ਵੱਡੇ ਭਾਈ ਸਾਹਬ
ਪ੍ਰੇਮਚੰਦ
ਪੰਜਾਬੀ ਅਨੁਵਾਦ - ਗੁਰਪ੍ਰੀਤ
ਟਾਈਟਲ ਕਵਰ ਅਤੇ ਰੇਖਾਚਿੱਤਰ – ਰਾਮਬਾਬੂ
ਵੱਡੇ ਭਾਈ ਸਾਹਬ
1
ਮੇਰੇ ਭਾਈ ਸਾਹਬ ਮੈਥੋਂ ਪੰਜ ਸਾਲ ਵੱਡੇ ਸਨ; ਪਰ ਸਿਰਫ਼ ਤਿੰਨ ਜਮਾਤਾਂ ਅੱਗੇ । ਉਹਨਾਂ ਨੇ ਵੀ ਉਸੇ ਉਮਰ ਵਿੱਚ ਪੜ੍ਹਨਾ ਸ਼ੁਰੂ ਕੀਤਾ ਸੀ ਜਿਸ ਵਿੱਚ ਮੈਂ ਸ਼ੁਰੂ ਕੀਤਾ ਪਰ ਵਿੱਦਿਆ ਜਿਹੇ ਮਹੱਤਵ ਦੇ ਮਾਮਲੇ ਵਿੱਚ ਉਹ ਜਲਦਬਾਜ਼ੀ ਤੋਂ ਕੰਮ ਲੈਣਾ ਪਸੰਦ ਨਹੀਂ ਸੀ ਕਰਦੇ। ਇਸ ਭਾਵਨਾ ਦੀ ਨੀਂਹ ਬਹੁਤ ਮਜ਼ਬੂਤ ਰੱਖਣੀ ਚਾਹੁੰਦੇ ਸਨ, ਜਿਸ 'ਤੇ ਆਲੀਸ਼ਾਨ ਮਹਿਲ ਬਣ ਸਕੇ। ਇੱਕ ਸਾਲ ਦਾ ਕੰਮ ਦੋ ਸਾਲ ਵਿੱਚ ਕਰਦੇ ਸਨ। ਕਦੇ-ਕਦੇ ਤਾਂ ਤਿੰਨ ਸਾਲ ਵੀ ਲੱਗ ਜਾਂਦੇ ਸਨ । ਨੀਂਹ ਹੀ ਮਜ਼ਬੂਤ ਨਾ ਹੋਵੇ, ਤਾਂ ਮਕਾਨ ਕਿਵੇਂ ਉੱਚ-ਕੋਟੀ ਦਾ ਬਣੇ!
ਮੈਂ ਛੋਟਾ ਸੀ, ਉਹ ਵੱਡੇ ਸਨ। ਮੇਰੀ ਉਮਰ ਨੌਂ ਸਾਲ ਦੀ ਸੀ, ਉਹ ਚੌਦਾਂ ਸਾਲ ਦੇ ਸਨ । ਉਹਨਾਂ ਨੂੰ ਮੇਰੇ ਉੱਤੇ ਨਿਗਰਾਨੀ ਰੱਖਣ ਦਾ ਪੂਰਾ ਅਤੇ ਜਨਮਸਿੱਧ ਅਧਿਕਾਰ ਸੀ ਅਤੇ ਮੇਰੀ ਭਲਾਈ ਇਸੇ ਵਿੱਚ ਸੀ ਕਿ ਮੈਂ ਉਹਨਾਂ ਦੇ ਹੁਕਮ ਨੂੰ ਕਨੂੰਨ ਸਮਝਾਂ।
ਉਹ ਸੁਭਾਅ ਦੇ ਬੜੇ ਅਧਿਐਨਸ਼ੀਲ ਸਨ। ਹਮੇਸ਼ਾਂ ਕਿਤਾਬ ਖੋਲੀ ਬੈਠੇ ਰਹਿੰਦੇ ਅਤੇ ਸ਼ਾਇਦ ਦਿਮਾਗ਼ ਨੂੰ ਅਰਾਮ ਦੇਣ ਲਈ ਕਦੇ ਕਾਪੀ 'ਤੇ ਕਦੇ ਕਿਤਾਬ ਦੀਆਂ ਲਕੀਰਾਂ 'ਤੇ ਚਿੜੀਆਂ, ਕੁੱਤੇ, ਬਿੱਲੀਆਂ ਦੀਆਂ ਤਸਵੀਰਾਂ ਬਣਾਉਂਦੇ ਸਨ। ਕਦੇ- ਕਦੇ ਇੱਕ ਹੀ ਨਾਮ ਜਾਂ ਸ਼ਬਦ ਜਾਂ ਵਾਕ ਦਸ-ਵੀਹ ਵਾਰ ਲਿਖ ਦਿੰਦੇ। ਕਦੇ ਇੱਕ ਸ਼ੇਅਰ ਨੂੰ ਵਾਰ-ਵਾਰ ਸੋਹਣੇ ਅੱਖਰਾਂ ਵਿੱਚ ਨਕਲ ਕਰਦੇ। ਕਦੇ ਅਜਿਹੀ ਸ਼ਬਦ-ਰਚਨਾ ਕਰਦੇ ਜਿਸਦਾ ਨਾ ਕੋਈ ਅਰਥ ਹੁੰਦਾ, ਨਾ ਕੋਈ ਲੈਅ। ਜਿਵੇਂ ਮੈਂ ਇੱਕ ਵਾਰ ਉਹਨਾਂ ਦੀ ਕਾਪੀ 'ਤੇ ਇਹ ਲਿਖਿਆ ਵੇਖਿਆ- ਸਪੈਸ਼ਲ, ਅਮੀਨਾ, ਭਰਾਵਾਂ-ਭਰਾਵਾਂ, ਅਸਲ ਵਿੱਚ, ਭਰਾ- ਭਰਾ, ਰਾਧੇਸ਼ਾਮ, ਸ਼੍ਰੀਮਾਨ ਰਾਧੇਸ਼ਾਮ, ਇੱਕ ਘੰਟੇ ਤੱਕ- ਇਸਤੋਂ ਬਾਅਦ ਇੱਕ ਆਦਮੀ ਦਾ ਚਿਹਰਾ ਬਣਿਆ ਹੋਇਆ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਸ ਬੁਝਾਰਤ ਦਾ ਕੋਈ ਅਰਥ ਕੱਢ ਸਕਾਂ, ਪਰ ਅਸਫ਼ਲ ਰਿਹਾ ਅਤੇ ਉਹਨਾਂ ਤੋਂ ਪੁੱਛਣ ਦੀ ਹਿੰਮਤ ਹੀ ਨਹੀਂ ਹੋਈ। ਉਹ ਨੌਵੀਂ ਜਮਾਤ ਵਿੱਚ ਸਨ, ਅਤੇ ਮੈਂ ਪੰਜਵੀਂ 'ਚ। ਉਹਨਾਂ ਦੀਆਂ ਰਚਨਾਵਾਂ ਨੂੰ ਸਮਝਣਾ ਮੇਰੇ ਲਈ ਛੋਟਾ ਮੂੰਹ ਵੱਡੀ ਗੱਲ ਸੀ।
ਮੇਰਾ ਪੜ੍ਹਨ ਵਿੱਚ ਬਿਲਕੁਲ ਵੀ ਜੀਅ ਨਹੀਂ ਸੀ ਲਗਦਾ। ਇੱਕ ਘੰਟਾ ਵੀ ਕਿਤਾਬ ਲੈ ਕੇ ਬੈਠਣਾ ਪਹਾੜ ਚੜਨਾ ਸੀ। ਮੌਕਾ ਮਿਲਦਿਆਂ ਹੀ ਹੋਸਟਲ 'ਚੋਂ ਨਿੱਕਲ ਕੇ ਮੈਦਾਨ ਵਿੱਚ ਆ ਜਾਂਦਾ ਅਤੇ ਕਦੇ ਰੋੜਿਆਂ, ਕਦੇ ਕਾਗਜ਼ਾਂ ਦੀਆਂ ਤਿਤਲੀਆਂ ਉਡਾਉਂਦਾ ਅਤੇ ਜੇ ਕੋਈ ਸਾਥੀ ਮਿਲ ਜਾਵੇ ਫਿਰ ਤਾਂ ਪੁੱਛੋ ਹੀ ਨਾ। ਕਦੇ ਚਾਰਦੀਵਾਰੀ 'ਤੇ ਚੜਕੇ ਹੇਠਾਂ ਕੁੱਦਦੇ ਰਹੇ ਹਾਂ, ਕਦੇ ਫਾਟਕ 'ਤੇ ਸਵਾਰ, ਉਹਨੂੰ ਅੱਗੇ-ਪਿੱਛੇ ਕਰਦੇ ਹੋਏ ਮੋਟਰਗੱਡੀ ਦਾ ਅਨੰਦ ਲੈਂਦੇ, ਪਰ ਕਮਰੇ ਵਿੱਚ ਆਉਂਦੇ ਹੀ ਭਾਈ ਸਾਹਬ ਦਾ ਉਹ ਗੁਸੈਲ ਰੂਪ ਦੇਖ ਕੇ ਜਿੰਦ ਸੁੱਕ ਜਾਂਦੀ । ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ "ਕਿੱਥੇ ਸੀ ?" ਹਮੇਸ਼ਾਂ ਇਹੀ ਸਵਾਲ, ਇਸੇ ਸੁਰ ਵਿੱਚ ਹਮੇਸ਼ਾਂ ਪੁੱਛਿਆ ਜਾਂਦਾ ਸੀ ਅਤੇ ਇਸਦਾ ਜਵਾਬ ਮੇਰੇ ਕੋਲ ਸਿਰਫ਼ ਚੁੱਪ ਸੀ । ਪਤਾ ਨਹੀਂ ਮੇਰੇ ਮੂੰਹੋਂ ਇਹ ਗੱਲ ਕਿਉਂ ਨਾ ਨਿੱਕਲਦੀ ਕਿ ਜ਼ਰਾ ਬਾਹਰ ਖੇਡ ਰਿਹਾ ਸੀ। ਮੇਰਾ ਮਨ ਕਹਿ ਦਿੰਦਾ ਕਿ ਮੈਨੂੰ ਆਪਣਾ ਜੁਰਮ ਸਵੀਕਾਰ ਹੈ ਅਤੇ ਭਾਈ ਸਾਹਬ ਲਈ ਇਸਤੋਂ ਸਿਵਾ ਕੋਈ ਰਸਤਾ ਨਹੀਂ ਸੀ ਕਿ ਸਨੇਹ ਅਤੇ ਰੋਸ ਮਿਲੇ ਸ਼ਬਦਾਂ ਵਿੱਚ ਮੇਰਾ ਸਤਿਕਾਰ ਕਰਨ।
