

ਇਹ ਉੱਤਰ ਸੁਣਦੇ ਸਾਰ ਮਿਸਰ ਜੀ ਚੁਪ ਹੋ ਗਏ।
ਇੰਨੇ ਨੂੰ ਰਹਿੰਦੇ ਖੂੰਹਦੇ ਬ੍ਰਾਹਮਣ ਤੇ ਕਈ ਖੱਤ੍ਰੀ ਪਿੰਡ ਦੇ ਕੱਠੇ ਹੋ ਗਏ ਸਨ। ਹੁਣ ਸਰਦਾਰ ਨੇ ਕਿਹਾ ਕਿ- ਦੇਖੋ! ਇਹ ਇਸਤ੍ਰੀ ਪਤੀਬਤ ਧਰਮ ਵਿਚ ਕਿੱਡੀ ਪੱਕੀ ਰਹੀ ਹੈ ਅਤੇ ਪ੍ਰਮੇਸ਼ਰ ਨੇ ਭੀ ਇਸ ਦੀ ਲਾਜ ਰੱਖੀ ਹੈ, ਪਰ ਤੁਰਕਾਂ ਨੇ ਇਸ ਨੂੰ ਧਕੋ ਧਕੀ ਆਪਣੇ ਮਜ਼ਹਬ ਵਿਚ ਰਲਾ ਲੀਤਾ ਸੀ ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸਨੂੰ ਆਪਣੇ ਧਰਮ ਵਿਚ ਰਲਾ ਲਓ ਅਰ ਵਰਤਾ ਕੇ ਅਭੇਦ ਕਰ ਲਓ, ਜੋ ਅਸੀਂ ਵਿਦਾ ਹੋਈਏ। ਪਰ ਖੱਤ੍ਰੀ ਬ੍ਰਾਹਮਣਾਂ ਨੇ ਉਤਰ ਦਿਤਾ ਕਿ ਇਹ ਕਦੀ ਨਹੀਂ ਹੋਣਾ। ਪ੍ਰੰਪਰਾ ਚਲੀ ਆਈ ਹੈ: ਹਿੰਦੂ ਧਰਮ ਕੱਚਾ ਧਾਗਾ ਹੈ, ਇਹ ਝਟ ਪਟ ਟੁਟ ਜਾਂਦਾ ਹੈ। ਤੁਸੀਂ ਜਾਣਦੇ ਹੋ ਟੁਟੇ ਫਲ ਭੀ ਕਦੇ ਬੂਟਿਆਂ ਨਾਲ ਲੱਗੇ ਹਨ?
ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸਦਾ ਕੋਈ ਕਸੂਰ ਨਹੀਂ ਸੀ, ਸਗੋਂ ਇਸ ਦੀ ਬਹਾਦਰੀ ਪੁਰ ਸ਼ਾਬਾਸ਼ ਦਿਓ, ਤੇ ਵਿਛੁੜਿਆਂ ਨੂੰ ਗਲ ਲਾਓ। ਸ਼ਰਨ ਆਏ ਨੂੰ ਧੱਕਾ ਨਾ ਦਿਓ, ਸ਼ਰਨ ਆਏ ਨੂੰ ਤ੍ਰਾਹੁਣਾ ਵੱਡਾ ਪਾਪ ਹੈ। ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ। ਫੇਰ ਬਲਵੰਤ ਸਿੰਘ ਤੇ ਸ਼ੇਰ ਸਿੰਘ ਨੇ ਸਮਝਾਇਆ, ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਨ੍ਹਾਂ ਵਿਚ ਸਨ ਸੋ ਪੱਕੇ ਰਹੇ ਕਿ ਸਾਡਾ ਧਰਮ ਕੱਚਾ ਧਾਗਾ ਹੈ, ਹਿੰਦੂ ਜਨਮ ਨਾਲ ਹੀ ਹੁੰਦਾ ਹੈ, ਕਿਸੇ ਮਰਿਯਾਦਾ ਨਾਲ ਕੋਈ ਹਿੰਦੂ ਨਹੀਂ ਬਣ