ਸਾਗਰ ਪੁਛਦਾ :-'ਨਦੀਏ ! ਸਾਰੇ
ਬੂਟੇ ਬੂਟੀਆਂ ਲਯਾਵੇਂ,
ਪਰ ਨਾ ਕਦੀ ਬੈਂਤ ਦਾ ਬੂਟਾ
ਏਥੇ ਆਣ ਪੁਚਾਵੇਂ ?'
ਨਦੀ ਆਖਦੀ :-'ਆਕੜ ਵਾਲੇ,
ਸਭ ਬੂਟੇ ਪਟ ਸੱਕਾਂ,
'ਪਰ ਜੋ ਝੁਕੇ ਵਗੇ ਰਉਂ ਰੁਖ਼ ਨੂੰ
ਪੇਸ਼ ਨਾ ਉਸ ਤੇ ਜਾਵੇ' ।੨੬।
23. ਯਾਦ
'ਯਾਦ ਸਜਨ ਦੀ' ਹਰਦਮ ਰਹਿੰਦੀ
ਲਹਿ ਗਈ ਡੂੰਘੇ ਥਾਈਂ,
ਵਾਂਗ ਸੰਗੀਤ ਲਹਿਰਦੀ ਅੰਦਰ
ਬਣ ਗਈ ਰਾਗ ਇਲਾਹੀ ।
ਦਾਰੂ ਵਾਂਗ ਸਰੂਰ ਚਾੜ੍ਹਦੀ,
ਤਰਬ ਵਾਂਗ ਥਰਰਾਵੇ,
ਖਿੱਚੇ ਤੇ ਰਸ ਭਿੰਨੀ ਕਸਕੇ-
ਲੱਗੇ ਫਿਰ ਸੁਖਦਾਈ ।੨੭।
24. ਇਲਮ, ਅਮਲ
ਸਿਰ ਕਚਕੌਲ ਬਨਾ ਹਥ ਲੀਤਾ
ਪੜ੍ਹਿਆਂ ਦਵਾਰੇ ਫਿਰਿਆ,
ਦਰ ਦਰ ਦੇ ਟੁਕ ਮੰਗ ਮੰਗ ਪਾਏ,
ਤੁੰਨ ਤੁੰਨ ਕੇ ਇਹ ਭਰਿਆ;
ਭਰਿਆ ਵੇਖ ਅਫਰਿਆ ਮੈਂ ਸਾਂ
ਜਾਣਾਂ ਪੰਡਤ ਹੋਇਆ,-
ਟਿਕੇ ਨ ਪੈਰ ਜ਼ਿਮੀਂ ਤੇ ਮੇਰਾ
ਉੱਚਾ ਹੋ ਹੋ ਟੁਰਿਆ ।੨੮।
ਇਕ ਦਿਨ ਏ ਕਚਕੌਲ ਲੈ ਗਿਆ
ਮੁਰਸ਼ਿਦ ਮੁਹਰੇ ਧਰਿਆ:
ਜੂਠ ਜੂਠ ਕਰ ਉਸ ਉਲਟਾਇਆ
ਖਾਲੀ ਸਾਰਾ ਕਰਿਆ;
ਮਲ ਮਲ ਕੇ ਫਿਰ ਧੋਤਾ ਇਸ ਨੂੰ
ਮੈਲ ਇਲਮ ਦੀ ਲਾਹੀ:
ਦੇਖੋ, ਇਹ ਕਚਕੌਲ ਲਿਸ਼ਕਿਆ;
ਕੰਵਲ ਵਾਂਙ ਫਿਰ ਖਿੜਿਆ ।੨੯।