'ਕਿਉਂ ਹੋਯਾ ?' ਤੇ 'ਕੀਕੂੰ ਹੋਯਾ ?'
ਖਪ ਖਪ ਮਰੇ ਸਿਆਣੇ,-
ਓਸੇ ਰਾਹ ਪਵੇਂ ਕਿਉਂ ਜਿੰਦੇ !
ਜਿਸ ਰਾਹ ਪੂਰ ਮੁਹਾਣੇ,
ਭਟਕਣ ਛੱਡ, ਲਟਕ ਲਾ ਇਕੋ,
ਖੀਵੀ ਹੋ ਸੁਖ ਮਾਣੀਂ,
ਹੋਸ਼ਾਂ ਨਾਲੋਂ ਮਸਤੀ ਚੰਗੀ
ਰਖਦੀ ਸਦਾ ਟਿਕਾਣੇ ।੧੪।
14. ਮਗਨਤਾ
ਬਾਗ਼ ਅਦਨ ਵਿਚ ਵਸਦਿਆਂ ਆਦਮ
ਕਣਕ, ਆਖਦੇ ਖਾਧੀ,-
ਧੱਕਿਆ ਗਿਆ ਬਾਗ਼ ਤੋਂ ਸ਼ੁਹਦਾ
ਕੀਤਾ ਗਿਆ ਅਪਰਾਧੀ:
ਭਬਕੇ ਪਾ ਕੇ ਕਣਕ ਚੁਆਂਦਾ
ਰਸ ਪੀਂਦਾ ਜੇ ਆਦਮ,
ਅਦਨੋਂ ਹੋਰ ਉਚੇਰਾ ਹੁੰਦਾ,
ਅਟਲ ਮੱਲਦਾ ਗਾਧੀ ।੧੫।
(ਸ਼ੁਹਦਾ=ਵਿਚਾਰਾ, ਗਾਧੀ=ਅਮਰ ਪਦ)
15. ਹਠ-ਰਸ
ਨਾ ਕਰ ਤਪ ਸਿੰਗੀ ਰਿਖ ਹਠੀਏ !
ਰੁੱਸ ਨ ਕੁਦਰਤ ਨਾਲੋਂ,
ਲੁਕਵੇਂ ਤੇਜ ਵਸਣ ਇਸ ਅੰਦਰ,
ਸੂਖਮ ਹਨ ਜੋ ਵਾਲੋਂ,
ਹਠ ਤੋਂ ਟੱਪ, ਰੰਗੀਜ ਰੰਗ ਵਿਚ,
ਰਸੀਆ ਹੋ ਰਸ ਜਿੱਤੀਂ,
ਇਕ ਝਲਕਾਰੇ ਵਿਚ ਨਹੀਂ ਏ
ਗੁਆ ਦੇਸਣ ਇਸ ਹਾਲੋਂ ।੧੬।
ਬੇਖ਼ੁਦੀਆਂ ਦੀ ਬੂਟੀ ਇਕ ਦਿਨ
ਮੁਰਸ਼ਿਦ ਘੋਲ ਪਿਲਾਈ,
ਝੂਟਾ ਇਕ ਅਰਸ਼ ਦਾ ਆਇਆ
ਐਸੀ ਪੀਂਘ ਘੁਕਾਈ,
ਘੂਕੀ ਘੂਕੇ ਚੜ੍ਹੇ ਤੇ ਘੂਕੇ
ਢਿੱਲੀ ਕਦੀ ਨ ਹੋਵੇ:
ਚਾਟ ਲਗਾਵਣ ਵਾਲਿਆ ਸਾਈਆਂ !
ਲਾਈ ਤੋੜ ਚੜ੍ਹਾਈਂ ।੧੭।
17. ਉੱਚੀ ਮੱਤਿ
ਫੜ ਫੜ ਦਿਲ ਨੂੰ ਬਹਿ ਬਹਿ ਜਾਵਾਂ
ਜਦ ਦਿਲਗੀਰੀਆਂ ਆਵਨ,
ਹਸ ਬੋਲੇ, ਹਸ ਤੱਕੇ ਸਾਂ ਜੋ
ਪਾ ਪਕੜਾਂ ਆ ਖਾਵਨ,
ਬੇਖ਼ੁਦੀਆਂ ਦੀ ਪੀਂਘੇ ਚੜ੍ਹਕੇ
ਕੀਕੁਣ ਮੈਂ ਸੁਖ ਪਾਵਾਂ ?