'ਇਸ ਤਰ੍ਹਾਂ ਅੰਗਰੇਜ਼ੀ ਪੜ੍ਹੇਗਾ, ਤਾਂ ਜ਼ਿੰਦਗੀ ਭਰ ਪੜ੍ਹਦਾ ਰਹੇਂਗਾ ਅਤੇ ਅੱਖਰ ਵੀ ਨਹੀਂ ਆਉਣਾ। ਅੰਗਰੇਜ਼ੀ ਪੜ੍ਹਨਾ ਕੋਈ ਹਾਸਾ-ਮਖ਼ੌਲ ਨਹੀਂ ਹੈ ਜੋ ਚਾਹੇ ਪੜ੍ਹ ਲਵੇ; ਨਹੀਂ ਤਾਂ ਹਰ ਲੰਡੀ- ਬੁੱਚੀ ਅੰਗਰੇਜ਼ੀ ਦੀ ਵਿਦਵਾਨ ਹੋ ਜਾਂਦੀ। ਦਿਨ-ਰਾਤ ਅੱਖਾਂ ਖ਼ਰਾਬ ਕਰਨੀਆਂ ਪੈਂਦੀਆਂ ਨੇ ਅਤੇ ਖੂਨ ਜਲਾਉਣਾ ਪੈਂਦਾ ਹੈ, ਫੇਰ ਕਿਤੇ ਜਾ ਕੇ ਇਹ ਵਿੱਦਿਆ ਪ੍ਰਾਪਤ ਹੁੰਦੀ ਹੈ ਅਤੇ ਫਿਰ ਵੀ ਆਉਂਦੀ ਕਿੰਨੀ ਕੁ ਹੈ, ਬੱਸ ਨਾਮ ਦੀ। ਵੱਡੇ-ਵੱਡੇ ਵਿਦਵਾਨ ਵੀ ਸ਼ੁੱਧ ਅੰਗਰੇਜ਼ੀ ਨਹੀਂ ਲਿਖ ਸਕਦੇ, ਬੋਲਣਾ ਤਾਂ ਦੂਰ ਦੀ ਗੱਲ ਅਤੇ ਮੈਂ ਕਹਿੰਦਾ ਹਾਂ, ਕਿ ਤੂੰ ਕਿੰਨਾ ਖੋਤਾ ਹੈਂ ਕਿ ਮੈਨੂੰ ਦੇਖ ਕੇ ਵੀ ਸਬਕ ਨਹੀਂ ਲੈਂਦਾ। ਮੈਂ ਕਿੰਨੀ ਮਿਹਨਤ ਕਰਦਾ ਹਾਂ, ਇਹ ਤਾਂ ਤੂੰ ਆਪਣੀਆਂ ਅੱਖਾਂ ਨਾਲ ਦੇਖਦਾ ਹੀ ਹੈਂ, ਜੇ ਨਹੀਂ ਦੇਖਦਾ ਤਾਂ ਇਹ ਤੇਰੀਆਂ ਅੱਖਾਂ ਦਾ ਕਸੂਰ ਹੈ, ਤੇਰੀ ਅਕਲ ਦਾ ਕਸੂਰ ਹੈ। ਇੰਨੇ ਮੇਲ-ਤਮਾਸ਼ੇ ਹੁੰਦੇ ਨੇ, ਤੂੰ ਕਦੇ ਮੈਨੂੰ ਜਾਂਦੇ ਦੇਖਿਆ ? ਰੋਜ਼ ਹੀ ਕ੍ਰਿਕਟ ਅਤੇ ਹਾਕੀ ਮੈਚ ਹੁੰਦੇ ਨੇ, ਮੈਂ ਕੋਲੋਂ ਵੀ ਨਹੀਂ ਲੰਘਦਾ। ਹਮੇਸ਼ਾਂ ਪੜ੍ਹਦਾ ਰਹਿੰਦਾ ਹਾਂ। ਉਤੋਂ ਇੱਕ-ਇੱਕ ਜਮਾਤ ਵਿੱਚ ਦੋ-ਦੋ, ਤਿੰਨ-ਤਿੰਨ ਸਾਲਾਂ ਵਿੱਚ ਅੜਿਆ ਰਹਿਨਾ ਹਾਂ; ਫੇਰ ਵੀ ਤੂੰ ਕਿਵੇਂ ਆਸ ਕਰਦਾ ਹੈਂ ਕਿ ਤੂੰ ਇੰਝ ਖੇਡ-ਕੁੱਦ ਵਿੱਚ ਸਮਾਂ ਬਰਬਾਦ ਕਰਕੇ ਪਾਸ ਹੋ ਜਾਵੇਂਗਾ ? ਮੈਨੂੰ ਤਾਂ ਦੋ-ਤਿੰਨ ਸਾਲ ਹੀ ਲਗਦੇ ਨੇ, ਤੂੰ ਸਾਰੀ ਉਮਰ ਇਸੇ ਜਮਾਤ ਵਿੱਚ ਸੜਦਾ ਰਹੇਂਗਾ! ਜੇ ਤੂੰ ਇਸੇ ਤਰ੍ਹਾਂ ਉਮਰ ਲੰਘਾਉਣੀ ਹੈ ਤਾਂ ਬਿਹਤਰ ਹੈ ਘਰੇ ਚਲਿਆ ਜਾ ਅਤੇ ਮਜ਼ੇ ਨਾਲ ਗੁੱਲੀ ਡੰਡਾ ਖੇਡ। ਦਾਦੇ ਦੀ ਮਿਹਨਤ ਦੀ ਕਮਾਈ ਦੇ ਰੁਪਏ ਕਿਉਂ ਬਰਬਾਦ ਕਰੀ ਜਾਨਾਂ।"
ਮੈਂ ਇਹ ਝਿੜਕ ਸੁਣਕੇ ਹੰਝੂ ਵਹਾਉਣ ਲਗਦਾ। ਜਵਾਬ ਵੀ ਕੀ ਸੀ। ਗਲਤੀ ਤਾਂ ਮੈਂ ਕੀਤੀ ਸੀ, ਪਰ ਝਿੜਕਾਂ ਕੌਣ ਸਹੇ? ਭਾਈ ਸਾਹਬ ਉਪਦੇਸ਼ ਦੇਣ ਦੀ ਕਲਾ ਵਿੱਚ ਨਿਪੁੰਨ ਸਨ। ਐਸੀਆਂ ਚੁਭਵੀਆਂ ਗੱਲਾਂ ਕਹਿੰਦੇ, ਐਸੇ-ਐਸੇ ਸ਼ਬਦਾਂ ਦੇ ਤੀਰ ਚਲਾਉਂਦੇ, ਕਿ ਮੇਰੇ ਜਿਗਰ ਦੇ ਟੁਕੜੇ ਹੋ ਜਾਂਦੇ ਅਤੇ ਹਿੰਮਤ ਟੁੱਟ ਜਾਂਦੀ। ਇਸ ਤਰ੍ਹਾਂ ਜਾਨ ਹੂਲਵੀਂ ਮਿਹਨਤ ਕਰਨ ਦੀ ਸ਼ਕਤੀ ਮੇਰੇ ਵਿੱਚ ਨਹੀਂ
ਆਉਂਦੀ ਸੀ ਅਤੇ ਉਸ ਨਿਰਾਸ਼ਾ ਵਿੱਚ ਥੋੜੀ ਦੇਰ ਲਈ ਮੈਂ ਸੋਚਣ ਲਗਦਾ - ਕਿਉਂ ਨਾ ਘਰ ਚਲਾ ਜਾਵਾਂ। ਜੋ ਕੰਮ ਮੇਰੇ ਵੱਸੋਂ ਬਾਹਰ ਹੈ ਉਹਦੇ ਨਾਲ ਪੰਗਾ ਲੈ ਕੇ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰਾਂ। ਮੈਨੂੰ ਮੂਰਖ ਬਣੇ ਰਹਿਣਾ ਮਨਜੂਰ ਸੀ, ਪਰ ਓਨੀ ਮਿਹਨਤ ! ਮੈਨੂੰ ਤਾਂ ਚੱਕਰ ਆ ਜਾਂਦਾ ਸੀ; ਪਰ ਘੰਟੇ ਦੋ ਘੰਟੇ ਬਾਅਦ ਨਿਰਾਸ਼ਾ ਦੇ ਬੱਦਲ ਹਟ ਜਾਂਦੇ ਅਤੇ ਮੈਂ ਇਰਾਦਾ ਕਰਦਾ ਕਿ ਅੱਗੇ ਤੋਂ ਪੂਰਾ ਮਨ ਲਾ ਕੇ ਪੜ੍ਹਾਂਗਾ। ਤੁਰੰਤ ਮੈਂ ਇੱਕ ਸਮਾਂ-ਸਾਰਣੀ ਬਣਾ ਲੈਂਦਾ। ਬਿਨਾਂ ਪਹਿਲਾਂ ਕੋਈ ਨਕਸ਼ਾ ਬਣਾਏ, ਕੋਈ ਯੋਜਨਾ ਤਿਆਰ ਕੀਤੇ ਕੰਮ ਕਿਵੇਂ ਸ਼ੁਰੂ ਕਰਾਂ। ਸਮਾਂ-ਸਾਰਣੀ ਵਿੱਚ ਖੇਡਣ ਦੀ ਮੱਦ ਬਿਲਕੁਲ ਹੀ ਉੱਡ ਜਾਂਦੀ। ਸਵੇਰੇ ਸਾਝਰੇ ਉੱਠਣਾ, ਛੇ ਵਜੇ ਮੂੰਹ-ਹੱਥ ਧੋ, ਨਾਸ਼ਤਾ ਕਰਕੇ, ਪੜ੍ਹਨ ਬੈਠ ਜਾਣਾ। ਛੇ ਤੋਂ ਅੱਠ ਤੱਕ ਅੰਗਰੇਜ਼ੀ, ਅੱਠ ਤੋਂ ਨੌਂ ਤੱਕ ਗਣਿਤ, ਨੌਂ ਤੋਂ ਸਾਢੇ ਨੌਂ ਤੱਕ ਇਤਿਹਾਸ, ਫਿਰ ਭੋਜਨ ਅਤੇ ਸਕੂਲ। ਸਾਢੇ ਤਿੰਨ ਵਜੇ ਸਕੂਲੋਂ ਵਾਪਸ ਆ ਕੇ ਅੱਧਾ ਘੰਟਾ ਅਰਾਮ ਕਰਨਾ, ਚਾਰ ਤੋਂ
ਪੰਜ ਭੂਗੋਲ, ਪੰਜ ਤੋਂ ਛੇ ਤੱਕ ਵਿਆਕਰਨ ਅੱਧਾ ਘੰਟਾ ਹੋਸਟਲ ਦੇ ਸਾਹਮਣੇ ਟਹਿਲਣਾ, ਸਾਢੇ ਛੇ ਤੋਂ ਸੱਤ ਤੱਕ ਅੰਗਰੇਜ਼ੀ ਵਾਕ ਬਣਾਉਣੇ, ਫਿਰ ਭੋਜਨ ਕਰਕੇ ਅੱਠ ਤੋਂ ਨੌਂ ਤੱਕ ਅਨੁਵਾਦ, ਨੌਂ ਤੋਂ ਦਸ ਤੱਕ ਹਿੰਦੀ, ਦਸ ਤੋਂ ਗਿਆਰਾਂ ਤੱਕ ਹੋਰ ਵਿਸ਼ੇ, ਫਿਰ ਅਰਾਮ।
