ਅੱਖੀਆਂ ਜੇ ਘੁਮਿਆਰ ਮੈਂਡੜਾ
ਸਿਰ ਮੇਰੇ ਤੇ ਲਾਂਦਾ,
ਸਹੁੰ ਅੱਲਾ ਦੀ ਨਜ਼ਰ ਸਦਾ ਮੈਂ
ਅਰਸ਼ਾਂ ਵੱਲ ਰਹਾਂਦਾ,
ਹੁਣ ਅੱਖਾਂ ਹਨ ਮੱਥੇ ਥੱਲੇ,
ਰੁਖ਼ ਏਹਨਾਂ ਦਾ ਹੇਠਾਂ,
ਨੀਵੀਂ ਤੱਕ ਮੇਰੀ ਇਸ ਰੁਖ਼ ਤੋਂ
ਜ਼ੋਰ ਨ ਪਾਰ ਵਸਾਂਦਾ ।੪੨।
ਇਹ ਤਾਂ ਸੱਚ ਅਜ਼ਲ ਨੇ ਅੱਖਾਂ
ਸਿਰ ਤੇਰੇ ਨਹੀਂ ਲਾਈਆਂ,
ਪਰ ਗਿੱਚੀ ਦੀਆਂ ਨਾੜਾਂ ਉਸਨੇ
ਲਚਕਾਂ ਦੇ ਦੇ ਪਾਈਆਂ,
ਦਿੱਤੀ ਖੁੱਲ੍ਹ ਨਜ਼ਰ ਦੀ, ਤੱਕੇਂ
ਹੇਠਾਂ ਉੱਪ੍ਰ ਚੁਫੇਰੇ,-
ਹੁਣ ਜੇ ਲੋਅ ਉਤਾਹਾਂ ਲਾਵੇਂ
ਤਾਂ ਤੇਰੀਆਂ ਵਡਿਆਈਆਂ ।੪੩।
37. ਨਾਮ, ਧਯਾਨ, ਰਜ਼ਾ
ਨਾਮ ਸਜਣ ਦਾ ਜੀਭ ਚੜ੍ਹ ਗਿਆ,
ਜਾਂ ਸੱਜਣ ਉੱਠ ਤੁਰਿਆ ।
ਮੱਲ ਲਏ ਦੋ ਨੈਣ ਧਯਾਨ ਨੇ,
ਸਬਕ ਰਜ਼ਾ ਦਾ ਫੁਰਿਆ,
ਬਿਰਹੋਂ ਦੇ ਹੱਥ ਸੌਂਪ ਅਸਾਨੂੰ
ਜੇ ਸੱਜਣ ! ਤੂੰ ਰਾਜ਼ੀ,
ਯਾਦ ਤੁਸਾਡੀ ਛੁਟੇ ਨ ਸਾਥੋਂ,
ਪਯਾਰ ਰਹੇ ਲੂੰ ਪੁੜਿਆ ।੪੪।
38. ਸਿਞਾਣ
ਮਿਸਰੀ ਕਿਸੇ ਬਨਾਂਦਿਆਂ, ਹੇਠਾਂ
ਜਦੋਂ ਕੜਾਹੀ ਲਾਹੀ,
ਕੋਲੇ ਕੋਲੇ ਖੰਡ ਹੋ ਗਈ
ਵੇਖ ਵੇਖ ਪਛੁਤਾਹੀ,
ਹੇ ਭੋਲੇ ! ਜਿਸ ਸੇਕ ਨਾਕ ਸੀ
ਸ਼ਰਬਤ ਮਿਸ਼ਰੀ ਬਣਨਾ,
ਤਾਰ ਸਿਞਾਤੀ ਨਹੀਂ ਓਸਦੀ,
ਸਯਾਣ ਬਿਨਾਂ ਸੁਖ ਨਾਹੀਂ ।੪੫।