ਅਜਕ ਅਜਕ ਭਾਦੋਂ ਜਿਉਂ ਬਰਸਨ-
ਸੁਕ ਸੁਕ ਭਰ ਭਰ ਆਵਨ,-
ਸਿਕ ਸਿਕ ਰਾਹ ਤਕਾਵਨ ਤਤੀਆਂ,
ਮਿਟ ਮਿਟ ਫੇਰ ਖੁਲ੍ਹਾਵਨ,
ਆਸੰਙ ਘਟਦੀ ਝਮਕਣ ਸੰਦੀ:
ਤਾਂਘ ਦਰਸ ਦੀ ਵਧਦੀ,
ਭੁੱਖੀਆਂ ਦਰਦ ਰਞਾਣੀਆਂ ਅੱਖੀਆਂ
ਥੱਲੇ ਲਹਿੰਦੀਆਂ ਜਾਵਨ ।੪।
5. ਤ੍ਰੇਲ ਤੇ ਸੂਰਜ
ਘਾਹ ਉੱਤੇ ਮੈਂ ਪਈ ਤ੍ਰੇਲ ਹਾਂ
ਨੈਣ ਨੈਣ ਹੋ ਰਹੀਆਂ,
'ਦਰਸ-ਪਯਾਸ' ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ,
'ਦਰਸ-ਪਯਾਸ' ਹੁਣ ਰੂਪ ਮਿਰਾ ਹੈ
ਮੈਂ ਵਿਚ ਹੋਰ ਨ ਬਾਕੀ,-
ਚੜ੍ਹ ਅਰਸ਼ੋਂ, ਆ ਅੰਗ ਲਗਾ,
ਮੈਂ ਵਿਛੀ ਤਿਰੇ ਰਾਹ ਪਈਆਂ ।੫।
6. ਮੈਂਡਾ ਪਿਆਰਾ
ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ !
ਉਸ ਕਲਗ਼ੀ ਦੀਆਂ ਅਣੀਆਂ,
ਮੈਂ ਜੇਹੀ ਜਿਨ੍ਹੇ ਲੱਖ ਪਰੋਤੀ,
ਲੱਖ ਖਲੋਤੀਆਂ ਤਣੀਆਂ ।
ਵਿਝ ਦਿਲ, ਹੋਰ ਵਿਝੀਵਣ ਚਾਹੇ,
ਪੀੜ ਛਿੜੇ ਰਸ ਚਾੜ੍ਹੇ,
ਜਿੰਦ ਨਵੀਂ ਇਕ ਜਾਗੇਨੀ, ਚਖ ਚਖ
ਉਸ ਹੀਰੇ ਦੀਆਂ ਕਣੀਆਂ ।੬।
ਰਾਂਝਾ ਬੈਠਾ ਤਖਤ ਹਜ਼ਾਰੇ
ਨਾਲ ਭਾਬੀਆਂ ਅੜਦਾ,-
ਕਾਸਾ ਅਜੇ ਚੱਕ ਹੈ ਚੜ੍ਹਿਆ,-
ਹੱਥ ਘੁਮਿਆਰ ਉਸ ਘੜਦਾ,-
ਹੀਰ ਸੁਰਾਹੀ ਧੌਣ ਨਿਵਾਈ
ਖਲੀ ਝਨਾਂ ਦੀ ਕੰਧੀ,-
ਸ਼ਹੁ ਦਰਯਾ ਵਗੇ ਨਹੀਂ ਅਟਕੇ
ਤੁਪਕਾ ਤੁਪਕਾ ਖੜਦਾ ।੭।
8. ਬਦੀ
ਦਾਖਾਂ ਤੇ ਅੰਗੂਰੀ ਸ਼ੀਸ਼ੇ
ਕੁਦਰਤ ਆਪ ਬਣਾਏ,
ਮਿੱਠੇ ਤੇ ਸਵਾਦੀ ਰਸ ਭਰ ਭਰ
ਵੇਲਾਂ ਗਲ ਲਟਕਾਏ,
ਤੂੰ ਉਹ ਤੋੜ ਮੱਟ ਵਿਚ ਪਾਏ,