ਪਰ ਸਮਾਂ-ਸਾਰਣੀ ਬਣਾਉਣਾ ਇੱਕ ਗੱਲ ਹੈ, ਤੇ ਉਸ 'ਤੇ ਅਮਲ ਕਰਨਾ ਹੋਰ ਗੱਲ ਹੈ। ਪਹਿਲੇ ਹੀ ਦਿਨ ਉਸਦੀ ਉਲੰਘਣਾ ਸ਼ੁਰੂ ਹੋ ਜਾਂਦੀ। ਮੈਦਾਨ ਦੀ ਉਹ ਸੁਖਦ ਹਰਿਆਲੀ, ਹਵਾ ਦੇ ਹਲਕੇ- ਹਲਕੇ ਬੁੱਲੇ, ਫੁੱਟਬਾਲ ਦਾ ਉਹ ਉੱਛਲਣਾ, ਕਬੱਡੀ ਦੇ ਉਹ ਦਾਅ-ਪੇਚ, ਵਾਲੀਵਾਲ ਦੀ ਉਹ ਤੇਜ਼ੀ ਤੇ ਫੁਰਤੀ, ਮੈਨੂੰ ਅਣਜਾਣੇ ਹੀ ਅਤੇ ਅਟੱਲ ਰੂਪ ਵਿੱਚ ਖਿੱਚ ਲਿਜਾਂਦੀ ਅਤੇ ਉਥੇ ਜਾਂਦੇ ਹੀ ਮੈਂ ਸਭ ਕੁੱਝ ਭੁੱਲ ਜਾਂਦਾ। ਉਹ ਜਾਨਲੇਵਾ ਸਮਾਂ-ਸਾਰਣੀ, ਅੱਖਾਂ ਦੁਖਾਉਣੀਆਂ ਕਿਤਾਬਾਂ, ਕਿਸੇ ਦੀ ਯਾਦ ਨਾ ਰਹਿੰਦੀ, ਅਤੇ ਭਾਈ ਸਾਹਬ ਨੂੰ ਨਸੀਹਤ ਦੇਣ ਅਤੇ ਬੇਇੱਜ਼ਤੀ ਕਰਨ ਦਾ ਮੌਕਾ ਮਿਲ ਜਾਂਦਾ। ਮੈਂ ਉਹਨਾਂ ਦੇ ਪ੍ਰਛਾਵੇਂ ਤੋਂ ਭੱਜਦਾ, ਉਹਨਾਂ ਦੀਆਂ ਅੱਖਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ, ਕਮਰੇ ਵਿੱਚ ਇਸ ਤਰ੍ਹਾਂ ਦੱਬੇ ਪੈਰੀਂ ਆਉਂਦਾ ਕਿ ਉਹਨਾਂ ਨੂੰ ਪਤਾ ਹੀ ਨਾ ਲਗਦਾ। ਉਹਨਾਂ ਦੀ ਨਜ਼ਰ ਮੇਰੇ ’ਤੇ ਪਈ ਅਤੇ ਮੇਰੀ ਜਾਨ ਨਿੱਕਲੀ। ਹਮੇਸ਼ਾਂ ਸਿਰ 'ਤੇ ਇੱਕ ਨੰਗੀ ਤਲਵਾਰ ਲਟਕਦੀ ਮਹਿਸੂਸ ਹੁੰਦੀ। ਫਿਰ ਵੀ ਜਿਵੇਂ ਮੌਤ ਅਤੇ ਮੁਸੀਬਤ ਵਿੱਚ ਵੀ ਇਨਸਾਨ ਮੋਹ ਅਤੇ ਮਾਇਆ ਦੇ ਬੰਧਨ ਵਿੱਚ ਜਕੜਿਆ ਰਹਿੰਦਾ ਹੈ, ਮੈਂ ਝਿੜਕਾਂ ਅਤੇ ਧਮਕੀਆਂ ਤੋਂ ਬਾਅਦ ਵੀ ਖੇਡਣ-ਕੁੱਦਣ ਦਾ ਅਪਮਾਨ ਨਾ ਕਰ ਸਕਦਾ।
2
ਸਲਾਨਾ ਪ੍ਰੀਖਿਆ ਹੋਈ । ਭਾਈ ਸਾਹਬ ਫੇਲ ਹੋ ਗਏ ਅਤੇ ਮੈਂ ਪਾਸ ਹੋ ਗਿਆ, ਉਹ ਵੀ ਪਹਿਲੇ ਦਰਜੇ ਵਿੱਚ। ਮੇਰੇ ਅਤੇ ਉਹਨਾਂ ਵਿੱਚ ਸਿਰਫ਼ ਦੋ ਸਾਲ ਦਾ ਫਰਕ ਰਹਿ ਗਿਆ ਸੀ। ਮਨ ਵਿੱਚ ਆਈ, ਭਾਈ ਸਾਹਬ ਨੂੰ ਕੈੜੇ-ਹੱਥੀਂ ਲਵਾਂ - ਕਿੱਥੇ ਗਈ ਤੁਹਾਡੀ ਉਹ ਕਠੋਰ ਤਪੱਸਿਆ? ਮੈਨੂੰ ਦੇਖੋ, ਮੌਜਾਂ ਨਾਲ ਖੇਡਦਾ ਰਿਹਾ ਫਿਰ ਵੀ ਪਹਿਲੇ ਦਰਜੇ ਵਿੱਚ ਪਾਸ ਹੋਇਆ ਹਾਂ । ਪਰ ਉਹ ਇੰਨੇ ਦੁਖੀ ਤੇ ਉਦਾਸ ਸਨ ਕਿ ਮੈਨੂੰ ਉਹਨਾਂ ਨਾਲ਼ ਦਿਲੀਂ ਹਮਦਰਦੀ ਹੋਈ ਅਤੇ ਉਹਨਾਂ ਦੇ ਜ਼ਖਮ 'ਤੇ ਨਮਕ ਛਿੜਕਣ ਦਾ ਵਿਚਾਰ ਸ਼ਰਮਨਾਕ ਮਹਿਸੂਸ ਹੋਇਆ। ਹਾਂ, ਹੁਣ ਮੈਨੂੰ ਆਪਣੇ ਉਪਰ ਥੋੜਾ ਜਿਹਾ ਹੰਕਾਰ ਹੋਇਆ ਅਤੇ ਆਤਮ-ਸਨਮਾਨ ਵੀ ਵਧਿਆ । ਭਾਈ ਸਾਹਬ ਦਾ ਉਹ ਰੋਅਬ ਮੇਰੇ 'ਤੇ ਨਾ ਰਿਹਾ। ਮੈਂ ਅਜ਼ਾਦੀ ਨਾਲ ਖੇਡਣ-ਕੁੱਦਣ ਵਿੱਚ ਸ਼ਾਮਿਲ ਹੋਣ ਲੱਗਿਆ। ਦਿਲ ਮਜ਼ਬੂਤ ਸੀ । ਜੇ ਉਹਨਾਂ ਨੇ ਕੁੱਝ ਕਿਹਾ, ਤਾਂ ਸਾਫ਼ ਕਹਿ ਦਿਆਂਗਾ - ਆਪਣਾ ਖੂਨ ਜਲਾ ਕੇ ਤੁਸੀਂ ਕਿਹੜਾ ਤੀਰ ਮਾਰ ਲਿਆ। ਮੈਂ ਤਾਂ ਖੇਡਣ-ਕੁੱਦਣ ਦੇ ਬਾਵਜੂਦ ਵੀ ਪਹਿਲੇ ਦਰਜੇ ਵਿੱਚ ਪਾਸ ਹੋਇਆ ਹਾਂ। ਅਵਾਜ਼ ਵਿੱਚ ਇਹ ਹੈਂਕੜ ਜ਼ਾਹਰ ਕਰਨ ਦੀ ਹਿੰਮਤ ਨਾ ਹੋਣ ਦੇ ਬਾਵਜੂਦ ਵੀ ਮੇਰੇ ਰੰਗ-ਢੰਗ ਤੋਂ ਸਾਫ਼ ਜ਼ਾਹਿਰ ਹੁੰਦਾ ਸੀ ਕਿ ਭਾਈ ਸਾਹਬ ਦੀ ਉਹ ਦਹਿਸ਼ਤ ਹੁਣ ਮੇਰੇ 'ਤੇ ਨਹੀਂ ਸੀ । ਭਾਈ ਸਾਹਬ ਨੇ ਵੀ ਇਸਨੂੰ ਮਹਿਸੂਸ ਕਰ ਲਿਆ ਸੀ - ਉਹਨਾਂ ਦੀ ਸਹਿਜ ਬੁੱਧੀ ਬੜੀ ਤੇਜ਼ ਸੀ ਅਤੇ ਜਦੋਂ ਇੱਕ ਦਿਨ ਮੈਂ ਪੂਰਾ ਦਿਨ ਗੁੱਲੀ-ਡੰਡੇ ਵਿੱਚ ਗੁਜ਼ਾਰਨ ਤੋਂ ਬਾਅਦ ਰੋਟੀ ਖਾਣ ਸਮੇਂ ਮੁੜਿਆ ਤਾਂ ਭਾਈ ਸਾਹਬ ਨੇ ਜਿਵੇਂ ਤਲਵਾਰ ਧੂਹ ਲਈ ਅਤੇ ਮੇਰੇ 'ਤੇ ਟੁੱਟ ਪਏ "ਦੇਖ ਰਿਹਾ ਹਾਂ, ਇਸ ਸਾਲ ਪਾਸ ਹੋ ਗਿਆ ਅਤੇ ਪਹਿਲੇ ਦਰਜੇ ਵਿੱਚ ਆ ਗਿਆ, ਤਾਂ ਤੇਰਾ ਦਿਮਾਗ਼ ਫਿਰ ਗਿਆ ਹੈ; ਪਰ ਭਾਈਜਾਨ ਘੁਮੰਡ ਤਾਂ ਵੱਡਿਆਂ-ਵੱਡਿਆਂ ਦਾ ਨਹੀਂ ਟਿਕਿਆ, ਤੇਰੀ ਕੀ ਔਕਾਤ ? ਇਤਿਹਾਸ ਵਿੱਚ ਰਾਵਣ ਦਾ ਹਸ਼ਰ ਤਾਂ ਪੜਿਆ ਹੀ ਹੋਊ। ਉਹਦੇ ਚਰਿੱਤਰ ਤੋਂ ਤੂੰ ਕੀ ਸਿੱਖਿਆ ਲਈ ਹੈ ? ਜਾਂ ਐਂਵੇ ਹੀ ਪੜ੍ਹ ਲਿਆ? ਸਿਰਫ਼ ਇਮਤਿਹਾਨ ਪਾਸ ਕਰ ਲੈਣਾ ਕੋਈ ਚੀਜ਼ ਨਹੀਂ, ਅਸਲ ਗੱਲ ਹੈ ਅਕਲ ਦਾ ਵਿਕਾਸ। ਜੋ ਕੁਝ ਪੜ੍ਹੋ, ਉਹਦਾ ਅਰਥ ਸਮਝੋ। ਰਾਵਣ ਧਰਤੀ ਦਾ ਮਾਲਕ ਸੀ। ਇਹੋ ਜਿਹੇ ਰਾਜੇ ਨੂੰ ਚੱਕਰਵਰਤੀ ਕਹਿੰਦੇ ਹਨ। ਅੱਜ-ਕੱਲ ਅੰਗਰੇਜ਼ਾਂ ਦੇ ਰਾਜ ਦਾ ਵਿਸਥਾਰ ਬਹੁਤ ਵਧਿਆ ਹੈ, ਪਰ ਉਹਨਾਂ ਨੂੰ ਚੱਕਰਵਰਤੀ ਨਹੀਂ ਕਹਿ ਸਕਦੇ। ਸੰਸਾਰ ਵਿੱਚ ਅਨੇਕਾਂ ਕੌਮਾਂ ਅੰਗਰੇਜ਼ੀ ਦੀ ਗੁਲਾਮੀਂ ਸਵੀਕਾਰ ਨਹੀਂ ਕਰਦੀਆਂ, ਬਿਲਕੁਲ ਅਜ਼ਾਦ। ਰਾਵਣ ਚੱਕਰਵਰਤੀ ਰਾਜਾ ਸੀ, ਸੰਸਾਰ ਦੇ ਸਾਰੇ ਰਾਜੇ ਉਹਨੂੰ ਲਗਾਨ ਦਿੰਦੇ ਸੀ। ਵੱਡੇ-ਵੱਡੇ ਦੇਵਤੇ ਉਹਦੀ ਗੁਲਾਮੀਂ ਕਰਦੇ ਸਨ। ਅੱਗ ਅਤੇ ਪਾਣੀ ਦੇ ਦੇਵਤਾ ਉਹਦੇ ਦਾਸ ਸਨ; ਪਰ ਉਹਦਾ ਅੰਤ ਕੀ ਹੋਇਆ ? ਹੰਕਾਰ ਨੇ ਉਹਦਾ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤਾ, ਕੋਈ ਉਹਨੂੰ ਪਾਣੀ ਦੀ ਇੱਕ ਘੁੱਟ ਵੀ ਦੇਣ ਵਾਲਾ ਵੀ ਨਹੀਂ ਬਚਿਆ। ਆਦਮੀ ਹੋਰ ਬੁਰੇ ਕੰਮ ਜੋ ਚਾਹੇ ਕਰੇ; ਪਰ ਹੰਕਾਰ ਨਾ ਕਰੇ, ਆਕੜੇ ਨਾ। ਹੰਕਾਰ ਕੀਤਾ, ਅਤੇ
ਦੀਨ-ਦੁਨੀਆਂ ਦੋਵਾਂ ਤੋਂ ਗਿਆ। ਸ਼ੈਤਾਨ ਦਾ ਹਾਲ ਵੀ ਪੜ੍ਹਿਆ ਹੀ ਹੋਣਾ । ਉਹਨੂੰ ਇਹ ਹੰਕਾਰ ਸੀ ਕਿ ਰੱਬ ਦਾ ਉਸਤੋਂ ਵੱਧ ਸੱਚਾ ਭਗਤ ਹੋਰ ਕੋਈ ਹੈ ਹੀ ਨਹੀਂ। ਅੰਤ 'ਚ ਇਹ ਹੋਇਆ ਕਿ ਸਵਰਗ ਤੋਂ ਨਰਕ ਵਿੱਚ ਭੇਜ ਦਿੱਤਾ ਗਿਆ। ਸ਼ਾਹੇਰੂਮ ਨੇ ਵੀ ਇੱਕ ਵਾਰ ਹੰਕਾਰ ਕੀਤਾ ਸੀ। ਭੀਖ ਮੰਗਦਾ-ਮੰਗਦਾ ਮਰ ਗਿਆ। ਤੂੰ ਤਾਂ ਹਾਲੇ ਇੱਕ ਜਮਾਤ ਹੀ ਪਾਸ ਕੀਤੀ ਹੈ, ਅਤੇ ਤੇਰਾ ਹੁਣੇ ਤੋਂ ਹੀ ਸਿਰ ਫਿਰ ਗਿਆ, ਫਿਰ ਤਾਂ ਤੂੰ ਪੜ੍ਹ ਗਿਆ ਅੱਗੇ। ਇਹ ਸਮਝ ਲੈ ਕਿ ਤੂੰ ਆਪਣੀ ਮਿਹਨਤ ਨਾਲ ਨਹੀਂ ਪਾਸ ਹੋਇਆ, ਅੰਨੇ ਹੱਥ ਸੀਰਨੀ ਲੱਗੀ ਹੈ। ਪਰ ਸੀਰਨੀ ਵੀ ਇੱਕ ਵਾਰ ਹੀ ਹੱਥ ਲੱਗ ਸਕਦੀ ਹੈ, ਵਾਰ-ਵਾਰ ਨਹੀਂ। ਕਦੇ- ਕਦੇ ਗੁੱਲੀ ਡੰਡੇ ਵਿੱਚ ਵੀ ਤੀਰ-ਤੁੱਕਾ ਲੱਗ ਜਾਂਦਾ ਹੈ । ਪਰ ਇਹਦੇ ਨਾਲ ਕੋਈ ਸਫ਼ਲ ਖਿਡਾਰੀ ਨਹੀਂ ਬਣ ਜਾਂਦਾ। ਸਫ਼ਲ ਖਿਡਾਰੀ ਉਹ ਹੈ, ਜਿਸਦਾ ਕੋਈ ਨਿਸ਼ਾਨਾ ਖ਼ਾਲੀ ਨਾ ਜਾਵੇ। ਮੇਰੇ ਫੇਲ ਹੋਣ 'ਤੇ ਨਾ ਜਾਹ। ਮੇਰੀ ਜਮਾਤ ਵਿੱਚ ਆਵੇਂਗਾ ਤਾਂ ਦੰਦਾਂ ਹੇਠ ਜੀਭ ਆ ਜਾਊ, ਜਦੋਂ ਅਲਜਬਰਾ ਅਤੇ ਜੁਮੈਟਰੀ ਨਾਲ ਵਾਹ ਪਿਆ, ਅਤੇ ਇੰਗਲਿਸ਼ਤਾਨ ਦਾ ਇਤਿਹਾਸ ਪੜ੍ਹਨਾ ਪਿਆ। ਬਾਦਸ਼ਾਹਾਂ ਦੇ ਨਾਮ ਯਾਦ ਰੱਖਣੇ ਸੌਖੇ ਨਹੀਂ। ਅੱਠ-ਅੱਠ ਤਾਂ ਹੈਨਰੀ ਹੀ ਹੋਏ ਨੇ। ਕਿਹੜਾ ਕਾਂਡ ਕਿਸ ਹੈਨਰੀ ਦੇ ਸਮੇਂ ਹੋਇਆ ਸੀ, ਇਹ ਯਾਦ ਕਰਨਾ ਸੌਖਾ ਸਮਝਦਾ ਹੈਂ ਤੂੰ ? ਹੈਨਰੀ ਸੱਤਵੇਂ ਦੀ ਜਗ੍ਹਾ ਅੱਠਵਾਂ ਲਿਖਿਆ ਨਹੀਂ ਕਿ ਨੰਬਰ ਕੱਟੇ ਗਏ। ਜ਼ੀਰੋ ਵੀ ਨਹੀਂ ਮਿਲਣੀ, ਜ਼ੀਰੋ ਵੀ! ਕਿਹੜੇ ਖ਼ਿਆਲਾਂ 'ਚ ਫਿਰਦਾਂ। ਦਰਜਣਾਂ ਤਾਂ ਜੇਮਸ ਹੋਏ ਨੇ, ਦਰਜਣਾਂ ਵਿਲੀਅਮਸ, ਵੀਹਾਂ ਚਾਰਲਸ । ਦਿਮਾਗ਼ ਗੇੜੇ ਖਾਣ ਲੱਗ ਜਾਂਦਾ । ਅੰਧਰਾਤਾ ਹੋ ਜਾਂਦਾ । ਇਹਨਾਂ ਮਰ ਜਾਣਿਆਂ ਨੂੰ ਨਾਂ ਵੀ ਨਹੀਂ ਸੀ ਸੁੱਝਦੇ। ਇੱਕ ਹੀ ਨਾਮ ਮਗਰ ਦੂਜਾ, ਤੀਜਾ, ਚੌਥਾ, ਪੰਜਵਾਂ ਲਾਉਂਦੇ ਚਲੇ ਗਏ। ਮੈਨੂੰ ਪੁੱਛਦੇ ਤਾਂ ਦਸ ਲੱਖ ਨਾਮ ਦੱਸ ਦਿੰਦਾ ਅਤੇ ਜੁਮੈਟਰੀ ਤੋਂ ਤਾਂ ਰੱਬ ਹੀ ਬਚਾਵੇ! 