ਵੱਡੇ ਭਾਈ ਸਾਹਬ
1
ਮੇਰੇ ਭਾਈ ਸਾਹਬ ਮੈਥੋਂ ਪੰਜ ਸਾਲ ਵੱਡੇ ਸਨ; ਪਰ ਸਿਰਫ਼ ਤਿੰਨ ਜਮਾਤਾਂ ਅੱਗੇ । ਉਹਨਾਂ ਨੇ ਵੀ ਉਸੇ ਉਮਰ ਵਿੱਚ ਪੜ੍ਹਨਾ ਸ਼ੁਰੂ ਕੀਤਾ ਸੀ ਜਿਸ ਵਿੱਚ ਮੈਂ ਸ਼ੁਰੂ ਕੀਤਾ ਪਰ ਵਿੱਦਿਆ ਜਿਹੇ ਮਹੱਤਵ ਦੇ ਮਾਮਲੇ ਵਿੱਚ ਉਹ ਜਲਦਬਾਜ਼ੀ ਤੋਂ ਕੰਮ ਲੈਣਾ ਪਸੰਦ ਨਹੀਂ ਸੀ ਕਰਦੇ। ਇਸ ਭਾਵਨਾ ਦੀ ਨੀਂਹ ਬਹੁਤ ਮਜ਼ਬੂਤ ਰੱਖਣੀ ਚਾਹੁੰਦੇ ਸਨ, ਜਿਸ 'ਤੇ ਆਲੀਸ਼ਾਨ ਮਹਿਲ ਬਣ ਸਕੇ। ਇੱਕ ਸਾਲ ਦਾ ਕੰਮ ਦੋ ਸਾਲ ਵਿੱਚ ਕਰਦੇ ਸਨ। ਕਦੇ-ਕਦੇ ਤਾਂ ਤਿੰਨ ਸਾਲ ਵੀ ਲੱਗ ਜਾਂਦੇ ਸਨ । ਨੀਂਹ ਹੀ ਮਜ਼ਬੂਤ ਨਾ ਹੋਵੇ, ਤਾਂ ਮਕਾਨ ਕਿਵੇਂ ਉੱਚ-ਕੋਟੀ ਦਾ ਬਣੇ!
ਮੈਂ ਛੋਟਾ ਸੀ, ਉਹ ਵੱਡੇ ਸਨ। ਮੇਰੀ ਉਮਰ ਨੌਂ ਸਾਲ ਦੀ ਸੀ, ਉਹ ਚੌਦਾਂ ਸਾਲ ਦੇ ਸਨ । ਉਹਨਾਂ ਨੂੰ ਮੇਰੇ ਉੱਤੇ ਨਿਗਰਾਨੀ ਰੱਖਣ ਦਾ ਪੂਰਾ ਅਤੇ ਜਨਮਸਿੱਧ ਅਧਿਕਾਰ ਸੀ ਅਤੇ ਮੇਰੀ ਭਲਾਈ ਇਸੇ ਵਿੱਚ ਸੀ ਕਿ ਮੈਂ ਉਹਨਾਂ ਦੇ ਹੁਕਮ ਨੂੰ ਕਨੂੰਨ ਸਮਝਾਂ।
ਉਹ ਸੁਭਾਅ ਦੇ ਬੜੇ ਅਧਿਐਨਸ਼ੀਲ ਸਨ। ਹਮੇਸ਼ਾਂ ਕਿਤਾਬ ਖੋਲੀ ਬੈਠੇ ਰਹਿੰਦੇ ਅਤੇ ਸ਼ਾਇਦ ਦਿਮਾਗ਼ ਨੂੰ ਅਰਾਮ ਦੇਣ ਲਈ ਕਦੇ ਕਾਪੀ 'ਤੇ ਕਦੇ ਕਿਤਾਬ ਦੀਆਂ ਲਕੀਰਾਂ 'ਤੇ ਚਿੜੀਆਂ, ਕੁੱਤੇ, ਬਿੱਲੀਆਂ ਦੀਆਂ ਤਸਵੀਰਾਂ ਬਣਾਉਂਦੇ ਸਨ। ਕਦੇ- ਕਦੇ ਇੱਕ ਹੀ ਨਾਮ ਜਾਂ ਸ਼ਬਦ ਜਾਂ ਵਾਕ ਦਸ-ਵੀਹ ਵਾਰ ਲਿਖ ਦਿੰਦੇ। ਕਦੇ ਇੱਕ ਸ਼ੇਅਰ ਨੂੰ ਵਾਰ-ਵਾਰ ਸੋਹਣੇ ਅੱਖਰਾਂ ਵਿੱਚ ਨਕਲ ਕਰਦੇ। ਕਦੇ ਅਜਿਹੀ ਸ਼ਬਦ-ਰਚਨਾ ਕਰਦੇ ਜਿਸਦਾ ਨਾ ਕੋਈ ਅਰਥ ਹੁੰਦਾ, ਨਾ ਕੋਈ ਲੈਅ। ਜਿਵੇਂ ਮੈਂ ਇੱਕ ਵਾਰ ਉਹਨਾਂ ਦੀ ਕਾਪੀ 'ਤੇ ਇਹ ਲਿਖਿਆ ਵੇਖਿਆ- ਸਪੈਸ਼ਲ, ਅਮੀਨਾ, ਭਰਾਵਾਂ-ਭਰਾਵਾਂ, ਅਸਲ ਵਿੱਚ, ਭਰਾ- ਭਰਾ, ਰਾਧੇਸ਼ਾਮ, ਸ਼੍ਰੀਮਾਨ ਰਾਧੇਸ਼ਾਮ, ਇੱਕ ਘੰਟੇ ਤੱਕ- ਇਸਤੋਂ ਬਾਅਦ ਇੱਕ ਆਦਮੀ ਦਾ ਚਿਹਰਾ ਬਣਿਆ ਹੋਇਆ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਸ ਬੁਝਾਰਤ ਦਾ ਕੋਈ ਅਰਥ ਕੱਢ ਸਕਾਂ, ਪਰ ਅਸਫ਼ਲ ਰਿਹਾ ਅਤੇ ਉਹਨਾਂ ਤੋਂ ਪੁੱਛਣ ਦੀ ਹਿੰਮਤ ਹੀ ਨਹੀਂ ਹੋਈ। ਉਹ ਨੌਵੀਂ ਜਮਾਤ ਵਿੱਚ ਸਨ, ਅਤੇ ਮੈਂ ਪੰਜਵੀਂ 'ਚ। ਉਹਨਾਂ ਦੀਆਂ ਰਚਨਾਵਾਂ ਨੂੰ ਸਮਝਣਾ ਮੇਰੇ ਲਈ ਛੋਟਾ ਮੂੰਹ ਵੱਡੀ ਗੱਲ ਸੀ।