ਰਖ ਰਖ ਕੇ ਤਰਕਾਏ,-
ਦੁਖ-ਦੇਵੇ ਦਾਰੂ ਉਸ ਵਿਚੋਂ
ਤੂੰ ਹਨ ਆਪ ਚੁਆਏ ।੮।
9. ਅਚੱਲ ਰਾਂਝਾ
ਸਾਡਾ ਰਾਂਝਾ ਤਖਤ ਹਜ਼ਾਰੇ
ਤਖਤੋਂ ਕਦੀ ਨ ਉਠਦਾ,
ਝੰਗ ਸਿਆਲੀਂ ਬੈਠਿਆਂ ਸਾਨੂੰ
ਖਿੱਚਾਂ ਪਾ ਪਾ ਕੁਠਦਾ,
ਆਵੇ ਆਪ ਨ ਪਾਸ ਬੁਲਾਵੇ,
ਸੱਦ ਵੰਝਲੀ ਦੀ ਘੱਲੇ:
ਕੁੰਡੀ ਪਾ ਪਾਣੀ ਵਿਚ ਰਖਦਾ,-
ਰੁਠਦਾ ਹੈ ਕਿ ਤਰੁੱਠਦਾ ।੯।
ਸੁਹਣੇ ਹੱਥ ਸੁਰਾਹੀ ਪਯਾਲਾ
ਦੇਖ ਦੁਖੀ ਖੁਸ਼ ਹੋਈ,
ਖੁਸ਼ ਹੋਈ ਮੁਖ ਦੇਖ ਸਜਨ ਦਾ
ਦੇਖ ਸੁਰਾਹੀ ਰੋਈ ।
ਰੋਂਦੀ ਵੇਖ ਸਜਨ ਹੱਸ ਆਖੇ,-
'ਕਉੜੀ ਸ਼੍ਰਾਬ ਨ ਲਯਾਯਾ,-
'ਅੰਮ੍ਰਿਤ ਏਸ ਸੁਰਾਹੀ ਭਰਿਆ,
ਪੀਏ ਤੇ ਜੀਵੇ ਮੋਈ' ।੧੦।
ਦਿਹ ਇਕ ਬੂੰਦ ਸੁਰਾਹੀਓਂ ਸਾਨੂੰ
ਸੋਚ ਸਮੁੰਦਰ ਬੋੜੇ,
ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ
ਆਸ ਅੰਦੇਸੇ ਤੋੜੇ,
ਰੰਗ ਸੁਹਾਵੇ ਤੇ ਨੌਰੰਗੀ
ਪੀਂਘ ਘੁਕੇ ਆਨੰਦੀ,
ਆਣ ਹੁਲਾਰੇ ਅਮਰ ਸੁਖਾਂ ਦੇ,
ਮੁੜਨ ਨ,-ਐਸਾ ਜੋੜੇ ।੧੧।
11. ਪਸਾਰੀ ਕਿ ਮਖੀਰ ?
ਤੋੜ ਗੁਲਾਬ ਪਸਾਰੀ ਲਯਾਇਆ
ਮਲ ਮਲ ਖੰਡ ਰਲਾਈ,-
ਭੀ ਕਉੜੱਤਣ ਰਹੀ ਸਵਾਦ ਵਿਚ
ਬਣੀ ਨ ਉਹ ਮਠਿਆਈ,
ਮੱਖੀ ਬਣ, ਕਣ ਰਸ ਜੇ ਚੁਣਦਾ,
ਤੋੜ ਨ ਆਬ ਗੁਆਂਦਾ,
ਮਾਲੀ ਨਾਲੋਂ ਨੇਹੁੰ ਨ ਟੁਟਦਾ,
ਰਸ ਪੀਂਦਾ ਸੁਖਦਾਈ ।੧੨।
12. ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ
ਡਾਲੀ ਨਾਲੋਂ ਤੋੜ ਨ ਸਾਨੂੰ,
ਅਸਾਂ ਹੱਟ 'ਮਹਿਕ' ਦੀ ਲਾਈ !
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,-
ਉਹ ਭੀ ਪਲਕ ਝਲਕ ਦਾ ਮੇਲਾ-
ਰੂਪ ਮਹਿਕ ਨਸ ਜਾਈ ।੧੩।
'ਕਿਉਂ ਹੋਯਾ ?' ਤੇ 'ਕੀਕੂੰ ਹੋਯਾ ?'
ਖਪ ਖਪ ਮਰੇ ਸਿਆਣੇ,-
ਓਸੇ ਰਾਹ ਪਵੇਂ ਕਿਉਂ ਜਿੰਦੇ !
ਜਿਸ ਰਾਹ ਪੂਰ ਮੁਹਾਣੇ,
ਭਟਕਣ ਛੱਡ, ਲਟਕ ਲਾ ਇਕੋ,
ਖੀਵੀ ਹੋ ਸੁਖ ਮਾਣੀਂ,
ਹੋਸ਼ਾਂ ਨਾਲੋਂ ਮਸਤੀ ਚੰਗੀ
ਰਖਦੀ ਸਦਾ ਟਿਕਾਣੇ ।੧੪।
14. ਮਗਨਤਾ
ਬਾਗ਼ ਅਦਨ ਵਿਚ ਵਸਦਿਆਂ ਆਦਮ
ਕਣਕ, ਆਖਦੇ ਖਾਧੀ,-
ਧੱਕਿਆ ਗਿਆ ਬਾਗ਼ ਤੋਂ ਸ਼ੁਹਦਾ
ਕੀਤਾ ਗਿਆ ਅਪਰਾਧੀ:
ਭਬਕੇ ਪਾ ਕੇ ਕਣਕ ਚੁਆਂਦਾ
ਰਸ ਪੀਂਦਾ ਜੇ ਆਦਮ,
ਅਦਨੋਂ ਹੋਰ ਉਚੇਰਾ ਹੁੰਦਾ,
ਅਟਲ ਮੱਲਦਾ ਗਾਧੀ ।੧੫।
(ਸ਼ੁਹਦਾ=ਵਿਚਾਰਾ, ਗਾਧੀ=ਅਮਰ ਪਦ)
15. ਹਠ-ਰਸ
ਨਾ ਕਰ ਤਪ ਸਿੰਗੀ ਰਿਖ ਹਠੀਏ !
ਰੁੱਸ ਨ ਕੁਦਰਤ ਨਾਲੋਂ,
ਲੁਕਵੇਂ ਤੇਜ ਵਸਣ ਇਸ ਅੰਦਰ,
ਸੂਖਮ ਹਨ ਜੋ ਵਾਲੋਂ,
ਹਠ ਤੋਂ ਟੱਪ, ਰੰਗੀਜ ਰੰਗ ਵਿਚ,
ਰਸੀਆ ਹੋ ਰਸ ਜਿੱਤੀਂ,
ਇਕ ਝਲਕਾਰੇ ਵਿਚ ਨਹੀਂ ਏ
ਗੁਆ ਦੇਸਣ ਇਸ ਹਾਲੋਂ ।੧੬।
ਬੇਖ਼ੁਦੀਆਂ ਦੀ ਬੂਟੀ ਇਕ ਦਿਨ
ਮੁਰਸ਼ਿਦ ਘੋਲ ਪਿਲਾਈ,
ਝੂਟਾ ਇਕ ਅਰਸ਼ ਦਾ ਆਇਆ
ਐਸੀ ਪੀਂਘ ਘੁਕਾਈ,
ਘੂਕੀ ਘੂਕੇ ਚੜ੍ਹੇ ਤੇ ਘੂਕੇ
ਢਿੱਲੀ ਕਦੀ ਨ ਹੋਵੇ:
ਚਾਟ ਲਗਾਵਣ ਵਾਲਿਆ ਸਾਈਆਂ !