'ੳ ਅ ੲ' ਦੀ ਥਾਂ ਜੇ ਕਿਤੇ 'ੳ ੲ ਅ' ਲਿਖ ਦਿੱਤਾ ਤਾਂ ਸਾਰੇ ਨੰਬਰ ਕੱਟੇ ਗਏ। ਕੋਈ ਇਹਨਾਂ ਜ਼ਾਲਮ ਅਧਿਆਪਕਾਂ ਨੂੰ ਨਹੀਂ ਪੁੱਛਦਾ ਕਿ ਆਖ਼ਰ 'ੳ ਅ ੲ' ਅਤੇ 'ੳ ੲ ਅ' ਵਿੱਚ ਕੀ ਫ਼ਰਕ ਹੈ, ਅਤੇ ਬਿਨਾਂ ਮਤਲਬ ਦੀ ਗੱਲ ਤੋਂ ਵਿਦਿਆਰਥੀਆਂ ਦਾ ਖੂਨ ਚੂਸਦੇ ਨੇ । ਦਾਲ-ਚੌਲ-ਰੋਟੀ ਖਾਧੀ ਜਾਂ ਦਾਲ-ਰੋਟੀ- ਚੌਲ, ਇਹਦੇ ਵਿੱਚ ਕੀ ਰੱਖਿਆ ਹੈ, ਪਰ ਇਹਨਾਂ ਨੂੰ ਕੀ ਪਰਵਾਹ। ਉਹ ਤਾਂ ਬੱਸ ਉਹੀ ਦੇਖਦੇ ਨੇ ਜੋ ਕਿਤਾਬ ਵਿੱਚ ਲਿਖਿਆ ਹੋਇਆ ਹੈ। ਚਾਹੁੰਦੇ ਨੇ ਕਿ ਵਿਦਿਆਰਥੀ ਅੱਖਰ-ਅੱਖਰ ਉਵੇਂ ਹੀ ਰਟ ਲੈਣ ਅਤੇ ਇਸੇ ਰੱਟੇ ਨੂੰ ਪੜ੍ਹਾਈ ਕਹਿੰਦੇ ਨੇ। ਅਤੇ ਆਖ਼ਰ ਇਹਨਾਂ ਬਿਨਾਂ ਸਿਰ-ਪੈਰ ਦੀਆਂ ਗੱਲਾਂ ਨੂੰ ਪੜ੍ਹਨ ਦਾ ਕੀ ਫਾਇਦਾ ? ਇਸ ਰੇਖਾ 'ਤੇ ਉਹ ਲੰਬ ਸੁੱਟੋ, ਤਾਂ ਅਧਾਰ ਤੋਂ ਦੁੱਗਣਾ ਹੋਵੇਗਾ। ਪੁੱਛੋ, ਇਹਦਾ ਫਾਇਦਾ ? ਮੇਰੇ ਵੱਲੋਂ ਤਾਂ ਦੁੱਗਣਾ ਨਹੀਂ, ਚੌਗਣਾ ਹੋ ਜਾਵੇ, ਜਾਂ ਅੱਧਾ ਹੀ ਰਹਿਜੇ; ਪਰ ਪ੍ਰੀਖਿਆ ਵਿੱਚ ਪਾਸ ਹੋਣਾ ਹੈ, ਤਾਂ ਇਹ ਸਭ ਬਕਵਾਸ ਯਾਦ ਕਰਨੀ ਪਵੇਗੀ। ਕਹਿ ਦਿੱਤਾ— 'ਸਮੇਂ ਦੀ ਪਾਬੰਦੀ' 'ਤੇ ਇੱਕ ਲੇਖ ਲਿਖੋ, ਜੋ ਚਾਰ ਵਰਕਿਆਂ ਤੋਂ ਘੱਟ ਨਾ ਹੋਵੇ। ਹੁਣ ਤੁਸੀਂ ਕਾਪੀ ਸਾਹਮਣੇ ਖੋਲੋ, ਕਲਮ ਹੱਥ ਵਿੱਚ ਲਵੋ ਅਤੇ ਪਿੱਟੀ ਚੱਲੋ ਇਹਦੇ ਨਾਮ ਨੂੰ। ਕੌਣ ਨਹੀਂ ਜਾਣਦਾ ਕਿ ਸਮੇਂ ਦੀ ਪਬੰਦੀ ਬਹੁਤ ਚੰਗੀ ਗੱਲ ਹੈ, ਇਸ ਨਾਲ ਇਨਸਾਨ ਦੇ ਜੀਵਨ ਵਿੱਚ ਸੰਜਮ ਆ ਜਾਂਦਾ ਹੈ, ਦੂਜੇ ਉਹਨੂੰ ਪਿਆਰ ਕਰਨ
ਲਗਦੇ ਨੇ ਅਤੇ ਉਸਦੇ ਕਾਰੋਬਾਰ ਵਿੱਚ ਉੱਨਤੀ ਹੁੰਦੀ ਹੈ; ਪਰ ਹੁਣ ਇਸ ਨਿੱਕੀ ਜਿਹੀ ਗੱਲ 'ਤੇ ਚਾਰ ਵਰਕੇ ਕਿਵੇਂ ਭਰੀਏ। ਜੋ ਗੱਲ ਇੱਕ ਸ਼ਬਦ ਵਿੱਚ ਕਹੀ ਜਾ ਸਕਦੀ ਹੋਵੇ, ਉਹਨੂੰ ਚਾਰ ਵਰਕਿਆਂ ਵਿੱਚ ਲਿਖਣ ਦੀ ਕੀ ਲੋੜ? ਮੈਂ ਤਾਂ ਇਸਨੂੰ ਬੇਵਕੂਫ਼ੀ ਕਹਿੰਦਾ ਹਾਂ। ਇਹ ਤਾਂ ਸਮੇਂ ਦੀ ਬੱਚਤ ਨਹੀਂ ਸਗੋਂ ਉਸਦਾ ਦੁਰਉਪਯੋਗ ਹੈ ਕਿ ਵਿਆਰਥ ਹੀ ਕਿਸੇ ਗੱਲ ਨੂੰ ਥੋਪਿਆ ਜਾਵੇ । ਅਸੀਂ ਚਾਹੁੰਦੇ ਹਾਂ, ਆਦਮੀਂ ਨੇ ਜੋ ਕੁੱਝ ਕਿਹਾ ਜਾਵੇ, ਤੁਰੰਤ ਕਰੇ ਤੇ ਆਪਣੇ ਰਾਹ ਪਵੇ । ਪਰ ਨਹੀਂ, ਤੁਹਾਨੂੰ ਚਾਰ ਵਰਕੇ ਹੀ ਕਾਲ਼ੇ ਕਰਨੇ ਪੈਣਗੇ; ਚਾਹੇ ਜਿਵੇਂ ਵੀ ਲਿਖੋ। ਅਤੇ ਵਰਕੇ ਵੀ ਪੂਰੇ ਫੁੱਲਸਕੇਪ ਦੇ ਅਕਾਰ ਦੇ। ਇਹ ਵਿਦਿਆਰਥੀਆਂ 'ਤੇ ਅੱਤਿਆਚਾਰ ਨਹੀਂ ਤਾਂ ਹੋਰ ਕੀ ਹੈ ? ਉੱਤੋਂ ਕਿਹਾ ਜਾਂਦਾ ਹੈ, ਸੰਖੇਪ ਵਿੱਚ ਲਿਖੋ! ਸਿਰੇ ਈ ਲਾ ਦਿੰਦੇ ਨੇ! ਸਮੇਂ ਦੀ ਪਬੰਦੀ 'ਤੇ ਸੰਖੇਪ ਵਿੱਚ ਲੇਖ ਲਿਖੋ, ਜੋ ਚਾਰ ਵਰਕਿਆਂ ਤੋਂ ਘੱਟ ਨਾ ਹੋਵੇ।
ਠੀਕ! ਸੰਖੇਪ ਵਿੱਚ ਤਾਂ ਚਾਰ ਵਰਕੇ ਹੋਏ, ਨਹੀਂ ਤਾਂ ਸ਼ਾਇਦ ਸੌ-ਦੋ ਸੌ ਪੰਨੇ ਲਿਖਵਾਉਂਦੇ। ਤੇਜ਼ ਵੀ ਭੱਜੋ ਅਤੇ ਹੌਲ਼ੀ-ਹੌਲ਼ੀ ਵੀ । ਪੁੱਠੀ ਗੱਲ ਨੀਂ ਇਹ ? ਬੱਚਾ ਵੀ ਇੰਨੀ ਕੁ ਗੱਲ ਸਮਝ ਸਕਦਾ ਹੈ; ਪਰ ਇਹਨਾਂ ਅਧਿਆਪਕਾਂ ਨੂੰ ਇੰਨੀ ਅਕਲ ਵੀ ਨਹੀਂ। ਉੱਤੋਂ ਦਾਅਵਾ ਕਰਨਗੇ ਕਿ ਅਸੀਂ ਅਧਿਆਪਕ ਹਾਂ। ਮੇਰੀ ਜਮਾਤ ਵਿੱਚ ਆਵੇਂਗਾ ਬੱਚੂ, ਤਾਂ ਸਾਰੇ ਪਾਪੜ ਵੇਲਣੇ ਪੈਣਗੇ ਅਤੇ ਉਦੋਂ ਪਤਾ ਲੱਗੂ ਆਟਾ-ਦਾਲ ਕੀ ਭਾਅ ਵਿਕਦੀ ਆ। ਇਸ ਜਮਾਤ ਵਿੱਚ ਪਹਿਲੇ 'ਤੇ ਆਇਆਂ, ਤਾਂ ਤੇਰੇ ਭੂੰਜੇ ਪੈਰ ਨੀ ਲਗਦੇ। ਇਸ ਲਈ ਮੇਰਾ ਕਹਿਣਾ ਮੰਨ। ਭਾਵੇਂ ਫੇਲ ਹੋ ਗਿਆ ਹਾਂ, ਪਰ ਤੇਰੇ ਨਾਲੋਂ ਵੱਡਾ ਹਾਂ, ਦੁਨੀਆਦਾਰੀ ਦਾ ਤੇਰੇ ਨਾਲੋਂ ਕਿਤੇ ਜ਼ਿਆਦਾ ਤਜ਼ਰਬਾ ਹੈ। ਜੋ ਕੁੱਝ ਮੈਂ ਕਹਿੰਨਾ, ਉਹਨੂੰ ਪੱਲੇ ਬੰਨ ਲੈ, ਨਹੀਂ ਤਾਂ ਪਛਤਾਏਂਗਾ।"
ਸਕੂਲ ਦਾ ਸਮਾਂ ਨੇੜੇ ਸੀ, ਨਹੀਂ ਤਾਂ ਰੱਬ ਜਾਣੇ ਇਹ ਉਪਦੇਸ਼-ਮਾਲਾ ਕਦੋਂ ਮੁੱਕਦੀ, ਖਾਣਾ ਅੱਜ ਮੈਨੂੰ ਬੇਸੁਆਦ ਲੱਗ ਰਿਹਾ ਸੀ । ਜਦੋਂ ਪਾਸ ਹੋਣ 'ਤੇ ਇਹ ਅਪਮਾਨ ਹੋ ਰਿਹਾ ਹੈ, ਤਾਂ ਫ਼ੇਲ ਹੋਣ 'ਤੇ ਤਾਂ ਸ਼ਾਇਦ ਜਾਨ ਹੀ ਕੱਢ ਲਈ ਜਾਵੇ। ਭਾਈ ਸਾਹਬ ਨੇ ਆਪਣੀ ਜਮਾਤ ਦੀ ਪੜ੍ਹਾਈ ਦਾ ਜੋ ਭਿਅੰਕਰ ਚਿੱਤਰ ਖਿੱਚਿਆ ਸੀ; ਉਸਨੇ ਮੈਨੂੰ ਡਰਾ ਦਿੱਤਾ। ਸਕੂਲ ਛੱਡ ਕੇ ਘਰ ਨਹੀਂ ਭੱਜਿਆ, ਇਹੀ ਹੈਰਾਨੀ ਹੈ; ਪਰ ਇੰਨੇ ਅਪਮਾਨ ਤੋਂ ਬਾਅਦ ਵੀ ਕਿਤਾਬਾਂ ਤੋਂ ਮੇਰੀ ਦੂਰੀ ਉਵੇਂ ਦੀ ਉਵੇਂ ਬਣੀ ਰਹੀ। ਖੇਡਣ-ਕੁੱਦਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੰਦਾ। ਪੜ੍ਹਦਾ ਵੀ; ਪਰ ਬਹੁਤ ਹੀ ਘੱਟ, ਬੱਸ ਇੰਨਾ ਹੀ ਕਿ ਰੋਜ ਦਾ
