ਮੈਨੂੰ ਬੀ ਹਜ਼ੂਰੀ ਦਾਨ ਕਰੋ। ਤੁਸੀਂ ਸਦਾ ਜੀਉਂਦੇ ਹੋ, ਦੇਹੀ ਵਿਚ ਕਿ ਦੇਹੀ ਤੋਂ ਬਾਹਰ, ਤੁਸੀਂ ਸਾਡੇ ਨਾਲ ਹੋ, ਜਾਗਤੀ ਜੋਤਿ ਹੋ। ਜਿਵੇਂ ਓਦੋਂ ਤੁਠੇ ਸਾਓ ਅੱਜ ਮੇਰੇ ਤੇ ਤੁੱਠੋ, ਮੈਨੂੰ ਹਜ਼ੂਰੀ ਵਿਚ ਹਾਜ਼ਰ ਹੋਕੇ ਅਰਦਾਸ ਕਰਨੀ, ਬਾਣੀ ਪੜ੍ਹਨੀ, ਭਜਨ ਕਰਨਾ ਦਾਨ ਕਰੋ। ਤੁਸੀਂ ਦਿਆਲ ਹੋ, ਦੀਨ ਦਿਆਲ ਹੋ, ਤੁਸੀਂ ਗੁਰੂ ਹੋ ਮੈਂ ਸਿਖ ਹਾਂ, ਚਾਹੇ ਨਾਮ ਧੀਕ ਸਿਖ ਹਾਂ ਪਰ ਗੁਰੂ ਬਾਬਾ! ਤੇਰਾ ਸਿੱਖ ਹਾਂ, ਮੈਨੂੰ ਆਪਣੇ ਨਾਮ ਦੇ ਸਦਕੇ ਹਜ਼ੂਰੀ ਦਾ ਪਾਠ, ਹਜ਼ੂਰੀ ਦੀ ਅਰਦਾਸ, ਹਜ਼ੂਰੀ ਦਾ ਭਜਨ ਦਾਨ ਕਰੋ।
ਜੇ ਮਨ ਅਜੇ ਭੀ ਲੁੱਤਘੁੱਤੀਆਂ ਮਾਰੇ ਤਦ ਬੰਦਗੀ ਵਾਲੇ ਗੁਰੂ ਪਿਆਰੇ ਗੁਰਸਿਖਾਂ ਅੱਗੇ ਆਪਣਾ ਦੁੱਖ ਕਹੋ ਕਿ ਮੇਰੇ ਗੁਰੂ ਦੇ ਪਿਆਰੇ ਜੀਓ ! ਮੈਨੂੰ ਦੱਸੋ ਕਿ ਕਿਵੇਂ ਹਜ਼ੂਰੀ ਵਿਚ ਪਾਠ ਕਰਿਆ ਕਰਾਂ, ਭਜਨ ਅਰਦਾਸ ਪਾਠ ਵੇਲੇ ਮੈਂ ਗ਼ੈਰ ਹਜ਼ੂਰੀਆ ਨਾ ਹੋਵਾਂ, ਮੇਰੇ ਗ਼ੈਰ ਹਜ਼ੂਰੀ ਦੇ ਰੋਗ ਦਾ ਉਪਰਾਲਾ ਕਰੋ। ਤੁਸੀਂ ਮੇਰੇ ਲਈ ਅਰਦਾਸ ਕਰੋ, ਮੈਨੂੰ ਪਿਆਰ ਕਰੋ ਜਿਵੇਂ ਮੈਨੂੰ ਹਜ਼ੂਰੀ ਪ੍ਰਾਪਤ ਹੋਵੇ, ਇਸ ਤਰ੍ਹਾਂ ਸਤਿਸੰਗ ਦੀ ਮਦਦ ਲਓ।
