ ਮੇਰੀ ਨਦਰਿ।
ਜਿਸ ਉਪਰ ਤੇਰਾ ਕਰਮ,
ਤਿਸ ਉਪਰ ਮੇਰਾ ਕਰਮ।
ਮੇਰਾ ਨਾਉਂ ਪਾਰਬ੍ਰਹਮ ਪਰਮੇਸਰੁ
ਤੇਰਾ ਨਾਉਂ ਗੁਰੂ ਪਰਮੇਸਰੁ।"
ਤਬ ਗੁਰੂ ਨਾਨਕ ਪੈਰੀਂ ਪਇਆ, ਸਿਰੋਪਾਉ ਦਰਗਾਹੋਂ ਬਾਬੇ ਨੂੰ ਮਿਲਿਆ ।
ਤਦ ਗੁਰੂ ਜੀ ਨੇ ਬੜੀ ਨਿੰਮ੍ਰਤਾ ਵਿਚ ਇਹ ਗਾਂਵਿਆਂ :-
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥
ਨ ਜਾਣਾ ਮੇਉ ਨ ਜਾਣਾ ਜਾਲੀ ॥
––––––––
* ਪੁ: ਜ ਸਾਖੀ। ੧. ਹਾਫ਼ਜਾਬਾਦੀ ਜਨਮ ਸਾਖੀ।
੧. ੴ ਤੋਂ 'ਹਉਮੈ ਕਹੈ ਨ ਕੋਇ' ਤਕ ਇਸ ਵੇਲੇ ਉਚਾਰਿਆ ਹੋਊ, ਕਿਉਂਕਿ 'ਹੁਕਮ ਦੀ ਮਹਿਮਾ ਕਰ' ਰੱਬ ਨੇ ਕਿਹਾ ਹੈ। ਉਂਞ ਸਾਰਾ ਜਪੁਜੀ 'ਹੁਕਮੀ ਤੇ ਹੁਕਮ' ਦੀ
ਵਿਆਖਿਆ ਹੈ।
੨. ਪੁਰਾਤਨ ਜਨਮ ਸਾਖੀ।
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
ਤੂ ਭਰਪੂਰਿ ਜਾਨਿਆ ਮੈ ਦੂਰਿ ॥
ਜੋ ਕਛੁ ਕਰੀ ਸੁ ਤੇਰੈ ਹਦੂਰਿ ॥
ਤੂ ਦੇਖਹਿ ਹਉ ਮੁਕਰਿ ਪਾਉ ॥
ਤੇਰੈ ਕੰਮਿ ਨ ਤੇਰੈ ਨਾਇ ॥੨॥
ਜੇਤਾ ਦੇਹਿ ਤੇਤਾ ਹਉ ਖਾਉ ॥
ਬਿਆ ਦਰੁ ਨਾਹੀ ਕੈ ਦਰਿ ਜਾਉ ॥
ਨਾਨਕੁ ਏਕ ਕਹੈ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥
{ਸਿਰੀ ਰਾਗੁ ਮਹਲਾ ੧}
ਪੁਰਾਤਨ ਜਨਮ ਸਾਖੀ ਵਿਚ ਲਿਖਿਆ ਹੈ ਕਿ ਆਰਤੀ ਵਾਲਾ ਸ਼ਬਦ 'ਗਗਨ ਮੈ ਥਾਲ' ਸਤਿਗੁਰਾਂ ਨੇ ਇਸ ਵੇਲੇ ਉਚਾਰਿਆ।
ਉਸ ਮਾਜਰੇ ਨੂੰ, ਜੋ ਅਨੰਤ ਤੇ ਅਨਾਦ, ਦੇਸ਼ ਕਾਲ ਰਹਿਤ ਅਪਣੇ ਸੱਚ ਖੰਡ ਵਿਚ ਵਰਤਿਆ ਜਿਸ ਦਾ ਅਨੁਭਵ ਜਿਸ ਡਿੱਠਾ ਉਸ ਨੂੰ ਹੈ, ਐਉਂ ਸਮਝਣ ਸਮਝਾਉਣ ਦਾ ਜਤਨ ਹੋਇਆ ਹੈ। ਭਾਵ ਇਹ ਹੈ ਕਿ ਵਾਹਿਗੁਰੂ ਵਲੋਂ ਸਤਿਗੁਰੂ ਜੀ ਦੇ ਪਰਮ ਤੇ ਪੂਰਨ ਸ਼ੁੱਧ ਆਤਮਾਂ ਵਿਚ ਰੱਬੀ ਤਾਕਤ- ਅਲੂਹੀਅਤ-ਦੈਵੀ ਸ਼ਕਤੀ ਕਿਸੇ ਐਸੇ ਰੰਗ ਵਿਚ ਭਰੀ ਗਈ ਕਿ ਜਿਸ ਨੂੰ ਭਰੀ ਗਈ ਕਹਿਣਾ ਬੀ ਠੀਕ ਨਹੀਂ। ਉਸ ਦਾ ਪ੍ਰਯੋਜਨ ਇਹ ਸੀ ਕਿ ਗੁਰੂ ਜੀ, ਜੋ ਧੁਰੋਂ ਜਗਤ ਰਖ੍ਯਾ ਲਈ ਆਏ ਸਨ ਤੇ ਹੁਣ ਤੱਕ ਸੰਸਾਰ ਦੇ ਸਾਰੇ ਤਜਰਬੇ ਕਰਦੇ ਇਸ ਦੁਖਾਂ ਨਾਲ ਭਰੇ ਮਨੁੱਖ ਮੰਡਲ ਦੇ ਦੁਖ ਆਪੂੰ ਬੀ ਸਹਿ ਸਹਿਕੇ ਪੂਰੇ ਜਾਣੂੰ ਹੋ ਗਏ ਸਨ, ਆਪਣਾ ਕੰਮ ਆਰੰਭ ਦੇਣ। ਉਹਨਾਂ ਦੀ ਗੁਰੱਤਵ ਸ਼ੁਰੂ ਤੋਂ ਪੂਰਨ ਸੀ, ਉਨ੍ਹਾਂ ਦਾ ਰੁਖ ਤੇ ਲਗਨ ਪੂਰੇ ਵਾਹਿਗੁਰੂ ਦੇ ਚਰਨੀਂ ਅਭੇਦ ਸੀ। ਹੁਣ ਵਾਹਿਗੁਰੂ ਜੀ ਨੇ ਇਸ ਮਨੁੱਖ ਜਾਮੇ ਵਿਚ ਦਰਸ਼ਨ ਦੇਕੇ ਉਨ੍ਹਾਂ ਨੂੰ ਆਪਣੀ (ਵਾਹਿਗੁਰੂ ਦੀ) ਟੋਕ ਤੇ ਸੰਸਾਰ ਉਧਾਰ ਲਈ ਆਯਾ ਕੀਤੀ। ਉਹਨਾਂ ਤੇ ਪਹਿਲਾਂ ਤੋਂ ਹੀ ਮਿਹਰ ਸੀ, ਭਾਈ ਗੁਰਦਾਸ ਜੀ ਨੇ ਲਿਖਿਆ ਹੈ-"ਪਹਿਲਾਂ ਬਾਬੇ ਪਾਯਾ ਬਖਸ਼ ਦਰ" ਤੇ ਜਨਮ ਸਾਖੀ ਦਸਦੀ ਹੈ ਕਿ ਵਾਹਿਗੁਰੂ ਨੇ ਕਿਹਾ
ਅਪਰੰਪਰ ਪਾਰਬ੍ਰਹਮੁ ਪਰਮੇਸੁਰ ਨਾਨਕ ਗੁਰ ਮਿਲਿਆ ਸੋਈ ਜੀਉ ॥
{ਸੋਰਠਿ ਮਹਲਾ ੧}
ਸੋ ਇਸ ਮਾਨੁਖ ਜਾਮੇ ਵਿਚ ਗੁਰੂ ਅਕਾਲ ਪੁਰਖ ਆਪ ਸੀ ਤੇ ਕੋਈ ਦੇਹ ਧਾਰੀ ਗੁਰੂ ਜੀ ਦਾ ਗੁਰੂ ਨਹੀਂ ਸੀ, ਇਹ ਗੱਲ ਬੀ ਉਨ੍ਹਾਂ ਨੇ ਆਪ ਦੱਸੀ ਹੈ*।
ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥
ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥੪੬॥
(ਰਾਮ: ਮ: ੧ ਦ: ਓਅੰਕਾਰ-੪੬)
ਗੁਰੂ ਨਾਨਕ ਦੇਵ ਜੀ ਨੂੰ 'ਅਕਾਲ ਪੁਰਖ ਜੋਨੀ ਵਿਚ ਅਇਆ' ਕਹਿਣਾ ਉਨ੍ਹਾਂ ਦੀ ਅਪਣੀ ਸਿਖ੍ਯਾ ਵਿਚ ਮਨ੍ਹੇ ਹੈ। ਉਨ੍ਹਾਂ ਨੂੰ ਨਿਰਾ ਮਨੁੱਖ ਕਹਿਣਾ ਬੀ ਉਨ੍ਹਾਂ ਦੀ ਭਾਰੀ ਬੇਅਦਬੀ ਕਰਨਾ ਤੇ ਕੂੜ ਤੋਲਣਾ ਹੈ, ਉਹ ਜੋ ਕੁਛ ਸਨ ਕਿਹਾ ਨਹੀਂ ਜਾਂਦਾ। ਦ੍ਰਿਸ਼ਟਾਂਤ ਇਕ ਸੋਨੇ ਦੀ ਡਲੀ ਦਾ ਹੈ, ਜਿਸ ਨੂੰ ਅੱਗ ਵਿਚ ਅੱਗ ਦਾ ਪ੍ਰਵੇਸ਼ ਹੋਕੇ ਉਸ ਨੂੰ ਅੱਗ ਰੂਪ ਕਰ ਜਾਂਦਾ ਹੈ, ਹੁਣ ਉਹ ਸੋਨਾ ਬੀ ਹੈ ਤੇ ਅੱਗ ਬੀ ਹੈ। ਸਾਰੇ ਗੁਣ ਅੱਗ ਦੇ ਭੀ ਉਸ ਵਿਚ ਹਨ ਤੇ ਉਹ ਸੋਨਾ ਬੀ ਹੈ। ਇਹ ਦ੍ਰਿਸ਼ਟਾਂਤ ਬੀ ਪੂਰਾ ਨਹੀਂ ਢੁੱਕਦਾ, ਕਿਉਂਕਿ ਦ੍ਰਿਸ਼ਟਾਂਤ ਦੇਸ਼ ਕਾਲ ਦਾ ਹੈ ਤੇ ਉਹਨਾਂ ਦੀ ਰਬੀਅਤ ਦਾ ਸੰਬੰਧ ਅਦੇਸ਼ ਅਕਾਲੀ ਤੇ ਅਜ਼ਲੀ ਰਿਸ਼ਤਾ ਹੈ, ਪਰ ਇਹ ਦ੍ਰਿਸ਼ਟਾਂਤ ਕੁਛ ਖਿਆਲ ਦੇ ਜਾਂਦਾ ਹੈ। ਇਸੇ ਵਾਸਤੇ "ਗੁਰ ਨਾਨਕ ਦੇਵ ਗੋਵਿੰਦ ਰੂਪ" ਪੰਜਵੇਂ ਸਤਿਗੁਰਾਂ ਨੇ ਲਿਖਿਆ ਹੈ; ਇਸੇ ਲਈ ਜਨਮ ਸਾਖੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਜੀ ਦੀ ਜ਼ੁਬਾਨੀ 'ਗੁਰੂ ਪਰਮੇਸਰੁ' ਲਿਖਿਆ ਹੈ। ਓਥੇ ਵਾਹਿਗੁਰੂ ਆਪ ਨੂੰ "ਪਾਰਬ੍ਰਹਮ ਪਰਮੇਸਰੁ" ਆਖਦਾ ਹੈ ਤੇ ਗੁਰੂ ਜੀ ਨੂੰ 'ਗੁਰੂ ਪਰਮੇਸਰੁ' ਆਖਦਾ ਹੈ। ਇਸੇ ਭੇਤ ਨੂੰ ਭੱਟਾਂ ਨੇ 'ਪਰਤਖ ਹਰਿ' ਤੇ ਆਪਿ ਨਰਾਇਣੁ ਕਲਾਧਾਰਿ ਜਗ ਮਹਿ ਪਰਵਰਿਯਉ' ਕਹਿਕੇ ਦਰਸਾਇਆ ਹੈ ਤੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਨੂੰ ਆਖਿਆ ਹੈ :-
ਨਿਰੰਕਾਰ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ ॥
(ਵਾਰ ੨੪-੨੫)
ਗੁਰੂ ਜੀ ਨੇ ਅਪਣੀ ਪੂਰਨ ਹਉਮੈਂ ਅਭਾਵਤਾ ਵਿਚ ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ (ਜਸੁ ਕਰਨ ਵਾਲਾ) ਲਿਖਿਆ ਹੈ ਤੇ ਆਪਣੀ ਰੱਬੀ ਦਾਤ ਪ੍ਰਾਪਤੀ ਦਾ ਆਪ ਪਤਾ ਦਿੱਤਾ ਹੈ:-
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਸਚੀ ਸਿਫਤਿ ਸਾਲਾਹਿ ਕਪੜਾ ਪਾਇਆ ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥
ਢਾਢੀ ਕਰੇ ਪਸਾਉ ਸਬਦੁ ਵਜਾਇਆ ॥*
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥
(ਮਾਝ ਕੀ ਵਾਰ ਮ: ੧)
ਇਥੇ ਗੁਰੂ ਜੀ ਨੇ ਪਹਿਲਾਂ ਆਪਣੀ ਪੂਰਨ 'ਹੁੳਮੈਂ-ਅਭਾਵਤਾ' ਦਿਖਾਈ ਹੈ, ਜੋ ਹੋਰ ਕਈ ਅਵਤਾਰਾਂ ਪਿਕੰਬਰਾਂ ਨੇ ਅਪਣਾ ਰੂਹਾਨੀ ਰੱਬੀ ਪੈਗ਼ਾਮ ਦੱਸਣ ਲੱਗਿਆਂ "ਮੈਂ" ਵਿਚ ਦੱਸਿਆ ਹੈ। ਉਨ੍ਹਾਂ ਦੇ ਉਪਾਸਕ ਉਸ ਨੂੰ ਉਨ੍ਹਾਂ ਦੀ ਰੂਹਾਨੀ ਵਸੀਕਾਰਤਾ ਬਿਆਨ ਕਰਦੇ ਹਨ, ਪਰ ਇਸ ਵਿਚ ਹਉਂ ਦਾ ਲੇਸ਼ ਆ ਜਾਂਦਾ ਹੈ। ਸਤਿਗੁਰੂ ਨੇ ਇੱਥੇ ਦਾਉ ਨਹੀਂ ਖਾਧਾ, ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ ਦੱਸਕੇ ਤੇ ਵਿਹਲਾ ਦੱਸਕੇ ਹਉਂ ਅਭਾਵਤਾ ਦੱਸੀ। ਪਰ ਇਹ ਗੱਲ ਉਨ੍ਹਾਂ ਦੇ ਨੀਵੇਂ ਹੋਣ ਦੀ ਅਰ ਅਸਮਾਨੀ, ਰੂਹਾਨੀ, ਰੱਬੀ ਵਸੀਕਾਰਤਾ ਤੋਂ ਸੱਖਣੇ ਹੋਣ ਦੀ ਦਲੀਲ ਨਹੀਂ ਹੈ। ਉਨ੍ਹਾਂ ਵਾਹਿਗੁਰੂ ਦੀ ਮਿਹਰ ਦੀ ਵਡਿਆਈ ਕਰਦਿਆਂ ਅਪਣੀ ਰੂਹਾਨੀ ਵਸੀਕਾਰਤਾ ਤੇ ਔਜ ਨੂੰ ਇਸ ਤਰ੍ਹਾਂ ਦੱਸਿਆ ਹੈ:-
ਢਾਢੀ ਸਚੇ ਮਹਲਿ ਖਸਮਿ ਬੁਲਾਇਆ ॥
ਉਥੋਂ ਸੱਚੀ ਸਿਫਤ ਸਲਾਹ, ਅੰਮ੍ਰਿਤ ਨਾਮ ਦਾਤ ਪ੍ਰਾਪਤ ਹੋਣ ਦਾ ਪਤਾ ਦਿੱਤਾ, ਉਸ ਨਾਮ ਦਾਤ ਦਾ ਜਗਤ ਵਿਚ 'ਪਸਾਉਂ ਪ੍ਰਚਾਰ ਕਰਨਾ ਅਪਣਾ
––––––––––
* ਇਸ ਤੁਕ ਦਾ ਅਰਥ ਹੈ ਕਿ ਉਸ ਅੰਮ੍ਰਿਤ ਨਾਮ ਦਾ ਮੈਂ ਅਗੇ ਪ੍ਰਚਾਰ ਕੀਤਾ ਹੈ।
ਰੱਬੀ ਕਮਾਮ ਦੱਸਿਆ ਤੇ ਅੰਤ ਪੂਰੇ ਵਾਹਿਗੁਰੂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲੈਣ, ਰੱਬੀ ਰੰਗ ਵਿਚ ਰੰਗੇ ਰਹਿਣ ਦਾ ਪਤਾ ਦੇ ਦਿੱਤਾ। 'ਜੈਸੀ ਮੈ ਆਵੈ ਖਸਮ ਕੀ ਬਾਣੀ' ਤੇ 'ਬੀਜਉ ਸੂਝੇ' ਕੋ ਨਹੀ ਬਹੈ ਦੁਲੀਚਾ ਪਾਇ' ਆਦਿਕ ਥਾਂਈਂ ਉਨ੍ਹਾਂ ਦੀ ਰੱਬੀ ਵਸੀਕਾਰਤਾ ਦਾ ਪਤਾ ਉਨ੍ਹਾਂ ਦੀ ਆਪਣੀ ਬਾਣੀ ਤੋਂ ਪਿਆ ਲੱਗਦਾ ਹੈ। ਸੋ ਵਾਹਿਗੁਰੂ ਨੂੰ ਗਰਭ ਜੂਨਿ ਵਿਚ ਆਕੇ 'ਨਾਨਕ ਰੂਪ' ਵਿਚ ਪ੍ਰਗਟ ਹੋਇਆ ਆਖਣਾ ਬੀ ਨਹੀਂ ਬਣਦਾ, ਪਰ ਉਨ੍ਹਾਂ ਨੂੰ ਨਿਰਾ ਮਨੁੱਖ ਕਹਿਣ ਬੀ ਝੂਠ ਬੋਲਣਾ ਹੈ। ਉਹ ਰੱਬੀ ਨੂਰਦੇ ਸੋਮੇ, ਉਹ ਪੂਰਨ ਬ੍ਰਹਮ ਗਿਆਨ ਦੇ ਦਾਤਾ, ਉਹ ਇਲਾਹੀ ਰੰਗ ਦੇ ਰੰਗੇ, ਉਹ ਅਲੂਹੀਅਤ, ਰੱਬੀਅਤ, ਦੈਵੀ ਸ਼ਕਤਿ ਤੇ ਤਾਣ ਦੇ ਸਰਸ਼ਾਰ ਚਸ਼ਮੇ; ਉਹ ਇਲਾਹੀ ਗੁਣਾਂ ਦੇ ਦਿਪਤ ਸੂਰਜ, ਹਰ ਵੇਲੇ ਵਾਹਿਗੁਰੂ ਦੇ ਰੰਗ ਵਿਚ ਲੀਨ, ਅੰਦਰ ਬਾਹਰ ਮਛਲੀ ਵਾਂਗੂ ਵਾਹਿਗੁਰੂ ਨੀਰ ਦੇ ਵਾਸੀ, ਤਿੰਨਾਂ ਕਾਲਾਂ ਵਿਚ ਤੇ ਅਕਾਲ ਤਿੰਨਾਂ ਕਾਲਾਂ ਵਿਚ ਤੇ ਅਵਸਥਾ ਵਿਚ ਕਦੇ ਨਾ ਸਾਂਈਂ ਤੋਂ ਵਿਛੋੜੇ, ਵਿੱਥ, ਅੰਤਰੇ, ਦੂਰੀ ਵਿਚ ਆਉਣ ਵਾਲੇ, ਅੰਤਰ- ਆਤਮੇ ਸਦਾ ਮਿਲ ਰਹੇ, ਚਾਨਣਾ ਹੀ ਚਾਨਣਾ 'ਗੁਰ ਨਾਨਕ ਦੇਵ ਗੋਵਿੰਦ ਰੂਪ" ਸਨ, ਹਨ ਤੇ ਹੋਣਗੇ। ਇਸ ਪ੍ਰਕਾਰ ਦੇ ਉਨ੍ਹਾਂ ਦੇ ਵਜੂਦ ਬਾਬਤ ਭਾਵ ਬਾਕੀ ਸਤਿਗੁਰਾਂ ਦੀ ਬਾਣੀ, ਭੱਟਾਂ ਦੇ ਸਵਈਆਂ ਤੇ ਭਾਈ ਗੁਰਦਾਸ ਤੇ ਭਾਈ ਗੁਰਦਾਸ ਸਿੰਘ (ਦੂਜੇ) ਦੀ ਬਾਣੀ ਵਿਚ ਸਪਸ਼ਟ ਹਨ। ਦਸਮੇਂ ਪਾਤਸ਼ਾਹ ਜੀ ਨੇ ਵੀ ਆਪਣੇ ਦਰਗਾਹੇ ਜਾਣ, ਪੁੱਤ ਦੀ ਵਡਿਆਈ ਪ੍ਰਾਪਤ ਕਰਨ ਦਾ ਹਾਲ ਇਸੇ ਤਰ੍ਹਾਂ ਦੱਸਿਆ ਹੈ"।
ਪਰ ਇਹ ਕਹਿਦਿਆਂ ਓਹ ਹਉਂ ਵਿਚ ਨਹੀਂ ਜਾਂਦੇ, ਲੇਸ਼ਾਵਿਦਯਾ ਵਿਚ ਬੀ ਨਹੀਂ ਜਾਂਦੇ, ਨਿਜ ਨੂੰ ਢਾਡੀ ਤੇ ਦਾਸ ਆਖਦੇ ਹਨ, ਨਿੰਮ੍ਰਤਾ ਕਰਦੇ ਹਨ, ਪਰ ਅਪਣੇ ਰੱਬ ਅੱਗੇ। ਪਰ ਨਾਲ ਹੀ ਅਪਣੀ ਰੱਬੀ ਵਸੀਕਾਰਤਾ ਵਲੋਂ ਰੱਬ ਦੇ ਰੰਗ ਨਾਲ ਭਰਪੂਰ ਹੋਣੋਂ ਰੱਬੀਅਤ: ਈਸ੍ਵਰੱਤ, ਅਲੂਹੀਅਤ, ਦੈਵੀ ਸ਼ਕਤੀ ਨਾਲ ਸਰਸ਼ਾਰ ਹੋਣੋਂ ਕਦੇ ਇਨਕਾਰ ਨਹੀਂ ਕਰਦੇ ਅਰ ਆਪ ਇਸ ਦੇ ਪਤੇ ਵੀ ਦੇਂਦੇ ਹਨ ਤੇ ਅਪਣੀ ਉੱਚੀ ਰੱਬੀ ਵਸੀਕਾਰਤਾ ਸਾਫ ਦੱਸਦੇ ਹਨ।
ਇਹ ਹਉਂਮੈਂ ਦਾ ਅਭਾਵ ਪੂਰਨ ਹੈ ਤੇ ਇਹ ਸੱਚ ਦਾ ਪ੍ਰਕਾਸ਼ ਪੂਰਨ ਹੈ।
–––––––––––