ਕੰਮ ਪੂਰਾ ਹੋ ਜਾਵੇ ਅਤੇ ਜਮਾਤ ਵਿੱਚ ਜ਼ਲੀਲ ਨਾ ਹੋਣਾ ਪਵੇ। ਆਪਣੇ ਵਿੱਚ ਜੋ ਵਿਸ਼ਵਾਸ ਪੈਦਾ ਕੀਤਾ ਸੀ, ਉਹ ਫਿਰ ਅਲੋਪ ਹੋ ਗਿਆ ਅਤੇ ਫਿਰ ਚੋਰਾਂ ਜਿਹਾ ਜੀਵਨ ਬਿਤਾਉਣ ਲੱਗਾ।
3
ਫੇਰ ਸਲਾਨਾ ਪ੍ਰੀਖਿਆ ਹੋਈ, ਅਤੇ ਕੁੱਝ ਅਜਿਹਾ ਸੰਯੋਗ ਹੋਇਆ ਕਿ ਮੈਂ ਪਾਸ ਹੋ ਗਿਆ ਅਤੇ ਭਾਈ ਸਾਹਬ ਫੇਲ ਹੋ ਗਏ । ਮੈਂ ਬਹੁਤੀ ਮਿਹਨਤ ਨਹੀਂ ਸੀ ਕੀਤੀ; ਪਰ ਪਤਾ ਨਹੀਂ ਕਿਵੇਂ ਪਹਿਲਾ ਦਰਜਾ ਆ ਗਿਆ। ਮੈਨੂੰ ਖੁਦ ਹੈਰਾਨੀ ਹੋ ਰਹੀ ਸੀ। ਭਾਈ ਸਾਹਬ ਨੇ ਜਾਨ ਹੂਲਵੀਂ ਮਿਹਨਤ ਕੀਤੀ ਸੀ। ਸਿਲੇਬਸ ਦਾ ਇੱਕ-ਇੱਕ ਸ਼ਬਦ ਚੱਟ ਗਏ ਸਨ, ਰਾਤ ਨੂੰ ਦਸ ਵਜੇ ਤੱਕ ਜਾਗਣਾ ਅਤੇ ਸਵੇਰੇ ਚਾਰ ਵਜੇ ਉੱਠਣਾ, ਛੇ ਵਜੇ ਤੋਂ ਸਾਢੇ ਨੌਂ ਵਜੇ ਤੱਕ ਕਿਤਾਬਾਂ ਵਿੱਚ ਖੁਭੇ ਰਹਿੰਦੇ; ਪਰ ਵਿਚਾਰੇ ਫੇਲ ਹੋ ਗਏ। ਮੈਨੂੰ ਉਹਨਾਂ 'ਤੇ ਤਰਸ ਆਉਂਦਾ ਸੀ! ਨਤੀਜਾ ਸੁਣਾਇਆ ਗਿਆ, ਤਾਂ ਉਹ ਰੋ ਪਏ ਅਤੇ ਮੈਂ ਵੀ ਰੋਣ ਲੱਗਿਆ। ਆਪਣੇ ਪਾਸ ਹੋਣ ਦੀ ਖੁਸ਼ੀ ਅੱਧੀ ਰਹਿ ਗਈ! ਮੈਂ ਵੀ ਫੇਲ ਹੋ ਗਿਆ ਹੁੰਦਾ, ਤਾਂ ਭਾਈ ਸਾਹਬ ਨੂੰ ਇੰਨਾ ਦੁੱਖ ਨਾ ਹੁੰਦਾ, ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ।
ਮੇਰੇ ਅਤੇ ਭਾਈ ਸਾਹਬ ਵਿੱਚ ਹੁਣ ਸਿਰਫ ਇੱਕ ਸਾਲ ਦਾ ਫਰਕ ਰਹਿ ਗਿਆ ਸੀ। ਮੇਰੇ ਮਨ ਵਿੱਚ ਇੱਕ ਕਮੀਨੀ ਭਾਵਨਾ ਪੈਦਾ ਹੋਈ ਕਿ ਭਾਈ ਸਾਹਬ ਇੱਕ ਹੋਰ ਸਾਲ ਫੇਲ ਹੋ ਜਾਣ, ਤਾਂ ਮੈਂ ਉਹਨਾਂ ਦੇ ਬਰਾਬਰ ਹੋ ਜਾਵਾਂਗਾ, ਫਿਰ ਉਹ ਕਿਸ ਅਧਾਰ 'ਤੇ ਮੈਨੂੰ ਬੇਇੱਜ਼ਤ ਕਰ ਸਕਣਗੇ, ਪਰ ਮੈਂ ਇਸ ਕਮੀਨੇ ਵਿਚਾਰ ਨੂੰ ਦ੍ਰਿੜਤਾ ਨਾਲ ਕੱਢ ਦਿੱਤਾ। ਆਖ਼ਰ ਉਹ ਮੈਨੂੰ ਮੇਰੀ ਭਲਾਈ ਲਈ ਹੀ ਝਿੜਕਦੇ ਹਨ। ਮੈਨੂੰ ਇਸ ਵੇਲ਼ੇ ਬੁਰਾ ਜਰੂਰ ਲਗਦਾ ਹੈ, ਪਰ ਇਹ ਸ਼ਾਇਦ ਉਹਨਾਂ ਦੇ ਉਪਦੇਸ਼ਾਂ ਦਾ ਹੀ ਅਸਰ ਹੋਵੇ ਕਿ ਮੈਂ ਪਾਸ ਹੋਈ ਜਾ ਰਿਹਾ ਹਾਂ, ਉਹ ਵੀ ਇੰਨੇ ਵਧੀਆ ਨੰਬਰਾਂ ਨਾਲ।
ਹੁਣ ਭਾਈ ਸਾਹਬ ਕੁੱਝ ਨਰਮ ਪੈ ਗਏ ਸਨ । ਕਈ ਵਾਰ ਮੈਨੂੰ ਝਿੜਕਣ ਦਾ ਮੌਕਾ ਮਿਲਣ 'ਤੇ ਵੀ ਉਹਨਾਂ ਠਰੰਮੇਂ ਤੋਂ ਕੰਮ ਲਿਆ। ਸ਼ਾਇਦ ਖੁਦ ਸਮਝਣ ਲੱਗੇ ਸੀ ਕਿ ਮੈਨੂੰ ਝਿੜਕਣ ਦਾ ਅਧਿਕਾਰ ਉਹਨਾਂ ਨੂੰ ਨਹੀਂ ਰਿਹਾ, ਜਾਂ ਜੇ ਰਿਹਾ ਵੀ ਤਾਂ ਬਹੁਤ ਘੱਟ। ਮੇਰੀ ਮਨਮਰਜੀ ਵੀ ਵਧੀ। ਮੈਂ ਉਹਨਾਂ ਦੀ ਸਹਿਣਸ਼ੀਲਤਾ ਦਾ ਗਲਤ ਫਾਇਦਾ ਲੈਣ ਲੱਗ ਪਿਆ। ਮੇਰੀ ਕੁੱਝ ਅਜਿਹੀ ਧਾਰਨਾ ਬਣੀ ਕਿ ਮੈਂ ਪਾਸ ਹੋ ਹੀ ਜਾਵਾਂਗਾ, ਪੜ੍ਹਾਂ ਚਾਹੇ ਨਾ ਪੜ੍ਹਾਂ, ਮੇਰੀ ਕਿਸਮਤ ਮਿਹਰਬਾਨ ਹੈ; ਇਸ ਲਈ ਭਾਈ ਸਾਹਬ ਦੇ ਡਰ ਨਾਲ ਜੋ ਥੋੜਾ-ਬਹੁਤਾ ਪੜ੍ਹਦਾ ਸੀ, ਉਹ ਵੀ ਬੰਦ ਹੋ ਗਿਆ। ਮੈਨੂੰ ਪਤੰਗ ਉਡਾਉਣ ਦਾ ਨਵਾਂ ਸ਼ੌਕ ਪੈ ਗਿਆ ਸੀ ਅਤੇ ਹੁਣ ਸਾਰਾ ਦਿਨ ਪਤੰਗਬਾਜ਼ੀ ਦੀ ਭੇਂਟ ਹੀ ਚੜਦਾ; ਫਿਰ ਵੀ ਮੈਂ ਭਾਈ ਸਾਹਬ ਦੀ ਇੱਜ਼ਤ ਕਰਦਾ ਸਾਂ, ਅਤੇ ਉਹਨਾਂ ਤੋਂ ਚੋਰੀ ਪਤੰਗ ਉਡਾਉਂਦਾ ਸਾਂ । ਡੋਰ ਦੇਣੀ, ਕੰਨੀ ਬੰਨਣੀ, ਪਤੰਗ ਮੁਕਾਬਲੇ ਦੀਆਂ ਤਿਆਰੀਆਂ ਆਦਿ ਸਮੱਸਿਆਵਾਂ ਸਭ ਗੁਪਤ ਰੂਪ ਵਿੱਚ ਹੱਲ ਹੋ ਜਾਂਦੀਆਂ ਸਨ । ਮੈਂ ਭਾਈ ਸਾਹਬ ਨੂੰ ਇਹ ਸ਼ੱਕ ਨਹੀਂ ਹੋਣ ਦੇਣਾ ਚਾਹੁੰਦਾ ਸੀ ਕਿ ਉਹਨਾਂ ਦਾ ਆਦਰ ਅਤੇ ਲਿਹਾਜ ਮੇਰੀ ਨਿਗ੍ਹਾ 'ਚ ਘਟ ਗਿਆ ਸੀ ।