ਆਪ ਜਤਨ ਲਾਓ, ਬਾਹਰ ਜਾਂਦਾ ਮਨ ਵਰਜੋ, ਇਸ ਨੂੰ ਹੋੜੋ, ਮੱਤ ਦਿਓਸੁ ਕਿ ਹੇ ਸਦਾ ਹਿੱਲਣੇ ਤੇ ਨਾਂ ਟਿਕਣੇ ਮਨ ! ਹੁਣ ਮੈਂ ਸ਼ਹਿਨਸ਼ਾਹਾਂ ਦੇ ਸ਼ਾਹ, ਕੋਟ ਬ੍ਰਹਮੰਡਾਂ ਦੇ ਠਾਕੁਰ ਅੱਗੇ ਅਰਦਾਸ ਲੈਕੇ ਆਯਾ ਹਾਂ। ਹੁਣ ਸਾਰਾ ਢਹਿ ਪਉ ਉਸ ਦੀ ਸ਼ਰਨ, ਛੱਡ ਸੰਕਲਪ, ਵਿਕਲਪ, ਖਿਆਲ, ਆਸ, ਅੰਦੇਸੇ, ਏਹ ਉਡਾਰੀਆਂ ਤੇਰੀਆਂ ਆਪਣਾ ਘਾਤ ਹੈ। ਆ ਆਪਣੇ ਘਰ, ਏਹੜ ਤੇਹੜ ਛੱਡ ਤੇ ਇਕ ਹਜ਼ੂਰੀ ਦੇ ਘਰ ਆਕੇ ਅਰਦਾਸ ਕਰ ਜੋ ਰੱਬ ਸੁਣੇਂ ਤੇ ਤੇਰਾ ਭੋਜਲ ਤਰਿਆ ਜਾਵੇ।
ਇਸ ਤਰ੍ਹਾਂ ਤੇ ਜਿਸ ਤਰ੍ਹਾਂ ਬਣ ਪਵੇ ਸਹਿਜੇ ਸਹਜੇ ਭਾਵੇਂ ਛੇਤੀ, ਜਿਵੇਂ ਵਾਹਿਗੁਰੂ ਬਖਸ਼ੇ, ਹਜ਼ੂਰੀ ਦਾ ਸਬਕ ਪਕਾਓ। ਹਜ਼ੂਰੀ ਵਿਚ ਹੋਕੇ ਅਰਜ਼ਾਂ ਕਰੋ। ਸਦਾ ਪਾਠ ਵੇਲੇ ਸਮਝੋ ਕਿ ਵਾਹਿਗੁਰੂ 'ਹੈ', ਵਾਹਿਗੁਰੂ ਮੇਰੇ ਹਾਜ਼ਰਾ ਹਜ਼ੂਰ ਮੇਰੀ ਅਰਜ਼ ਸੁਣ ਰਿਹਾ ਹੈ ਤੇ ਇਹ ਜੋ ਬਾਣੀ ਪੜ੍ਹਦਾ ਹਾਂ ਉਹ ਸੁਣਦਾ ਹੈ ਤੇ ਫਲ ਲਾਏਗਾ।
ਅ. ਇਕ ਨੂੰ ਸਿਮਰਨਾ
ਦੂਸਰੀ ਸਿਖ੍ਯਾ ਜੋ ਸੁਲਤਾਨ ਪੁਰੇ ਗੁਰੂ ਬਾਬੇ ਨੇ ਦਿੱਤਾ ਸੀ ਇਹ ਸੀ ਕਿ:- ਇਕ ਪੱਥਰਾਂ ਦੀ ਪੂਜਾ ਕਰਨ ਵਾਲਾ ਸੀ। ਉਸ ਦੀ ਉਮਰ ਬੁੱਤ ਪੂਜਾ ਵਿਚ ਬੀਤੀ ਸੀ। ਉਸ ਨੇ ਧੁੰਮ ਸੁਣੀ ਸੀ ਕਿ ਸੁਲਤਾਨ ਪੂਰੇ ਵਿਚ "ਇਕ ਤਪਾ