ਕੰਮ ਪੂਰਾ ਹੋ ਜਾਵੇ ਅਤੇ ਜਮਾਤ ਵਿੱਚ ਜ਼ਲੀਲ ਨਾ ਹੋਣਾ ਪਵੇ। ਆਪਣੇ ਵਿੱਚ ਜੋ ਵਿਸ਼ਵਾਸ ਪੈਦਾ ਕੀਤਾ ਸੀ, ਉਹ ਫਿਰ ਅਲੋਪ ਹੋ ਗਿਆ ਅਤੇ ਫਿਰ ਚੋਰਾਂ ਜਿਹਾ ਜੀਵਨ ਬਿਤਾਉਣ ਲੱਗਾ।
3
ਫੇਰ ਸਲਾਨਾ ਪ੍ਰੀਖਿਆ ਹੋਈ, ਅਤੇ ਕੁੱਝ ਅਜਿਹਾ ਸੰਯੋਗ ਹੋਇਆ ਕਿ ਮੈਂ ਪਾਸ ਹੋ ਗਿਆ ਅਤੇ ਭਾਈ ਸਾਹਬ ਫੇਲ ਹੋ ਗਏ । ਮੈਂ ਬਹੁਤੀ ਮਿਹਨਤ ਨਹੀਂ ਸੀ ਕੀਤੀ; ਪਰ ਪਤਾ ਨਹੀਂ ਕਿਵੇਂ ਪਹਿਲਾ ਦਰਜਾ ਆ ਗਿਆ। ਮੈਨੂੰ ਖੁਦ ਹੈਰਾਨੀ ਹੋ ਰਹੀ ਸੀ। ਭਾਈ ਸਾਹਬ ਨੇ ਜਾਨ ਹੂਲਵੀਂ ਮਿਹਨਤ ਕੀਤੀ ਸੀ। ਸਿਲੇਬਸ ਦਾ ਇੱਕ-ਇੱਕ ਸ਼ਬਦ ਚੱਟ ਗਏ ਸਨ, ਰਾਤ ਨੂੰ ਦਸ ਵਜੇ ਤੱਕ ਜਾਗਣਾ ਅਤੇ ਸਵੇਰੇ ਚਾਰ ਵਜੇ ਉੱਠਣਾ, ਛੇ ਵਜੇ ਤੋਂ ਸਾਢੇ ਨੌਂ ਵਜੇ ਤੱਕ ਕਿਤਾਬਾਂ ਵਿੱਚ ਖੁਭੇ ਰਹਿੰਦੇ; ਪਰ ਵਿਚਾਰੇ ਫੇਲ ਹੋ ਗਏ। ਮੈਨੂੰ ਉਹਨਾਂ 'ਤੇ ਤਰਸ ਆਉਂਦਾ ਸੀ! ਨਤੀਜਾ ਸੁਣਾਇਆ ਗਿਆ, ਤਾਂ ਉਹ ਰੋ ਪਏ ਅਤੇ ਮੈਂ ਵੀ ਰੋਣ ਲੱਗਿਆ। ਆਪਣੇ ਪਾਸ ਹੋਣ ਦੀ ਖੁਸ਼ੀ ਅੱਧੀ ਰਹਿ ਗਈ! ਮੈਂ ਵੀ ਫੇਲ ਹੋ ਗਿਆ ਹੁੰਦਾ, ਤਾਂ ਭਾਈ ਸਾਹਬ ਨੂੰ ਇੰਨਾ ਦੁੱਖ ਨਾ ਹੁੰਦਾ, ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ।