੧. ਬਸੰਤ ਮ: ੫
੨. ਪੰਜਵੀਂ ਪਾਤਸ਼ਾਹੀ ਦਾ ਵਾਕ-'ਜਿਨ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥' ਤੇ ਦਸਮ ਗੁਰੂ ਜੀ ਦਾ ਵਾਕ: "ਹਰਿ ਹਰਿ ਜਨ ਦੋਊ ਏਕ ਹੈਂ" ਐਸੇ ਵਾਕ ਹਨ ਜੋ ਹਰਿ ਜਨ ਤੇ ਹਰ ਵਿਚ ਭੇਦ ਨਹੀਂ ਦੱਸਦੇ ਤੇ ਗੁਰੂ ਸਾਹਿਬ ਤਾਂ ਸਨ ਹੀ ਵਾਹਿਗੁਰੂ ਦੇ 'ਗੁਰੂ ਰੂਪ ਦਾ ਅਵਤਾਰ'।
ਹਉਮੈਂ ਦਾ ਅਭਾਵ ਕਰਦੇ ਐਸੀ ਨਿੰਮ੍ਰਤਾ ਨਹੀਂ ਕਰਦੇ ਕਿ ਸੱਚ ਲੋਪ ਹੋ ਜਾਏ ਤੇ ਉਨ੍ਹਾਂ ਦੇ ਅਸਲ ਸਰੂਪ ਬਾਬਤ ਗ਼ਲਤ ਬਿਆਨ ਪੈਦਾ ਹੋ ਜਾਏ। ਨਾ ਸੱਚ ਬਿਆਨ ਕਰਦੇ ਐਸੇ ਤ੍ਰੀਕੇ ਵਿਚ ਜਾਂਦੇ ਹਨ ਕਿ ਜਿਸ ਨਾਲ ਹਉਮੈ ਲਸਾਂ ਮਾਰਨ ਲਗ ਜਾਏ। ਕੇਵਲ ਉਚਾਰਨ ਵਿਚ ਨਹੀਂ ਕਈ ਇਕ ਸਾਖੀਆਂ ਵਿਚ ਉਨ੍ਹਾਂ ਦੀਆਂ ਕਰਨੀਆਂ ਤੋਂ ਉਨ੍ਹਾਂ ਦੀ ਰੱਬੀ ਵਸੀਕਾਰਤਾ ਦਾ ਪਤਾ ਬੀ ਮਿਲ ਜਾਂਦਾ ਹੈ। ਕਸ਼ਮੀਰ ਵਿਚ ਬ੍ਰਹਮਦਾਸ ਪੰਡਤ ਜਦ ਗੁਰੂ ਨੂੰ ਮਿਲਕੇ ਸਮਝ ਬੁੱਝਕੇ ਫਿਰ ਫਿਰ ਡੋਲਦਾ ਹੈ, ਤਾਂ ਗੁਰੂ ਜੀ ਉਸਨੂੰ ਆਖਦੇ ਹਨ : 'ਜਾਹ ਗੁਰੂ ਕਰ'। ਉਸ ਪੁੱਛਿਆ : 'ਕਿੱਥੋਂ ਲੱਭਾ' ਤਾਂ ਆਪ ਨੇ ਪਤਾ ਦਿੱਤਾ। ਉਥੇ ਇਕ ਮੰਦਰ ਵਿਚ ਇਕ ਸੂਹੇ ਬਸਤ੍ਰਾਂ ਵਾਲੀ ਸੂਰਤ ਨੇ ਉਸ ਨੂੰ ਮਾਰਿਆ, ਬ੍ਰਹਮ ਦਾਸ ਨੇ ਪੁਛਿਆ: ਮੈਂ ਤਾਂ ਗੁਰੂ ਲੱਭਦਾ ਆਇਆ ਹਾਂ, ਜਵਾਬ ਮਿਲਿਆ: ਇਹ ਹੁਣ ਤਕ ਤੇਰਾ ਗੁਰੂ ਰਿਹਾ ਹੈ, ਇਹ ਮਾਇਆ ਹੈ। ਉਸ ਪੁਛਿਆ : ਮੈਂ ਤਾਂ ਸੱਚਾ ਗੁਰੂ ਕਰਨਾ ਹੈ। ਜਵਾਬ ਮਿਲਿਆ: ਗੁਰੂ ਸੱਚਾ ਤਾਂ ਉਹੋ ਸੀ, ਜਿਸ ਪਾਸੋਂ ਤੂੰ ਆਇਆ ਹੈਂ। ਤਦ ਬ੍ਰਹਮ ਦਾਸ ਗੁਰੂ ਜੀ ਦੀ ਪੈਰੀਂ ਆ ਪਿਆ, ਤਾਂ ਗੁਰੂ ਜੀ ਦੇ ਨਾਮ ਦਾਨ ਦੇਣ ਨਾਲ ਪਰਮੇਸ਼ੁਰ ਦੇ ਪਿਆਰ ਵਿਚ ਰੰਗਿਆ ਗਿਆ, ਕਿਤਾਬਾਂ ਦੇ ਭਾਰ ਸੱਟ ਪਾਏ ਤੇ ਸੁਖੀ ਹੋਇਆ। ਇਸ ਤੋਂ ਸਪਸ਼ਟ ਹੈ ਗੁਰੂ ਜੀ ਦੀ ਰੱਬੀ ਵਸੀਕਾਰਤਾ।
ਇਸ ਰੱਬੀ ਵਸੀਕਾਰਤਾ ਦੇ ਦਰਜੇ ਦਾ ਨਾਮ, ਜੋ ਮਨੁੱਖ ਤੋਂ ਬਹੂੰ ਉੱਚਾ ਹੈ-ਦੇਵੀ, ਦੇਵਤੇ, ਪਿਕੰਬਰ, ਅਵਤਾਰ, ਸਾਰੇ ਮਨੁੱਖੀ ਦਰਜਿਆਂ ਤੋਂ ਬੀ ਉੱਚਾ ਹੈ-ਗੁਰੂ ਹੈ। ਗੁਰਬਾਣੀ ਵਿਚ ਇਸ ਨੂੰ ਗੁਰੂ ਤੇ ਸਤਿਗੁਰੂ ਕਰਕੇ ਦੱਸਿਆ ਹੈ। ਗੁਰੂ ਪਦ ਦਾ ਅਰਥ ਨਿਰਾ ਉਸਤਾਦ ਯਾ ਮੁਰਸ਼ਿਦ ਹੋ ਚੁਕਾ ਸੀ, ਇਸ ਕਰਕੇ ਜਨਮਸਾਖੀ ਵਿਚ ਰੱਬ ਜੀ ਗੁਰੂ ਨਾਨਕ ਨੂੰ 'ਗੁਰੂ ਪਰਮੇਸ਼ੁਰ' ਦਾ ਨਾਮ ਦੇਂਦੇ ਹਨ, ਅਰਥਾਤ ਉਹੋ ਗੁਰੂ ਹਨ, ਪਰ ਜਿਨ੍ਹਾਂ ਵਿਚ ਪਰਮੇਸ਼ੁਰ ਇਸ ਤਰ੍ਹਾਂ ਨਿਵਾਸ ਕਰਦਾ ਹੈ ਕਿ ਉਹ ਪਰਮੇਸ਼ੁਰ ਤੋਂ ਭਿੰਨਤਾ, ਅੰਤਰੇ, ਵਿੱਥ, ਵਿਛੋੜੇ ਵਿਚ ਤ੍ਰੈਕਾਲ ਨਹੀਂ ਆ ਸਕਦੇ। ਪਰਮੇਸ਼ੁਰ ਉਹਨਾਂ ਤੋਂ ਕਦੇ ਜੁਦਾ ਨਹੀਂ ਹੋ ਸਕਦਾ। ਉਹ 'ਪਰਮੇਸ਼ੁਰ-ਗੁਰੂ' ਯਾ 'ਗੁਰੂ ਪਰਮੇਸ਼ੁਰ' ਹਨ। ਇਹੋ ਇਲਾਹੀ ਭੇਤ ਪੰਜਵੇਂ ਸਤਿਗੁਰਾਂ ਨੇ 'ਕੋਟਿ ਬ੍ਰਹਮੰਡ ਕੋ ਠਾਕੁਰ ਸੁਆਮੀ' ਵਾਲੇ ਸ਼ਬਦ ਵਿਚ ਨਿਰੂਪਣ ਕੀਤਾ ਹੈ। ਭਾਈ ਗੁਰਦਾਸ ਸਿੰਘ (ਦੂਜੇ) ਨੇ ਕਿਹਾ ਹੈ, 'ਵਹੁ ਪ੍ਰਗਟਿਓ ਪੁਰਖ ਭਗਵੰਤ ਰੂਪ' ਤੇ ਭੱਟਾਂ ਦੱਸਿਆ ਹੈ, 'ਭਨਿ ਮਥੁਰਾ ਕਛੁ ਭੇਦੁ ਨਹੀਂ ਗੁਰੂ ਅਰਜੁਨੁ ਪਰਤਖ ਹਰਿ ਏਹ ਸਾਰੇ ਲਫਜ਼-'ਗੋਬਿੰਦ ਰੂਪ' 'ਭਗਵੰਤ ਰੂਪ',
"ਜੀਅ ਦਾਨ ਦੇ ਭਗਤੀ ਲਾਇਨਿ ਹਰ ਸਿਉ ਲੈਨਿ ਮਿਲਾਏ ॥"
ਇਹ ਗੁਰੂ ਦੀ ਸ਼ਕਤੀ ਹੈ। ਆਪਣੇ ਆਪ ਵਿਚੋਂ ਆਪ ਦੇ ਖਜ਼ਾਨੇ ਵਿਚੋਂ ਜੀਅ-ਦਾਨ ਦੇਕੇ ਦਾਤਾ ਮੁਰਦੇ ਜੀਵਾਲਦਾ ਹੈ ਤੇ ਜਗਤ ਵਿਚ ਕਰਮ-ਬੱਧ ਹੋਕੇ, ਕੈਦੀਆਂ ਦੇ ਕੈਦਖਾਨੇ ਜਾਣ ਵਾਂਗੂ ਨਹੀਂ ਆਉਂਦਾ ਸਗੋਂ ਪਰਮ-ਸੁਤੰਤਰ, ਪਰਉਪਕਾਰ ਦੀ ਖ਼ਾਤਰ ਜਗਤ ਦੇ ਉਧਾਰ ਵਾਸਤੇ ਜਗਤ ਵਿਚ ਆਉਂਦਾ ਹੈ, ਜਿਸ ਤਰ੍ਹਾਂ ਉਪਦੇਸ਼ਕ ਤੇ ਡਾਕਟਰ ਜੇਲ੍ਹ ਵਿਚ ਪਰਉਪਕਾਰ ਕਰਨ ਜਾਂਦੇ ਹਨ,: ਓਹ ਕਰਮ ਬੱਧ ਅੰਦਰ ਨਹੀਂ ਜਾਂਦੇ। ਇਸੇ ਕਰਕੇ ਗੁਰੂ ਨੂੰ ਜਨਮ ਮਰਨ ਰਹਿਤ ਆਖੀਦਾ ਹੈ"।
ਹਾਂ ਜੀ, ਉਸ ਉਪਕਾਰ ਹਿਤ ਆਏ ਪਰਮੇਸ਼ੁਰ ਰੂਪ ਗੁਰੂ ਗੁਰ ਨਾਨਕ ਦੇਵ ਜੀ ਨੇ ਹੁਣ ਸੱਚ ਖੰਡ ਤੋਂ ਮਾਤਲੋਕ ਵਲ ਰੁਖ਼ ਕੀਤਾ, ਸੁਲਤਾਨ ਪੂਰੇ ਆਏ ਤੇ ਅਪਣੇ ਡੇਰੇ ਗਏ। ਡੇਰੇ ਦਾ ਆਪਣਾ ਮਾਲ ਮਤਾ ਲੁਟਾ ਦਿਤਾ। ਲੋਕੀਂ ਆਨ ਜੁੜੇ, ਖਾਨ ਬੀ ਸੁਣਕੇ ਆਇਆ, ਕਿਉਂਕਿ ਸਾਰੇ ਸਤਿਗੁਰੂ ਦੇ ਜੀਵਨ ਦੀ ਆਸ ਲਾਹ ਚੁਕੇ ਸੇ। ਤੀਏ ਦਿਨ ਫੇਰ ਪਾਣੀ ਵਿਚੋਂ ਤਰ ਆਇਆ ਸਮਝਕੇ ਸਾਰੇ ਅਚੰਭਾ ਹੋ ਰਹੇ ਸਨ। ਇਸ ਵੇਲੇ ਗੁਰੂ ਜੀ ਦਾ ਚਿਹਰਾ ਇਕ ਡਾਢੇ ਅਚਰਜ ਰੰਗ ਵਿਚ ਲਸ ਰਿਹਾ ਸੀ। ਖਾਨ ਨੇ ਪੁੱਛਿਆ 'ਨਾਨਕ ! ਤੈਨੂੰ ਕੀ ਹੋਇਆ ? ਪਰ ਗੁਰੂ ਜੀ ਬੋਲੇ ਨਹੀਂ। ਲੋਕਾਂ ਕਿਹਾ : 'ਦੇਖੋ ਚਿਹਰਾ ਕੈਸਾ ਦਮਕਦਾ ਹੈ, ਬੋਲਦਾ ਕੁਸਕਦਾ ਨਹੀਂ
–––––––––––
* ਜਨਮ ਮਰਨ ਦੁਹਹੂ ਮੈ ਨਾਹੀ ਜਨ ਪਰਉਪਕਾਰੀ ਆਏ॥
ਜੀਅਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥ (ਸੂਹੀ ਮ: ੫-੭)
ਤੇ ਮਾਲ ਲੁਟਾਈ ਜਾਂਦਾ ਹੈ, ਇਸ ਨੇ ਦਰਿਆ ਵਿਚ ਕੋਈ ਚੋਟ ਖਾਧੀ ਹੈ'। ਜਦ ਗੁਰੂ ਜੀ ਕੂਏ ਸਹੇ ਨਾ ਤਾਂ ਨਵਾਬ ਦਿਲਗੀਰ ਹੋਕੇ ਟੁਰ ਪਿਆ। ਇਧਰ ਗੁਰੂ ਜੀ ਨੇ ਤਨ ਦੇ ਇਕ ਸਾਫੇ ਬਿਨਾਂ ਸਭ ਕੁਛ ਲੁਟਾ ਦਿਤਾ ਤੇ ਉਜਾੜ ਜਾਕੇ ਡੇਰਾ ਲਾਇਆ, ਪਰ ਮਰਦਾਨਾ ਰਬਾਬ ਲੈਕੇ ਪਾਸ ਜਾਇ ਬੈਠਾ*, ਹੋਰ ਪ੍ਰੇਮੀ ਬੀ ਜਾ ਬੈਠੇ, ਦੂਜੇ ਮਤਾਂ ਦੇ ਸਾਧੂ ਭੀ ਜਾ ਬੈਠੇ ਪਰ ਆਪ ਅੱਠ ਪਹਿਰ ਨਾ ਬੋਲੇ ਨਾ ਚਾਲੇ। ਘਰ ਦੇ ਭੀ ਆਏ ਸਭ ਦੇਖਕੇ ਮੁੜ ਗਏ, ਬੋਲੇ ਨਹੀਂ। ਚਿਹਰਾ ਇਕ ਨੂਰ ਦਾ ਅਲਾਂਬਾ ਲਗਦਾ ਸੀ ਤੇ ਨੈਣਾਂ ਤੋਂ ਮਾਨੋਂ ਕੁਛ ਬਰਸਦਾ ਹੈ।
ਮਸੀਤ :
ਗੁਰੂ ਜੀ ਦਾ ਇਸ ਤਰ੍ਹਾਂ ਜੀਉਂਦੇ ਜਾਗਦੇ ਪ੍ਰਗਟ ਹੋ ਜਾਣਾ, ਮਾਤਾ ਸੁਲੱਖਣੀ ਲਈ ਅਤਿ ਖੁਸ਼ੀ ਦਾ ਕਾਰਨ ਸੀ, ਪਰ ਜਦ ਸੁਣਿਆਂ ਕਿ ਅਪਣਾ ਮਰਦਾਵਾਂ ਡੇਰਾ, ਜਿੱਥੇ ਆਏ ਗਏ ਨੂੰ ਮਿਲਦੇ ਸੇ, ਲੁਟਾ ਘੱਤਿਆ ਹੈ ਤੇ ਬੋਲਦੇ ਨਹੀਂ ਤੇ ਉਜਾੜ ਵਿਚ ਜਾ ਬੈਠੇ ਹਨ, ਤਾਂ ਵਧੇਰੇ ਸੰਤਾਪ ਹੋਇਆ। ਨਿਨਾਣ ਨੂੰ ਆਖੇ ਕਿ ਕੋਈ ਉਪਾਉ ਕਰੋ, ਖਬਰੇ ਬਨ ਵਿਚ ਕੋਈ ਬਲਾ ਚੋਟ ਕਰ ਗਈ ਹੋਵੇ। ਆਂਢ ਗੁਆਂਢ ਵੀ ਬੇਬੇ ਨੂੰ ਆਖਣ ਕੋਈ ਭਿਰਾ ਦਾ ਉਪਰਾਲਾ ਕਰ, ਕੋਈ ਮੁੱਲਾਂ ਪੰਡਤ ਲੈ ਜਾ, ਝਾੜਾ ਦਾਰੂ ਕਰੇ। ਪਰ ਬੇਬੇ ਆਖਦੀ ਸੀ: 'ਉਹ ਬੀ ਇਕ ਕੌਤਕ ਸੀ, ਇਹ ਬੀ ਇਕ ਕੌਤਕ ਹੈ, ਵੀਰ ਰੱਬੀ ਜੋਤ ਹੈ ਉਸ ਤੋਂ ਜੋ ਹੁੰਦਾ ਹੈ ਸੋ ਠੀਕ ਹੈ, ਸੋਈ ਭਲਾ ਹੈ'। ਪਰ ਲੋਕੀਂ ਆਖੇ ਨਾ ਲੱਗੇ, ਸਾਕ ਪਿਆਰ ਵਾਲੇ ਇਕ ਮੁੱਲਾਂ ਨੂੰ ਲੈ ਗਏ, ਉਹ ਕੁਛ ਝਾੜੇ ਫੂਕ ਫੂਕ ਕੇ ਤਵੀਤ ਤਿਆਰ ਕਰਨ ਲਗਾ ਪਰ ਅਗੋਂ –ਅਵਾਜ਼ ਆਈ :"
'ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ (ਸਾਰੰਗ ਕੀ ਵਾਰ ਮ. ੧}
ਕੋਈ ਆਖੈ ਭੂਤਨਾ ਕੋ ਕਹੇ ਬੇਤਾਲਾ॥ ਕੋਈ ਆਖੈ ਆਦਮੀ ਨਾਨਕ ਵੇਚਾਰਾ॥
(ਮਾਰੂ ਮ:੧)
ਇਹ ਤੱਕ ਕੇ ਮੁੱਲਾਂ ਟੁਰ ਗਿਆ ਕਿ ਇਹ ਫਕੀਰ ਹੈ, ਇਸ ਨੂੰ ਚੋਟ ਕੋਈ ਨਹੀਂ।
––––––––
* ਖਿਆਲ ਹੈ ਕਿ 'ਮੋਤੀ ਤੇ ਮੰਦਰ' ਵਾਲਾ ਸ਼ਬਦ ਸਭ ਤੋਂ ਪਹਿਲਾਂ ਇਥੇ ਗਾਂਵਿਆਂ ਗਿਆ ਸੀ।
ਅਗਲੇ ਦਿਨ ਗੁਰੂ ਜੀ ਬੋਲੇ ਤਾਂ ਗਿਰਦ ਆਏ ਸਜਣਾਂ ਨੂੰ ਪਹਿਲਾ ਵਾਕ ਇਹ ਸੁਣਾਇਆ :-
'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ'? ।
ਗਲ ਫੈਲ ਗਈ, ਹਿੰਦੂ ਵਿਚ ਤਾਂ ਤਾਣ ਕੋਈ ਨਹੀਂ ਸੀ, ਪਰ ਕਾਜ਼ੀ ਨੂੰ ਅੱਗ ਲੱਗੀ ਕਿ ਇਸ ਦੀ ਨਜ਼ਰ ਵਿਚ ਕੋਈ ਮੁਸਲਮਾਨ ਹੀ ਨਹੀਂ ਰਿਹਾ, ਇਹ ਤਾਂ ਸਾਡੇ ਦੀਨ ਪਰ ਵਾਰ ਕਰਦਾ ਹੈ। ਓਸ ਨੇ ਨਵਾਬ ਪਾਸ ਚੁਗਲੀ ਲਾਈ। ਨਵਾਬ ਨੇ ਕਿਹਾ, ਨਾਨਕ ਦੇ ਖਹਿੜੇ ਨਾ ਪਉ ਉਹ ਕੋਈ ਵਲੀ ਜਾਪਦਾ ਹੈ, ਫਕੀਰਾਂ ਦੇ ਖਿਆਲ ਨਹੀਂ ਪਈਦਾ, ਜੇ ਫਕੀਰ ਨਾ ਹੁੰਦਾ ਤਾਂ ਇੱਡੀ ਚੰਗੀ ਨੌਕਰੀ ਛੱਡਦਾ ? ਡੇਰਾ ਲੁਟਾਉਂਦਾ ? ਜੰਗਲੀਂ ਜਾ ਬਹਿੰਦਾ ? ਪਰ ਕਾਜ਼ੀ ਤੇ ਮੁਫ਼ਤੀ ਨੇ ਜ਼ੋਰ ਦਿੱਤਾ ਕਿ ਜੋ ਕੁਛ ਨਾਨਕ ਕਹਿ ਰਿਹਾ ਹੈ ਇਸ ਵਿਚ ਦੀਨ ਦੀ ਹਾਣਤ ਹੈ। ਅੰਤ ਨਵਾਬ ਨੇ ਗੁਰੂ ਜੀ ਨੂੰ ਸੱਦ ਭੇਜਿਆ, ਪਰ ਗੁਰੂ ਜੀ ਨੇ ਜਾਣੋ ਨਾਂਹ ਕੀਤੀ। ਫੇਰ ਖਾਨ ਨੇ ਆਦਮੀ ਭੇਜਿਆ। ਉਸ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਖਾਨ ਆਖਦਾ ਹੈ ਕਿ ਤੁਸੀਂ ਰੱਬ ਦੇ ਪਿਆਰ ਵਾਲੇ ਹੋ, ਰੱਬ ਲੇਖੇ ਆ ਕੇ ਦੀਦਾਰ ਦਿਓ।
ਰੱਬ ਦਾ ਵਾਸਤਾ ਸੁਣ ਕੇ ਗੁਰੂ ਜੀ ਉਠ ਖੜੇ ਹੋਏ ਤੇ ਖਾਨ ਪਾਸ ਆਏ। ਖ਼ਾਨ ਨੇ ਉਠਕੇ ਅਦਬ ਨਾਲ ਬਿਠਾਇਆ ਤੇ ਆਖਿਆ 'ਇਹ ਮੁੱਤਕਾ ਗਲੋਂ ਲਾਹ ਦਿਓ ਤੇ ਚੋਗਾ ਪਾ ਕੇ ਕਮਰਬੰਦ ਲਾ ਲਓ। 'ਗੁਰੂ ਜੀ ਨੇ ਮੁੱਤਕਾ ਲਾਹਕੇ ਕਮਰਬੰਦ ਲਾ ਲਿਆ। ਫੇਰ ਨਵਾਬ ਨੇ ਆਪਣਾ ਅਫਸੋਸ ਪ੍ਰਗਟ ਕੀਤਾ। ਗੁਰੂ ਜੀ ਮੁਸਕ੍ਰਾਏ ਤੇ ਬੋਲੇ : 'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ।' ਹੁਣ ਨਵਾਬ ਨੇ ਅਰਜ਼ ਕੀਤੀ ਕਿ 'ਆਪ ਤੋਂ ਕਾਜ਼ੀ ਜੀ ਕੁਝ ਪੁੱਛਣਾ ਚਾਹੁੰਦੇ ਹਨ।' ਫੇਰ ਨਵਾਬ ਕਾਜ਼ੀ ਵਲ ਤੱਕ ਕੇ ਬੋਲਿਆ: 'ਕਾਜ਼ੀ ਜੀ ਪੁੱਛੋ, ਹੁਣ ਨਾ ਪੁੱਛਿਆ ਜੇ ਤਾਂ ਸਾਂਈਂ ਦੇ ਲੋਕ ਮੌਨ ਧਾਰ ਲੈਣਗੇ। 'ਤਦ ਕਾਜ਼ੀ ਪੁੱਛਣਾ ਕੀਤੀ ਤੂੰ ਜੋ ਕਹਿੰਦਾ ਹੈਂ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਤੂੰ ਕੀ ਲੱਧਾ ਹੈ ? ਹਿੰਦੂ ਹਿੰਦੂ ਨਾ ਹੋਣਗੇ, ਪਰ ਮੁਸਲਮਾਨਾਂ ਦਾ ਦੀਨ ਕੈਮ ਹੈ, ਮੁਸਲਮਾਨ ਕਿਵੇਂ ਮੁਸਲਮਾਨ ਨਹੀਂ ਹਨ ?'