ਹੇਠਾਂ ਖਿੱਚਣ ਵਾਲੀਆਂ ਰੋਕਾਂ
ਪਿੱਛਾ ਨਾ ਛੱਡ ਜਾਵਨ ।੧੮।
ਦਿਲ ਦੀਆਂ ਪਕੜਾਂ ਟੁੱਟਣ ਤਾਹੀਓਂ
ਜੇ ਉੱਚੇ ਨੂੰ ਪਕੜੇਂ,
ਉਹ ਖਿੱਚੇ, ਤੂੰ ਹੰਭਲਾ ਮਾਰੇਂ
ਹੱਥ ਪਾਇਕੇ ਤਕੜੇ-
ਠੱਗ ਲਵੇਂ ਸੁੰਦਰਤਾ ਉਸ ਦੀ
ਅਪਣੇ ਹਿਤ ਵਿਚ ਬੰਨ੍ਹੇ,
ਪਹੁਪੰਧ ਤੇਰੇ ਹੋਣ ਮੋਕਲੇ
ਖੁਲ੍ਹ ਜਾਵਣ ਬੰਦ ਜਕੜੇ ।੧੯।
18. ਪਿੰਜਰੇ ਪਿਆ ਪੰਛੀ
ਪਿੰਜਰੇ ਦੀ ਸਲਾਹੁਤ ਕਰਨ ਵਾਲੇ ਨੂੰ
ਜ਼ਾਲਮ ਖੜਾ ਹਵਾ ਖੁੱਲ੍ਹੀ ਵਿਚ
ਆਖੇ, 'ਪਿੰਜਰਾ ਸੁਹਣਾ',-
ਵਿਚ ਆ ਜਾਵੇਂ ਫਿਰ ਮੈਂ ਪੁੱਛਾਂ:
'ਕਿੰਨਾ ਹੈ ਮਨ-ਮੁਹਣਾ ?'
ਪਰ ਤੋਂ ਹੀਨ, ਧਰਾ ਦੇ ਕੈਦੀ
ਓ ਮੂਰਖ ਦਿਲ ਕਰੜੇ !
ਉੱਡਣਹਾਰੇ ਪੰਛੀ ਨੂੰ ਇਹ
ਸੁਹਣਾ ਹੈ ਜਿੰਦ ਕੁਹਣਾ ।੨੦।
ਜ਼ਾਲਮ ਨੂੰ ਰੰਗ ਸੁਹਣਾ ਲੱਗਾ,
ਮਿੱਠੀ ਲੱਗੀ ਬਾਣੀ,-
ਵਾਹ ਵਾ ਕਦਰ ਗੁਣਾਂ ਦੀ ਪਾਈ !
ਛਹਕੇ ਜਾਲੀ ਤਾਣੀ,
ਪਕੜ ਪਿੰਜਰੇ ਪਾਇ ਵਿਛੋੜਿਆ
ਸਾਕ ਸਨੇਹੀਆਂ ਨਾਲੋਂ,
ਭੱਠ ਪਵੇ ਇਹ ਕਦਰ ਤੁਹਾਡੀ
ਖੇਹ ਇਸ ਯਾਰੀ ਲਾਣੀ ।੨੧।
ਅੱਜੋ ਪੀ ਤੇ ਹੁਣ ਹੀ ਪੀ ਤੇ-
ਪੀਂਦਾ ਪੀਂਦਾ ਜਾਈਂ,
'ਪਿਰਮ-ਰਸਾਂ' ਦੇ ਪਯਾਲੇ ਨਾਲੋਂ
ਲਾਏ ਬੁੱਲ੍ਹ ਨ ਚਾਈਂ,
ਹਰਦਮ ਪੀ ਤੇ ਖੀਵਾ ਹੋ ਰਹੁ
ਇਹ ਮਸਤੀ ਨ ਉਤਰੇ,-
ਕਲ ਨੂੰ ਖ਼ਬਰੇ ਕਾਲ ਆਇਕੇ
ਦੇਵੇ ਖਾਕ ਰਲਾਈ ।੨੨।
20. ਲੱਗੀਆਂ ਨਿੱਭਣ
ਪੱਥਰ ਨਾਲ ਨੇਹੁੰ ਲਾ ਬੈਠੀ-
ਨਾ ਹੱਸੇ ਨਾ ਬੋਲੇ,
ਸੁਹਣਾ ਲੱਗੇ ਮਨ ਨੂੰ ਮੋਹੇ
ਘੁੰਡੀ ਦਿਲੋਂ ਨ ਖੁਹਲੇ,
ਛੱਡਯਾਂ ਛੱਡਿਆ ਜਾਂਦਾ ਨਾਹੀਂ,
ਮਿਲਿਆਂ ਨਿੱਘ ਨ ਕੋਈ:
ਹੱਛਾ ਜਿਵੇਂ ਰਜ਼ਾ ਹੈ ਤੇਰੀ,
ਅੱਖੀਅਹੁੰ ਹੋਹੁ ਨ ਉਹਲੇ ।੨੩।
21. ਭੈ ਵਿਚ
ਬੱਦਲ ਆਇਆ ਦੇਖ ਕੰਬਿਆ
ਪਰਬਤ, -ਸ਼ੋਰ ਮਚਾਇਆ:
'ਮਿੱਠੇ ਬਣ ਅੰਦਰ ਵੜ ਲੋਟੂ
ਫਿਰ ਫੇਰਾ ਆ ਪਾਇਆ ?
