

ਜੱਸਾ ਸਿੰਘ ਨਾਮੇ ਇਕ ਸਿੱਖ ਬੜਾ ਬਹਾਦਰ ਖਾਲਸੇ ਵਿੱਚ ਸੀ। ਇਕ ਵੇਰੀ ਧੀ ਮਾਰਨ ਦੇ ਸ਼ੁਭੇ ਵਿਚ ਸਿੱਖਾਂ ਨੇ ਉਸ ਨੂੰ ਛੇਕ ਦਿੱਤਾ ਸੀ, ਤਦ ਤੋਂ ਉਹ ਨਵਾਬ ਆਦੀਨਾ ਬੇਗ ਪਾਸ ਸੌ ਸਿੱਖ ਸਿਪਾਹੀ ਨਾਲ ਲੈ ਕੇ ਨੌਕਰ ਜਾ ਰਿਹਾ ਸੀ। ਆਦੀਨਾ ਬੇਗ, ਜੱਸਾ ਸਿੰਘ ਤੇ ਇਸ ਦੇ ਸਿੱਖ ਜਥੇ ਸਮੇਤ ਰਾਮ ਰੌਣੀ ਦੇ ਘੇਰੇ ਵਿਚ ਜੁੱਟਿਆ ਹੋਇਆ ਸੀ। ਤੁਰਕ ਸੈਨਾਂ ਨੇ ਸਿੱਖਾਂ ਨੂੰ ਘੇਰੇ ਵਿਚ ਕਰ ਕੇ ਕਈ ਮਹੀਨੇ ਟਪਾ ਦਿਤੇ। ਹੁਣ ਰਸਦ ਦਾਣਾ ਭੀ ਮੁੱਕਣ ਲੱਗਾ, ਤਦ ਤਾਂ ਅੰਦਰ ਡਾਢੀ ਔਕੜ ਆ ਬਣੀ। ਕਈ ਢੰਗ ਸੋਚਣ, ਪਰ ਕੋਈ ਪੇਸ਼ ਨਾ ਜਾਏ। ਛੇਕੜ ਖਾਲਸੇ ਨੇ ਸੋਚਿਆ ਕਿ ਹੁਣ ਸ਼ਹੀਦ ਹੋਣ ਦਾ ਵੇਲਾ ਹੈ, ਇਕੋ ਵਾਰੀ ਟੁੱਟ ਕੇ ਵੈਰੀ ਉਤੇ ਜਾ ਪਈਏ ਮਾਰ ਦੇਈਏ ਤੇ ਮਰ ਜਾਈਏ। ਇਸ ਗੱਲ ਦੀ ਖਬਰ ਤੁਰਕਾਂ ਵਿਚ ਜਾ ਪਹੁੰਚੀ। ਜੱਸਾ ਸਿੰਘ ਦੇ ਕੌਮੀ ਪਿਆਰ ਤੇ ਧਰਮ ਭਾਵ ਨੇ ਜੋਸ਼ ਖਾਧਾ ਤੇ ਸੋਚਣ ਲੱਗਾ ਕਿ ਪੰਥ ਸ਼ਹੀਦੀ ਪਾਊ ਤੇ ਮੈਂ ਖਾਲਸੇ ਤੋਂ ਬੇਮੁਖ ਮਰੂੰ, ਗੁਰੂ ਖਾਲਸਾ ਹੈ ਤੇ ਮੈਂ ਖਾਲਸੇ ਤੋਂ ਬੇਮੁਖ ਹਾਂ, ਜੋਗ ਹੈ ਕਿ ਤਨਖਾਹ ਬਖਸ਼ਾ ਕੇ ਸ਼ਹੀਦ ਹੋਈਏ ਤੇ ਮੁਕਤ ਭੁਗਤ ਲਵੀਏ।
੧. ਇਹ ਜੱਸਾ ਸਿੰਘ ਆਹਲੂਵਾਲੀਆ ਨਹੀਂ ਸੀ।
੨. ਇਸ ਸੂਰਮੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਕਹਿੰਦੇ ਹਨ। ਗਿਆਨੀ ਗਿਆਨ ਸਿੰਘ ਦਾ ਖ਼ਿਆਲ ਹੈ ਕਿ ਮੁਲਤਾਨ ਗਏ ਖਾਲਸੇ ਮਗਰੋਂ ਜੱਸਾ ਸਿੰਘ ਨੇ ਰੌਨੀ ਦਾ ਰਾਮਗੜ੍ਹ ਬਣਾਯਾ ਤਾਂ ਨਾਮ ਰਾਮਗੜੀਏ ਪਿਆ ਤੇ ਭੰਗੂ ਜੀ ਲਿਖਦੇ ਹਨ ਕਿ ਜਦੋਂ ੧੨ ਪਿੰਡ ਰਾਮ ਰੌਣੀ ਨਾਲ ਰਲੇ ਤਦੋਂ ਨਾਮ ਰਾਮਗੜ੍ਹ ਤੇ ਰਾਮਗੜੀਏ ਪਿਆ, ਪਰ ਇਹ ਦਰੁਸਤ ਨਹੀਂ। ਠੀਕ ਗੱਲ ਇਹ ਹੈ ਕਿ ਦੀਵਾਨ ਸਾਹਿਬ ਦੀ ਸ਼ਹਾਦਤ ਦੇ ਬਾਦ ਮੀਰ ਮੰਨੂੰ ਦੇ ਰਾਮ ਰੌਣੀ ਨੂੰ ਕੁਛ ਕੁ ਢਾਹ ਦੇਣ ਮਗਰੋਂ ਸਿੰਘਾਂ ਨੇ ਇਸ ਨੂੰ ਰਾਮਗੜ੍ਹ ਬਣਾਇਆ ਤੇ ੧੮੧੪ ਸੰਮਤ ਵਿਚ ਅਬਦਾਲੀ ਦੇ ਚੌਥੇ ਹਮਲੇ ਬਾਦ, ਜਦੋਂ ਆਦੀਨਾ ਬੇਗ ਨੇ ਕੁਤਬ ਸ਼ਾਹ ਨੂੰ ਹਾਰ ਦੇ ਕੇ ਵਟਾਲੇ ਆ ਕੇ ਅਮਲ ਤੋਰਿਆ ਤਾਂ ਸਿੱਖਾਂ ਦੀ ਕਤਲਾਮ ਕਰਾਈ ਤੇ ਜੰਗਲਾਂ ਨੂੰ ਕੱਟ ਕੇ ਮਾਰਨ ਤੋਂ ਵੱਖਰੇ ਉਸ ਨੇ ਮੀਰ ਅਜ਼ੀਜ਼ ਨੂੰ ਰਾਮ ਗੜ੍ਹ ਦੇ ਮੁਹਾਸਰੇ ਤੇ ਘੋਲਿਆ। ਨੰਦ ਸਿੰਘ ਸਾਂਘਣੀਆਂ, ਜੋ ਸਿੰਘ ਕਨ੍ਹਯਾ, ਜੱਸਾ ਸਿੰਘ ਤੇ ਉਸਦੇ ਭਰਾ ਅੰਦਰ ਸਨ। ਬਹੁਤ ਮਾਰਦਾਨਗੀ ਨਾਲ ਲੜਦੇ ਰਹੇ ਅਤੇ ਅਤਿ ਤੰਗ ਆ ਕੇ ਕਿਲੇ ਨੂੰ ਸੰਨ੍ਹ ਦੇਕੇ ਇਕ ਰਾਤ ਸਾਰੇ (ਬਾਕੀ ਪੰਨਾ ੯੬ 'ਤੇ)