ਤਦ ਗੁਰੂ ਜੀ ਬੋਲੇ :-
––––––––––––
੧. ਪੁਰਾਤਨ ਜਨਮ ਸਾਖੀ ਵਿਚ ਲਿਖਿਆ ਹੈ- ਤਬ ਅਗਲੇ ਦਿਨ ਬਕਿ ਖਲਾ ਹੋਇਆ 'ਜੌ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ। 'ਬਕਨਾ ਦੇ ਉਸ ਸਮੇਂ ਬੋਲਣਾ ਅਰਥ ਹੁੰਦੇ ਸਨ।
੨. 'ਅਜ਼ ਬਰਾਹ ਖੁਦਾ ਏਕ ਬਾਰ ਦੀਦਾਰ ਦੇਹ।' (ਜ:ਸਾ:ਹਾ:ਬਾਦੀ)
ਮੁਸਲਮਾਣੁ ਕਹਾਵਣੁ ਮੁਸਕਲ ਜਾ ਹੋਇ ਤਾਂ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥
(ਮਾਙ ਕੀ ਵਾਰ ਮ:१-८)
ਫੇਰ ਕਾਜ਼ੀ ਨੇ ਪ੍ਰਸ਼ਨ ਕੀਤਾ, ਤਾਂ ਗੁਰੂ ਜੀ ਨੇ ਮਰਦਾਨੇ ਦੀ ਰਬਾਬ ਵੱਲ ਸੈਨਤ ਕੀਤੀ, ਰਬਾਬ ਵੱਜਿਆ ਤੇ ਆਪ ਗਾਂਵਿਆਂ :-
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ਮਃ੧॥
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ਮਃ੧॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
(ਮਾਝ ਕੀ ਵਾਰ ਮਹਲਾ ੧-੭)
ਇਹ ਸੱਚੋ ਸੱਚ ਸੁਣਕੇ ਕਾਜ਼ੀ ਅਜਰਜ ਰਹਿ ਗਿਆ। ਖਾਨ ਨੇ ਕਿਹਾ : ਕਾਜ਼ੀ ਜੀ ! ਸ਼ਰਮ ਦੀ ਗਲ ਨਹੀਂ, ਨਾਨਕ ਸ਼ਾਹ ਨੇ ਸੱਚੋ ਸੱਚ ਤੋਲ ਕੇ ਧਰ ਦਿੱਤਾ ਹੈ, ਹੁਣ ਤੋਲ ਲਈਏ ਅਸੀਂ ਕਿੰਨੇ ਕੁ ਮੁਸਲਮਾਨ ਹਾਂ। ਕਾਜ਼ੀ ਨੇ ਹੁਣ ਗੱਲ ਟਾਲਣ ਲਈ ਆਖਿਆ; "ਪੇਸ਼ੀ* ਦਾ ਵੇਲਾ ਹੈ, ਨਿਮਾਜ਼ ਕਜ਼ਾ ਹੁੰਦੀ ਹੈ, ਚਲੋ
––––––––––
*ਇਕ ਨਮਾਜ਼ ਦਾ ਨਾਉਂ ਹੈ।
ਮਸੀਤੇ ਨਮਾਜ਼ ਪੜ੍ਹੀਏ"। ਤਦ ਸਾਰੇ ਮਸੀਤੇ ਗਏ ਗੁਰੂ ਜੀ ਨੂੰ ਬੀ ਨਾਲ ਲੈ ਗਏ। ਸਾਰੀ ਜਮਾਤ ਖੜੀ ਹੋ ਗਈ ਤੇ ਕਾਜ਼ੀ ਸਭ ਤੋਂ ਅੱਗੇ ਹੋਕੇ ਲੱਗਾ ਨਮਾਜ਼ ਪੜ੍ਹਾਉਣ। ਗੁਰੂ ਜੀ ਲਾਂਭੇ ਖੜੇ ਰਹੇ ਅਤੇ ਕਾਜ਼ੀ ਵੱਲ ਤੱਕ ਤੱਕ ਕੇ ਮੁਸਕ੍ਰਾਏ।
ਜਦ ਨਿਮਾਜ਼ ਹੋ ਮੁੱਕੀ ਤੇ ਫੇਰ ਆਕੇ ਬੈਠੇ ਤਾਂ ਕਾਜ਼ੀ ਨੇ ਗੁਰੂ ਜੀ ਦੀ ਨਮਾਜ਼ ਨੂੰ ਹਾਸੀ ਕਰਨ ਦੀ ਸ਼ਿਕਾਇਤ ਨਵਾਬ ਪਾਸ ਕੀਤੀ। ਗੁਰੂ ਜੀ ਨੇ ਜਵਾਬ ਦਿਤਾ: "ਨਵਾਬ ਜੀ ! ਕਾਜ਼ੀ ਜਦ ਨਮਾਜ਼ ਪੜ੍ਹਦਾ ਸੀ, ਖ਼ੁਦਾ ਦੀ ਨਮਾਜ਼ ਨਹੀਂ ਪੜ੍ਹਦਾ ਸੀ, ਇਸ ਦਾ ਦਿਲ ਨਮਾਜ਼ ਵਿਚ ਨਹੀਂ ਸੀ, ਇਸ ਦੇ ਘਰ ਘੋੜੀ ਦੀ ਵਛੇਰੀ ਵਿਹੜੇ ਵਿਚ ਖੁੱਲ੍ਹੀ ਸੀ, ਘੋੜੀ ਨਵੀਂ ਸੂਈ ਸੀ, ਇਸ ਨੂੰ ਫਿਕਰ ਖਾਂਦਾ ਰਿਹਾ ਹੈ ਜੋ ਮਤਾਂ ਵਛੇਰੀ ਵਿਹੜੇ ਦੇ ਖੂਹ ਵਿਚ ਨਾ ਜਾ ਪਵੇ, ਸੋ ਇਸ ਦੀ ਨਮਾਜ਼ ਰੱਬ ਨੇ ਨਹੀਂ ਕਬੂਲੀ ਤੇ ਇਹੋ ਸਭ ਤੋਂ ਅੱਗੇ ਖੜਾ ਸੀ, ਮੈਂ ਇਸ ਕਰਕੇ ਹੱਸਿਆ ਸੀ। "
ਇਹ ਸੱਚੀ ਤੇ ਦਿਬ ਦ੍ਰਿਸ਼ਟੀ ਨਾਲ ਦਿਲ ਦੀ ਜਾਣੀ ਗੱਲ ਜਦ ਗੁਰੂ ਜੀ ਨੇ ਅਝਕ ਦੱਸ ਦਿੱਤੀ ਤਾਂ ਕਾਜ਼ੀ ਕੰਬ ਉਠਿਆ। ਉਸ ਨੇ ਮੰਨਿਆ ਕਿ ਗੱਲ ਸਚ ਹੈ ਤੇ ਗੁਰੂ ਜੀ ਦੇ ਪੈਰੀਂ ਹੱਥ ਲਾਇਆ ਕਿ ਤੇਰੇ ਤੇ ਜ਼ਰੂਰ ਰੱਬ ਦੀ ਮਿਹਰ ਹੋਈ ਹੈ। ਤਦ ਆਖਦੇ ਹਨ ਕਿ ਗੁਰੂ ਬਾਬੇ ਨੇ ਨਵਾਬ ਨੂੰ ਬੀ ਦੱਸਿਆ ਕਿ ਨਮਾਜ਼ ਵੇਲੇ ਆਪ ਦਾ ਦਿਲ ਕਾਬਲ ਵਿਚ ਘੋੜੇ ਖਰੀਦ ਰਿਹਾ ਸੀ। ਨਵਾਬ ਨੇ ਬੀ ਇਹ ਗੱਲ ਸੱਚੀ ਪਾਈ ਤੇ ਮੰਨੀ। ਉਸ ਦੇ ਦਿਲ ਪਰ ਗੁਰੂ ਜੀ ਦੇ ਪਿਕੰਬਰ ਹੋਣ ਦੀ ਸੱਟ ਵਦਾਣ ਦੀ ਚੋਟ ਵਾਂਝੀ ਪਈ। ਉਸ ਵੇਲੇ ਗੁਰੂ ਜੀ ਨੇ ਵਾਹਿਗੁਰੂ ਦੇ ਰੰਗ ਵਿਚ ਇਕ ਸ਼ਲੋਕ ਗਾਂਵਿਆਂ, ਜਿਸ ਪਰ ਸੱਯਦ, ਸ਼ੇਖ, ਕਾਜ਼ੀ, ਮੁਫਤੀ, ਖਾਨ ਖਾਨੀਨ, ਮੁਕੱਦਮ ਸਾਰੇ ਹੈਰਾਨ ਹੋਏ। ਖਾਨ ਬੋਲਿਆ: "ਕਾਜ਼ੀ ! ਨਾਨਕ ਹੱਕ ਨੂੰ ਪਹੁਤਾ ਹੈ, ਅਵਰ ਪੁਛਣੇਕੀ ਤਕਸੀਰ ਰਹੀ।" ਇਸ ਵੇਲੇ ਗੁਰੂ ਬਾਬੇ ਨੇ 'ਅਮਲੁ ਕਰਿ ਧਰਤੀ ਬੀਜ ਸਬਦੋ ਕਰਿ' ਸ਼ਬਦ ਗਾਂਵਿਆਂ। ਨਵਾਬ ਤੋਂ ਹੁਣ ਰਿਹਾ ਨਾ ਗਿਆ, ਪੈਰੀਂ ਹੱਥ ਲਾਕੇ ਕਹਿਣ ਲੱਗਾ : 'ਨਾਨਕ ਰਾਜੁ ਮਾਲੁ ਹੁਕਮੁ ਹਾਸਲੁ (ਜੋ ਮੇਰਾ ਹੈ) ਸਭ ਤੇਰਾ ਹੈ, * ਏਥੇ ਟਿਕੋ ਅਸੀਂ ਸੇਵਾ ਕਰਾਂਗੇ।' ਗੁਰੂ ਜੀ ਨੇ ਕਿਹਾ 'ਨਵਾਬ ਹੁਣ ਟਿਕਣਾ, ਕਿੱਥੇ ? ਤੂੰ ਵੱਸ, ਸੁਖੀ ਰਹੁ, ਰਾਜ ਮਾਲ ਤੇਰੇ ਹਨ, ਅਸੀਂ ਹੁਣ ਤਿਆਗਕੇ ਚੱਲੇ ਹਾਂ ਸਾਂਈਂ ਦੀ ਨੌਕਰੀ ਕਰਨ, ਹੁਕਮ ਸਾਹਿਬ ਦੇ ਵਜਾਉਣੇ ਹਨ ਤੇ ਉਸ ਦੀ ਕਾਰ ਕਰਨ ਜਾਣਾ ਹੈ। " ਹੁਣ ਸਾਰੇ ਲੋਕ ਜੋ ਜਮਾਂ ਸਨ, ਲੱਗੇ ਸਿਫਤਾਂ ਕਰਨ ਕਿ ਬਾਬਾ ਸੱਚ ਰੰਗਣ ਵਿਚ ਰਤਾ ਹੈ ਤੇ ਇਸ ਵਿਚ ਰੱਬ ਬੋਲਦਾ ਹੈ। "ਇਹੁ ਤਨੁ ਮਾਇਆ" ਵਾਲਾ ਸ਼ਬਦ ਏਥੇ ਸਤਿਗੁਰਾਂ ਨੇ ਉਚਾਰਿਆ। ਫੇਰ ਉੱਠਕੇ ਬਨ ਵਿਚ ਜਾ ਬੈਠੇ। ਤਦ ਮਰਦਾਨਾ ਵੀ ਜਾ ਬੈਠਾ।
––––––––––––
* ਪੁ: ਜ: ਸਾਖੀ
ੳ. ਹਜ਼ੂਰੀ ਵਿਚ ਪਾਠ ਕਰੋ :
ਇਹ ਪਹਿਲਾ ਦਿਨ ਸੀ ਕਿ ਗੁਰੂ ਜੀ ਨੇ ਦੈਵੀ ਆਯਾ ਤੋਂ ਮਗਰੋਂ ਆਪਣਾ ਮੂੰਹ ਖੋਲ੍ਹਿਆ। ਜੋ ਭੁੱਲ ਉਹਨਾਂ ਨੇ ਕਾਜ਼ੀ ਤੇ ਨਵਾਬ ਦੀ ਦੂਰ ਕੀਤੀ ਸੋ ਇਹ ਸੀ ਕਿ ਓਹ ਦੋਵੇਂ ਨਮਾਜ਼ ਪੜ੍ਹਦੇ ਸਨ, ਪਰ ਉਨ੍ਹਾਂ ਦਾ ਦਿਲ ਵਾਹਿਗੁਰੂ ਦੀ ਹਜ਼ੂਰੀ ਵਿਚ ਹਾਜ਼ਰ ਨਹੀਂ ਸੀ। ਨਮਾਜ਼ ਪੜਨੀ ਕਿ ਅਰਦਾਸ ਕਰਨੀ, ਪਾਠ ਕਰਨੇ ਨਾਮ ਉਚਾਰਨਾ, ਧਿਆਨ ਜੋੜਨੇ ਕਿ ਤਾੜੀ ਲਾਉਣੀ, ਉਪਾਸਨਾ ਕਰਨੀ ਕਿ ਪੂਜਾ ਵਿਚ ਆਉਣਾ, ਕੀਰਤਨ ਕਰਨਾ ਕਿ ਸਿਫਤ ਸਲਾਹ ਵਿਚ ਜਾਣਾ, ਸਾਰੇ ਕੰਮ ਮਾਨੋ ਪਰਮੇਸ਼ੁਰ ਵੰਨੇ ਸਨਮੁਖ ਹੋਕੇ ਪ੍ਰੇਮ ਦੇ ਜਤਨ ਹਨ, ਪਰ ਇਹਨਾਂ ਦੀ ਬਾਹਰਲੀ ਸੂਰਤ ਤੇ ਕਰਤੱਬ ਰਹਿ ਜਾਂਦਾ ਹੈ, ਮਨ ਆਪਣੇ ਤੁੰਗਾਂ ਵਿਚ ਬੁੱਲੇ ਲੁਟੱਦਾ ਰਹਿੰਦਾ ਹੈ। ਹਾਂ, ਇਹ ਕਰਨੀਆਂ ਸੂਰਤਵਾਨ ਰਹਿੰਦੀਆਂ ਹਨ, ਪਰ ਇਨ੍ਹਾਂ ਦੀ ਜਿੰਦ ਨਹੀਂ ਰਹਿੰਦੀ, ਇਸ ਲਈ ਵਾਹਿਗੁਰੂ ਦੀ ਕਿਰਤ ਵਾਹਿਗੁਰੂ ਦੇ ਹੁਕਮ ਵਿਚ ਜਦ ਗੁਰੂ ਬਾਬੇ ਨੇ ਆਰੰਭੀ ਤਾਂ ਪਹਿਲੀ ਮੱਤ ਇਹ ਦਿੱਤੀ ਕਿ :-
ਭਜਨ ਵਾਹਿਗੁਰੂ ਦੀ ਹਜੂਰੀ ਵਿਚ ਕਰੋ।
ਕਿਤਨੇ ਸਿਖ ਇਸ ਵੇਲੇ ਮਿਲਦੇ ਹਨ, ਜੋ ਬਾਣੀ ਪੜ੍ਹਦੇ ਹੀ ਨਹੀਂ; ਪਰ ਕਿਤਨੇ ਜੋ ਪੜ੍ਹਦੇ ਹਨ ਤੇ ਆਖਦੇ ਹਨ ਦਿਲ ਨਹੀਂ ਲੱਗਦਾ, ਸੁਆਦ ਨਹੀਂ ਆਉਂਦਾ, ਨਿਤਨੇਮ ਕਰੀਦਾ ਹੈ, ਸੁਖਮਨੀ ਦਾ ਪਾਠ ਬੀ ਰੋਜ਼ ਦੂਏ ਦਿਨ ਮੁਕਾ ਲਈਦਾ ਹੈ, ਕਦੇ ਵਾਧੂ ਪਾਠ ਜਪੁਜੀ ਦੇ ਬੀ ਕਰੀਦੇ ਹਨ, ਪਰ ਸੁਆਦ ਨਹੀਂ ਆਉਂਦਾ। ਹੁਣ ਜੇ ਗੁਰੂ ਬਾਬੇ ਦੀ ਬਾਣੀ ਵਿਚਾਰੋ ਹਿਕੇ ਉਨ੍ਹਾਂ ਦੇ ਕਰਤਬਾਂ ਨੂੰ ਘੋਖੋ ਤਾਂ ਇਹ ਖੇਚਲ ਦੂਰ ਹੋ ਜਾਵੇ। ਗੁਰੂ ਬਾਬੇ ਨੇ ਜੋ ਕੁਛ ਅੱਜ ਕਾਜ਼ੀ ਤੇ ਨਵਾਬ ਨੂੰ ਦੱਸਿਆ ਹੈ, ਉਹ ਸਾਰੇ ਜਗਤ ਨੂੰ ਦੱਸਿਆ ਹੈ, ਹਾਂ ਸਾਨੂੰ ਅੱਜ ਦੱਸਿਆ ਹੈ, ਜਿਸ ਦਿਨ ਅਸਾਂ ਇਹ ਸਾਖੀ ਪੜ੍ਹੀ ਹੈ। ਅਸੀਂ ਇਹ ਪੜ੍ਹਕੇ ਖੁਸ਼ ਹੁੰਦੇ ਹਾਂ ਕਿ ਗੁਰੂ ਬਾਬੇ ਨੇ ਕਾਜ਼ੀ ਤੇ ਨਵਾਬ ਨੂੰ ਖੂਬ ਝਾੜ ਪਾਈ ਜਾਂ ਇਹ ਕਿ ਧੰਨ ਗੁਰੂ ਬਾਬਾ ਜਿਸਨੇ ਅੰਤਰਯਾਮਤਾ ਨਾਲ ਜਾਣ ਲਿਆ ਜੋ ਕਾਜ਼ੀ ਮੁੱਲਾਂ ਦੇ ਅੰਦਰ ਵਰਤੀ, ਪਰ ਤੀਜੀ ਗੱਲ ਛੱਡ ਦੇਂਦੇ ਹਾਂ ਕਿ ਗੁਰੂ ਬਾਬੇ ਦੀ ਇਹ ਸਾਖੀ ਅੱਜ ਸਾਡੇ ਨਾਲ ਹੋਈ ਹੈ, ਅਸੀਂ ਕਾਜ਼ੀ ਤੇ ਨਵਾਬ ਵਰਗੇ ਹੋ ਰਹੇ ਹਾਂ। ਸਾਨੂੰ ਗੁਰੂ ਬਾਬਾ ਕਹਿ ਰਿਹਾ ਹੈ ਕਿ ਭਈ ਨਿਤਨੇਮ ਕਰੋ, ਬਾਣੀ ਪੜ੍ਹੋ ਪਰ ਰੱਬ ਦੀ ਹਜ਼ੂਰੀ ਵਿਚ, ਗ਼ੈਰ ਹਜ਼ੂਰੀ ਦੀ ਬਾਣੀ ਪੜ੍ਹਕੇ ਜੇ ਸੁਆਦ ਨਾ ਆਵੇ ਤਾਂ ਕਸੂਰ ਤੁਹਾਡਾ ਆਪਣਾ ਹੈ। ਜਦ ਬਾਣੀ ਪੜੋ ਅਪਣੇ ਆਪ ਨੂੰ ਵਾਹਿਗੁਰੂ ਦੇ ਹਜ਼ੂਰੀ ਵਿਚ ਸਮਝੋ ਤੇ ਇਹ ਸਮਝੋ ਕਿ ਤੁਹਾਡੀ ਬਾਣੀ ਉਹ ਸੁਣ ਰਿਹਾ ਹੈ। ਹਾਂ, ਇਹ
ਮਨ ਜੁੜਸੀ ਉਨ੍ਹਾਂ ਸ਼ੈਆਂ ਨਾਲ ਕਿ ਜਿਨ੍ਹਾਂ ਦਾ ਮਨ ਚਿੰਤਨ ਕਰ ਰਿਹਾ ਹੈ ਤੇ ਉਨ੍ਹਾਂ ਦਾ ਹੀ ਅਸਰ ਪੈਸੀ। ਜੇ ਬਾਣੀ ਭਜਨ ਵੇਲੇ ਵਾਹਿਗੁਰੂ ਨਾਲ ਜੁੜੇਗਾ ਤਾਂ ਵਾਹਿਗੁਰੂ ਦੇ ਸਰੂਪ ਦਾ ਅਸਰ ਸ਼ਾਂਤੀ, ਠੰਢ, ਸੁਖ, ਆਤਮ ਖੇੜਾ, ਆਤਮਰਸ ਲੈਕੇ ਆਵੇਗਾ, ਤੇ ਜੇ ਹੋਰਨਾਂ ਸ਼ੈਆਂ ਨਾਲ ਜੁੜੇਗਾ ਤਾਂ ਉਹਨਾਂ ਦਾ ਅਸਰ ਲੈ ਲਏਗਾ।ਸੋ ਜੋ ਬਾਣੀ ਪੜ੍ਹਨ ਵੇਲੇ ਕਾਜ਼ੀ ਵਾਂਙੂ ਸੰਸਾਰਕ ਪਦਾਰਥਾਂ ਨਾਲ ਜੁੜੇਗਾ ਉਸ ਤੇ ਅਸਰ ਖਿੰਡਾਉ ਦਾ ਪਏਗਾ, ਤਾਂ ਤੇ ਵਿਚਾਰ ਕਰੋ ਤੇ ਸਮਝੋ ਕਿ ਅੱਜ ਗੁਰੂ ਨਾਨਕ ਆਖ ਰਿਹਾ ਹੈ : 'ਹੇ ਮੇਰੇ ਸਿਖ ! ਹਜ਼ੂਰੀ ਦਾ ਭਜਨ, ਹਜ਼ੂਰੀ ਦਾ ਪਾਠ ਕਰ। ਮਨ ਧਾਂਵਦਾ ਹੈ, ਮਨ ਦੌੜਦਾ ਹੈ; ਇਸ ਦਾ ਸੁਭਾਉ ਇਹੋ ਹੈ, ਇਸਨੂੰ ਵਰਜ, ਮੋੜ, ਬਾਣੀ ਦੇ ਅਰਥ ਵੱਲ ਲਾ। ਵੇਖ ਬਾਣੀ ਕੀ ਕਹਿਂਦੀ ਹੈ, ਬਾਣੀ ਵਾਹਿਗੁਰੂ ਦਾ ਜਸ ਕਰਦੀ ਹੈ, ਫੇਰ ਜੁੜ ਵਾਹਿਗੁਰੂ ਦੇ ਚਰਨੀਂ ਹਾਂ ਹਜ਼ੂਰੀ ਵਿਚ। ਨਾਮ ਵਾਲੇ ਬਾਣੀ ਦੇ ਪ੍ਰੇਮੀਆਂ ਦੀ ਸੰਗਤ ਕਰ, ਜੋ ਉਹ ਦੱਸਣ ਕਿ ਕਿੰਞ ਉਹਨਾਂ ਦਾ ਮਨ ਸਨੇ ਸਨੇ ਦੌੜਨਾ ਛੱਡਦਾ ਗਿਆ ਹੈ ਤੇ ਵਾਹਿਗੁਰੂ ਨਾਲ ਜੁੜਦਾ ਗਿਆ ਹੈ।
ਇਨ੍ਹਾਂ ਗੱਲਾਂ ਦਾ ਪੱਕ ਕਰ :
੧. ਵਾਹਿਗੁਰੂ ਹੈ, ਜ਼ਰੂਰ ਹੈ।
੨. ਚਾਹੇ ਮੈਨੂੰ ਨਹੀਂ ਦਿੱਸਦਾ, ਕਿਉਂਕਿ ਮੇਰੇ ਆਤਮ ਨੈਣ ਅਜੇ ਖੁੱਲੇ ਨਹੀਂ
੩. ਖੁੱਲਣ ਦਾ ਤ੍ਰੀਕਾ ਬਾਣੀ ਤੇ ਭਜਨ ਹੈ।
੪. ਮੈਂ ਪਾਠ ਕਰਾਂ, ਪਾਠ ਸੁਣਾਂ, ਕੀਰਤਨ ਕਰਾਂ, ਕੀਰਤਨ ਸੁਣਾਂ, ਭਜਨ ਵਿਚ ਬੰਦਗੀ ਵਿਚ ਲੱਗਾਂ।
੫. ਪਾਠ ਕੀਰਤਨ, ਭਜਨ ਹਰ ਹਾਲ ਵਿਚ ਸਮਝਾਂ ਕਿ ਮੈਂ ਹਜ਼ੂਰੀ ਵਿਚ ਹਾਂ। "ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ" ਦੀ ਹਜ਼ੂਰੀ ਵਿਚ ਹਾਂ। ਉਹ ਮੇਰੀ ਅਰਦਾਸ ਸੁਣ ਰਿਹਾ ਹੈ ਮੈਂ ਹੁਣ ਭੈ ਵਿਚ, ਪ੍ਰੇਮ ਵਿਚ, ਉਸ ਦੇ ਹਜ਼ੂਰ ਸਾਰਾ ਹਾਜ਼ਰ ਰਹਾਂ ਤੇ ਅਰਦਾਸ ਕਰਾਂ। ਜੇ ਮਨ ਉੱਡੇ ਤਾਂ ਰੋਕਾਂ। ਨ ਰੁਕੇ, ਫੇਰ ਰੋਕਾਂ, ਰੋਕਣ ਲਈ ਅਰਦਾਸ ਕਰਾਂ, ਗੁਰੂ ਬਾਬੇ ਨਾਨਕ ਅਗੇ ਅਰਦਾਸ ਕਰਾਂ ਕਿ "ਜਿਵੇਂ ਆਪ ਨੇ ਕਾਜ਼ੀ ਤੇ ਨਵਾਬ ਨੂੰ ਹਜ਼ੂਰੀ ਦਾਨ ਕੀਤੀ ਸੀ
ਮੈਨੂੰ ਬੀ ਹਜ਼ੂਰੀ ਦਾਨ ਕਰੋ। ਤੁਸੀਂ ਸਦਾ ਜੀਉਂਦੇ ਹੋ, ਦੇਹੀ ਵਿਚ ਕਿ ਦੇਹੀ ਤੋਂ ਬਾਹਰ, ਤੁਸੀਂ ਸਾਡੇ ਨਾਲ ਹੋ, ਜਾਗਤੀ ਜੋਤਿ ਹੋ। ਜਿਵੇਂ ਓਦੋਂ ਤੁਠੇ ਸਾਓ ਅੱਜ ਮੇਰੇ ਤੇ ਤੁੱਠੋ, ਮੈਨੂੰ ਹਜ਼ੂਰੀ ਵਿਚ ਹਾਜ਼ਰ ਹੋਕੇ ਅਰਦਾਸ ਕਰਨੀ, ਬਾਣੀ ਪੜ੍ਹਨੀ, ਭਜਨ ਕਰਨਾ ਦਾਨ ਕਰੋ। ਤੁਸੀਂ ਦਿਆਲ ਹੋ, ਦੀਨ ਦਿਆਲ ਹੋ, ਤੁਸੀਂ ਗੁਰੂ ਹੋ ਮੈਂ ਸਿਖ ਹਾਂ, ਚਾਹੇ ਨਾਮ ਧੀਕ ਸਿਖ ਹਾਂ ਪਰ ਗੁਰੂ ਬਾਬਾ! ਤੇਰਾ ਸਿੱਖ ਹਾਂ, ਮੈਨੂੰ ਆਪਣੇ ਨਾਮ ਦੇ ਸਦਕੇ ਹਜ਼ੂਰੀ ਦਾ ਪਾਠ, ਹਜ਼ੂਰੀ ਦੀ ਅਰਦਾਸ, ਹਜ਼ੂਰੀ ਦਾ ਭਜਨ ਦਾਨ ਕਰੋ।
ਜੇ ਮਨ ਅਜੇ ਭੀ ਲੁੱਤਘੁੱਤੀਆਂ ਮਾਰੇ ਤਦ ਬੰਦਗੀ ਵਾਲੇ ਗੁਰੂ ਪਿਆਰੇ ਗੁਰਸਿਖਾਂ ਅੱਗੇ ਆਪਣਾ ਦੁੱਖ ਕਹੋ ਕਿ ਮੇਰੇ ਗੁਰੂ ਦੇ ਪਿਆਰੇ ਜੀਓ ! ਮੈਨੂੰ ਦੱਸੋ ਕਿ ਕਿਵੇਂ ਹਜ਼ੂਰੀ ਵਿਚ ਪਾਠ ਕਰਿਆ ਕਰਾਂ, ਭਜਨ ਅਰਦਾਸ ਪਾਠ ਵੇਲੇ ਮੈਂ ਗ਼ੈਰ ਹਜ਼ੂਰੀਆ ਨਾ ਹੋਵਾਂ, ਮੇਰੇ ਗ਼ੈਰ ਹਜ਼ੂਰੀ ਦੇ ਰੋਗ ਦਾ ਉਪਰਾਲਾ ਕਰੋ। ਤੁਸੀਂ ਮੇਰੇ ਲਈ ਅਰਦਾਸ ਕਰੋ, ਮੈਨੂੰ ਪਿਆਰ ਕਰੋ ਜਿਵੇਂ ਮੈਨੂੰ ਹਜ਼ੂਰੀ ਪ੍ਰਾਪਤ ਹੋਵੇ, ਇਸ ਤਰ੍ਹਾਂ ਸਤਿਸੰਗ ਦੀ ਮਦਦ ਲਓ।
ਆਪ ਜਤਨ ਲਾਓ, ਬਾਹਰ ਜਾਂਦਾ ਮਨ ਵਰਜੋ, ਇਸ ਨੂੰ ਹੋੜੋ, ਮੱਤ ਦਿਓਸੁ ਕਿ ਹੇ ਸਦਾ ਹਿੱਲਣੇ ਤੇ ਨਾਂ ਟਿਕਣੇ ਮਨ ! ਹੁਣ ਮੈਂ ਸ਼ਹਿਨਸ਼ਾਹਾਂ ਦੇ ਸ਼ਾਹ, ਕੋਟ ਬ੍ਰਹਮੰਡਾਂ ਦੇ ਠਾਕੁਰ ਅੱਗੇ ਅਰਦਾਸ ਲੈਕੇ ਆਯਾ ਹਾਂ। ਹੁਣ ਸਾਰਾ ਢਹਿ ਪਉ ਉਸ ਦੀ ਸ਼ਰਨ, ਛੱਡ ਸੰਕਲਪ, ਵਿਕਲਪ, ਖਿਆਲ, ਆਸ, ਅੰਦੇਸੇ, ਏਹ ਉਡਾਰੀਆਂ ਤੇਰੀਆਂ ਆਪਣਾ ਘਾਤ ਹੈ। ਆ ਆਪਣੇ ਘਰ, ਏਹੜ ਤੇਹੜ ਛੱਡ ਤੇ ਇਕ ਹਜ਼ੂਰੀ ਦੇ ਘਰ ਆਕੇ ਅਰਦਾਸ ਕਰ ਜੋ ਰੱਬ ਸੁਣੇਂ ਤੇ ਤੇਰਾ ਭੋਜਲ ਤਰਿਆ ਜਾਵੇ।
ਇਸ ਤਰ੍ਹਾਂ ਤੇ ਜਿਸ ਤਰ੍ਹਾਂ ਬਣ ਪਵੇ ਸਹਿਜੇ ਸਹਜੇ ਭਾਵੇਂ ਛੇਤੀ, ਜਿਵੇਂ ਵਾਹਿਗੁਰੂ ਬਖਸ਼ੇ, ਹਜ਼ੂਰੀ ਦਾ ਸਬਕ ਪਕਾਓ। ਹਜ਼ੂਰੀ ਵਿਚ ਹੋਕੇ ਅਰਜ਼ਾਂ ਕਰੋ। ਸਦਾ ਪਾਠ ਵੇਲੇ ਸਮਝੋ ਕਿ ਵਾਹਿਗੁਰੂ 'ਹੈ', ਵਾਹਿਗੁਰੂ ਮੇਰੇ ਹਾਜ਼ਰਾ ਹਜ਼ੂਰ ਮੇਰੀ ਅਰਜ਼ ਸੁਣ ਰਿਹਾ ਹੈ ਤੇ ਇਹ ਜੋ ਬਾਣੀ ਪੜ੍ਹਦਾ ਹਾਂ ਉਹ ਸੁਣਦਾ ਹੈ ਤੇ ਫਲ ਲਾਏਗਾ।
ਅ. ਇਕ ਨੂੰ ਸਿਮਰਨਾ
ਦੂਸਰੀ ਸਿਖ੍ਯਾ ਜੋ ਸੁਲਤਾਨ ਪੁਰੇ ਗੁਰੂ ਬਾਬੇ ਨੇ ਦਿੱਤਾ ਸੀ ਇਹ ਸੀ ਕਿ:- ਇਕ ਪੱਥਰਾਂ ਦੀ ਪੂਜਾ ਕਰਨ ਵਾਲਾ ਸੀ। ਉਸ ਦੀ ਉਮਰ ਬੁੱਤ ਪੂਜਾ ਵਿਚ ਬੀਤੀ ਸੀ। ਉਸ ਨੇ ਧੁੰਮ ਸੁਣੀ ਸੀ ਕਿ ਸੁਲਤਾਨ ਪੂਰੇ ਵਿਚ "ਇਕ ਤਪਾ
ਮੁਸ਼ਕਿਆ ਹੈ", ਉਸ ਦਾ ਨਾਉਂ ਨਾਨਕ ਹੈ। ਕਾਜ਼ੀ ਤੇ ਨਵਾਬ ਉਸਦੇ ਪੈਰੀਂ ਢੱਠੇ ਹਨ ਤੇ ਹਿੰਦੂ ਸਾਧ ਤੇ ਮੁਸਲਮਾਨ ਫਕੀਰ ਚਰਨੀਂ ਪੈ ਰਹੇ ਤੇ ਧੰਨ ਧੰਨ ਆਖ ਰਹੇ ਹਨ ! ਇਹ ਸੁਣ ਕੇ ਬੁੱਤਾਂ ਦਾ ਪੁਜਾਰੀ ਉਮਾਹਿਆ, ਹਾਂ, ਕਿ ਜਿਸ ਦੀ ਉਮਰਾ ਦਾ ਹਿੱਸਾ ਇਸ ਭਗਤੀ ਵਿਚ ਲੰਘਿਆ ਸੀ, ਪਰ ਜੋ ਮੁਰਾਦ ਉਸਦੀ ਸੀ ਲੱਭੀ ਨਾ, ਹੁਣ ਗੁਰੂ ਕੀ ਮਹਿਮਾਂ ਸੁਣਕੇ ਉਹ ਦਰਸ਼ਨਾਂ ਦੇ ਚਾਉ ਵਿਚ ਆਇਆ। ਹਾਂ, ਇਹ ਸੁਣਕੇ ਕਿ ਕਲਜੁਗ ਵਿਚ ਕੋਈ 'ਮੁਸ਼ਕਿਆ' ਹੈ, ਉਹ ਦਰਸ਼ਨਾਂ ਨੂੰ ਵਗ ਟੁਰਿਆ। ਜਾਂ ਆ ਉਦਿਆਨ ਵਿਚ ਗੁਰੂ ਬਾਬਾ ਡਿੱਠੋਸੁ ਤਾਂ ਕਾਲਜੇ ਵਿਚ ਖਿੱਚ ਪੁੜ ਗਈ ਤੇ ਚਰਨੀਂ ਢਹਿ ਪਿਆ, ਗੁਰੂ ਬਾਬੇ ਨੇ ਆਖਿਆ: ਸੁਹਣਿਆਂ ! ਦਿਲ ਜੋੜ ਕੇ ਭਗਤੀ ਕੀਤੀਓਈ ? ਪਰ ਅੱਗੋਂ ਕੌਣ ਬੋਲਦਾ ? ਜੀਉਂਦੇ ਦੀ ਭਗਤੀ ਕਰ ਜੋ ਅੱਗੋਂ ਵਰ ਜੁਵਾਬ ਮਿਲੇ। 'ਬੁੱਤ ਪੂਜ ਗੁਰੂ ਬਾਬੇ ਦੇ ਦਰਸ਼ਨ ਨਾਲ ਠੰਢ ਦੇ ਘਰ ਆ ਗਿਆ, ਸੁਆਦ ਭੀ ਆਇਓਸੁ, ਪੱਥਰ ਦਿਲ ਪੰਘਰਿਆ ਬੀ, ਪਰ ਅਜੇ ਪਰਪੱਕ ਹੋਈ ਲੀਕ ਦਾ ਅਸਰ ਬਾਕੀ ਸੀ। ਆਖਦੇ ਹਨ ਉਸ ਰਾਤ ਜਾਂ ਉਹ ਸੁੱਤਾ ਤਾਂ ਉਸ ਨੇ ਪੱਥਰ ਦੀ ਮੂਰਤੀ, ਜਿਸਨੂੰ ਪੂਜਦਾ ਸੀ, ਸਤਿਗੁਰਾਂ ਦੇ ਦੁਆਰੇ ਵੇਖੀ ਕਿ ਝਾੜੂ ਲਈ ਬਾਹਰ ਖੜੀ ਹੈ। ਇਸ ਸੁਪਨੇ ਦਾ ਅਸਰ ਹੋਰ ਪਿਆ। ਅਗਲੇ ਦਿਨ ਉਹ ਨਾਉਂ ਧਰੀਕ ਹੋਇਆ।" ਉਸ ਦੀ ਰਸਨਾ ਨਾਮ ਜਪਣ ਲਗੀ, ਉਸਦਾ ਦਿਲ ਉੱਚਾ ਹੋ ਗਿਆ ਤੇ ਸਾਂਈਂ ਦੀ ਲਗਨ ਵਾਲਾ ਹੋ ਗਿਆ, ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨ ਅੰਦਰ ਵੜ ਗਏ ਤੇ
ਮੋਇਆ ਜੀਉ ਪਿਆ। ਸੋ ਦੂਸਰੀ ਮੱਤ ਗੁਰੂ ਬਾਬੇ ਨੇ ਜੋ ਦਿੱਤੀ ਉਹ ਅਸੀਂ ਪੜ੍ਹ ਕੇ ਖੁਸ਼ ਹੁੰਦੇ ਹਾਂ ਕਿ ਦੇਵੀ ਗੁਰੂ ਕੇ ਝਾੜੂ ਦੇਂਦੀ ਹੈ ਅਤੇ ਇਹ ਕਿ ਪੱਥਰ ਪੂਜਾ ਮਾੜੀ ਗਲ ਹੈ, ਪਰ ਅਸਲ ਗਲ ਭੁੱਲਦੇ ਹਾਂ ਕਿ ਇਹ ਸਾਖੀ ਅਸਾਂ ਅੱਜ ਵਾਚੀ ਹੈ, ਇਹ ਸਾਡੇ ਨਾਲ ਹੋਈ ਹੈ, ਸਾਨੂੰ ਗੁਰੂ ਬਾਬੇ ਨੇ ਆਪ ਮੱਤ ਦਿਤੀ ਹੈ ਕਿ :-
੧. ਵਾਹਿਗੁਰੂ ਤੋਂ ਛੁਟ ਹੋਰ ਨੂੰ ਨਹੀਂ ਪੂਜਣਾ।
ਇਕ ਵਾਹਿਗੁਰੂ ਨੂੰ ਸਿਮਰਨਾ ਹੈ।
੨. ਸਾਡੇ ਮੋਹ ਮਾਇਆ ਦੇ ਪਦਾਰਥਾਂ ਦੇ ਪਿਆਰ ਸਾਰੇ ਬੁਤ ਪ੍ਰਸਤੀ ਹਨ। ਮਾਇਆ ਵਿਚ ਰਹਿਕੇ ਮਾਇਆ ਦੇ ਪੁਜਾਰੀ ਨਹੀਂ ਬਣਨਾ, ਇਸ ਦੇਵੀ ਦੀ ਪੂਜਾ ਨਹੀਂ ਕਰਨੀ।
ਹਾਂ, ਨਿਰੰਕਾਰ ਨੂੰ ਹੀ ਪਿਆਰ ਕਰਨਾ ਹੈ ਸਭ ਤੋਂ ਵੱਧ।
–––––––––
* ਪੁਰਾਤਨ ਪੰਜਾਬੀ ਵਿਚ ਇਸ ਦਾ ਅਰਥ ਹੈ ਨਾਮ ਦੇ ਧਾਰਨ ਵਾਲਾ ਹੋ ਗਿਆ। ਨਾਮ ਉਸ ਨੂੰ ਪ੍ਰਾਪਤ ਹੋ ਗਿਆ।
ੲ. ਸਰਬ ਜੀਆਂ ਮਿਹਰਾਮਤ
ਤੀਸਰੀ ਮੱਤ ਜੋ ਉਸ ਦਿਨ ਬਾਬੇ ਦਿੱਤੀ, ਸੋ ਇਹ ਸੀ ਕਿ ਨਵਾਬ ਨੇ ਗੁਰੂ ਨਾਨਕ ਜੀ ਨੂੰ ਸਾਧੂ ਹੋ ਗਿਆ ਜਾਣਕੇ ਮੋਦੀਖਾਨਾ ਕਿਸੇ ਨੂੰ ਸੌਂਪਿਆ, ਉਸਨੇ ਪਿਛਲੇ ਲੇਖੇ ਕਰਨ ਤੇ ਵਿਧ ਮੇਲਨੀ ਸੀ ਹੀ ਇਸ ਦੇ ਮਿਲਿਆਂ ਕੁਛ ਰਕਮ ਗੁਰੂ ਜੀ ਦੀ ਨਵਾਬ ਵੱਲ ਨਿਕਲੀ, ਉਹ ਨਵਾਬ ਨੇ ਗੁਰੂ ਜੀ ਵਲ ਘੱਲ ਦਿਤੀ। ਉਸ ਵੇਲੇ ਕਈ ਇਕ ਲੋੜਵੰਦ ਗ਼ਰੀਬ ਬਾਬੇ ਦੇ ਦਰਸ਼ਨ ਨੂੰ ਆਏ ਹੋਏ ਸਨ, ਆਪ ਨੇ ਧਿਆਨ ਕਰਕੇ ਵੇਖੇ। ਪਾਸੋਂ ਕਿਸੇ ਆਖਿਆ 'ਪਾਤਸ਼ਾਹ ! ਆਪ ਦੇ ਘਰ ਪੁੱਤ੍ਰ ਹਨ, ਇਸਤ੍ਰੀ ਹੈ, ਆਪ ਤਿਆਗੀ ਹੋਏ ਹੋ, ਇਹ ਧਨ ਉਨ੍ਹਾਂ ਨੂੰ ਦਿਓ ! ਗੁਰੂ ਬਾਬੇ ਆਖਿਆ 'ਸਭਨਾਂ ਵਿਚ ਉਸਦੀ ਜੋਤਿ ਹੈ, ਸਾਰੇ ਉਸਦੇ ਪੁੱਤੂ ਹਨ' ਸੋ ਜੋ ਕੁਛ ਸੀ ਉਸੇ ਵੇਲੇ ਲੁਟਾ ਦਿਤਾ।
ਅਸੀਂ ਖੁਸ਼ ਹੁੰਦੇ ਹਾਂ ਕਿ ਧੰਨ ਗੁਰੂ ਬਾਬਾ ਨਾਨਕ ਜਿਸ ਨੂੰ ਮਾਇਆ ਦਾ ਰਤਾ ਲੋਭ ਨਹੀਂ, ਧੰਨ ਗੁਰੂ ਬਾਬਾ ਜੋ ਲੋੜਵੰਦਾਂ ਨੂੰ ਪੁੱਤ ਆਖਦਾ ਸੀ ਤੇ ਸਰਬ ਵਿਚ ਭਗਵੰਤ ਵੇਂਹਦਾ ਸੀ, ਕਿਵੇਂ ਪਰਤੱਖ ਪਿਆਰ ਸਰਬ ਨਾਲ ਕਰਦਾ ਹੈ।
ਪਰ ਤੀਸਰੀ ਗੱਲ ਅਸੀਂ ਭੁੱਲਦੇ ਹਾਂ ਕਿ ਇਹ ਸਾਖੀ ਭੀ ਅੱਜੋ ਹੋਈ ਹੈ, ਉਹ ਸਾਡੇ ਨਾਲ ਹੋਈ ਹੈ ਤੇ ਗੁਰੂ ਬਾਬਾ ਸਾਨੂੰ ਆਖਦਾ ਹੈ ਅੰਦਰ ਨਾਮ ਵਸਾਓ, ਵਾਹਿਗੁਰੂ ਨੂੰ ਆਪਣੇ ਅੰਗ ਸੰਗ ਸਮਝੋ, ਨਾਮ ਅੱਠੇ ਪਹਿਰ ਨਾ ਭੁੱਲੇ। ਪਰ ਜਦ ਲੋੜਵੰਦ ਦਿੱਸੇ ਤਾਂ ਉਸ ਵਿਚ ਬੀ ਵਾਹਿਗੁਰੂ ਦੀ ਜੋਤਿ ਦਿੱਸੇ ਜੋ ਸਾਰੇ ਵਿਆਪਕ ਹੈ। ਉਸ ਦੀ ਲੋੜ ਵਿਤ ਮੂਜਬ ਦੂਰ ਕਰੋ, ਪਰ ਉੱਚੇ ਖਿਆਲ ਵਿਚ ਰਹੋ ਕਿ ਮੈਂ ਆਪਣੇ ਅੰਦਰ ਵੱਸ ਰਹੇ ਨਾਮ ਦੇ ਨਾਮੀ ਵਾਹਿਗੁਰੂ ਨੂੰ ਸਾਰੇ ਵੇਖ ਰਿਹਾ ਹਾਂ ਤੇ ਉਸ ਨੂੰ ਪਿਆਰ ਕਰ ਰਿਹਾ ਹਾਂ। ਦੁੱਖ, ਦਰਿੱਦ੍ਰ, ਗ਼ਰੀਬੀ ਮੈਂ ਨਾ ਹਟਾ ਸਕਦਾ ਹਾਂ ਨਾ ਮੈਂ ਦਾਤਾ ਹਾਂ, ਮੈਂ ਤਾਂ ਇਕੋ ਜੋਤਿ ਦਾ ਪ੍ਰੇਮੀ ਹਾਂ, ਮੇਰੇ ਅੰਦਰ 'ਨਾਮ' ਹੋਕੇ ਜੋਤਿ ਵੱਸ ਰਹੀ ਤੇ ਆਖਦੀ ਹੈ ਸਰਬ ਜੀਆਂ ਵਿਚ ਜੋਤਿ ਹੈ, ਉਸ ਜੋਤਿ ਦੀ ਖ਼ਾਤਰ ਰੱਖ। ਇਹ ਤੀਸਰਾ ਸਬਕ-
'ਸਰਬ ਜੀਆਂ ਮਿਹਰੰਮਤ' ਦਾ ਹੈ।
