ਚੁੱਕ ਲਏਗੀ, ਸਭ ਪਾਸਿਆਂ ਤੋਂ ਉਪ੍ਰਾਮ ਕਰਾਕੇ ਆਪਣੇ ਵੱਲ ਲਾਵੇਗੀ। ਇਹੋ ਸੁੰਦਰਤਾ ਦੀ ਸੁੰਦਰਤਾ ਹੈ ਕਿ ਜਦੋਂ ਝਲਕਾ ਮਾਰਿਆ ਮੋਹ ਲਿਆ। ਜਦੋਂ ਲਿਸ਼ਕਾਰ ਦਿੱਤਾ ਠੱਗ ਲਿਆ। ਠੱਗ ਲਿਆ ਤਾਂ ਆਪੇ ਵਿਚ ਆਪੇ ਨੂੰ ਸਮੋ ਦਿੱਤਾ, ਚਾਹੋ ਪਲਕਾਰੇ ਜਿੰਨਾ ਸਮਾਂ ਹੀ ਲੱਗੇ।
ਆਹਾ! ਅੱਜ ਨੀਲੇ, ਮਾਨੋਂ ਧੋਕੇ ਸਾਫ ਕੀਤੇ, ਡੂੰਘੇ ਰੰਗ ਦੇ ਦਮਕਦੇ ਨੀਲੇ ਅਕਾਸ਼ ਦੀ ਤਾਰਿਆਂ ਨਾਲ ਛਬੀ ਤੇ ਚੰਦ੍ਰਮਾ ਨਾਲ ਛਟਕੀ ਛਬੀ ਕੈਸਾ ਮੋਹ ਰਹੀ ਹੈ। ਅੱਖਾਂ ਠੱਗੀਆਂ ਜਾ ਰਹੀਆਂ ਹਨ। ਵੈਦ ਟਾਹਰਾਂ ਮਾਰਦੇ ਹਨ ਕਿ ਇਹ ਰੁੱਤ ਕੱਚੀ ਪੱਕੀ ਹੈ, ਰਾਤ ਨੂੰ ਤੇਲ ਮਾੜੀ ਪੈਂਦੀ ਹੈ, ਠੰਢ ਅਵੱਲੀ ਪੈਂਦੀ ਹੈ, ਅੰਦਰ ਸੌਣਾ ਠੀਕ ਹੈ। ਪਰ ਹਾਇ! ਸ਼ਿੰਗਾਰੀ ਹੋਈ ਰਾਤ ਦੀ ਸੁੰਦਰਤਾ ਰਸੀਏ ਮਨਾਂ ਨੂੰ ਚੁਰਾ ਹੀ ਲੈ ਜਾਂਦੀ ਹੈ। ਕੁਦਰਤੀ ਸੁੰਦਰਤਾ ਦਾਉ ਖੇਡਦੀ ਹੈ, ਵੈਦਾਂ ਦੀ ਮੱਤ ਤੇ ਆਪਣੀ ਸੋਚ ਉੱਡ ਜਾਂਦੀ ਹੈ! ਆਸ ਤੇ ਅੰਦੇਸ਼ੇ ਗਏ। ਹੁਣ ਕੀ ਰਹਿ ਜਾਂਦਾ ਹੈ? ਕੁਦਰਤ ਦਾ ਬਣਾਉ ਤੇ ਸ਼ਿੰਗਾਰ ਅਰ ਦੇਖਣਹਾਰੀਆਂ ਮਸਤ ਅੱਖਾਂ, ਕੁਦਰਤ ਦਾ ਜੋਬਨ ਤੇ ਰਸੀਆਂ ਦੀਆਂ ਹਿਤ ਅਲਸਾਈਆਂ ਅੱਖ-ਪੁਤਲੀਆਂ, ਕੁਦਰਤ ਦੀ ਛਬੀ ਤੇ ਕਦਰ ਪਾਉਣ ਵਾਲੇ ਅਧ-ਖੁੱਲ੍ਹੇ ਨੈਣ, ਕੁਦਰਤ ਦਾ ਸੁਹਾਣ ਤੇ ਨੈਣਾਂ ਵਾਲਿਆਂ ਦੇ ਮੋਹੇ ਗਏ ਨੇਤੂ, ਕੁਦਰਤ ਦੇ ਠੱਗਣ ਹਾਰ ਕਟਾਖ੍ਯ ਤੇ ਰੰਗ ਭਰੀਆਂ ਇੱਸ਼ਕ ਤਣਾਈਆਂ ਚਸ਼ਮਾਂ, ਹਾਇ ਚਸ਼ਮਾਂ ! ਨਿੱਕੀਆ ਨਿੱਕੀਆਂ ਚਸ਼ਮਾਂ, ਅਸਗਾਹ ਅਕਾਸ਼, ਸਾਰਾ ਦਿੱਸਦਾ ਤਾਰਾ ਮੰਡਲ, ਚੰਦ ਚਾਨਣੀ, ਸਭੋ ਕੁਝ ਆਪਣੇ ਆਪ ਵਿਚ ਸਮਾ ਲੈਂਦੀਆਂ ਹਨ। ਜਾਦੂ ਕੁੱਠੀਆਂ ਚਸ਼ਮਾਂ ਝਮਕਣਾਂ ਭੁੱਲ ਜਾਂਦੀਆਂ ਹਨ, ਹਾਂ ਫਰਕਣਾ ਵਿਸਾਰਕੇ ਛੱਪਰਾਂ ਨੂੰ ਕਹਿੰਦੀਆਂ ਹਨ: "ਭਾਰੇ ਤਾਂ ਹੋ ਜਾਓ ਪਰ ਡਿੱਗਣਾਂ ਨਹੀਂ, ਅੱਜ ਪਿਆਰੇ ਦੀ ਕੁਦਰਤ ਸੁਹਾਵੀ ਤੇ ਪਿਆਰੀ ਦੁਤੀ ਤੇ ਹਾਂ ਪ੍ਰੀਤਮ ਦਾ ਅਹਲਾ ਸਰੂਪ, ਜੋ ਕੁਦਰਤ ਵਿਚ ਦਮਕਦਾ ਹੈ, ਇਨ੍ਹਾਂ ਅੱਖਾਂ-ਇਨ੍ਹਾਂ ਨਿੱਕੇ ਨਿੱਕੇ ਪਰ ਜੀਉਂਦੇ ਛੇਕਾਂ-ਬਾਣੀ ਅੰਦਰਲੇ ਨੂੰ ਜੱਫੀਆਂ ਪਾ ਪਾ ਮਿਲ ਰਿਹਾ ਹੈ"।
ਵਾਹ ਸੁੰਦਰਤਾ! ਖੂਬ ਠੱਗ ਹੈਂ ਤੂੰ। ਜਿਨ੍ਹਾਂ ਦੇ ਅੰਦਰ ਤੂੰ ਫੇਰਾ ਪਾਇਆ ਉਹਨਾਂ ਨੂੰ ਲੈ ਗਈਓਂ...। ਜਦ ਇਸ ਸੁਹਾਵੀ ਸੁੰਦਰਤਾ ਦੇ ਕੁੱਛੜ ਕਦੇ ਸੱਚੇ ਪ੍ਰੇਮੀ ਚੜ੍ਹ ਬੈਠਣ ਤਾਂ ਆਖਦੇ ਹਨ:-"ਅਸੀਂ ਚੱਲੇ। ਲਓ! ਪਲੰਘ ਵਿਛਿਆ ਰਿਹਾ: ਦੇਹ ਉਤੇ ਸਿੱਧੀ ਚੱਟ ਲੇਟੀ ਰਹੀ, ਹੱਥ ਛਾਤੀ ਤੇ ਪਏ ਜੁੜੇ ਰਹੇ, ਨੈਣ ਅਧ ਖੁੱਲ੍ਹੇ, ਹਿਤ ਅਲਸਾਏ, ਪ੍ਰੇਮ ਪ੍ਰਵੇਧੇ ਉਸੇ ਤਰ੍ਹਾਂ ਖੁਲ੍ਹੇ ਰਹੇ, ਟੱਕ ਬੱਝੀ ਰਹੀ, ਪਰ ਦੇਖੋ ਸੁੰਦਰਤਾ ਮਲਕੜੇ ਜਿਹੇ ਸਾਨੂੰ ਵਿਚੋਂ ਖਿਸਕਾ ਲਿਚੱਲੀ ਜੇ। ਪਈ ਰਹੁ