Back ArrowLogo
Info
Profile
'ਪਰਤਖ ਹਰਿ', ਉਸੇ ਤਾਤਪਰਜ ਦੇ ਹਨ, ਜੋ ਜਨਮ ਸਾਖੀ ਦਾ ਪਦ 'ਗੁਰ ਪਰਮੇਸ਼ੁਰ' ਹੈ। ਇਹ ਉਹ ਦਰਜਾ ਹੈ, ਜੋ 'ਵਾਹਿਗੁਰੂ-ਜੋਨੀ' ਵਿਚ ਆਏ ਦਾ ਲਖਾਯਕ ਨਹੀਂ ਹੈ। ਜੋ ‘ਪਾਰਬ੍ਰਹਮ ਪਰਮੇਸ਼ੁਰ' ਦੇ ਨਿਜ ਪਿਆਰੇ ਦਾ ਹੈ, ਜੋ ਉਸ ਨਾਲ ਨਿਰੰਤਰ ਅਭੇਦ ਮੇਲ ਵਿਚ ਹੈ, ਪਰ ਜੋ ਮਨੁੱਖਾਂ, ਫਿਲਸਫਾਦਾਨਾਂ, ਪੀਰਾਂ, ਪਿਕੰਬਰਾਂ, ਅਵਤਾਰਾਂ ਤੋਂ ਉੱਚਾ ਹੈ। ਇਸ ਵਿਚ ਰੱਬੀ ਸ਼ੀਸ਼ੇ ਦੀ ਸਦਰਸ਼ਤਾ ਹੈ, ਜੋ ਸਾਂਈਂ-ਰੂਪ ਨੂੰ ਸਾਂਗੋਪਾਂਗ ਪਰਤੱਖ ਕਰ ਦਰਸਾਉਂਦੀ ਹੈ ਤੇ ਜਿਸ ਵਿਚ ਗੁਪਤ ਪ੍ਰਗਟ ਸੰਸਾਰ ਦੀਆਂ ਸਾਰੀਆਂ ਜੀਵਤ-ਸ਼ਕਤੀਆਂ, ਜੀਵਨ-ਸ਼ਕਤੀਆਂ ਤੇ ਦਾਮਨਿਕ ਸ਼ਕਤੀਆਂ ਤੇ ਵਸੀਕਾਰਤਾ ਹੁੰਦੀ ਹੈ, ਜੋ ਕੇਵਲ ਉਪਦੇਸ਼ ਦਾਤਾ ਨਹੀਂ ਹੁੰਦਾ, ਪਰ ਇਸ ਤੋਂ ਵੱਧ 'ਜੀਅਦਾਨ' ਦਾ ਦਾਤਾ ਹੁੰਦਾ ਹੈ।

"ਜੀਅ ਦਾਨ ਦੇ ਭਗਤੀ ਲਾਇਨਿ ਹਰ ਸਿਉ ਲੈਨਿ ਮਿਲਾਏ ॥"

ਇਹ ਗੁਰੂ ਦੀ ਸ਼ਕਤੀ ਹੈ। ਆਪਣੇ ਆਪ ਵਿਚੋਂ ਆਪ ਦੇ ਖਜ਼ਾਨੇ ਵਿਚੋਂ ਜੀਅ-ਦਾਨ ਦੇਕੇ ਦਾਤਾ ਮੁਰਦੇ ਜੀਵਾਲਦਾ ਹੈ ਤੇ ਜਗਤ ਵਿਚ ਕਰਮ-ਬੱਧ ਹੋਕੇ, ਕੈਦੀਆਂ ਦੇ ਕੈਦਖਾਨੇ ਜਾਣ ਵਾਂਗੂ ਨਹੀਂ ਆਉਂਦਾ ਸਗੋਂ ਪਰਮ-ਸੁਤੰਤਰ, ਪਰਉਪਕਾਰ ਦੀ ਖ਼ਾਤਰ ਜਗਤ ਦੇ ਉਧਾਰ ਵਾਸਤੇ ਜਗਤ ਵਿਚ ਆਉਂਦਾ ਹੈ, ਜਿਸ ਤਰ੍ਹਾਂ ਉਪਦੇਸ਼ਕ ਤੇ ਡਾਕਟਰ ਜੇਲ੍ਹ ਵਿਚ ਪਰਉਪਕਾਰ ਕਰਨ ਜਾਂਦੇ ਹਨ,: ਓਹ ਕਰਮ ਬੱਧ ਅੰਦਰ ਨਹੀਂ ਜਾਂਦੇ। ਇਸੇ ਕਰਕੇ ਗੁਰੂ ਨੂੰ ਜਨਮ ਮਰਨ ਰਹਿਤ ਆਖੀਦਾ ਹੈ"।

ਹਾਂ ਜੀ, ਉਸ ਉਪਕਾਰ ਹਿਤ ਆਏ ਪਰਮੇਸ਼ੁਰ ਰੂਪ ਗੁਰੂ ਗੁਰ ਨਾਨਕ ਦੇਵ ਜੀ ਨੇ ਹੁਣ ਸੱਚ ਖੰਡ ਤੋਂ ਮਾਤਲੋਕ ਵਲ ਰੁਖ਼ ਕੀਤਾ, ਸੁਲਤਾਨ ਪੂਰੇ ਆਏ ਤੇ ਅਪਣੇ ਡੇਰੇ ਗਏ। ਡੇਰੇ ਦਾ ਆਪਣਾ ਮਾਲ ਮਤਾ ਲੁਟਾ ਦਿਤਾ। ਲੋਕੀਂ ਆਨ ਜੁੜੇ, ਖਾਨ ਬੀ ਸੁਣਕੇ ਆਇਆ, ਕਿਉਂਕਿ ਸਾਰੇ ਸਤਿਗੁਰੂ ਦੇ ਜੀਵਨ ਦੀ ਆਸ ਲਾਹ ਚੁਕੇ ਸੇ। ਤੀਏ ਦਿਨ ਫੇਰ ਪਾਣੀ ਵਿਚੋਂ ਤਰ ਆਇਆ ਸਮਝਕੇ ਸਾਰੇ ਅਚੰਭਾ ਹੋ ਰਹੇ ਸਨ। ਇਸ ਵੇਲੇ ਗੁਰੂ ਜੀ ਦਾ ਚਿਹਰਾ ਇਕ ਡਾਢੇ ਅਚਰਜ ਰੰਗ ਵਿਚ ਲਸ ਰਿਹਾ ਸੀ। ਖਾਨ ਨੇ ਪੁੱਛਿਆ 'ਨਾਨਕ ! ਤੈਨੂੰ ਕੀ ਹੋਇਆ ? ਪਰ ਗੁਰੂ ਜੀ ਬੋਲੇ ਨਹੀਂ। ਲੋਕਾਂ ਕਿਹਾ : 'ਦੇਖੋ ਚਿਹਰਾ ਕੈਸਾ ਦਮਕਦਾ ਹੈ, ਬੋਲਦਾ ਕੁਸਕਦਾ ਨਹੀਂ

–––––––––––

*  ਜਨਮ ਮਰਨ ਦੁਹਹੂ ਮੈ ਨਾਹੀ ਜਨ ਪਰਉਪਕਾਰੀ ਆਏ॥

ਜੀਅਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥ (ਸੂਹੀ ਮ: ੫-੭)

13 / 39
Previous
Next