ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਗੁਣ ਧਾਰਨੇ ਚਾਹੀਏ। ਹੁਣ ਸਭ ਕਿਸੇ ਦਾ ਰੁਖ ਮਾਇਆ ਵਲ ਵਧ ਰਿਹਾ ਹੈ, ਜਗਤ ਸਿਰ ਪਰਨੇ ਇਸਦੇ ਮਗਰ ਭੱਜਾ ਜਾਂਦਾ ਹੈ, ਬ੍ਰਿਤੀਆਂ ਪਦਾਰਥਾਂ ਪ੍ਰਾਪਤੀ ਵਲ ਤੇ ਪਦਾਰਥ ਪੂਜਾ ਵਿਚ ਸਿਰ ਪਰਨੇ ਡਿਗ ਰਹੀਆਂ ਹਨ ਤੇ ਦਿਨ ਦਿਨ ਵਾਧਾ ਹੈ। ਹਾਂ ਦਾਤਾ ਵਿਸਰ ਰਿਹਾ ਹੈ, ‘ਦਾਤਾਂ' ਵਲ ਪ੍ਯਾਰ ਵਧ ਰਿਹਾ ਹੈ। ਗੁਰੂ ਬਾਬੇ ਨੇ ਇਨ੍ਹਾਂ ਭੁੱਲਾਂ ਤੋਂ ਛੁਡਾਇਆ ਸੀ, ਸਾਨੂੰ ਆਤਮ ਦੇਸ਼ ਵਿਚ ਵਸਾਇਆ ਸੀ। ਉਹ ਓਦੋਂ ਦੀਆਂ ਸਾਖੀਆਂ ਤੋਂ ਉਪਦੇਸ਼ ਲਿਖੇ ਹਨ ਤੇ ਅਸੀਂ ਪੜ੍ਹਦੇ ਹਾਂ। ਹੁਣ ਸਾਨੂੰ 'ਅਮਲ' ਲੋੜੀਏ ਨਹੀਂ ਤਾਂ ਅਸੀਂ ਗੁਰੂ ਬਾਬੇ ਦੇ ਖੁਸ਼ੀਆਂ ਲੈਣ ਵਾਲੇ ਸਿੱਖ ਨਹੀਂ। ਇਹ ਸਾਖੀਆਂ ਪੜ੍ਹੀਏ ਤੇ ਤੀਏ ਤਿਹਾਕਾਂ ਨਾਲ ਹੋਈਆਂ ਵਾਚਕੇ ਕਹਾਣੀ ਦਾ ਸੁਆਦ ਲੈਕੇ ਲਾਂਭੇ ਨਾ ਹੋ ਜਾਈਏ, ਸਾਖੀ ਆਪਣੇ ਨਾਲ ਵਰਤੀ ਸਮਝੀਏ, ਆਪੇ ਦੇ ਔਗੁਣ ਉਸ ਸਾਖੀ ਦੇ ਚਾਨਣੇ ਵਿਚ ਤੱਕੀਏ ਤੇ ਫੇਰ ਆਪਣੇ ਆਪ ਨੂੰ ਸੁਆਰੀਏ, ਸੁਧਾਰੀਏ, ਤਦ ਗੁਰੂ ਬਾਬੇ ਦੀਆਂ ਖੁਸ਼ੀਆਂ ਹਨ, ਅਸੀਂ ਸਿੱਖ ਹਾਂ ਤੋਂ ਜੀਉਂਦੇ ਸਿੱਖ ਹਾਂ; ਨਹੀਂ ਤਾਂ ਬਨਾਵਟ ਦਿਖਾਵਾ। ਫੋਕੀ ਜ਼ਾਹਰਦਾਰੀ, ਰਿਆਕਾਰੀ ਨੂੰ ਤਾਂ ਉਹ ਰੱਦਕੇ ਪਰੇ ਸੁੱਟਦੇ ਸਨ। ਜੋ ਹਿੰਦੂ ਮੁਸਲਮਾਨਾਂ ਵਿਚ ਇਸ ਨੂੰ ਵੇਖਕੇ ਇਸ ਦੇ ਵਿਰੁੱਧ ਕੂਕਾਂ ਦੇਂਦੇ ਸਨ ਤਦ ਸਿਖਾਂ ਵਿਚ ਵੇਖਕੇ ਕਿੰਨਾਂ ਵਧੀਕ ਹੋਕਾ ਦੇਣਗੇ। ਉਹ ਜੋ ਪਹਿਲਾ ਵਾਕ ਬੋਲੇ 'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ' ਉਹ ਕੂਕ ਇਹੋ ਸੀ ਕਿ ਬਨਾਵਟ, ਦਿਖਾਵਾ, ਜ਼ਾਹਰਦਾਰੀ, ਰਿਆਕਾਰੀ ਧਰਮ ਨਹੀਂ ਹੈ, ਮਜ਼ਹਬ ਨਹੀਂ ਹੈ, ਰਸਤਾ ਨਹੀਂ ਹੈ, ਪਰਮਾਰਥ ਨਹੀਂ ਹੈ। ਉਨ੍ਹਾਂ ਦੀ ਇਕ ਸੱਦ, 'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ' ਅੱਜ ਸਿੱਖਾਂ ਨੂੰ ਵਧੀਕ ਕੰਨ ਦੇ ਕੇ ਸੁਣਨੀ ਚਾਹੀਏ ਕਿ ਗੁਰੂ ਬਾਬਾ ਅਰਸ਼ਾਂ ਤੋਂ ਆਉਂਦੇ ਸਾਰ ਜਾਂ ਬੋਲਿਆ ਤਾਂ ਕੀ ਬੋਲਿਆ ਤੇ ਉਸ ਦੇ ਚਾਨਣੇ ਵਿਚ ਅਸਾਂ ਅੱਜ ਕੀ ਅਮਲ ਕਰਨਾ ਹੈ, ਕੀ ਆਪਾ ਸੁਆਰਨਾ ਹੈ ਤੇ ਕੀ ਲਾਭ ਲੈਣਾ ਹੈ ? ਇਹ ਹੈ ਗੁਰੂ ਨੂੰ ਮੰਨਣਾ, ਗੁਰੂ ਨੂੰ ਹਾਜ਼ਰ ਜਾਣਨਾ, ਆਪਣੇ ਨਾਲ ਬੋਲਦਾ ਵੇਖਣਾ, ਸੁਣਕੇ ਅਮਲ ਕਰਨਾ ਤੇ ਸਿੱਖ ਬਣਨਾ।