ਅਸੀਂ ਸਿੱਖ ਹਾਂ; ਜੋ ਗੁਰੂ ਨਾਨਕ ਨੇ ਮੱਤਾਂ ਦਿਤੀਆਂ, ਜੋ ਮਿਹਰਾਂ ਕੀਤੀਆਂ, ਉਨ੍ਹਾਂ ਨਾਲ ਜਿਨ੍ਹਾਂ ਦਾ ਉਧਾਰ ਹੋਇਆ, ਉਹ ਸਿੱਖ ਸਦਾਏ। ਅਸੀਂ ਸਿੱਖ ਹਾਂ, ਵੇਖੀਏ ਕਿ ਉਹ ਮੱਤਾਂ ਜੋ ਗੁਰੂ ਬਾਬੇ ਦਿਤੀਆਂ, ਉਹ ਗੁਣ ਜੋ ਬਾਣੀ ਵਿਚ ਆਏ ਸਾਡੇ ਵਿਚ ਹਨ ? ਜੇ ਹਨ ਤਾਂ ਅਸੀਂ ਬੀ ਧੰਨ ਹਾਂ, ਗੁਰੂ ਦੇ ਸਿਖ
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਗੁਣ ਧਾਰਨੇ ਚਾਹੀਏ। ਹੁਣ ਸਭ ਕਿਸੇ ਦਾ ਰੁਖ ਮਾਇਆ ਵਲ ਵਧ ਰਿਹਾ ਹੈ, ਜਗਤ ਸਿਰ ਪਰਨੇ ਇਸਦੇ ਮਗਰ ਭੱਜਾ ਜਾਂਦਾ ਹੈ, ਬ੍ਰਿਤੀਆਂ ਪਦਾਰਥਾਂ ਪ੍ਰਾਪਤੀ ਵਲ ਤੇ ਪਦਾਰਥ ਪੂਜਾ ਵਿਚ ਸਿਰ ਪਰਨੇ ਡਿਗ ਰਹੀਆਂ ਹਨ ਤੇ ਦਿਨ ਦਿਨ ਵਾਧਾ ਹੈ। ਹਾਂ ਦਾਤਾ ਵਿਸਰ ਰਿਹਾ ਹੈ, ‘ਦਾਤਾਂ' ਵਲ ਪ੍ਯਾਰ ਵਧ ਰਿਹਾ ਹੈ। ਗੁਰੂ ਬਾਬੇ ਨੇ ਇਨ੍ਹਾਂ ਭੁੱਲਾਂ ਤੋਂ ਛੁਡਾਇਆ ਸੀ, ਸਾਨੂੰ ਆਤਮ ਦੇਸ਼ ਵਿਚ ਵਸਾਇਆ ਸੀ। ਉਹ ਓਦੋਂ ਦੀਆਂ ਸਾਖੀਆਂ ਤੋਂ ਉਪਦੇਸ਼ ਲਿਖੇ ਹਨ ਤੇ ਅਸੀਂ ਪੜ੍ਹਦੇ ਹਾਂ। ਹੁਣ ਸਾਨੂੰ 'ਅਮਲ' ਲੋੜੀਏ ਨਹੀਂ ਤਾਂ ਅਸੀਂ ਗੁਰੂ ਬਾਬੇ ਦੇ ਖੁਸ਼ੀਆਂ ਲੈਣ ਵਾਲੇ ਸਿੱਖ ਨਹੀਂ। ਇਹ ਸਾਖੀਆਂ ਪੜ੍ਹੀਏ ਤੇ ਤੀਏ ਤਿਹਾਕਾਂ ਨਾਲ ਹੋਈਆਂ ਵਾਚਕੇ ਕਹਾਣੀ ਦਾ ਸੁਆਦ ਲੈਕੇ ਲਾਂਭੇ ਨਾ ਹੋ ਜਾਈਏ, ਸਾਖੀ ਆਪਣੇ ਨਾਲ ਵਰਤੀ ਸਮਝੀਏ, ਆਪੇ ਦੇ ਔਗੁਣ ਉਸ ਸਾਖੀ ਦੇ ਚਾਨਣੇ ਵਿਚ ਤੱਕੀਏ ਤੇ ਫੇਰ ਆਪਣੇ ਆਪ ਨੂੰ ਸੁਆਰੀਏ, ਸੁਧਾਰੀਏ, ਤਦ ਗੁਰੂ ਬਾਬੇ ਦੀਆਂ ਖੁਸ਼ੀਆਂ ਹਨ, ਅਸੀਂ ਸਿੱਖ ਹਾਂ ਤੋਂ ਜੀਉਂਦੇ ਸਿੱਖ ਹਾਂ; ਨਹੀਂ ਤਾਂ ਬਨਾਵਟ ਦਿਖਾਵਾ। ਫੋਕੀ ਜ਼ਾਹਰਦਾਰੀ, ਰਿਆਕਾਰੀ ਨੂੰ ਤਾਂ ਉਹ ਰੱਦਕੇ ਪਰੇ ਸੁੱਟਦੇ ਸਨ। ਜੋ ਹਿੰਦੂ ਮੁਸਲਮਾਨਾਂ ਵਿਚ ਇਸ ਨੂੰ ਵੇਖਕੇ ਇਸ ਦੇ ਵਿਰੁੱਧ ਕੂਕਾਂ ਦੇਂਦੇ ਸਨ ਤਦ ਸਿਖਾਂ ਵਿਚ ਵੇਖਕੇ ਕਿੰਨਾਂ ਵਧੀਕ ਹੋਕਾ ਦੇਣਗੇ। ਉਹ ਜੋ ਪਹਿਲਾ ਵਾਕ ਬੋਲੇ 'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ' ਉਹ ਕੂਕ ਇਹੋ ਸੀ ਕਿ ਬਨਾਵਟ, ਦਿਖਾਵਾ, ਜ਼ਾਹਰਦਾਰੀ, ਰਿਆਕਾਰੀ ਧਰਮ ਨਹੀਂ ਹੈ, ਮਜ਼ਹਬ ਨਹੀਂ ਹੈ, ਰਸਤਾ ਨਹੀਂ ਹੈ, ਪਰਮਾਰਥ ਨਹੀਂ ਹੈ। ਉਨ੍ਹਾਂ ਦੀ ਇਕ ਸੱਦ, 'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ' ਅੱਜ ਸਿੱਖਾਂ ਨੂੰ ਵਧੀਕ ਕੰਨ ਦੇ ਕੇ ਸੁਣਨੀ ਚਾਹੀਏ ਕਿ ਗੁਰੂ ਬਾਬਾ ਅਰਸ਼ਾਂ ਤੋਂ ਆਉਂਦੇ ਸਾਰ ਜਾਂ ਬੋਲਿਆ ਤਾਂ ਕੀ ਬੋਲਿਆ ਤੇ ਉਸ ਦੇ ਚਾਨਣੇ ਵਿਚ ਅਸਾਂ ਅੱਜ ਕੀ ਅਮਲ ਕਰਨਾ ਹੈ, ਕੀ ਆਪਾ ਸੁਆਰਨਾ ਹੈ ਤੇ ਕੀ ਲਾਭ ਲੈਣਾ ਹੈ ? ਇਹ ਹੈ ਗੁਰੂ ਨੂੰ ਮੰਨਣਾ, ਗੁਰੂ ਨੂੰ ਹਾਜ਼ਰ ਜਾਣਨਾ, ਆਪਣੇ ਨਾਲ ਬੋਲਦਾ ਵੇਖਣਾ, ਸੁਣਕੇ ਅਮਲ ਕਰਨਾ ਤੇ ਸਿੱਖ ਬਣਨਾ।
ਸੁਲਤਾਨਪੁਰੋਂ ਵਿਦੈਗੀ :
ਸਾਖੀਆਂ ਵਿਚ ਬਾਬੇ ਕਾਲੂ ਦੇ ਪੁੱਤ੍ਰ ਦੇ ਤਿਆਗੀ ਹੋ ਜਾਣ ਦੀ ਖ਼ਬਰ ਸੁਣਕੇ ਸਹੁਰੇ ਮੂਲ ਚੰਦ ਦਾ ਸ਼ਾਮੇ ਪੰਡਤ ਨੂੰ ਨਾਲ ਲੈ ਕੇ ਸੁਲਤਾਨ ਪੁਰ ਪਹੁੰਚਣਾ ਲਿਖਿਆ ਹੈ। ਦੋਹਾਂ ਨੇ ਆਮ ਗ੍ਰਿਹਸਤ ਦੇ ਨੁਕਤੇ ਤੋਂ ਸਮਝਾਇਆ ਕਿ ਘਰ ਰਹੋ ਤੇ ਸਾਧੂ ਬਾਣਾ ਛੋੜੋ ਤੇ ਸ਼ਾਮੇ ਨੇ ਸ਼ਾਸਤਾਂ ਦੇ ਵਾਕ ਸੁਣਾਕੇ ਪਰਮਾਰਥ ਦੇ ਨੁਕਤੇ ਤੋਂ ਘਰ ਛੱਡਣ ਦੇ ਅਉਗਣ ਦੱਸੇ। ਪਰ ਗੁਰੂ ਜੀ ਨੇ 'ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ' ਵਾਲਾ ਸ਼ਬਦ ਉਚਾਰ ਕੇ ਉਸ ਦੀ ਨਿਸ਼ਾ ਖਾਤਰ ਕੀਤੀ ਤੇ ਪੰਡਤ ਨੇ ਲਖ ਲਿਆ ਕਿ ਇਹ ਨਿਰਾ ਸ਼ਾਸਤੀ ਨਹੀਂ ਜੋ ਸ਼ਾਸਤਾਂ ਨਾਲ ਕਾਬੂ ਆਵੇ, ਇਹ ਅਨੁਭਵੀ ਮਹਾਂ ਪੁਰਖ ਹੈ ਤੇ ਕਿਸੇ ਰੰਗ ਵਿਚ ਹੈ। ਪਰ ਮੋਹ ਵਾਲੇ ਬਾਬਾ ਕਾਲੂ ਤੇ ਅਪਣੀ ਪੁਤ੍ਰੀ ਦੇ ਦੁੱਖਾਂ ਦੀ ਨਵਿਰਤੀ ਦੇ ਇਛਾਵਾਨ ਮੂਲ ਚੰਦ ਜੀ ਦੁਖਾਤੁਰ ਹੋਏ। ਅੰਤ ਬਾਬੇ ਕਾਲੂ ਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਵੱਡੇ ਹੋਣ ਤੇ ਪੁਤ੍ਰ ਵਲੋਂ ਸੇਵਾ ਦੇ ਅਧਿਕਾਰ ਦੀ ਮੰਗ ਕੀਤੀ, ਤਾਂ ਗੁਰੂ ਬਾਬੇ ਨੇ ਦੱਸਿਆ ਕਿ ਜਿਸ ਪਿਤਾ ਦੇ ਸਾਰੇ ਪੁਤੁ ਹਾਂ, ਉਸ ਦਾ ਹੁਕਮ ਜਗਤ ਜਲੰਦੇ ਵਿਚ ਉਸੇ ਦੇ ਪਿਆਰ ਦਾ ਢੰਡੋਰਾ ਦੇਣ ਦਾ ਹੈ, ਵਿਛੁੜੀ ਸ੍ਰਿਸ਼ਟੀ ਨੂੰ ਉਸ ਨਾਲ ਮੇਲਣ ਦੀ ਆਯਾ ਹੈ, ਤੁਸੀਂ ਆਪ ਹੀ ਦੱਸੋ ਕਿ ਮੈਂ ਕਿਵੇਂ ਕਰਾਂ? ਇਹ ਵਿਥਿਆ ਗੁਰੂ ਜੀ ਨੇ ਐਸੇ ਰੱਬੀ ਪ੍ਰੇਮ ਵਿਚ ਸੁਣਾਈ ਕਿ ਮਾਤਾ ਪਿਤਾ ਤੇ ਉਸ ਵੇਲੇ ਕੋਈ ਪ੍ਰਭਾਉ ਛਾ ਗਿਆ ਤੇ ਉਹ 'ਹਾਂ' ਕਰ ਗਏ। ਇਹ 'ਹਾਂ' ਕਿਸੇ ਰੱਬੀ ਰੰਗ ਵਿਚ ਹੋ ਗਈ, ਮਗਰੋਂ ਜਦੋਂ ਘਰ ਨੂੰ ਗਏ ਤਾਂ ਦੋਵੇਂ ਉਦਾਸੀਨ ਹੀ ਗਏ। ਸਭ ਤੋਂ ਵਧੀਕ ਦੁਖ ਭਰੀ ਦਸ਼ਾ ਮਾਤਾ ਸੁਲੱਖਣੀ ਜੀ ਦੀ ਸੀ, ਜਿਨ੍ਹਾਂ ਦੇ ਸਿਰ ਦਾ ਸਾਂਈਂ ਨਿੱਕੇ ਨਿੱਕੇ ਬਾਲ ਛੱਡਕੇ ਉਦਾਸ ਹੋ ਬੈਠਾ ਤੇ ਇਹ ਸੁੰਧਕਾਂ ਪੱਕੀਆਂ ਕੰਨੀ ਪੈ ਰਹੀਆਂ ਸਨ ਕਿ ਪਰਦੇਸ਼ਾਂ ਨੂੰ ਚਲੇ ਹਨ ਤੇ ਫੇਰ ਮੁਹਾੜਾਂ ਮੋੜਨਗੇ ਕਿ ਨਹੀਂ ਇਹ ਪਤਾ ਹੀ ਨਹੀਂ। ਪਤੀ ਦੇ ਵਿਛੋੜੇ ਦਾ ਦੁੱਖ, ਪੁਤਾਂ ਦੀ ਪਾਲਣਾ, ਅਤੇ ਸਿਖ੍ਯਾ ਦਾ ਸਹਿਂਸਾ; ਅਨੇਕ ਭਾਵ ਸਨ ਜੋ ਉਨ੍ਹਾਂ ਨੂੰ ਉਦਰਾਉਂਦੇ ਸਨ। ਬੇਬੇ ਨਾਨਕੀ ਉਨ੍ਹਾਂ ਨੂੰ ਧੀਰਜਾਂ ਦੇਂਦੀ ਸੀ, ਜਿਸ ਨਾਲ ਉਨ੍ਹਾਂ ਦਾ ਮਨ ਠਉੜੇ ਆਉਂਦਾ ਸੀ, ਪਰ ਫੇਰ ਟੁੱਟ ਟੁੱਟ ਜਾਂਦਾ ਸੀ। ਇਕ ਬੇਬੇ ਦਾ ਹੀ ਦਿਲ ਸੀ ਜੋ ਨਹੀਂ ਸੀ ਘਾਬਰਦਾ। ਉਹ ਉੱਚੇ ਮਨ ਵਾਲੀ, ਵਾਹਿਗੁਰੂ ਦੇ ਪ੍ਰੇਮ ਵਾਲੀ, ਇਸ ਸਾਰੇ ਨੂੰ ਵਾਹਿਗੁਰੂ ਦੀ ਕਰਨੀ ਤੇ ਵੀਰ ਦੀ ਰੱਬੀ ਰੰਗਤ ਦਾ ਚਾਉ ਵੇਖਦੀ ਸੀ। ਕੀ ਬੇਬੇ ਨੂੰ ਵੈਰਾਗ ਨਹੀਂ ਸੀ ? ਵੀਰ ਦੇ ਵਿਛੋੜੇ ਦਾ ਵੈਰਾਗ ਸੀ ਤੇ ਬਹੁਤ ਸੀ, ਪਰ ਇਹ ਵੈਰਾਗ ਸਤਿਸੰਗ ਦੇ ਮੰਡਲ ਦਾ ਸੀ। ਇਸ ਵਿਚ ਉੱਚੇ ਵਲਵਲੇ ਸਨ ਤੇ ਇਸ
ਬੇਬੇ ਦਾ ਵੈਰਾਗ ਐਸਾ ਸੀ ਕਿ ਜਿਸ ਦੀ ਪਰਖ ਆਪ ਪਾਰਖੂ ਨੂੰ ਸੀ। ਉਸ ਦੇ ਮੱਥੇ ਤੇ ਸ਼ੁਕਰ, ਅੱਖਾਂ ਵਿਚ ਖਿੱਚ ਤੇ ਪਿਆਰ, ਬੁੱਲਾਂ ਤੇ ਵੈਰਾਗ ਦੀ ਫਰ- ਕਨ ਤੇ ਲੂੰਆਂ ਵਿਚ ਵਿਛੋੜੋ ਦਾ ਕਾਂਬਾ ਸੀ। ਅਕਲ ਰਜ਼ਾ ਅੱਗੇ ਝੁਕ ਰਹੀ ਸੀ ਤੇ ਦਿਲ ਸ਼ੁਕਰ ਦੀ ਤਾਰੀ ਤਰ ਰਿਹਾ ਸੀ, ਪਰ ਫੇਰ ਵਿਛੁੜਨ ਤੇ ਚਿਤ ਨਹੀਂ ਸੀ। ਇਨ੍ਹਾਂ ਸਾਰੇ ਉੱਚੇ ਰੰਗਾਂ ਦੇ ਜਾਣੂੰ ਗੁਰੂ ਜੀ ਨੇ ਆਖਿਆ : ਬੇਬੇ ! ਤੁਸਾਂ ਦਾ ਪਿਆਰ ਰੱਬੀ ਹੈ ਤੇ ਬਹੂੰ ਉੱਚਾ ਹੈ, ਇਸਦੀ ਕੀਮਤ ਕਦਰ ਇਹ ਹੈ ਕਿ ਜਦੋਂ ਤੁਸੀਂ ਬਹੁਤੇ ਵੈਰਾਗੇ ਹੋ ਜਾਓ ਤੇ ਝੱਲ ਨਾ ਸਕੋ ਤਾਂ ਸ਼ਹਿਨਸ਼ਾਹਾਂ ਦੇ ਸ਼ਾਹ ਅੱਗੇ ਅਰਦਾਸ ਕਰੋ; ਤਦੋਂ ਹੀ ਅਸੀਂ ਆ ਜਾਇਆ ਕਰਾਂਗੇ। ਸਨਬੰਧੀਆਂ ਦੇ ਮੋਹ ਬੜੇ ਡੂੰਘੇ ਸੇ, ਪਰ ਉਹ ਕੁਛ ਸਾਰ ਨਾ ਸਕੇ। ਪਰ ਭੈਣ ਦੇ ਪਿਆਰ ਨੇ ਪਰਮ ਤਿਆਗੀ ਦੇ ਅੰਦਰ ਇੰਨਾਂ ਅਸਰ ਪਾਇਆ ਕਿ ਸਾਰਿਆਂ ਦੇ ਦਰਸ਼ਨ ਦਾ ਅਵਸਰ ਬਣ ਗਿਆ; ਆਸ ਹੋ ਗਈ ਕਿ ਸਦਾ ਲਈ ਨਹੀਂ ਚੱਲੋ, ਭਾਵੇਂ ਕਿਸੇ ਰੰਗ ਰਹਿਣ, ਕਦੇ ਨਾ ਕਦੇ ਮੁਹਾਰਾਂ ਮੋੜਨਗੇ ਤੇ ਫੇਰ ਦਰਸ਼ਨ ਦੇਣਗੇ।
-0-
ਸੁਲਤਾਨ ਪੁਰੋਂ ਵਿਦਾ ਹੋਣ ਵੇਲੇ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੇ ਵਲਵਲੇ ।*
੧. ਬੇਬੇ ਜੀ ਦੇ ਪ੍ਰੇਮ ਦਾ ਕੁਛ ਨਕਸ਼ਾ ਇਸ ਗੀਤ ਵਿਚ ਹੈ :-
ਗੀਤ
{ਰਾਗ ਮਲਾਰ}
ਸੱਦ ਧੁਰੋਂ ਅਰਸ਼ਾ ਤੋਂ ਆਈ,
ਵੀਰਨ ਲੈ ਪਰਦੇਸ਼ ਸਿਧਾਈ।
ਜੀਅ ਘਬਰਾਵੇ, ਚੈਨ ਨਾ ਆਵੇ,
ਨਾਨਕ ਬਿਨੁ ਅੰਧਿਆਰਾ ਛਾਵੇ,
ਜਾਓ ਗੁਰੂ ਜੀ ਰਬ-ਕਾਰ ਕਮਾਵੋ,
ਕਦੇ ਰਾਤੀ ਆ ਪਾਈਂ।
੨. ਉਸੇ ਸਮੇਂ ਦੇ ਮਾਤਾ ਸੁਲੱਖਣੀ ਜੀ ਦੇ ਬਿਰਹੋਂ ਦੀ ਤਸਵੀਰ ਹੈ :-
(ਰਾਗ ਕੌਸੀਆਂ)
ਪਾਪੀ ਮਿਟ ਜਾਓ ਨੈਣ
ਸਾਂਈਆਂ ! ਹੋ ਸਾਂਈਆਂ ! ਅਸਥਾਈ
ਪੀਆ ਪਰਦੇਸ਼ ਸਿਧਾਇ
ਹਾਇ ਮੈਂ ਨਿਕਾਰੀ ਪੀਆ ਰੱਬ ਦਾ ਵਪਾਰੀ,
ਉਚ ਸ਼ਾਨ, ਮੈਥੋਂ ਫੜਿਆ ਨਾ ਜਾਇ।
੩. ਤਿਸ ਸਮੇਂ ਸੰਗਤ ਦੇ ਬਿਰਹੇ ਦੀ ਇਹ ਤਸਵੀਰ ਹੈ :-
{ਰਾਗ ਜ਼ਿਲਾ ਪਹਾੜੀ ਮਿਸ਼੍ਰਤ)
ਠਹਿਰ ਜਾਈਂ ਠਹਿਰ ਜਾਈਂ ਰਬ ਦੇ ਸੁਆਰਿਆ।
੧. ਸੰਗਤ ਹੈ ਅਰਜ਼ ਕਰਦੀ
ਹੱਥ ਜੋੜੇ ਨੈਣ ਭਰਦੀ
ਠਹਿਰ ਜਾਈਂ ਠਹਿਰ ਜਾਈਂ ਰੱਬ ਦੇ ਦੁਲਾਰਿਆ।
–––––––––
*ਏਹ ਗੀਤ ਸੰ: ਗੁ: ਨਾ: ਸਾ: ੪੫੩ ਵਿਚ ਲਿਖੇ ਗਏ ਸੇ ਅਤੇ ਗੁਰਪੁਰਬ ਪੁੰਨਮ ਪਰ ਖਾਲਸਾ ਸਮਾਚਾਰ ਵਿਚ ਪ੍ਰਕਾਸ਼ਤ ਹੋਏ ਸੋ।
੨. ਰੱਜ ਨਾ ਦੀਦਾਰ ਪਾਇਆ,
ਬਿਜਲੀ ਲਿਸ਼ਕਾਰ ਆਇਆ,
ਜਾਈਂਵੇ ਨੇ ਜਾਈਂ ਦਾਤਾ ! ਰੱਬ ਦੇ ਸੁਆਰਿਆ।
੩. ਵਾੜੀ ਜੁ ਆਪ ਲਾਈ,
ਅਜੇ ਹੈ ਨਿਆਣੀ ਸਾਂਈਂ !
ਮੰਗਦੀ ਹੈ ਪਾਣੀ ਹੱਥੋਂ, ਖੇਤੀ ਰਖਵਾਰਿਆ ॥
੪. ਪੌਣ ਵੇਗ ਕੌਣ ਰੋਕੇ,
ਬੱਦਲਾਂ ਨੂੰ ਕੌਣ ਠਾਕੇ ?