ਇੱਕ ਦਿਨ ਸ਼ਾਮ ਦੇ ਸਮੇਂ, ਹੋਸਟਲ ਤੋਂ ਦੂਰ ਮੈਂ ਇੱਕ ਪਤੰਗ ਲੁੱਟਣ ਲਈ ਬੜੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਸੀ। ਅੱਖਾਂ ਅਸਮਾਨ ਵੱਲ ਸਨ ਅਤੇ ਮਨ ਉਸ ਅਕਾਸ਼ੀ ਰਾਹੀ ਵੱਲ, ਜੋ ਧੀਮੀ ਗਤੀ ਨਾਲ ਝੂਮਦਾ ਧਰਤੀ ਵੱਲ ਚਲਿਆ ਆ ਰਿਹਾ ਸੀ, ਜਿਵੇਂ ਕੋਈ ਆਤਮਾ ਸਵਰਗ ਤੋਂ ਨਿੱਕਲ ਕੇ ਉਦਾਸ ਮਨ ਨਾਲ ਨਵੇਂ ਸੰਸਕਾਰ ਗ੍ਰਹਿਣ ਕਰਨ ਲਈ ਆ ਰਹੀ ਹੋਵੇ। ਮੁੰਡਿਆਂ ਦੀ ਪੂਰੀ ਸੈਨਾ ਢਾਂਗੇ ਅਤੇ ਝਾੜੀਦਾਰ ਬਾਂਸ ਲਈ ਇਹਨਾਂ ਦਾ ਸਵਾਗਤ ਕਰਨ ਲਈ ਭੱਜੀ ਆ ਰਹੀ ਸੀ। ਕਿਸੇ ਨੂੰ ਆਪਣੇ ਅੱਗੇ-ਪਿੱਛੇ ਦੀ ਖ਼ਬਰ ਨਹੀਂ ਸੀ। ਸਾਰੇ ਜਿਵੇਂ ਉਸ ਪਤੰਗ ਨਾਲ ਹੀ ਅਕਾਸ਼ ਵਿੱਚ ਉੱਡ ਰਹੇ ਸੀ, ਜਿੱਥੇ ਸਭ ਕੁੱਝ ਪੱਧਰਾ ਹੈ, ਨਾ ਮੋਟਰਕਾਰਾਂ ਹਨ, ਨਾ ਟਰਾਮਾਂ ਤੇ ਨਾ ਗੱਡੀਆਂ।
ਅਚਾਨਕ ਭਾਈ ਸਾਹਬ ਨਾਲ ਮੇਰੀ ਮੁੱਠਭੇੜ ਹੋ ਗਈ, ਜੋ ਸ਼ਾਇਦ ਬਜ਼ਾਰ 'ਚੋਂ ਵਾਪਿਸ ਆ ਰਹੇ ਸਨ। ਉਹਨਾਂ ਨੇ ਉਥੇ ਹੀ ਹੱਥ ਫੜ ਲਿਆ ਅਤੇ ਗੁੱਸੇ ਵਿੱਚ ਕਹਿਣ ਲੱਗੇ, "ਇਹਨਾਂ ਬਜ਼ਾਰੂ ਲੜਕਿਆਂ ਨਾਲ ਧੇਲੇ ਦੇ ਪਤੰਗ ਪਿੱਛੇ ਦੌੜਦੇ ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਇਸ ਗੱਲ ਦਾ ਵੀ ਕੋਈ ਲਿਹਾਜ ਹੈ ਕਿ ਹੁਣ ਤੂੰ ਨੀਵੀਂ ਜਮਾਤ ਵਿੱਚ ਨਹੀਂ; ਸਗੋਂ ਅੱਠਵੀਂ ਜਮਾਤ ਵਿੱਚ ਹੋ ਗਿਆ ਹੈਂ ਅਤੇ ਮੈਥੋਂ ਸਿਰਫ਼ ਇੱਕ ਜਮਾਤ ਪਿੱਛੇ ਹੈਂ। ਆਖ਼ਰ ਬੰਦੇ ਨੂੰ ਕੁੱਝ ਤਾਂ ਆਪਣੀ ਹੈਸੀਅਤ ਦਾ ਖ਼ਿਆਲ ਕਰਨਾ ਚਾਹੀਦਾ ਹੈ। ਇੱਕ ਜ਼ਮਾਨਾ ਸੀ ਕਿ ਲੋਕ ਅੱਠਵੀਂ ਪਾਸ ਕਰਕੇ ਨਾਇਬ ਤਹਿਸੀਲਦਾਰ ਲੱਗ ਜਾਂਦੇ ਸੀ। ਮੈਂ ਕਿੰਨੇ ਹੀ ਮਿਡਲਚੀਆਂ ਨੂੰ ਜਾਣਦਾ ਹਾਂ, ਜੋ ਪਹਿਲੇ ਦਰਜੇ ਦੇ ਡਿਪਟੀ ਮਜਿਸਟ੍ਰੇਟ ਜਾਂ ਸੁਪਰਡੈਂਟ ਹਨ। ਕਿੰਨੇ ਹੀ ਅੱਠਵੀਂ ਜਮਾਤ ਵਾਲੇ ਸਾਡੇ ਲੀਡਰ ਅਤੇ ਅਖ਼ਬਾਰਾਂ ਦੇ ਸੰਪਾਦਕ ਹਨ। ਵੱਡੇ-ਵੱਡੇ ਵਿਦਵਾਨ ਉਹਨਾਂ ਹੇਠ ਕੰਮ ਕਰਦੇ ਹਨ ਅਤੇ ਤੂੰ ਉਸੇ ਅੱਠਵੀਂ ਜਮਾਤ ਵਿੱਚ ਆ ਕੇ ਬਜ਼ਾਰੂ ਮੰਡੀਰ ਨਾਲ ਪਤੰਗ ਮਗਰ ਭੱਜਿਆ ਜਾ ਰਿਹਾ ਹੈਂ । ਮੈਨੂੰ ਤਾਂ ਤੇਰੀ ਬੇਵਕੂਫ਼ੀ 'ਤੇ ਦੁੱਖ ਹੁੰਦਾ ਹੈ। ਤੂੰ ਸਮਝਦਾਰ ਹੈਂ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀ, ਪਰ ਉਹ ਦਿਮਾਗ਼ ਕਿਸ ਕੰਮ ਦਾ, ਜੋ ਸਾਡੇ ਆਤਮ-ਸਨਮਾਨ ਦੀ ਹੱਤਿਆ ਕਰੇ । ਤੂੰ ਆਪਣੇ ਮਨ ਵਿੱਚ ਸੋਚਦਾ ਹੋਵੇਂਗਾ, ਕਿ ਮੈਂ ਭਾਈ ਸਾਹਬ ਤੋਂ ਇੱਕ ਜਮਾਤ ਪਿੱਛੇ ਹਾਂ, ਅਤੇ ਹੁਣ ਉਹਨਾਂ ਨੂੰ ਮੈਨੂੰ ਕੁੱਝ ਵੀ ਕਹਿਣ ਦਾ ਹੱਕ ਨਹੀ; ਪਰ ਇਹ ਤੇਰਾ ਭੁਲੇਖਾ ਹੈ। ਤੈਥੋਂ ਪੰਜ ਸਾਲ ਵੱਡਾ ਹਾਂ ਅਤੇ ਤੂੰ ਚਾਹੇ ਅੱਜ ਹੀ ਮੇਰੀ ਜਮਾਤ ਵਿੱਚ ਆ ਜਾਵੇਂ- ਅਤੇ ਇਮਤਿਹਾਨ ਜਾਂਚਣ ਵਾਲਿਆਂ ਦਾ ਵੀ
ਇਹੀ ਹਾਲ ਹੈ; ਤਾਂ ਬੇਸ਼ੱਕ ਤੂੰ ਅਗਲੇ ਸਾਲ ਮੇਰੇ ਬਰਾਬਰ ਹੋ ਜਾਵੇਂਗਾ ਅਤੇ ਸ਼ਾਇਦ ਹੋਰ ਇੱਕ ਸਾਲ ਬਾਅਦ ਮੈਥੋਂ ਅੱਗੇ ਵੀ ਨਿੱਕਲ ਜਾਵੇਂ - ਪਰ ਮੇਰੇ ਅਤੇ ਤੇਰੇ ਵਿੱਚ ਜੋ ਪੰਜ ਸਾਲ ਦਾ ਅੰਤਰ ਹੈ, ਉਹਨੂੰ ਰੱਬ ਵੀ ਨਹੀਂ ਮਿਟਾ ਸਕਦਾ। ਮੈਂ ਤੇਰੇ ਨਾਲੋਂ ਪੰਜ ਸਾਲ ਵੱਡਾ ਹਾਂ ਅਤੇ ਹਮੇਸ਼ਾਂ ਰਹਾਂਗਾ! ਮੈਨੂੰ ਦੁਨੀਆਂ ਅਤੇ ਜ਼ਿੰਦਗੀ ਦਾ ਜਿੰਨਾਂ ਤਜ਼ਰਬਾ ਹੈ, ਤੂੰ ਉਸਦੀ ਬਰਾਬਰੀ ਵੀ ਨਹੀਂ ਕਰ ਸਕਦਾ, ਚਾਹੇ ਤੂੰ ਐੱਮ. ਏ. ਅਤੇ ਡੀ. ਲਿਟ ਅਤੇ ਡੀ. ਫਿਲ ਹੀ ਕਿਉਂ ਨਾ ਕਰ ਲਵੇਂ । ਸਮਝ ਕਿਤਾਬਾਂ ਤੋਂ ਨਹੀਂ ਆਉਂਦੀ, ਦੁਨੀਆਂ ਦੇਖਣ ਨਾਲ ਆਉਂਦੀ ਹੈ ।
ਸਾਡੀ ਮਾਂ ਨੇ ਤਾਂ ਕੋਈ ਜਮਾਤ ਪਾਸ ਨਹੀਂ ਕੀਤੀ, ਅਤੇ ਦਾਦਾ ਵੀ ਸ਼ਾਇਦ ਪੰਜਵੀਂ- ਛੇਵੀਂ ਜਮਾਤ ਤੋਂ ਅੱਗੇ ਨਹੀਂ ਗਿਆ; ਪਰ ਅਸੀਂ ਚਾਹੇ ਪੂਰੀ ਦੁਨੀਆਂ ਦੀ ਵਿੱਦਿਆ ਪੜ੍ਹ ਲਈਏ, ਮਾਂ ਅਤੇ ਦਾਦੇ ਨੂੰ ਸਾਨੂੰ ਸਮਝਾਉਣ ਅਤੇ ਸੁਧਾਰਨ ਦਾ ਹੱਕ ਹਮੇਸ਼ਾ ਰਹੇਗਾ। ਇਸ ਲਈ ਨਹੀਂ ਕਿ ਉਹ ਸਾਡੇ ਜਨਮਦਾਤਾ ਹਨ; ਸਗੋਂ ਇਸ ਲਈ ਕਿ ਉਹਨਾਂ ਨੂੰ ਦੁਨੀਆਂ ਦਾ ਸਾਡੇ ਨਾਲੋਂ ਜ਼ਿਆਦਾ ਤਜ਼ਰਬਾ ਹੈ ਅਤੇ ਰਹੇਗਾ। ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਸਿਆਸੀ ਢਾਂਚਾ ਹੈ, ਅਤੇ ਅੱਠਵੇਂ ਹੈਨਰੀ ਨੇ ਕਿੰਨੇ ਵਿਆਹ ਕੀਤੇ ਅਤੇ ਅਕਾਸ਼ ਵਿੱਚ ਕਿੰਨੇ ਗ੍ਰਹਿ ਹਨ, ਇਹ ਗੱਲਾਂ ਚਾਹੇ ਉਹਨਾਂ ਨੂੰ ਨਾ ਪਤਾ ਹੋਣ; ਫਿਰ ਵੀ ਅਜਿਹੀਆਂ ਹਜ਼ਾਰਾਂ ਗੱਲਾਂ ਹਨ, ਜਿੰਨ੍ਹਾਂ ਦਾ ਗਿਆਨ ਉਹਨਾਂ ਨੂੰ ਸਾਡੇ ਨਾਲੋਂ ਵਧੇਰੇ ਹੈ। ਰੱਬ ਨਾ ਕਰੇ, ਮੈਂ ਅੱਜ ਬਿਮਾਰ ਹੋ ਜਾਵਾਂ, ਤਾਂ ਤੈਨੂੰ ਹੱਥਾਂ-ਪੈਰਾਂ ਦੀ ਪੈ ਜਾਵੇਗੀ। ਦਾਦੇ ਨੂੰ ਤਾਰ ਭੇਜਣ ਤੋਂ ਬਿਨਾਂ ਤੈਨੂੰ ਕੁੱਝ ਨਹੀਂ ਸੁੱਝਣਾ; ਪਰ ਤੇਰੀ ਥਾਂ ਦਾਦਾ ਹੋਵੇ, ਤਾਂ ਕਿਸੇ ਨੂੰ ਤਾਰ ਨਾ ਭੇਜਣ, ਨਾ ਘਬਰਾਉਣ, ਨਾ ਬੇਹਾਲ ਹੋਣ। ਪਹਿਲਾਂ ਖੁਦ ਬਿਮਾਰੀ ਪਹਿਚਾਣ ਕੇ ਇਲਾਜ ਕਰਨਗੇ, ਉਸ ਵਿੱਚ ਸਫ਼ਲ ਨਾ ਹੋਏ, ਤਾਂ ਕਿਸੇ ਡਾਕਟਰ ਨੂੰ ਬੁਲਾਉਣਗੇ। ਬਿਮਾਰੀ ਤਾਂ ਖ਼ੈਰ ਵੱਡੀ ਚੀਜ ਹੈ। ਆਪਾਂ ਤਾਂ ਇਹ ਵੀ ਨਹੀਂ ਜਾਣਦੇ ਕਿ ਮਹੀਨੇ ਭਰ ਦਾ ਖ਼ਰਚਾ ਕਿਵੇਂ ਚਲਾਇਆ ਜਾਵੇ। ਜੋ ਕੁੱਝ ਦਾਦਾ ਜੀ ਭੇਜਦੇ ਹਨ, ਉਹਨੂੰ ਅਸੀਂ ਵੀਹ-ਬਾਈ ਤੱਕ ਖ਼ਰਚ ਦਿੰਦੇ ਹਾਂ, ਅਤੇ ਫਿਰ ਪੈਸੇ-ਪੈਸੇ ਨੂੰ ਤਰਸਦੇ ਹਾਂ । ਨਾਸ਼ਤਾ ਬੰਦ ਹੋ ਜਾਂਦਾ ਹੈ, ਧੋਬੀ ਅਤੇ ਨਾਈ ਮੂੰਹ ਫੇਰਨ ਲਗਦੇ ਹਨ, ਪਰ ਜਿੰਨਾਂ ਅੱਜ ਤੱਕ ਆਪਾਂ ਖ਼ਰਚ ਰਹੇ ਹਾਂ, ਉਸਤੋਂ ਅੱਧੇ ਨਾਲ ਦਾਦੇ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਇੱਜ਼ਤ ਅਤੇ ਨੇਕਨਾਮੀ ਨਾਲ ਬਿਤਾਇਆ ਹੈ ਅਤੇ ਟੱਬਰ ਦਾ ਪਾਲਣ-ਪੋਸ਼ਣ ਹੈ ਜਿਸ ਵਿੱਚ ਅਸੀਂ ਸਾਰੇ ਰਲਕੇ ਨੌਂ ਜਣੇ ਸੀ। ਆਪਣੇ ਹੈੱਡ ਮਾਸਟਰ ਸਾਹਬ ਨੂੰ ਹੀ ਦੇਖ। ਐੱਮ. ਏ. ਹੈ
ਕਿ ਨਹੀਂ; ਅਤੇ ਇੱਥੋਂ ਦੀ ਐੱਮ. ਏ. ਨਹੀਂ, ਆਕਸਫੋਰਡ ਦੀ। ਇੱਕ ਹਜ਼ਾਰ ਰੁਪਏ ਮਿਲਦੇ ਨੇ; ਪਰ ਉਹਨਾਂ ਦੇ ਘਰ ਦਾ ਪ੍ਰਬੰਧ ਕੌਣ ਚਲਾਉਂਦਾ ਹੈ? ਉਹਨਾਂ ਦੀ ਬੁੱਢੀ ਮਾਂ। ਹੈੱਡ ਮਾਸਟਰ ਸਾਹਬ ਦੀ ਡਿਗਰੀ ਇੱਥੇ ਬੇਕਾਰ ਹੋ ਗਈ। ਪਹਿਲਾਂ ਖੁਦ ਘਰ ਦਾ ਇੰਤਜ਼ਾਮ ਕਰਦੇ ਸੀ। ਖ਼ਰਚਾ ਹੀ ਪੂਰਾ ਨਹੀਂ ਸੀ ਹੁੰਦਾ। ਕਰਜ਼ਈ ਰਹਿੰਦੇ ਸੀ। ਜਦੋਂ ਤੋਂ ਉਹਨਾਂ ਦੀ ਮਾਂ ਨੇ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਹੈ, ਘਰ ਵਿੱਚ ਜਿਵੇਂ ਲੱਛਮੀ ਆ ਗਈ ਹੋਵੇ। ਤਾਂ ਭਾਈਜਾਨ, ਇਹ ਘਮੰਡ ਆਪਣੇ ਦਿਲੋਂ ਕੱਢ ਦੇ ਕਿ ਤੂੰ ਮੇਰੇ ਨੇੜੇ ਆ ਗਿਆ ਹੈਂ ਅਤੇ ਹੁਣ ਅਜ਼ਾਦ ਹੈਂ। ਮੇਰੇ ਦੇਖਦਿਆਂ ਤੂੰ ਕੁਰਾਹੇ ਨਹੀਂ ਪੈ ਸਕੇਂਗਾ।
ਜੇ ਤੂੰ ਇਓਂ ਨਹੀਂ ਮੰਨੇਂਗਾ ਤਾਂ ਮੈਂ (ਥੱਪੜ ਦਿਖਾਕੇ) ਇਸਦੀ ਵਰਤੋਂ ਵੀ ਕਰ ਸਕਦਾ ਹਾਂ। ਮੈਂ ਜਾਣਦਾ ਹਾਂ ਕਿ ਤੈਨੂੰ ਮੇਰੀਆਂ ਗੱਲਾਂ ਜ਼ਹਿਰ ਲੱਗ ਰਹੀਆਂ ਨੇ... "
ਉਹਨਾਂ ਦੀ ਇਸ ਨਵੀਂ ਤਰਕੀਬ ਅੱਗੇ ਮੇਰਾ ਸਿਰ ਝੁਕ ਗਿਆ। ਮੈਨੂੰ ਅੱਜ ਸੱਚੀਂ ਹੀ ਆਪਣੇ ਛੋਟੇ ਹੋਣ ਦਾ ਅਹਿਸਾਸ ਹੋਇਆ ਅਤੇ ਭਾਈ ਸਾਹਬ ਪ੍ਰਤੀ ਮੇਰੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ, ਮੈਂ ਸੇਜ਼ਲ ਅੱਖਾਂ ਨਾਲ ਕਿਹਾ - "ਬਿਲਕੁਲ ਨਹੀਂ, ਤੁਸੀਂ ਜੋ ਕੁੱਝ ਕਹਿ ਰਹੇ ਹੋ, ਉਹ ਬਿਲਕੁਲ ਸੱਚ ਹੈ ਅਤੇ ਤੁਹਾਨੂੰ ਇਹ ਕਹਿਣ ਦਾ ਹੱਕ ਹੈ।”
ਭਾਈ ਸਾਹਬ ਨੇ ਮੈਨੂੰ ਗਲੇ ਨਾਲ ਲਾ ਲਿਆ ਅਤੇ ਬੋਲੇ - "ਮੈਂ ਪਤੰਗ ਉਡਾਉਣ ਤੋਂ ਮਨਾ ਨਹੀਂ ਕਰਦਾ। ਮੇਰਾ ਵੀ ਜੀ ਲਲਚਾਉਂਦਾ ਹੈ; ਪਰ ਕੀ ਕਰਾਂ, ਖੁਦ ਕੁਰਾਹੇ ਪਵਾਂ, ਤਾਂ ਤੇਰੀ ਰੱਖਿਆ ਕਿਵੇਂ ਕਰੂੰ ? ਇਹ ਜਿੰਮੇਵਾਰੀ ਵੀ ਤਾਂ ਮੇਰੇ ਸਿਰ ਹੈ!"
ਸੰਯੋਗ ਨਾਲ ਉਸੇ ਸਮੇਂ ਇੱਕ ਕੱਟਿਆ ਹੋਇਆ ਪਤੰਗ ਸਾਡੇ ਸਿਰ ਉੱਪਰੋਂ ਗੁਜ਼ਰਿਆ। ਉਸਦੀ ਡੋਰ ਲਮਕ ਰਹੀ ਸੀ। ਲੜਕਿਆਂ ਦਾ ਇੱਕ ਝੁੰਡ ਪਿੱਛੇ-ਪਿੱਛੇ ਭੱਜਿਆ ਆ ਰਿਹਾ ਸੀ । ਭਾਈ ਸਾਹਬ ਲੰਮੇ ਹੀ ਸਨ! ਕੁੱਦ ਕੇ ਉਹਦੀ ਡੋਰ ਫੜ ਲਈ ਅਤੇ ਬੜੀ ਤੇਜ਼ੀ ਨਾਲ ਹੋਸਟਲ ਵੱਲ ਦੌੜੇ। ਮੈਂ ਮਗਰ- ਮਗਰ ਦੌੜ ਰਿਹਾ ਸੀ।
***