'ਕੱਜਣ ਐਡਾ ਕਿੱਥੋਂ ਲਯਾਵਾਂ ?
ਲਵੇ ਲੁਕਾ ਜੋ ਮੈਨੂੰ ।
'ਹੇ ਸਰਪੋਸ਼ ਜਗਤ ਦੇ ਓਲ੍ਹਣ !
ਰੱਖੋ ਕਰਕੇ ਦਾਇਆ' ।੨੪।
ਮਿੱਠੀ ਖਿਰਨ ਬੋਲਿਆ ਬੱਦਲ
ਹਿਰਦਾ ਚਮਕ ਦਿਖਾਇਆ :-
'ਲੇਖਾ ਸਾਫ ਨ ਮੈਂ ਕੁਛ ਪੱਲੇ,
ਤੈਂ ਦਿੱਤਾ ਵੰਡ ਆਇਆ;
'ਉਹ ਦਾਤਾ, ਭੰਡਾਰੀ ਤੂੰ ਹੈਂ
ਮੈਂ ਹਾਂ ਵੰਡਣ ਹਾਰਾ,
'ਭੈ ਵਿਚ ਕਾਰ ਤੁਸਾਂ ਮੈਂ ਕਰਨੀ-
ਸਭ ਮਾਲਕ ਦੀ ਮਾਇਆ' ।੨੫।
ਸਾਗਰ ਪੁਛਦਾ :-'ਨਦੀਏ ! ਸਾਰੇ
ਬੂਟੇ ਬੂਟੀਆਂ ਲਯਾਵੇਂ,
ਪਰ ਨਾ ਕਦੀ ਬੈਂਤ ਦਾ ਬੂਟਾ
ਏਥੇ ਆਣ ਪੁਚਾਵੇਂ ?'
ਨਦੀ ਆਖਦੀ :-'ਆਕੜ ਵਾਲੇ,
ਸਭ ਬੂਟੇ ਪਟ ਸੱਕਾਂ,
'ਪਰ ਜੋ ਝੁਕੇ ਵਗੇ ਰਉਂ ਰੁਖ਼ ਨੂੰ
ਪੇਸ਼ ਨਾ ਉਸ ਤੇ ਜਾਵੇ' ।੨੬।
23. ਯਾਦ
'ਯਾਦ ਸਜਨ ਦੀ' ਹਰਦਮ ਰਹਿੰਦੀ
ਲਹਿ ਗਈ ਡੂੰਘੇ ਥਾਈਂ,
ਵਾਂਗ ਸੰਗੀਤ ਲਹਿਰਦੀ ਅੰਦਰ
ਬਣ ਗਈ ਰਾਗ ਇਲਾਹੀ ।
ਦਾਰੂ ਵਾਂਗ ਸਰੂਰ ਚਾੜ੍ਹਦੀ,
ਤਰਬ ਵਾਂਗ ਥਰਰਾਵੇ,
ਖਿੱਚੇ ਤੇ ਰਸ ਭਿੰਨੀ ਕਸਕੇ-
ਲੱਗੇ ਫਿਰ ਸੁਖਦਾਈ ।੨੭।
24. ਇਲਮ, ਅਮਲ
ਸਿਰ ਕਚਕੌਲ ਬਨਾ ਹਥ ਲੀਤਾ
ਪੜ੍ਹਿਆਂ ਦਵਾਰੇ ਫਿਰਿਆ,
ਦਰ ਦਰ ਦੇ ਟੁਕ ਮੰਗ ਮੰਗ ਪਾਏ,
ਤੁੰਨ ਤੁੰਨ ਕੇ ਇਹ ਭਰਿਆ;
ਭਰਿਆ ਵੇਖ ਅਫਰਿਆ ਮੈਂ ਸਾਂ
ਜਾਣਾਂ ਪੰਡਤ ਹੋਇਆ,-
ਟਿਕੇ ਨ ਪੈਰ ਜ਼ਿਮੀਂ ਤੇ ਮੇਰਾ
ਉੱਚਾ ਹੋ ਹੋ ਟੁਰਿਆ ।੨੮।
ਇਕ ਦਿਨ ਏ ਕਚਕੌਲ ਲੈ ਗਿਆ
ਮੁਰਸ਼ਿਦ ਮੁਹਰੇ ਧਰਿਆ:
ਜੂਠ ਜੂਠ ਕਰ ਉਸ ਉਲਟਾਇਆ
ਖਾਲੀ ਸਾਰਾ ਕਰਿਆ;
ਮਲ ਮਲ ਕੇ ਫਿਰ ਧੋਤਾ ਇਸ ਨੂੰ
ਮੈਲ ਇਲਮ ਦੀ ਲਾਹੀ:
ਦੇਖੋ, ਇਹ ਕਚਕੌਲ ਲਿਸ਼ਕਿਆ;
ਕੰਵਲ ਵਾਂਙ ਫਿਰ ਖਿੜਿਆ ।੨੯।
ਦਿਹ ਇਕ ਬੂੰਦ ਸੁਰਾਹੀਓਂ ਸਾਨੂੰ,
ਇੱਕੋ ਹੀ ਦਿਹ ਸਾਈਂ !