ਧੁਰਾਂ ਤੋਂ ਜੁ ਚਾਲ ਪਾਏ ਟਰਨ ਨਹੀਂ ਟਾਰਿਆ।
੫. ਚੱਲੇ ਜੇ ਆਪ ਸਾਂਈਂ।
ਦਾਸਾਂ ਨੂੰ ਨ ਭੁੱਲਨਾ ਈ,
ਕੂੰਜ ਵਾਂਙੂ ਯਾਦ ਰੱਖੀਂ ਦੇਈਂ ਆ ਦਿਦਾਰਿਆ।
੪. ਉਸ ਵੇਲੇ ਮਾਨੋਂ ਅਰਸ਼ਾਂ ਤੋਂ ਇਹ ਆਕਾਸ਼ ਬਾਣੀ ਹੋਈ-
(ਰਾਗ ਪੂਰੀਆ}
ਨਾਨਕ ! ਸਾਰੇ ਜਾ ਜਪਾਵੀਂ ਮੇਰਾ ਨਾਮ,
ਥਾਂ ਥਾਂ ਜਾਵੀਂ ਪਿਲਾਵੀਂ ਅੰਮ੍ਰਿਤ ਜਾਮ,
ਟੁੱਟੀ ਨੂੰ ਗੰਢੀਂ ਤੇ ਵਿਛੁੜੀ ਮਿਲਾਈਂ,
ਦੇਵੀਂ ਜੀਅਦਾਨ ਤੂੰ ਕਰੀਂ ਏ ਕਾਮ।
ਨਵਾਬ ਨਾਲ ਜਿਸ ਦਿਨ ਦਾ ਉਹ ਨਿਮਾਜ਼ ਵਾਲਾ ਵਾਹੜਾ ਵਰਤਿਆ ਉਸ ਦਿਨ ਦਾ ਉਹ ਮਾਮੂਲੀ ਹਾਲਤ ਤੋਂ ਬਦਲ ਗਿਆ। ਮੋਦੀਖਾਨੇ ਦਾ ਹਿਸਾਬ ਤੇ ਬਾਕੀ ਦੇ ਗ੍ਰੀਬਾਂ ਨੂੰ ਦੇਣ ਦਾ ਅਸਰ ਨਵਾਬ ਤੇ ਹੋਰ ਪਿਆ, ਉਹ ਕੁਛ ਸੋਚਵਾਨ ਹੋ ਗਿਆ, ਰਾਤ ਜਾਗਦੇ ਲੰਘਦੀ, ਅੱਗੇ ਦਾ ਭੈ ਆਉਂਦਾ ਤੇ ਆਪਣੇ ਮੋਦੀ ਦੀ ਰੱਬੀ ਰੰਗਤ ਦਾ ਨਕਸ਼ਾ ਅੱਖਾਂ ਅੱਗੇ ਰਹਿਂਦਾ। ਜੀ ਕਰਦਾ ਕਿ ਕੁਛ ਅਰਜ਼ ਕਰੇ, ਪਰ ਮੁਸਲਮਾਨੀ ਤਅੱਸਬ ਤੋਂ ਭੈ ਖਾ ਜਾਂਦਾ। ਪਰ ਉਧਰ ਕੁਛ ਦਿਨਾਂ ਵਿਚ ਸਾਰੀ
ਹੁਣ ਨਗਰੀ ਦੇ ਸਾਰੇ ਹਿੰਦੂ ਮੁਸਲਮਾਨ ਆ ਜੁੜੇ ਤੇ ਸਭਨਾਂ ਮੱਥਾ ਟੇਕਿਆ। 'ਤਬ ਫ਼ਕੀਰਾਂ ਆਇ ਪੈਰ ਚੁੰਮੇਂ, ਦਸਤਪੰਜਾ ਲੀਆ, ਬਾਬੇ ਦੀ ਖੁਸ਼ੀ ਹੋਈ ਫਕੀਰਾਂ ਉਪਰ।
ਮਰਦਾਨਾ ਗੁਰੂ ਜੀ ਨੇ ਨਾਲ ਲੀਤਾ। ਇਸ ਤਰ੍ਹਾਂ ਸਤਿਸੰਗੀਆਂ, ਪ੍ਰੇਮੀਆਂ, ਸਾਕਾਂ ਸਨਬੰਧੀਆਂ ਫਕੀਰਾਂ, ਕਾਜ਼ੀਆਂ, ਮੁਫਤੀਆਂ, ਨਵਾਬ, ਸਭ ਤੋਂ ਸਭ ਦੇ ਪਿਆਰ ਸਤਿਕਾਰ ਆਦਰ ਵਿਚ ਗੁਰੂ ਬਾਬਾ ਜੀ ਸੁਲਤਾਨ ਪੂਰੇ ਤੋਂ ਵਿਦਾ ਹੋਏ। ਅਪਣੇ ਅਰਸ਼ੀ ਬਾਬਲ ਦੀ ਨੌਕਰੀ ਕਮਾਉਣ ਟੁਰੇ :-
ਬਾਬਾ ਪੈਧਾ ਸੱਚਖੰਡਿ, ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤ ਲੁਕਾਈ।
(ਵਾ: ਭਾ: ਗੁ: १-२४)
੧. ਖਾਲਸਾ ਤਵਾਰੀਖ। ੨. ਪੁਰਾਤਨ ਜਨਮ ਸਾਖੀ।
੩. ਮਰਦਾਨਾ ਰਬਾਬ ਵਜਾਇਆ ਕਰਦਾ ਸੀ। ਰਬਾਬ ਇਕ ਅਰਬੀ ਸਾਜ਼ ਹੈ, ਗੁਰੂ ਜੀ ਨੇ ਰਬਾਬ ਕੁਛ ਆਪਣੀ ਤਰਜ਼ ਦਾ ਬਣਾਇਆ ਤੇ ਫਿਰੰਦੇ ਨੂੰ ਨਵਾਂ ਬਨਾਉਣ ਦੀ ਆਗਿਆ ਦਿਤੀ ਸੀ, ਇਹ ਗੁਰ ਨਾਨਕ ਕਾਢ ਦਾ ਨਵਾਂ ਰਬਾਬ 'ਮਰਦਾਨੇ' ਨੇ ਨਾਲ ਲੀਤਾ। ਬੇਬੇ ਜੀ ਨੇ ਫਿਰੰਦੇ ਨੂੰ ਇਸ ਦਾ ਮੁੱਲ ਤਾਰਿਆ ਸੀ। ਰਬਾਬੀਆਂ ਪਾਸ ਜੋ ਰਬਾਬ ਹੁਣ ਹੈ, ਇਹ ਉਹ ਨਹੀਂ। ਗੁਰੂ ਨਾਨਕ ਵਾਲੇ ਰਬਾਬ ਦਾ ਨਮੂਨਾ ਤੇ ਵਯੇ ਰਾਮ ਪੁਰ ਰਿਆਸਤ ਵਿਚ ਅਜੇ ਬੀ ਸੁਣੀਂਦੇ ਹਨ। ਇਹ ਛੇ ਤਾਰਾ ਹੁੰਦਾ ਹੈ ਤੇ ਸਰੋਦੇ ਵਾਂਙੂ ਵਜਦਾ ਹੈ।
ਸੁੰਦਰਤਾ*
ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ॥
ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ॥੪॥
(ਚਉਬੋਲੇ ਮਹਲਾ ੫}
ਚੌਧਵੀਂ ਰਾਤ ਦਾ ਚੰਦ, ਚੌਧਵੀਂ ਵੀ ਕੱਤੋਂ ਦੀ। ਕੱਤੋਂ, ਮਿੱਠੜੀ ਰੁੱਤ, ਗੁਲਾਬੀ ਬਹਾਰ ਦਾ ਸਰਦਾਰ ਕੱਤੇ। ਸੁਹਣੀ ਸੁਹਣੀ ਸਰਦੀ, ਭਿੰਨੀ ਭਿੰਨੀ ਰਾਤ, ਚਿੱਟੀ ਚਿੱਟੀ ਚਾਂਦਨੀ। ਸਦਾ ਚਾਨਣੀ, ਹਾਂ ਇਸੇ ਰਾਤ ਨੂੰ ਸਰਦ ਚਾਨਣੀ ਦੀ ਰਾਤ ਕਹੀਏ, ਇਸੇ ਨੂੰ ਭਿੰਨੀ ਰੈਣ ਕਹੀਏ। ਕਿਹੇ ਸੁਹਣੇ ਤਾਰੇ ਅੱਖਾਂ ਮਾਰਦੇ ਹਨ, ਅਕਾਸ਼ ਦਾ ਨੀਲ ਕਿਹਾ ਡਲ੍ਹਕਦਾ ਹੈ, ਕੀਕੂੰ ਮਨ ਨੂੰ ਖਿੱਚਦਾ ਹੈ। ਹੋ ਅਕਾਸ਼, ਹੇ ਚੰਦ, ਹੇ ਤਾਰਿਓ! ਮਨਾਂ ਨੂੰ ਨਾਂ ਖਿੱਚੋ! ਹੇ ਫਬੀ ਹੋਈ ਰਾਤ, ਹੇ ਭਿੱਜੀ ਹੋਈ ਰਾਤ, ਹੇ ਛਟਕੀ ਹੋਈ ਰਾਤ! ਆਪਣੀ ਸੁੰਦਰਤਾ ਨਾਲ ਨਾ ਲੁਭਾਓ, ਅਸੀਂ ਧਰਤੀ ਤੇ ਟੁਰਨ ਵਾਲੇ ਤੇਰੀਆਂ ਸੁੰਦਰ ਡੂੰਘਾਈਆਂ ਤੇ ਡੂੰਘੀਆਂ ਉਚਾਈਆਂ ਵਿਚ ਉੱਡ ਨਹੀਂ ਸਕਦੇ।
ਪਰ ਕਿੱਥੋਂ? ਸੁਹਣੇ ਜਦ ਆਪਣੀ ਸੁੰਦਰਤਾ ਨਾਲ ਖਿੱਚਣ ਤੇ ਆਉਂਦੇ ਹਨ, ਤਦ ਕਿਸੇ ਦੀ ਸੁਣਦੇ ਹਨ? ਅਗਲੇ ਨੂੰ ਕੀ ਮੁਸ਼ਕਲਾਂ ਪੈਣਗੀਆਂ, ਓਹ ਕੀ ਪਰਵਾਹ ਕਰਦੇ ਹਨ। ਓਹ ਤਾਂ ਆਪਣੇ ਸੁਹਣੱਪ ਵਿਚ ਸਾਨੂੰ ਲੀਨ ਕਰਨ ਦੇ ਚਾਉ ਵਿਚ ਹੁੰਦੇ ਹਨ, ਕੀਕੂੰ ਜਿੱਲ੍ਹਣਾਂ ਵਿਚੋਂ ਧੀਕ ਕੇ ਕਢਦੇ ਹਨ, ਕੀਕੂੰ ਜ਼ੋਰ ਦੇਕੇ ਖਿੱਚਦੇ ਹਨ, ਕੀਕੂੰ ਵਲੂੰਧਰ ਕੇ ਖੁੰਹਦੇ ਹਨ, ਕੀੰਕੂ ਘੁੱਟਕੇ ਧੂਹ ਲੈਂਦੇ ਹਨ, ਉਹਨਾਂ ਨੂੰ ਕੀ? ਓਹ ਖਿੱਚਦੇ ਹਨ, ਓਹ ਖਿੱਚ ਹੈਨ। ਹਾਂ, ਸੁੰਦਰਤਾ ਵਿਚ ਖਿੱਚ ਹੈ, ਜਦੋਂ ਖਿੱਚਦੀ ਹੈ, ਫੇਰ ਖਿੱਚਦੀ ਹੈ, ਇਹੋ ਉਹਦਾ ਧਰਮ ਹੈ, ਇਹੋ ਉਸਦਾ ਸੁਭਾਵ ਹੈ, ਇਹੋ ਉਸ ਦੀ ਨੇਕੀ ਹੈ। ਸੁੰਦਰਤਾ ਖਿੱਚੇਗੀ, ਜਿੱਥੇ ਅਸੀਂ ਹਾਂ ਓਥੋਂ
––––––––
* ਸੰ:ਗੁ:ਨ:ਸਾ: ੪੪੫ (੧੯੧੪ ਈ) ਦੀ ਰਚਨਾ।
ਚੁੱਕ ਲਏਗੀ, ਸਭ ਪਾਸਿਆਂ ਤੋਂ ਉਪ੍ਰਾਮ ਕਰਾਕੇ ਆਪਣੇ ਵੱਲ ਲਾਵੇਗੀ। ਇਹੋ ਸੁੰਦਰਤਾ ਦੀ ਸੁੰਦਰਤਾ ਹੈ ਕਿ ਜਦੋਂ ਝਲਕਾ ਮਾਰਿਆ ਮੋਹ ਲਿਆ। ਜਦੋਂ ਲਿਸ਼ਕਾਰ ਦਿੱਤਾ ਠੱਗ ਲਿਆ। ਠੱਗ ਲਿਆ ਤਾਂ ਆਪੇ ਵਿਚ ਆਪੇ ਨੂੰ ਸਮੋ ਦਿੱਤਾ, ਚਾਹੋ ਪਲਕਾਰੇ ਜਿੰਨਾ ਸਮਾਂ ਹੀ ਲੱਗੇ।
ਆਹਾ! ਅੱਜ ਨੀਲੇ, ਮਾਨੋਂ ਧੋਕੇ ਸਾਫ ਕੀਤੇ, ਡੂੰਘੇ ਰੰਗ ਦੇ ਦਮਕਦੇ ਨੀਲੇ ਅਕਾਸ਼ ਦੀ ਤਾਰਿਆਂ ਨਾਲ ਛਬੀ ਤੇ ਚੰਦ੍ਰਮਾ ਨਾਲ ਛਟਕੀ ਛਬੀ ਕੈਸਾ ਮੋਹ ਰਹੀ ਹੈ। ਅੱਖਾਂ ਠੱਗੀਆਂ ਜਾ ਰਹੀਆਂ ਹਨ। ਵੈਦ ਟਾਹਰਾਂ ਮਾਰਦੇ ਹਨ ਕਿ ਇਹ ਰੁੱਤ ਕੱਚੀ ਪੱਕੀ ਹੈ, ਰਾਤ ਨੂੰ ਤੇਲ ਮਾੜੀ ਪੈਂਦੀ ਹੈ, ਠੰਢ ਅਵੱਲੀ ਪੈਂਦੀ ਹੈ, ਅੰਦਰ ਸੌਣਾ ਠੀਕ ਹੈ। ਪਰ ਹਾਇ! ਸ਼ਿੰਗਾਰੀ ਹੋਈ ਰਾਤ ਦੀ ਸੁੰਦਰਤਾ ਰਸੀਏ ਮਨਾਂ ਨੂੰ ਚੁਰਾ ਹੀ ਲੈ ਜਾਂਦੀ ਹੈ। ਕੁਦਰਤੀ ਸੁੰਦਰਤਾ ਦਾਉ ਖੇਡਦੀ ਹੈ, ਵੈਦਾਂ ਦੀ ਮੱਤ ਤੇ ਆਪਣੀ ਸੋਚ ਉੱਡ ਜਾਂਦੀ ਹੈ! ਆਸ ਤੇ ਅੰਦੇਸ਼ੇ ਗਏ। ਹੁਣ ਕੀ ਰਹਿ ਜਾਂਦਾ ਹੈ? ਕੁਦਰਤ ਦਾ ਬਣਾਉ ਤੇ ਸ਼ਿੰਗਾਰ ਅਰ ਦੇਖਣਹਾਰੀਆਂ ਮਸਤ ਅੱਖਾਂ, ਕੁਦਰਤ ਦਾ ਜੋਬਨ ਤੇ ਰਸੀਆਂ ਦੀਆਂ ਹਿਤ ਅਲਸਾਈਆਂ ਅੱਖ-ਪੁਤਲੀਆਂ, ਕੁਦਰਤ ਦੀ ਛਬੀ ਤੇ ਕਦਰ ਪਾਉਣ ਵਾਲੇ ਅਧ-ਖੁੱਲ੍ਹੇ ਨੈਣ, ਕੁਦਰਤ ਦਾ ਸੁਹਾਣ ਤੇ ਨੈਣਾਂ ਵਾਲਿਆਂ ਦੇ ਮੋਹੇ ਗਏ ਨੇਤੂ, ਕੁਦਰਤ ਦੇ ਠੱਗਣ ਹਾਰ ਕਟਾਖ੍ਯ ਤੇ ਰੰਗ ਭਰੀਆਂ ਇੱਸ਼ਕ ਤਣਾਈਆਂ ਚਸ਼ਮਾਂ, ਹਾਇ ਚਸ਼ਮਾਂ ! ਨਿੱਕੀਆ ਨਿੱਕੀਆਂ ਚਸ਼ਮਾਂ, ਅਸਗਾਹ ਅਕਾਸ਼, ਸਾਰਾ ਦਿੱਸਦਾ ਤਾਰਾ ਮੰਡਲ, ਚੰਦ ਚਾਨਣੀ, ਸਭੋ ਕੁਝ ਆਪਣੇ ਆਪ ਵਿਚ ਸਮਾ ਲੈਂਦੀਆਂ ਹਨ। ਜਾਦੂ ਕੁੱਠੀਆਂ ਚਸ਼ਮਾਂ ਝਮਕਣਾਂ ਭੁੱਲ ਜਾਂਦੀਆਂ ਹਨ, ਹਾਂ ਫਰਕਣਾ ਵਿਸਾਰਕੇ ਛੱਪਰਾਂ ਨੂੰ ਕਹਿੰਦੀਆਂ ਹਨ: "ਭਾਰੇ ਤਾਂ ਹੋ ਜਾਓ ਪਰ ਡਿੱਗਣਾਂ ਨਹੀਂ, ਅੱਜ ਪਿਆਰੇ ਦੀ ਕੁਦਰਤ ਸੁਹਾਵੀ ਤੇ ਪਿਆਰੀ ਦੁਤੀ ਤੇ ਹਾਂ ਪ੍ਰੀਤਮ ਦਾ ਅਹਲਾ ਸਰੂਪ, ਜੋ ਕੁਦਰਤ ਵਿਚ ਦਮਕਦਾ ਹੈ, ਇਨ੍ਹਾਂ ਅੱਖਾਂ-ਇਨ੍ਹਾਂ ਨਿੱਕੇ ਨਿੱਕੇ ਪਰ ਜੀਉਂਦੇ ਛੇਕਾਂ-ਬਾਣੀ ਅੰਦਰਲੇ ਨੂੰ ਜੱਫੀਆਂ ਪਾ ਪਾ ਮਿਲ ਰਿਹਾ ਹੈ"।
ਵਾਹ ਸੁੰਦਰਤਾ! ਖੂਬ ਠੱਗ ਹੈਂ ਤੂੰ। ਜਿਨ੍ਹਾਂ ਦੇ ਅੰਦਰ ਤੂੰ ਫੇਰਾ ਪਾਇਆ ਉਹਨਾਂ ਨੂੰ ਲੈ ਗਈਓਂ...। ਜਦ ਇਸ ਸੁਹਾਵੀ ਸੁੰਦਰਤਾ ਦੇ ਕੁੱਛੜ ਕਦੇ ਸੱਚੇ ਪ੍ਰੇਮੀ ਚੜ੍ਹ ਬੈਠਣ ਤਾਂ ਆਖਦੇ ਹਨ:-"ਅਸੀਂ ਚੱਲੇ। ਲਓ! ਪਲੰਘ ਵਿਛਿਆ ਰਿਹਾ: ਦੇਹ ਉਤੇ ਸਿੱਧੀ ਚੱਟ ਲੇਟੀ ਰਹੀ, ਹੱਥ ਛਾਤੀ ਤੇ ਪਏ ਜੁੜੇ ਰਹੇ, ਨੈਣ ਅਧ ਖੁੱਲ੍ਹੇ, ਹਿਤ ਅਲਸਾਏ, ਪ੍ਰੇਮ ਪ੍ਰਵੇਧੇ ਉਸੇ ਤਰ੍ਹਾਂ ਖੁਲ੍ਹੇ ਰਹੇ, ਟੱਕ ਬੱਝੀ ਰਹੀ, ਪਰ ਦੇਖੋ ਸੁੰਦਰਤਾ ਮਲਕੜੇ ਜਿਹੇ ਸਾਨੂੰ ਵਿਚੋਂ ਖਿਸਕਾ ਲਿਚੱਲੀ ਜੇ। ਪਈ ਰਹੁ
ਆਹ ਸੁੰਦਰਤਾ ਤੂੰ ਧੰਨ ਹੈਂ! ਤੂੰ ਉਹ ਦੇਵੀ ਹੈਂ ਜੋ ਵਿਛੁੜਿਆਂ ਨੂੰ ਮੇਲਦੀ ਹੈ। ਤੂੰ ਹੈਂ ਜੋ ਸੋਚ ਸਮੁੰਦਰ ਵਿਚੋਂ ਕੱਢਕੇ ਬੇਖ਼ੁਦੀਆਂ ਦੇ ਪੰਘੂੜੇ ਝੁਟਾਉਂਦੀ ਹੈ। ਤੂੰ ਹੈਂ ਜੋ ਰਸ ਦੇਸ਼ ਤੇ ਓਥੋਂ ਲਾ-ਮਕਾਨ ਵਿਚ ਲੈ ਜਾਂਦੀ ਹੈਂ। ਹੇ ਛਬੀ ! ਤੇਰਾ ਜਾਦੂ ਧੰਨ ਹੈ! ਇਸ ਹਿਸਾਬੀ ਸੋਚੂ ਜੀਉੜੇ ਨੂੰ ਤੂੰ ਅਨੰਤ ਅਥਾਹ ਰਸ ਵਿਚ ਉਡਾ ਲਿਜਾਂਦੀ ਹੈਂ। ਤੂੰ ਯੋਗੀਰਾਜ ਹੈਂ ਜੋ ਚਿਤ ਬ੍ਰਿਤੀਆਂ ਦਾ ਪਲਕਾਰੇ ਵਿਚ ਨਿਰੋਧ ਕਰਦੀ ਹੈਂ, ਤੂੰ ਹੈਂ ਜੋ ਮਨ ਨੂੰ ਖੜਾ ਕਰਦੀ ਹੈਂ ਤੇ ਬੁੱਧੀ ਦੇ ਚੱਕਰ ਨੂੰ ਬੰਨ੍ਹ ਬਹਾਲਦੀ ਹੈਂ! ਤੂੰ ਹੈਂ ਜੋ ਪਾਰਲੇ ਦੇਸ਼ ਦਾ ਪਤਾ ਦੇਂਦੀ ਹੈਂ! ਤੂੰ ਹੈਂ ਜੋ ਮੰਤਰਾਂ ਤੇ ਫਿਲਾਸਫੀਆਂ ਦੀ ਸਰਹੱਦ ਤੋਂ ਪਰੇ ਟਪਾਕੇ ਰਸ ਦੇ ਦੇਸ਼, ਹਾਂ, ਆਪੇ ਦੇ ਦੇਸ਼ ਵਿਚ ਲੈ ਜਾਂਦੀ ਹੈਂ। ਤੂੰ ਧੰਨ ਹੈਂ, ਤੈਨੂੰ ਆਦੇਸ਼ ਹੈ, ਤੈਨੂੰ 'ਵਾਹ ਵਾਹ' ਹੈ, ਵਾਹ ਵਾਹ ਉਹ ਦੇਸ਼ ਹੈ ਜਿਥੇ ਬਾਣੀ ਦੀ ਪਹੁੰਚ ਨਹੀਂ। ਤੂੰ ਵਾਹ ਵਾਹ ਦਾ ਰੂਪ ਬੰਨ੍ਹਕੇ ਐਸੇ ਵੇਲੇ ਆਉਂਦੀ ਹੈ।
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ॥
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ॥
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥
ਵਾਹੁ ਵਾਹੁ ਕਰਮੀ ਬੋਲੈ ਬੋਲਾਇ॥
ਵਾਹੁ ਵਾਹੁ ਕਰਤਿਆ ਸੋਭਾ ਪਾਇ ॥
ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥
ਵਾਹ ਸੁੰਦਰਤਾ! ਵਾਹ ਸੁੰਦਰ ਦਾਤਾ, ਜਿਨ੍ਹ ਸੁੰਦਰਤਾ ਦਾ ਭੇਤ ਦੱਸਿਆ। ਵਾਹ ਵਾਹ ਸੁੰਦਰਤਾ ਤੂੰ ਸੁੰਦਰ ਦਿਖਾਲਿਆ। ਵਾਹ ਵਾਹ ਸੁੰਦਰਤਾ ਤੂੰ ਵਾਹ ਵਾਹ ਸਿਖਾਈ, ਪਰ ਵਾਹ! ਹੇ 'ਵਾਹ ਵਾਹ' ਤੂੰ ਫਿਰ ਸੁੰਦਰਤਾ ਦਿਖਾਈ ਤੇ ਸੁੰਦਰ ਦੇ ਚਰਨੀਂ ਲਾਇਆ,ਵਾਹ ਵਾਹ:-
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ॥
ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ॥
ਨਾਨਕ ਵਾਹੁ ਵਾਹੁ ਗੁਰਮਖਿ ਪਾਈਐ ਅਨਦਿਨੁ ਨਾਮੁ ਲਏਇ ॥੧॥
(ਵਾ:ਗੁ:ਮ:੩)
ਹੇ ਸੁਹਣੇ! ਹੇ ਸੁੰਦਰ ! ਹੇ ਮੇਰੇ ਸੁੰਦਰਾਂ ਦੇ ਸੁੰਦਰ ! ਹੋ ਸੁਹਾਵੇ ! ਹੋ ਸਦਾ ਸੁਹਾਣ ! ਹੇ ਛਬੀ ਵਾਲੇ! ਹੇ ਫਬੀ ਵਾਲੇ ! ਹੇ ਅਦੁਤੀ ਦੁਤੀ ਵਾਲੇ! ਹੇ ਮਨ- ਮੋਹਣੇ! ਹੇ ਅਹਲਾ! ਹੋ ਲਲਿਤ! ਹੋ ਹੁਸਨ! ਹੋ ਹੁਸਨਾਂ ਦੇ ਸਰਦਾਰ! ਹੇ ਖੂਬ ! ਹੇ ਖੂਬਾਂ ਦੇ ਸ਼ਹਿਨਸ਼ਾਹ। ਹਾਂ, ਹੇ ਸੁੰਦਰ! ਸੁੰਦਰਤਾ ਨੂੰ ਆਪਣਾ ਪ੍ਰਕਾਸ਼ ਬਣਾਕੇ ਪ੍ਰਕਾਸ਼ ਪਰ ਮੋਹਿਤ ਹੋਇਆਂ ਨੂੰ ਆਪਣੇ ਵਿਚ ਖਿੱਚ ਲੈਣ ਵਾਲੇ! ਵਾਹੁ ਵਾਹੁ ਤੇਰੀ ਸੱਤ ਰਜਾਇ।
ਹਾਂ, ਕਦੇ ਕਦੇ ਇਹੋ ਸੁੰਦਰਤਾ ਮਨ ਨੁੰ ਕੋਈ ਹੋਰ ਅੱਖਾਂ ਬੀ ਲਾ ਦਿਆ ਕਰਦੀ ਹੈ। ਉਂਞ ਤਾਂ ਆਕਾਸ਼ਾਂ ਦਾ ਪੇਹਨ ਤੇ ਇਹ ਅਸਗਾਹ ਪੁਲਾੜ ਅੱਖਾਂ ਨੂੰ ਸੁੰਞਾ ਤੇ ਸੱਖਣਾ ਹੀ ਭਾਸਦਾ ਹੈ, ਪਰ ਇਨ੍ਹਾਂ ਨਵੀਆਂ ਅੱਖਾਂ ਨਾਲ ਇਹ ਸਾਰਾ ਜੀਉਂਦਾ ਹੋ ਦਿੱਸਦਾ ਹੈ, ਸੋਹਣਿਆਂ ਤੇ ਜੀਉਂਦਿਆਂ ਨਾਲ ਵੱਸ ਰਿਹਾ ਦਿੱਸ ਪੈਂਦਾ ਹੈ।
ਔਹ ਵੇਖੋ ਕੌਣ ਦਿੱਸਿਆ ਜੇ? ਇਕ ਤਾਂ ਕੋਈ ਰਸੀਆ ਧਰਤੀ ਤੇ ਮੜੋਲੀ ਛੋੜਕੇ ਪਵਨ ਰੂਪ ਹੋਕੇ ਏਸੇ ਸੁੰਦਰਤਾ ਦੇ ਮੋਢੇ ਚੜ੍ਹਕੇ ਉੱਚਾ ਆਇਆ ਹੈ। ਇਕ ਕੋਈ ਅਰਸ਼ਾਂ ਤੋਂ ਚਾਨਣੇ ਦੀ ਦੇਵੀ ਆਈ, ਮਾਤਾ ਆਈ, ਅੰਮਾਂ ਆਈ, ਅੰਮਾਂ ਰੱਜੀ ਆਈ। ਰੱਜੀ ਆਈ ਕਿ ਰਾਜੀ ਆਈ। ਸ਼ੁਕਰ ਹੈ 'ਰਾਜੀ' ਆਈ, ਸ਼ੁਕਰ ਹੈ ਧਰਤੀ ਉੱਤੇ ਤਾਂ 'ਨਾ+ਰੱਜੀ' ਤੇ 'ਨਾ+ਰਾਜੀ' ਵੱਸਦੀਆਂ ਸਨ, ਪਰ ਏਥੇ ਅੰਮਾਂ 'ਰਾਜੀ' ਆਈ ਤੇ ਅੰਮਾਂ 'ਰੱਜੀ' ਆਈ ਜੇ, ਹੁਣ ਭੁੱਖ ਤਸੇਵੇਂ ਤੇ ਰੋਗ ਦੁੱਖ ਗਏ। ਅੰਮਾਂ 'ਰੱਜੀ' ਤੇ 'ਰਾਜੀ''।
ਆਓ ਹੁਣ ਇਨ੍ਹਾਂ ਦੀਆਂ ਗੱਲਾਂ ਸੁਣੀਏ:-ਅੰਮਾਂ ਰੱਜੀ ਬੋਲੀ-ਆਓ ਬੱਚਾ! ਆਓ ਮੇਰੇ ਗੋਦੀ ਦੇ ਬੱਚੇ! ਮੈਂ ਤਾਂ ਸਦਾ ਤੇਰੇ ਨਾਲ ਹੁੰਦੀ ਹਾਂ, ਤੂੰ ਦਿਨੇ ਰਾਤ ਮੇਰੀ
––––––––––
* ਰੱਜੀ=ਸੰਤੁਸ਼ਟਤਾ, ਤ੍ਰਿਪਤੀ, ਤ੍ਰਿਸ਼ਨਾ ਰਹਿਤ ਦਸ਼ਾ। ਰਾਜੀ=ਅਰੋਗਤਾ, ਪ੍ਰਸੰਨਤਾ ਦੁਖ ਰਹਿਤ ਹਾਲਤ।
ਗੋਦ ਖੋਲਦਾ ਹੈਂ, ਫੇਰ ਤੂੰ ਭੁੱਖਾ ਹੋਕੇ ਡਾਬੂ ਕਿਉਂ ਲੈਂਦਾ ਹੁੰਦਾ ਹੈਂ, ਤੇ ਰੋਗੀ ਜਿਹਾ ਹੋਕੇ 'ਹਾਇ 'ਹਾਇ' ਕਿਉਂ ਕਰਦਾ ਹੁੰਦਾ ਹੈ? ਤੂੰ ਜਗਤ ਦੇ ਰਾਜਕਾਂ ਵੱਲ ਤੇ ਵੈਦਾਂ ਵੱਲ ਨਾਂ ਤੱਕਿਆ ਕਰ, ਆਪਣੀ ਮਾਂ ਵੱਲ ਤੱਕਿਆ ਕਰ, ਤੂੰ ਸਦਾ ਮੇਰੀ ਗੋਦ ਵਿਚ ਖੇਲਦਾ ਹੈ।
ਰਸੀਆ-ਅੰਮਾਂ ਜੀ! ਤੁਸੀਂ ਮੇਰੇ ੳਹਨਾਂ ਧਰਤੀ ਦੇ ਨੈਣਾਂ ਨਾਲ ਦਿੱਸਦੇ ਨਹੀਂ ਹੋ ਨਾਂ। ਉਹ ਮਰ ਜਾਣੇ ਨੈਣ ਤਾਂ ਵੈਦਾਂ ਤੇ ਅੰਨ ਦਾਤਿਆਂ ਨੂੰ ਦੇਖਦੇ ਰਹਿੰਦੇ ਹਨ। ਅੰਮਾਂ ਤੂੰ ਸੁੰਦਰਤਾ ਦੇ ਦੇਸ਼ ਵੱਸਦੀ ਹੈਂ ਮੈਂ 'ਆਸ ਅੰਦੇਸ਼'' ਦੇ ਦੇਸ਼ ਵੱਸਦਾ ਹਾਂ! ਸੁੰਦਰਤਾ ਨੂੰ ਕਹੁ ਖਾਂ ਮੈਨੂੰ ਠੱਗੀ ਰੱਖਿਆ ਕਰੋ, ਆਪਣੇ ਕੰਧਾੜੇ ਚੁੱਕਕੇ ਮੈਨੂੰ ਏਥੇ ਲੈ ਆਇਆ ਕਰੇ ਤਾਂ ਮੈਨੂੰ ਤੂੰ ਦਿੱਸਦੀ ਰਿਹਾ ਕਰੇਂ ਤੇ ਮੈਂ ਹੁਣ ਵਾਂਗੂ ਤੇਰੀ ਛਾਵੇਂ ਸੁਖ ਮਾਣਿਆ ਕਰਾਂ।
ਅੰਮਾਂ-ਬੱਚਾ! ਤੂੰ ਵਾਹੁ ਵਾਹੁ ਕਰਿਆ ਕਰ।
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ
ਗੁਰ ਪੂਰੇ ਵਾਰ ਵਾਰ ਭਾਵੈ।
ਨਾਨਕ ਵਾਹੁ ਵਾਹੁ ਜੋ ਮਨ ਚਿਤਿ ਕਰੇ
ਤਿਸੁ ਜਮ ਕੰਕਰੁ ਨੇੜਿ ਨ ਆਵੈ॥੨॥
ਰਸੀਆ-ਅੰਮਾਂ ਜੀ! ਮੈਂ ਕੀ ਕਰਾਂ, ਜਦੋਂ ਸੱਚੀ ਤੇ ਸੁੱਚੀ ਸੁੰਦਰਤਾ ਝਲਕਾ ਮਾਰਦੀ ਹੈ, ਮੱਲੋ ਮੱਲੀ 'ਵਾਹੁ ਵਾਹੁ' ਹੁੰਦੀ ਹੈ। ਜਦੋਂ ਆਸ ਅੰਦੇਸੇ ਦੇ ਭੂਤ ਆ ਦਬੱਲਦੇ ਹਨ ਤਦ 'ਵਾਹੁ ਵਾਹੁ' ਕਰੋ ਬੀ ਤਦ ਬੀ ਸੁਆਦ ਨਹੀਂ ਪੈਂਦਾ।
ਅੰਮਾਂ-ਫੇਰ ਬੀ 'ਵਾਹੁ ਵਾਹੁ' ਨਾ ਛਡਿਆ ਕਰੋ! ਓਦੋਂ ਵਾਹੁ ਵਾਹੁ ਆਸ ਅੰਦੇਸੇ ਦੀ ਜਕੜ ਨੂੰ ਮਪ ਮਪ ਕੇ ਕੱਟਦੀ ਹੁੰਦੀ ਹੈ । ਵਾਹ ਵਾਹ ਕਦੇ ਸਖਣੀ ਨਹੀਂ ਜਾਂਦੀ। ਵਾਹੁ ਵਾਹੁ ਦੋ ਕੰਮ ਕਰਦੀ ਹੈ, ਇਕ ਤਾਂ ਮੈਲ ਕੱਟਦੀ ਹੈ, ਦੂਏ. ਜਦੋਂ ਮੈਲ ਕੱਟ ਲਵੇ ਤਦ ਪਿਆਰੇ ਦੇ 'ਸਤਿ ਸੁਹਾਣੁ ਸਦਾ ਮਨਿ ਚਾਉ' ਦਾ ਝਲਕਾ ਮਾਰਦੀ, ਖੀਵਿਆਂ ਕਰਦੀ, ਬੇ ਖ਼ੁਦੀਆਂ ਦੇ ਝੂਟੇ ਦੇਂਦੀ ਤੇ ਅੰਮ੍ਰਿਤ ਪਿਲਾਉਂਦੀ ਰਹਿੰਦੀ ਹੈ।
–––––––––
੧. ਆਸਾ ਅੰਦੇਸਾ ਦੁਇ ਪਟ ਜੜੇ ॥ ਮਪਿ ਮਪਿ ਕਾਟਉ ਜਮ ਕੀ ਫਾਸੀ ੨. ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ ॥੧॥ {ਆਸਾ ਨਾਮ:)
੩. ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
(ਗਉ: ਸੁਖਮਨੀ: ਮ:੫)
ਰਸੀਆ-ਫੇਰ ਤੁਸੀਂ ਨਾਂ ਨਾਂ ਟੁਰ ਆਯਾ ਕਰੋ।
ਅੰਮਾ-'ਰੱਜੀ ਤੇ ਰਾਜੀ' ਤਾਂ ਸਦਾ ਗੋਦ ਵਿਚ ਰੱਖਦੀ ਹੈ ਤੇ ਤੂੰ ਬਾਹਰ ਰਿੜ੍ਹ ਜਾਨਾ ਹੈਂ; 'ਆਸ ਅੰਦੇਸੇ' ਵਿਚ ਨਾ ਤਿਲਕਿਆ ਕਰੇਂ ਤਾਂ ਤੂੰ 'ਸਦਾ ਰੱਜਿਆ' 'ਸਦਾ ਰਾਜ਼ੀ' ਰਿਹਾ ਕਰੇਂ।
ਰਸੀਆ-ਮਾਂ! ਮੈਂ ਐਸ ਵੇਲੇ ਐਡਾ ਖੁਸ਼ ਹਾਂ, ਕਿ ਜੇ ਮੇਰਾ ਸਰੀਰ ਨਾਲ ਹੁੰਦਾ ਤਾਂ ਮੇਰੇ ਚੋਲੇ ਦੀਆਂ ਤਣੀਆਂ ਟੁੱਟ ਜਾਂਦੀਆਂ ਤੇ ਫੇਰ ਸਰੀਰ ਪਾਟ ਪੈਂਦਾ। ਐਹੋ ਜੇਹੀ ਸੋਹਣੀ ਖੁਸ਼ੀ ਕਿਉਂ ਲੁਕੋ ਰੱਖਦੇ ਹੁੰਦੇ ਹੋ? ਹੈਂ ! ਜੀਓ ਜੀ!
ਅੰਮਾਂ-ਲੁਕੋ ਤਾਂ ਨਹੀਂ ਰੱਖਦੀ, ਲੋਕੀਂ ਉਹਨਾਂ ਅੱਖਾਂ ਨੂੰ ਨਹੀਂ ਖੋਹਲਦੇ ਜਿਸ ਨਾਲ ਇਹ ਦਿੱਸਦਾ ਹੈ, ਉਹ ਨੈਣ ਵਾਹ ਵਾਹ ਕੀਤਿਆਂ ਖੁੱਲਦੇ ਹਨ। ਲੋਕੀਂ ਵਾਹੁ ਵਾਹੁ ਨਹੀਂ ਕਰਦੇ। ਹਾਇ ਹਾਇ ਕਰਦੇ ਹਨ, ਤ੍ਰਫੂੰ ਤ੍ਰਫੂੰ ਕਰਦੇ ਹਨ, ਇਸ ਕਰਕੇ ਇਸ ਖੁਸ਼ੀ ਤੋਂ ਵਾਂਜੇ ਰਹਿੰਦੇ ਹਨ। ਫਿਰ ਇਹ ਖੁਸ਼ੀ ਐਡੀ ਸਸਤੀ ਹੈ ਕਿ ਕਿਸੇ ਕਰੜੇ ਸਾਧਨ, ਹਠ, ਤਪ, ਤ੍ਯਾਗ, ਪਿੱਟਣੇ ਦੀ ਲੋੜ ਨਹੀਂ ਰੱਖਦੀ। "ਹੈ” ਦਾ ਨਿਹਚਾ ਧਾਰ ਕੇ ਅੰਦਰ ਵਾਹੁ ਵਾਹੁ ਕਰਦਾ ਰਹੇ, ਵਾਹੁ ਵਾਹੁ ਤੇ ਟਿਕਿਆ ਰਹੇ, ਫੇਰ ਇਹ ਖੁਸ਼ੀ ਅੱਠ ਪਹਿਰ ਮਾਣਦਾ ਰਹੇ।
ਸਲੋਕੁ ਮਃ:੩॥
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇਇ ਬੁਝਾਇ॥
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ॥
ਵਾਹੁ ਵਾਹੁ ਗੁਰਸਿਖ ਜੋ ਨਿਤ ਕਰੇ ਸੋ ਮਨਿ ਚਿੰਦਿਆ ਫਲੁ ਪਾਇ ॥
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ ਕੈ ਸੰਗਿ ਮਿਲਾਇ॥
ਵਾਹੁ ਵਾਹੁ ਹਿਰਦੇ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥
ਨਾਨਕੁ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ ਕਉ ਦੇਉ॥੧॥
(ਵਾਰ ਗੂ:ਮ:੩)
ਰਸੀਆ-ਜੋ ਮਰ ਜਾਂਦੇ ਹਨ ਤੇ 'ਵਾਹੁ ਵਾਹੁ' ਦੇ ਰੰਗ ਰੱਤੇ ਹੋਕੇ ਮਰਦੇ ਹਨ ਓਹ ਕੀ ਕਰਦੇ ਹਨ?
ਅੰਮਾਂ-ਜੋ ਹੁਣ ਤੂੰ ਪਿਆ ਕਰਦਾ ਹੈਂ।
ਰਸੀਆ-ਐਡੀ ਖੁਸ਼ੀ ਮਾਣਦੇ ਹਨ?
ਅੰਮਾਂ-ਆ ਤੈਨੂੰ ਮੈਂ ਵਾਹੁ ਵਾਹੁ ਕਰਕੇ ਆਇਆਂ ਦਾ ਇਕ ਸਤਿਸੰਗ ਦਿਖਾਵਾਂ।
ਇਹ ਕਹਿੰਦਿਆਂ ਸਾਰ ਦੁਇ ਉੱਡੇ, ਇੰਞ ਉੱਡੇ ਕਿ ਸੰਸਾਰ ਵਿਚ ਕੋਈ ਖਿਆਲ ਉਸ ਤੇਜ਼ੀ ਦਾ ਤੇ ਤ੍ਰਿਖਾ ਹੋ ਨਹੀਂ ਸਕਦਾ, ਮਾਨੋਂ ਕ੍ਰੋੜਾਂ ਮੀਲ ਪਲਕਾਰੇ ਵਿਚ ਪੈਡਾਂ ਮੁਕਦਾ ਸੀ। ਖੁਸ਼ੀ, ਠੰਢ, ਰਸ, ਸੁਆਦ ਵੱਧ ਤੋਂ ਵੱਧ ਪਸਰ ਰਿਹਾ ਸੀ। ਜਿਨ੍ਹਾਂ ਤਾਰਿਆਂ, ਮੰਡਲਾਂ, ਖੰਡਾਂ: ਵਰਭੰਡਾਂ ਨੂੰ ਤੱਕ ਤੱਕ ਕੇ ਹਰਿਆਨ ਹੋਈਦਾ ਹੈ, ਹਾਂ ਉਹਨਾਂ ਦੇ ਵਿਚਦੀ ਲੰਘਣਾ ਕੁਛ ਬਾਤ ਨਹੀਂ ਸੀ। ਗੱਲ ਕੀ ਇਸ ਤਰ੍ਹਾਂ ਉਡਦੇ ਓਹ ਇਕ ਸੁੰਦਰ ਮੰਡਲ ਤੇ ਪਹੁੰਚੇ। ਇਹ ਏਨੀ ਦੂਰ ਥਾਂ ਹੈ ਕਿ ਜੋ ਚਾਨਣਾ ਐਥੋਂ ਟੁਰੇ ਤਾਂ ਧਰਤੀ ਉਤੇ ਪੰਜਾਹ ਬਰਸਾਂ ਵਿਚ ਬੀ ਮਸਾਂ ਪਹੁੰਚੇ। ਇਹ ਮਿੱਟੀ ਲੋਹੇ ਤ੍ਰਾਮੇ ਦੀ ਧਰਤੀ ਨਹੀਂ ਸੀ, ਇਕ ਅਗਨ ਤੇ ਚਾਨਣੇ ਦਾ ਲੋਕ ਜਾਪਦਾ ਸੀ।
ਏਥੇ ਧਰਤੀ ਵਾਂਙੂ ਹੀ ਇਕ ਦੀਵਾਨ ਲੱਗਾ ਜਾਪਦਾ ਸੀ, ਅਰ ਕੀਰਤਨ ਹੋ ਰਿਹਾ ਸੀ। ਰਾਗੀ ਕੈਸੇ ਸਨ ਕਿ ਉਹਨਾਂ ਦਾ ਕੀਰਤਨ ਬੱਸ ਰਸ ਤੇ ਸੁਆਦ ਦਾ ਹੀ ਰੂਪ ਸੀ। ਪ੍ਰੇਮ ਦਾ ਮੀਂਹ ਵੱਸ ਰਿਹਾ ਸੀ, ਅਨੰਦ ਦੇ ਫੁਹਾਰੇ ਛੁਟ ਰਹੇ ਸਨ।
ਰਸੀਏ ਨੂੰ ਅੰਮਾਂ ਜੀ ਨੇ ਪੁੱਛਿਆ, 'ਕਹੁ ਇਹ ਸੁਆਦ ਕਿਹੋ ਜਿਹਾ ਹੈ?' ਰਸੀਆ-ਕੀ ਆਖਾਂ, ਬੱਸ ਇਹੋ ਹੈ ਕਿ ਕਹਿ ਨਹੀਂ ਹੁੰਦਾ, ਗੁੰਗੇ ਦੀ ਮਠਿਆਈ ਹੈ।
ਅੰਮਾਂ-ਜੋ ਉਸ ਸੂਈ ਦੇ ਨੱਕੇ ਜਿੰਨੋ ਟਿਕਾਣੇ (ਧਰਤੀ) ਉਤੇ ਆਪਣੇ ਦਿਨ 'ਵਾਹੁ ਵਾਹੁ' ਦੇ ਰੰਗ ਵਿਚ ਬਿਤਾਉਂਦੇ ਹਨ, ਸੋ ਐਹੋ ਜਿਹੇ ਰਸਾਂ ਨੂੰ ਮਾਣਦੇ ਹਨ ਤੇ ਐਹੋ ਜਿਹੀ ਅਵਸਥਾ ਨੂੰ ਅੱਪੜਦੇ ਹਨ।
ਰਸੀਆ-ਮਾਂ ਜੀ! ਕੀ ਅਸੀਂ ਉਹਨਾਂ ਖੰਡਾਂ ਵਿਚੋਂ ਕਿਸੇ ਖੰਡ ਵਿਚ ਖੜੇ ਹਾਂ; ਜੋ ਜਪੁਜੀ ਸਾਹਿਬ ਜੀ ਵਿਚ ਲਿਖੇ ਹਨ?