ਲਾਈ ਤੋੜ ਚੜ੍ਹਾਈਂ ।੧੭।
17. ਉੱਚੀ ਮੱਤਿ
ਫੜ ਫੜ ਦਿਲ ਨੂੰ ਬਹਿ ਬਹਿ ਜਾਵਾਂ
ਜਦ ਦਿਲਗੀਰੀਆਂ ਆਵਨ,
ਹਸ ਬੋਲੇ, ਹਸ ਤੱਕੇ ਸਾਂ ਜੋ
ਪਾ ਪਕੜਾਂ ਆ ਖਾਵਨ,
ਬੇਖ਼ੁਦੀਆਂ ਦੀ ਪੀਂਘੇ ਚੜ੍ਹਕੇ
ਕੀਕੁਣ ਮੈਂ ਸੁਖ ਪਾਵਾਂ ?
ਹੇਠਾਂ ਖਿੱਚਣ ਵਾਲੀਆਂ ਰੋਕਾਂ
ਪਿੱਛਾ ਨਾ ਛੱਡ ਜਾਵਨ ।੧੮।
ਦਿਲ ਦੀਆਂ ਪਕੜਾਂ ਟੁੱਟਣ ਤਾਹੀਓਂ
ਜੇ ਉੱਚੇ ਨੂੰ ਪਕੜੇਂ,
ਉਹ ਖਿੱਚੇ, ਤੂੰ ਹੰਭਲਾ ਮਾਰੇਂ
ਹੱਥ ਪਾਇਕੇ ਤਕੜੇ-
ਠੱਗ ਲਵੇਂ ਸੁੰਦਰਤਾ ਉਸ ਦੀ
ਅਪਣੇ ਹਿਤ ਵਿਚ ਬੰਨ੍ਹੇ,
ਪਹੁਪੰਧ ਤੇਰੇ ਹੋਣ ਮੋਕਲੇ
ਖੁਲ੍ਹ ਜਾਵਣ ਬੰਦ ਜਕੜੇ ।੧੯।
18. ਪਿੰਜਰੇ ਪਿਆ ਪੰਛੀ
ਪਿੰਜਰੇ ਦੀ ਸਲਾਹੁਤ ਕਰਨ ਵਾਲੇ ਨੂੰ
ਜ਼ਾਲਮ ਖੜਾ ਹਵਾ ਖੁੱਲ੍ਹੀ ਵਿਚ
ਆਖੇ, 'ਪਿੰਜਰਾ ਸੁਹਣਾ',-
ਵਿਚ ਆ ਜਾਵੇਂ ਫਿਰ ਮੈਂ ਪੁੱਛਾਂ:
'ਕਿੰਨਾ ਹੈ ਮਨ-ਮੁਹਣਾ ?'
ਪਰ ਤੋਂ ਹੀਨ, ਧਰਾ ਦੇ ਕੈਦੀ
ਓ ਮੂਰਖ ਦਿਲ ਕਰੜੇ !
ਉੱਡਣਹਾਰੇ ਪੰਛੀ ਨੂੰ ਇਹ
ਸੁਹਣਾ ਹੈ ਜਿੰਦ ਕੁਹਣਾ ।੨੦।
ਜ਼ਾਲਮ ਨੂੰ ਰੰਗ ਸੁਹਣਾ ਲੱਗਾ,
ਮਿੱਠੀ ਲੱਗੀ ਬਾਣੀ,-
ਵਾਹ ਵਾ ਕਦਰ ਗੁਣਾਂ ਦੀ ਪਾਈ !
ਛਹਕੇ ਜਾਲੀ ਤਾਣੀ,
ਪਕੜ ਪਿੰਜਰੇ ਪਾਇ ਵਿਛੋੜਿਆ
ਸਾਕ ਸਨੇਹੀਆਂ ਨਾਲੋਂ,
ਭੱਠ ਪਵੇ ਇਹ ਕਦਰ ਤੁਹਾਡੀ
ਖੇਹ ਇਸ ਯਾਰੀ ਲਾਣੀ ।੨੧।