ਅੱਧੀ ਅੱਧ ਪਚੱਧੀ ਦੇ ਦੇ
ਨਿੱਕੀ ਹੋਰ ਗੁਸਾਈਂ !
ਇੱਕ ਵੇਰ ਇੱਕ ਕਣੀ ਦਿਵਾ ਦੇ,
ਸੂਫੀ ਅਸੀਂ ਨ ਰਹੀਏ-
ਇੱਕ ਵੇਰ ਦਰ ਖਲਿਆਂ ਤਾਈਂ
ਸਾਈਂ ਸਵਾਦ ਚਖਾਈਂ ।੩੦।
26. ਸੰਗੀਤ
ਉੱਚੇ ਭਾਵ ਵਲਵਲੇ ਸੁਹਣੇ,
ਸੂਖਮ ਰੰਗ ਸੁਹਾਵਨ,
ਸਰਦ ਮਿਹਰ ਦੁਨੀਆਂ ਨੂੰ ਮਿਲ ਮਿਲ
ਠਰ ਠਰ ਜੰਮ ਜੰਮ ਜਾਵਨ :-
ਰਾਗ ਇਨ੍ਹਾਂ ਨੂੰ ਨਿੱਘ ਪੁਚਾਵੇ
ਮੁੜ ਸੁਰਜੀਤ ਕਰਾਵੇ:
ਤਾਹੀਓਂ ਰਸੀਏ ਏਸ ਰਾਗ ਨੂੰ
'ਪੌੜੀ ਅਰਸ਼' ਸਦਾਵਨ ।੩੧।
27. ਵਿਛੋੜਾ-ਵਸਲ
ਸਾਬਣ ਲਾ ਲਾ ਧੋਤਾ ਕੋਲਾ,
ਦੁੱਧ ਦਹੀਂ ਵਿਚ ਪਾਇਆ,
ਖੁੰਬ ਚਾੜ੍ਹ, ਰੰਗਣ ਭੀ ਧਰਿਆ
ਰੰਗ ਨ ਏਸ ਵਟਾਇਆ;
ਵਿੱਛੁੜ ਕੇ ਕਾਲਖ ਸੀ ਆਈ
ਬਿਨ ਮਿਲਿਆਂ ਨਹੀਂ ਲਹਿੰਦੀ;
ਅੰਗ ਅੱਗ ਦੇ ਲਾਕੇ ਦੇਖੋ
ਚੜ੍ਹਦਾ ਰੂਪ ਸਵਾਇਆ ।੩੨।
28. ਬ੍ਰਿੱਛ
ਧਰਤੀ ਦੇ ਹੇ ਤੰਗ-ਦਿਲ ਲੋਕੋ !
ਨਾਲ ਅਸਾਂ ਕਿਉਂ ਲੜਦੇ ?
ਚੌੜੇ ਦਾਉ ਅਸਾਂ ਨਹੀਂ ਵਧਣਾ,
ਸਿੱਧੇ ਜਾਣਾ ਚੜ੍ਹਦੇ;
ਘੇਰੇ ਤੇ ਫੈਲਾਉ ਅਸਾਡੇ
ਵਿਚ ਅਸਮਾਨਾਂ ਹੋਸਣ;
ਗਿੱਠ ਥਾਉਂ ਧਰਤੀ ਤੇ ਮੱਲੀ,
ਅਜੇ ਤੁਸੀਂ ਹੋ ਲੜਦੇ ? ।੩੩।