ਦੇ ਦਰਸ਼ਨ ਅੱਖਾਂ ਮਸਤਾਂਦਾ
ਪਾਇ ਤਣਾਵਾਂ ਕੱਸਦਾ,
ਝਰਨਾਟਾਂ ਜੋ ਜਾਣ ਨ ਝੱਲੀਆਂ
ਮਨ ਨੂੰ ਪਾ ਪਾ ਦੱਸਦਾ,
ਬੁੱਲ੍ਹਾਂ ਤੇ ਬਹਿ ਕਦੇ ਆਪ ਆ
ਹੱਸੇ ਰਸੇ ਰਸਾਵੇ,
ਅੰਦਰ ਵੜੇ, ਵਲਵਲੇ ਛੇੜੇ,
ਤੁਣੁਕੇ ਦੇ ਦਿਲ ਖੱਸਦਾ ।੩੮।
ਮੋਹੀ ਮੱਤੀ ਤੇ ਰਸਲਹਿਰੀ
ਫੜਨ ਉੱਠਾਂ, ਉਠ ਨੱਸਦਾ,
ਮਿਲਿਆਂ ਫੜਿਆਂ ਹੱਥ ਨ ਆਵੇ
ਵੱਸ ਕਿਸੇ ਨਹੀਂ ਵੱਸਦਾ,
ਕੋਮਲ ਪਯਾਰ ਬੁੱਲ੍ਹਾਂ ਦੇ ਆਦਰ
ਕਿਵੇਂ ਫਧੀਂਦਾ ਨਾਹੀਂ,
ਪਾਇ ਭੁਲੇਵਾਂ ਤਿਲਕ ਜਾਂਵਦਾ,
ਗਲਵੱਕੜੀ ਨਹੀਂ ਫਸਦਾ ।੩੯।
34. ਰਾਗ ਦੀ ਸੁਰ
ਸੁਰ ਇਕ ਕੋਮਲ ਗਲਿਓਂ ਨਿਕਲੀ
ਮੇਰੇ ਪਾਸ ਖੜੋਤੀ ਆਇ,
ਕੰਬੇ ਤੇ ਲਹਿਰੇ ਥਰਰਾਂਦੀ
ਦਿੱਤੀ ਇਕ ਝਰਨਾਟ ਛਿੜਾਇ,
ਆਪਾ ਕੰਬ ਸਰੂਰ ਹੋ ਗਿਆ,
ਸਵਪਨ ਵੰਨ ਰੰਗ ਰੂਪ ਅਰੂਪ,
ਅਰਸ਼ ਕੁਰਸ਼ ਦੇ ਝੂਟੇ ਝੂੰਮੇਂ
ਲਾ ਮਕਾਨੀ ਡੋਬ ਡੁਬਾਇ ।੪੦।
35. ਜਿਤ ਵਲ ਨਜ਼ਰ ਉਤੇ ਵਲ ਸੱਜਣ
ਨੈਣਾਂ ਦੇ ਵਿਚ ਸਜਨ ਬਹਾਇਆ
ਉਹ ਹੇਠਾਂ ਨੂੰ ਧਸਿਆ,
ਧਸਿਆ ਅੰਦਰਲੇ ਦੇ ਅੰਦਰ
ਜਾ ਡੂੰਘਾਣੀਂ ਫਸਿਆ,
ਨੈਣ ਮੀਟਿਆਂ ਅੰਦਰ ਦਿਸਦਾ,
ਖੁਲ੍ਹਿਆਂ ਬਾਰ੍ਹ ਦਿਸੀਵੇ,
ਜਿਤ ਵਲ ਨਜ਼ਰ ਉਤੇ ਵਲ ਦਿਸਦਾ,
ਵਣ ਤਿਣ ਸੱਜਣ ਵਸਿਆ ।੪੧।