ਅੰਮਾਂ-ਉਹ ਖੰਡ ਕੋਈ ਥਾਂ ਟਿਕਾਣੇ ਧਰਤੀ ਵਰਗੇ ਤਾਂ ਨਹੀਂ ਹਨ, ਓਹ ਤਾਂ ਇਕ ਅਰੂਪ ਰੂਪ ਦੇ ਟਿਕਾਣੇ ਹਨ, ਪਰ ਉਹ ਟਿਕਾਣੇ ਹਨ ਬੀ। ਖੰਡ ਵਿਚ ਬੀ ਹਨ ਤੇ ਬ੍ਰਹਮੰਡ ਵਿਚ ਬੀ ਹਨ, ਬ੍ਰਹਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆ ਹੋਣੇ ਦੀ ਲੋੜ ਹੈ। ਪਿੰਡ ਵਿਚ ਤੇ ਆਪਣੀ ਉਚਾਈ ਪ੍ਰਾਪਤ ਕਰਨ ਲਈ ਸਾਧਨ ਪੱਖ ਵਿਚ ਐਉਂ ਸਮਝ ਲੈ:-
੧. ਪਹਿਲਾ ਖੰਡ ਧਰਮ ਖੰਡ 'ਜਪੁਜੀ ਸਾਹਿਬ' ਵਿਚ ਦੱਸਿਆ ਹੈ, ਜੋ ਤੁਹਾਡੀ ਧਰਤੀ ਧਰਮ ਦਾ ਖੰਡ ਹੈ, ਅਰਥਾਤ ਓਥੇ ਹਰ ਪ੍ਰਾਣੀ ਦੇ ਸਿਰ ਕੋਈ ਫਰਜ਼ ਯਾ ਧਰਮ ਹੈ। ਬਥੇਰਾ ਜ਼ੋਰ ਲਾਓ ਕਿ ਉਹ ਥਾਂ ਕੁਛ ਹੋਰ ਬਣੇ, ਪਰ ਰਾਜਾ ਤੋਂ ਪਰਜਾ ਤੀਕ ਸਭ ਕਿਸੇ ਦੇ ਸਿਰ ਫਰਜ਼ ਯਾ ਧਰਮ ਦਾ ਕਰ ਪਿਆ ਹੈ, ਇਸੇ ਕਰਕੇ ਤੁਹਾਡੀ ਧਰਤੀ ਧਰਮ ਦੀ ਸਾਲ ਹੈ, ਅਰ ਫਰਜ਼ਾਂ ਦੇ ਨਿਬਾਹ, ਅਰਥਾਤ
੨. ਧਰਮ ਖੰਡ ਸਾਡੇ ਲਈ ਧਰਤੀ ਹੈ, ਪਰ ਜਦ ਗ੍ਯਾਨ ਵਿਚ ਆਉਂਦਾ ਹੈ, ਤਾਂ ਕਈ ਕਰਮ ਭੂਮੀਆਂ: ਕਈ ਚੰਦ, ਕਈ ਸੂਰਜ, ਕਈ ਲੋਕ ਤੇ ਉਹਨਾਂ ਵਿਚ ਦੇਸ਼ਾਂ ਦਾ ਗ੍ਯਾਨ ਹੁੰਦਾ ਹੈ, ਉਸ ਨੂੰ ਲੋਕ ਦੀ ਵਿਸ਼ਾਲਤਾ ਦਿੱਸਦੀ ਹੈ ਤੇ ਉਸ ਨੂੰ ਗ੍ਯਾਨ ਦਾ ਪ੍ਰਕਾਸ਼ ਪੈਂਦਾ ਹੈ ਤੇ ਯਾਨ ਤੋਂ ਉਪਜੇ ਅਨੰਦ ਦਾ ਸੁਆਦ ਪੈਂਦਾ ਹੈ ਜੋ ਇੰਦ੍ਰੇ ਰਸਾਂ ਤੋਂ ਬਹੁਤ ਉੱਚਾ ਅਨੰਦ ਹੈ। ਸੋ ਬੇਟਾ! ਜੋ ਧਰਮ ਦੇ ਖੰਡ ਵਿਚ ਵੱਸਦਾ ਹੈ, ਉਸ ਨੂੰ ਅਵੱਸੋਂ ਲੋੜ ਹੈ ਕਿ ਸਮਝੇ ਕਿ ਧਰਮ ਕੀਹ ਹੈ। ਅਰਥਾਤ ਉਸ ਨੂੰ ਆਪਣੇ ਫ਼ਰਜ਼ ਯਾ ਧਰਮ ਦੇ ਸਮਝਣ ਦੇ ਯਾਨ ਦੀ ਲੋੜ ਹੈ ਸੋ ਜੋ ਆਦਮੀ ਧਰਮ ਅਧਰਮ ਦਾ ਗਾਤਾ ਹੋ ਜਾਂਦਾ ਹੈ, ਉਹ ਵਿਸ਼ ਦੀ ਅਨੰਤਤਾਈ ਦਾ ਗਾਤਾ ਹੋ ਜਾਂਦਾ ਹੈ, ਫੇਰ ਉਸ ਨੂੰ ਸਮਝ ਪੈਂਦੀ ਹੈ ਕਿ ਨਿਰੇ ਸ਼ੁਭ ਕਰਮਾਂ ਨਾਲ ਛੁਟਕਾਰਾ ਨਹੀਂ, ਇਸ ਤੋਂ ਅੱਗੇ ਕੁਛ ਹੋਰ ਹੈ ਜਿਸ ਨਾਲ ਕਿ ਕਈ ਕਾਨ੍ਹ, ਮਹੇਸ਼, ਬ੍ਰਹਮੇ, ਧੂ, ਸਿੱਧ, ਬੁੱਧ, ਨਾਥ, ਦੇਵੀ ਦੇਵ, ਮੁਨੀ, ਆਦਿ ਗ੍ਯਾਨ ਪਾ ਪਾ ਕੇ ਉੱਚੇ ਉੱਠੇ ਹਨ। ਇਸ ਤਰ੍ਹਾਂ 'ਕਰਮ' ਤੋਂ ਅੱਗੇ ਮੈਂ 'ਸੁਰਤੀ ਸੇਵਕ 'ਬਣਨਾ ਹੈ, ਅਰਥਾਤ ਸੁਰਤ ਨਾਲ ਵਾਹਿਗੁਰੂ ਵਲ ਆਪਣੇ ਮਨ ਮੰਡਲ ਨੂੰ ਲਗਾਉਣਾ ਹੈ। ਉਹ ਫਿਰ ਸੁਰਤ ਨੂੰ ਰੱਬ ਵਿਚ ਜੋੜਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਅਨੰਦ ਵੇਖਦਾ ਹੈ, ਇਸ ਲਈ ਉਸ ਨੂੰ ਵਾਹਿਗੁਰੂ ਦੇ ਸਿਮਰਨ ਦਾ ਰਸਤਾ ਲੱਭਦਾ ਹੈ। ਅਰਥਾਤ ਫੇਰ ਉਹ ਸਮਝਦਾ ਹੈ ਕਿ "ਵਾਹੁ ਵਾਹੁ" ਪਰਮ ਧਰਮ ਹੈ। ਸੋ ਬੇਟਾ! ਜਿਸ ਨੂੰ ਇਹ ਗ੍ਯਾਨ ਹੋ ਗਿਆ, ਉਹ ਯਾਨ ਖੰਡ ਵਿਚ ਆ ਗਿਆ। ਉਹ ਨਾਮ ਅੱਯਾਸ ਕਰਦਾ ਹੈ ਕਿ ਸੁਰਤ ਸਾਈਂ ਵਿਚ ਲਗੀ ਰਹੇ।
੩. ਨਾਮ ਜਪਦਾ ਆਦਮੀ ਨਾਮ ਦੇ ਰਸ ਤੇ ਸੁੰਦਰਤਾ ਦੀ ਪ੍ਰਤੀਤੀ ਵਿਚ ਚਲਾ ਜਾਂਦਾ ਹੈ। ਅੰਤਰ ਆਤਮੇ ਉੱਜਲਤਾ, ਸੁੰਦਰਤਾ ਤੇ ਰਸ ਦਾ ਅਨੁਭਵ ਇਹ ਪ੍ਰਾਪਤੀ 'ਸੁਰਤੀ-ਸੇਵਕ' ਨੂੰ ਹੋ ਜਾਂਦੀ ਹੈ। ਉਥੇ ਸੁਰਤ, ਮਤਿ, ਮਨ, ਬੁੱਧਿ ਦੀ ਸੋਝੀ ਪੈਂਦੀ ਹੈ, ਪਰ ਇਸ ਤੋਂ ਅੱਗੇ ਇਕ ਹੋਰ ਤਰੱਕੀ ਹੁੰਦੀ ਹੈ ਕਿ ਉਸ ਨੂੰ 'ਸੁਧਿ ਯਾ ਸਿਧਿ' ਪ੍ਰਾਪਤ ਹੁੰਦੀ ਹੈ। ਇਹ ਉਹ ਬੁੱਧੀ ਹੈ ਜੋ ਦੇਵਤਿਆਂ ਅਰ ਸਿੱਧਿ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸੁਤੇ ਬੁੱਧੀ ਹੈ, ਇਸ ਨਾਲ ਬਿਨਾ 'ਕਾਰਨ ਕਾਰਜ' ਜਾਣੇਂ ਦੇ ਸੋਝੀ ਪੈਣ ਲੱਗ ਜਾਂਦੀ ਹੈ। ਮਨ ਤੇ ਬੁੱਧੀ ਤਾਂ ਜਗਤ ਵਿਚ ਕੰਮ ਕਰਨ ਲਈ ਜੀਵ ਦੇ ਮਦਦਗਾਰ ਹਨ, ਪਰਵਿਰਤੀ ਮਾਰਗ ਦੇ ਸੰਦ ਹਨ: ਪਰ 'ਸਿੱਧਿ ਯਾ ਸੁਧਿ' ਆਪੇ ਨੂੰ ਏਕਾਗਰ ਕਰਕੇ ਵਾਹਿਗੁਰੂ ਵੱਲ ਲੈ ਜਾਣ ਦਾ ਸੰਦ ਹੈ। ਅਸਲ ਵਿਚ ਇਹੋ ਬੁੱਧੀ ਹੈ, ਜੋ ਪਰਮਾਤਮਾਂ ਨੂੰ ਮੇਲਦੀ ਹੈ, "ਕਹਿ
ਅੰਤਰ ਆਤਮੇ ਤਾਂ ਜਯਾਸੂ ਸ਼ਰਮ ਖੰਡ ਵਿਚ ਐਉਂ ਹੈ, ਪਰ ਬਾਹਰ ਉਹ ਸ਼ਮ ਅਰਥਾਤ ਘਾਲ ਵਿਚ ਵੀ ਹੈ, ਕਿਉਂਕਿ ਉਹ ਧਰਮ ਖੰਡ ਦੇ ਧਰਮ ਬੀ ਪਾਲ ਰਿਹਾ ਹੈ ਤੇ ਗ੍ਯਾਨ ਖੰਡ ਦੀ ਵੀਚਾਰ ਦਾ ਤਾਣ ਬੀ ਸਾਰਾ ਲਾਕੇ ਨਾਮ ਜਪ ਰਿਹਾ ਹੈ, ਸੋ ਉਹ 'ਪ੍ਰਤੀਤੀ' ਵਿਚ ਤਾਂ ਰਸ ਤੇ ਖੁਸ਼ੀ (ਸ਼ਰਮਨ) ਵਿਚ ਰਹਿਂਦਾ ਹੈ। ਪਰ ਅਮਲ ਵਿਚ 'ਨੇਕੀ ਤੇ ਨਾਮ' ਦੇ ਯਤਨ ਵਿਚ ਹੋਣ ਕਰਕੇ ਘਾਲ (ਸ਼੍ਰਮ) ਵਿਚ ਰਹਿੰਦਾ ਹੈ। ਇਸੇ ਕਰਕੇ ਸਤਿਗੁਰ ਨੇ ਇਸ ਖੰਡ ਦਾ ਨਾਮ 'ਸਰਮ ਖੰਡ' ਰੱਖਿਆ ਹੈ।
ਧਰਮੀ ਪੁਰਖ ਧਰਮ ਖੰਡ ਵਿਚ ਹੈ, ਨਾਮੀ ਪੁਰਖ ਗ੍ਯਾਨ ਖੰਡ ਵਿਚ ਹੈ, ਨਾਮ ਰਸੀਆ ਸਰਮ-ਖੰਡ ਵਿਚ ਹੈ।
੪. ਅੱਗੇ ਫੇਰ ਕਰਮਖੰਡ ਹੈ। ਮਿਹਰ ਦਾ, ਫਜ਼ਲ ਦਾ, ਰੱਬ ਤੁੱਠਣ ਦਾ ਟਿਕਾਣਾ। ਸਰਮਖੰਡ ਦਾ ਜੱਗਯਾਸੂ ਸਿਮਰਨ ਰਸ ਵਿਚ ਲਿਵ ਲਾਉਂਦਾ ਲਾਉਂਦਾ ਦੇਸ਼ ਕਾਲ ਦੀ ਅਖੀਰਲੀ ਹੱਦ ਤੇ ਅੱਪੜ ਜਾਂਦਾ ਹੈ। ਇਥੋਂ ਤੱਕ ਘਾਲ ਲੈ ਆਉਂਦੀ ਹੈ। ਅੱਗੋਂ ਫੇਰ ਅਕਾਲ ਤੇ ਅਦੇਸ਼ ਵਿਚ ਯਾ ਲਾਮਕਾਂ ਦੇ ਟਿਕਾਣੇ ਵਿਚ, ਯਾ ਨਿਰੰਕਾਰ ਅਕਾਲ ਪੁਰਖ ਜੋਤੀ ਸਰੂਪ ਦੇ ਅਪਾਰ ਦੇਸ਼ ਵਿਚ ਜਾਣੇ ਲਈ ਉਸ ਦੇਸ਼ੋਂ ਹੀ ਕੁਛ ਕ੍ਰਿਸ਼ਮਾ ਹੁੰਦਾ ਹੈ ਜੋ ਅੱਗੇ ਲੈ ਜਾਂਦਾ ਹੈ। ਇਹ ਮਿਹਰ ਹੈ, ਫਜ਼ਲ ਹੈ, ਕਰਮ ਹੈ, ਹੁਣ ਇਸ ਅਵਸਥਾ ਵਿਚ ਜੋ ਕੋਈ ਪ੍ਰਾਪਤ ਹੋਇਆ ਹੈ, ਉਹ ਕਿਸੇ ਅਣਹੋਂਦ ਵਿਚ ਯਾ ਢਿੱਲ ਮੱਠ ਵਿਚ ਨਹੀਂ ਗਿਆ, ਉਸ ਦਾ ਆਪਾ ਹਉਂ ਛੱਡਦਾ ਛੱਡਦਾ ਮਰ ਨਹੀਂ ਗਿਆ, ਪਰ ਸਾਂਈ ਨਾਲ ਇਕ ਸੁਰ ਹੋ ਗਿਆ ਹੈ, ਹੁਣ ਉਹ ਰੱਬੀ ਜ਼ੋਰ; ਰੱਬੀ ਤਾਣ ਦਾ ਸਾਂਝੀਵਾਲ ਹੋ ਗਿਆ ਹੈ। ਵਾਹਿਗੁਰੂ ਦਾ ਆਤਮ-ਬਲ ਉਸ ਦਾ ਬਲ ਹੋ ਰਿਹਾ ਹੈ। ਓਹ ਉਸ ਨੂੰ ਨਿਰਾ ਆਪਾ ਹੀ ਨਹੀਂ ਦਿੱਸਦਾ, ਪਰ ਅਨੇਕਾਂ ਲੋਕਾਂ ਦੇ ਭਗਤ ਬ੍ਰਹਮੰਡ ਦੇ ਹੋਰ ਤਬਕੇ
––––––––––
੧. ਮਨ-ਸਰਮ੍ਮਨੁ=ਖੁਸ਼ੀ, ਉੱਚੇ ਅਨੰਦ ਨੂੰ ਕਹਿੰਦੇ ਹਨ।
2. ਮ=ਸ਼੍ਰਮ=ਮਿਹਨਤ: ਮੁਸ਼ੱਕਤ, ਘਾਲ।
ਤੋਂ ਬਖਸ਼ੇ ਗਏ ਲੋਕ ਮਿਲਦੇ ਹਨ, ਜਿਨ੍ਹਾਂ ਦੇ ਅੰਦਰ ਸੱਚੇ ਵਾਹਿਗੁਰੂ ਦਾ ਨਿਵਾਸ ਹੈ, ਜੋ ਨਿਵਾਸ ਕਿ ਅਭੇਦ ਹੋ ਗਿਆ ਹੈ। ਆਤਮ ਮੰਡਲ ਦੇ ਮਹਾਂ ਬਲੀ ਸੂਰਮੇ, ਸੁੰਦਰਤਾਈਆਂ ਤੇ ਜਲਾਲ ਓਥੇ ਵੱਸਦੇ ਹਨ। ਇਸ ਅਵਸਥਾ ਨੂੰ ਪਹੁੰਚਿਆਂ ਹੋਇਆਂ ਨੂੰ ਜਨਮ ਮਰਨ ਤੇ ਮਾਯਾ ਦਾ ਮੋਹਣੀ ਮੰਤ੍ਰੁ ਅਸਰ ਕਰਨੋਂ ਰਹਿ ਚੁਕਦਾ ਹੈ:-ਨਾ ਓਹਿ ਮਰਹਿ 'ਨਾ ਠਾਗੇ ਜਾਹਿ' ॥ ਉਹ ਜੋ ਸ਼ਰਮ ਖੰਡ ਵਿਚ ਨਾਮ ਰਸੀਆ ਸੀ, ਹੁਣ ਨਾਮੀ ਨੂੰ ਪ੍ਰਾਪਤ ਹੋਕੇ ਉਸ ਦੇ ਮਿਲਾਪ ਦਾ ਅਕਹਿ ਰਸ ਮਾਣ ਰਿਹਾ ਹੈ। ਉਸ ਦੇ ਅੰਦਰ ਜੋ 'ਸੱਚ' ਸੀ ਸੋ ਹੁਣ ਸੱਚਾ' ਹੋ ਗਿਆ ਹੈ, ਨਾਮ ਨਾਮੀ ਹੋਕੇ ਨਿਰੰਤਰ ਮੇਲ ਹੋ ਗਿਆ ਹੈ। ਸੋ ਉਸ ਦੀ ਸਮਝ ਹੁਣ ਜਾਣਦੀ ਹੈ ਕਿ ਹੁਣ ਮੇਰੀ ਘਾਲ ਕੇਵਲ-
ਸੁਨਿ ਰੀ ਸਖੀ ਇਹ ਹਮਰੀ ਘਾਲ॥
ਪ੍ਰਭ ਆਪਿ ਸੀਗਾਰਿ ਸਵਾਰਨਹਾਰ॥੧॥
ਮੂਜਬ ਰੱਬ ਦੀ ਮਿਹਰ ਹੈ। ਉਸ ਦੀ ਸਮਝ ਹੁਣ ਕਰਮ ਖੰਡ ਵਿਚ ਹੈ, ਅਰਥਾਤ ਉਹ ਇਸ 'ਰਸ ਭਰੀ ਵਾਹੁ ਵਾਹੁ' ਦੇ ਲਗਾਤਾਰ ਪ੍ਰਵਾਹ ਨੂੰ, ਨਾਮ ਦੇ ਅੰਦਰ ਨਿਵਾਸ ਨੂੰ, ਰਸ ਨੂੰ, ਅਨੰਦ ਨੂੰ, ਕਰਮ ਯਾ ਫਜ਼ਲ ਯਾ ਮਿਹਰ ਸਮਝਦਾ ਹੈ। ਉਸ ਦੇ ਅੰਦਰ ਹੁਣ ਇਕ 'ਵਾਹਦਤ ਦਾ ਦਰਿਯਾ' ਵਗਦਾ ਹੈ ਜਿਨੂੰ ਤੇਰੀ ਵਾਹੁ ਵਾਹੁ ਹੁਣ ਤੈਨੂੰ ਰਸ ਦੇ ਰਹੀ ਹੈ, ਅਰ ਨਿਰਯਤਨ ਚੱਲ ਰਹੀ ਹੈ। ਤੂੰ ਆਨੰਦ ਵਿਚ ਹੈਂ, ਉਮਾਹ ਵਿਚ ਹੈਂ, ਸਿਦਕ ਵਿਚ ਹੈਂ, ਖੇੜੇ ਵਿਚ ਹੈਂ ਅਰ ਸਮਝ ਰਿਹਾ ਹੈਂ ਕਿ ਮੇਰਾ ਕੀਤਾ ਕਿਛੁ ਨਹੀਂ ਹੋਯਾ, ਇਹ ਨਿਰੀ ਮਿਹਰ ਹੀ ਮਿਹਰ ਹੈ, ਹੁਣ ਤੇਰੇ ਅੰਦਰ ਹਉਂ ਦੀ ਟੇਕ ਨਹੀਂ ਰਹੀ, ਕੇਵਲ ਮਿਹਰ ਦੀ ਟੇਕ ਤੇ ਮਿਹਰ ਦਾ ਆਸਰਾ ਹੋ ਗਿਆ ਹੈ। ਇਹ ਤੂੰ ਹੁਣ 'ਕਰਮ ਖੰਡ' ਵਿਚ ਹੈਂ, 'ਸਾਈਂ ਦੇ ਫਜ਼ਲ' ਵਿਚ ਹੈਂ।
੫. ਜਦੋਂ ਸਾਈਂ ਦੀ ਮਿਹਰ ਨਦਰ ਵਿਚ ਪਲਟ ਜਾਂਦੀ ਹੈ: ਜਦੋਂ ਕਰਮ ਨਾਲ ਰਸ ਵਿਚ ਸਿਮਰਨ ਕਰਨ ਵਾਲਾ ਪਰਮੇਸ਼ੁਰ ਦੇ ਰੂਪ ਵਿਚ, ਪਰਮੇਸ਼ੁਰ ਦੀ ਨਦਰ ਨਾਲ ਮਿਲਾਪ ਪੂਰਾ ਪੂਰਾ ਪ੍ਰਾਪਤ ਕਰ ਲੈਂਦਾ ਹੈ, ਤਾਂ ਫੇਰ ਅੱਗੋਂ ਦੀ ਕਥਾ ਕਹਿਣੀ ਕਠਨ ਹੈ। ਅੱਗੇ ਸੱਚ ਖੰਡ ਹੈ, ਓਥੇ ਨਿਰੰਕਾਰ ਦਾ ਵਾਸਾ ਹੈ, ਨਦਰ ਤੇ ਮਿਹਰ ਤੇ ਅਨੰਦ ਓਥੇ ਪਸਰ ਰਿਹਾ ਹੈ। ਇਹ ਤਾਂ ਜਗ੍ਯਾਸੂ ਦੀ 'ਪ੍ਰਤੀਤੀ' ਹੁੰਦੀ ਹੈ ਤੇ ਅਮਲ ਉਸ ਦਾ ਹੁਕਮ ਅਨੁਸਾਰ ਕ੍ਰਿਯਾ ਕਰਨੀ ਹੁੰਦਾ ਹੈ, ਤਦੋਂ ਸਮਝ ਦੂਈ ਵਿਚ ਨਹੀਂ ਹੁੰਦੀ, ਕੇਵਲ ਸਤਿ ਸਰੂਪ ਵਾਹਿਗੁਰੂ ਦੀ "ਹੈ” ਵਿਚ ਰਸ ਰੂਪ ਲੀਨਤਾ ਵਿਚ ਹੁੰਦੀ ਹੈ। ਪਿਆਰੇ ਪ੍ਰੀਤਮ ਦੇ ਪ੍ਰੇਮ ਸਰੂਪ ਵਿਚ ਪ੍ਰੇਮ
ਰਸੀਆ-ਅੰਮਾਂ ਜੀ! ਮੈਂ ਪਹਿਲੇ ਤਾਂ ਖੰਡ ਸਮਝਦਾ ਹੀ ਨਹੀਂ ਸਾਂ, ਆਮ ਯਾਨੀ ਇਨ੍ਹਾਂ ਦੇ ਅਰਥ ਕਾਂਡ ਕਰਦੇ ਹਨ, ਤੂੰ ਕਾਂਡ, ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਯਾਨ ਕਾਂਡ। ਇਹ ਖੰਡਾਂ ਦੀ ਸੋਝੀ ਤਾਂ ਰਾਣਾ ਸੂਰਤ ਸਿੰਘ ਪੜ੍ਹਕੇ ਪਈ ਸੀ ਕਿ ਜਗਤ ਗੁਰੂ ਜੀ ਨੇ ਜਪੁਜੀ ਸਾਹਿਬ ਵਿਚ ਲੋਕ ਪ੍ਰਲੋਕ ਦੀ ਸੋਝੀ ਲਈ ਇਹ ਲਿਖੇ ਹਨ। ਅੱਜ ਪਤਾ ਬਹੁਤ ਸਾਫ ਲੱਗਾ ਹੈ ਕਿ ਇਹ ਸਾਡੀਆਂ ਆਤਮ ਅਵੱਸਥਾ ਹਨ ਤੇ ਖੰਡ ਵਿਚ ਬੀ ਤੇ ਬ੍ਰਹਮੰਡ ਵਿਚ ਬੀ ਇਹ ਦਰਜੇ ਹਨ ਤੇ ਅਵਸਥਾ ਵੀ ਤੇ ਅਰੂਪੀ ਟਿਕਾਣੇ ਬੀ।
ਅੰਮਾਂ-ਬੱਚਾ ਸੁਖ ਦੇ ਰਸਤੇ ਪਿਆ ਕਰੋ, ਫੋਕੇ ਹਿਸਾਬਾਂ ਤੇ ਵਹਿਮਾਂ ਵਿਚ ਕੀਹ ਹੈ। ਆਪਣਾ ਫਰਜ਼ ਪਛਾਣੋਂ, ਸ਼ੁਭ ਕਰਮ ਤੇ ਨੇਕੀ ਸਿਖੋ, ਜੋ ਧਰਮ ਸਮਝੋ ਉਸ ਪਰ ਟੁਰੋ, ਸਭ ਤੋਂ ਵਡਾ ਧਰਮ ਨਾਮ ਹੈ, ਉਸ ਪਰ ਟੁਰੋ, ਟੁਰਦਿਆਂ ਪੁਰ ਸਾਈਂ ਮਿਹਰ ਕਰਦਾ ਹੈ ਤਾਂ ਘਾਲ ਮਨਜ਼ੂਰ ਹੁੰਦੀ ਹੈ, ਜਿਨ੍ਹਾਂ ਪਰ ਨਦਰ ਹੋ ਜਾਂਦੀ ਹੈ ਉਹਨਾਂ ਨੂੰ ਸੱਤਿ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ; ਸੋ ਤੁਹਾਡਾ ਧਰਮ ਹੈ ਲੱਗੇ ਰਹਿਣਾ, ਲੱਗੇ ਰਿਹਾ ਕਰੋ।
ਰਸੀਆ-ਅੰਮਾਂ! ਕਾਹਦੇ ਵਿਚ?
ਅੰਮਾਂ-ਨਾਮ ਵਿਚ।
ਰਸੀਆ-ਅੰਮਾਂ ਜੀ! ਇਹ ਨਾਮ ਕੀ ਸ਼ੈ ਹੈ?
ਅੰਮਾਂ-ਬੱਚਾ ! ਇਹ ਪ੍ਰੇਮ ਹੈ ਸਿਮਰਨ ਹੀ ਪ੍ਰੀਤਮ ਦੇ ਪ੍ਰੇਮ ਦਾ ਵਿਦਤ ਸਰੂਪ ਹੈ। ਜੋ ਆਪਣੇ ਪ੍ਯਾਰੇ ਨੂੰ ਯਾਦ ਕਰਦਾ ਹੈ, ਉਸ ਦੇ ਅੰਦਰ ਪ੍ਰੇਮ ਹੁੰਦਾ ਹੈ ਪ੍ਰੇਮ ਵਾਲਾ ਪਿਆਰੇ ਨੂੰ ਭੁਲ ਨਹੀਂ ਸਕਦਾ। ਇਸੇ ਤਰ੍ਹਾਂ ਸਦਾ ਯਾਦ ਰੱਖਣ ਵਾਲਾ ਪ੍ਰੇਮ ਵਿਚ ਵਸਦਾ ਹੈ। ਨਾਮ ਜਪਣ ਵੇਲੇ ਸਾਂਈ ਵਿਚ ਪ੍ਯਾਰ ਭਾਵਨਾ ਚਾਹੀਏ।
ਰਸੀਆ-ਠੀਕ ਜੀਓ?
ਅੰਮਾਂ-ਇਹ ਕਰਤਬ ਦੀ ਵਿਸ਼ਾ ਹੈ, ਕਥਨੀ ਫੋਕੀ ਸ਼ੈ ਹੈ। ਇਉਂ ਕਹਿਕੇ ਉਥੋਂ ਇਕ 'ਵਾਹਿਗੁਰੂ' ਦੀ ਰਸ ਭਰੀ ਗੂੰਜ ਉਠੀ: ਤੇ ਸਾਰਾ ਕੁਛ ਲੋਪ ਹੋ ਗਿਆ। ਪਰ ਧਰਤੀ ਉੱਤੇ ਇਸ ਟਿਕਾਣੇ ਉਸ ਵੇਲੇ ਇਕ ਜੀਉਂਦੀ ਮੂਰਤ ਇਸੇ ਸਿਮਰਨ ਦੇ ਰੌ ਵਿਚ, ਹਾਂ, ਇਸੇ ਯਾਦ ਦੇ ਰੰਗ ਵਿਚ ਝੂੰਮ ਰਹੀ ਸੀ। ਯਾਦ ਸੀ। ਕਿ ਬਿਰਹਾ, ਬਿਰਹਾ ਸੀ ਕਿ ਪ੍ਰੇਮ, ਪ੍ਰੇਮ ਸੀ ਕਿ ਸਿਮਰਨ (ਗੁ:ਨਾ:ਚ: ਭਾਗ ੨, ੬੬ ਵੇਂ ਅਧਿਆਏ ਰਾਜਾਸਿਵਨਾਭ ਵਿਚੋਂ)
-0-