ਮੇਰੇ ਅਤੇ ਭਾਈ ਸਾਹਬ ਵਿੱਚ ਹੁਣ ਸਿਰਫ ਇੱਕ ਸਾਲ ਦਾ ਫਰਕ ਰਹਿ ਗਿਆ ਸੀ। ਮੇਰੇ ਮਨ ਵਿੱਚ ਇੱਕ ਕਮੀਨੀ ਭਾਵਨਾ ਪੈਦਾ ਹੋਈ ਕਿ ਭਾਈ ਸਾਹਬ ਇੱਕ ਹੋਰ ਸਾਲ ਫੇਲ ਹੋ ਜਾਣ, ਤਾਂ ਮੈਂ ਉਹਨਾਂ ਦੇ ਬਰਾਬਰ ਹੋ ਜਾਵਾਂਗਾ, ਫਿਰ ਉਹ ਕਿਸ ਅਧਾਰ 'ਤੇ ਮੈਨੂੰ ਬੇਇੱਜ਼ਤ ਕਰ ਸਕਣਗੇ, ਪਰ ਮੈਂ ਇਸ ਕਮੀਨੇ ਵਿਚਾਰ ਨੂੰ ਦ੍ਰਿੜਤਾ ਨਾਲ ਕੱਢ ਦਿੱਤਾ। ਆਖ਼ਰ ਉਹ ਮੈਨੂੰ ਮੇਰੀ ਭਲਾਈ ਲਈ ਹੀ ਝਿੜਕਦੇ ਹਨ। ਮੈਨੂੰ ਇਸ ਵੇਲ਼ੇ ਬੁਰਾ ਜਰੂਰ ਲਗਦਾ ਹੈ, ਪਰ ਇਹ ਸ਼ਾਇਦ ਉਹਨਾਂ ਦੇ ਉਪਦੇਸ਼ਾਂ ਦਾ ਹੀ ਅਸਰ ਹੋਵੇ ਕਿ ਮੈਂ ਪਾਸ ਹੋਈ ਜਾ ਰਿਹਾ ਹਾਂ, ਉਹ ਵੀ ਇੰਨੇ ਵਧੀਆ ਨੰਬਰਾਂ ਨਾਲ।
ਹੁਣ ਭਾਈ ਸਾਹਬ ਕੁੱਝ ਨਰਮ ਪੈ ਗਏ ਸਨ । ਕਈ ਵਾਰ ਮੈਨੂੰ ਝਿੜਕਣ ਦਾ ਮੌਕਾ ਮਿਲਣ 'ਤੇ ਵੀ ਉਹਨਾਂ ਠਰੰਮੇਂ ਤੋਂ ਕੰਮ ਲਿਆ। ਸ਼ਾਇਦ ਖੁਦ ਸਮਝਣ ਲੱਗੇ ਸੀ ਕਿ ਮੈਨੂੰ ਝਿੜਕਣ ਦਾ ਅਧਿਕਾਰ ਉਹਨਾਂ ਨੂੰ ਨਹੀਂ ਰਿਹਾ, ਜਾਂ ਜੇ ਰਿਹਾ ਵੀ ਤਾਂ ਬਹੁਤ ਘੱਟ। ਮੇਰੀ ਮਨਮਰਜੀ ਵੀ ਵਧੀ। ਮੈਂ ਉਹਨਾਂ ਦੀ ਸਹਿਣਸ਼ੀਲਤਾ ਦਾ ਗਲਤ ਫਾਇਦਾ ਲੈਣ ਲੱਗ ਪਿਆ। ਮੇਰੀ ਕੁੱਝ ਅਜਿਹੀ ਧਾਰਨਾ ਬਣੀ ਕਿ ਮੈਂ ਪਾਸ ਹੋ ਹੀ ਜਾਵਾਂਗਾ, ਪੜ੍ਹਾਂ ਚਾਹੇ ਨਾ ਪੜ੍ਹਾਂ, ਮੇਰੀ ਕਿਸਮਤ ਮਿਹਰਬਾਨ ਹੈ; ਇਸ ਲਈ ਭਾਈ ਸਾਹਬ ਦੇ ਡਰ ਨਾਲ ਜੋ ਥੋੜਾ-ਬਹੁਤਾ ਪੜ੍ਹਦਾ ਸੀ, ਉਹ ਵੀ ਬੰਦ ਹੋ ਗਿਆ। ਮੈਨੂੰ ਪਤੰਗ ਉਡਾਉਣ ਦਾ ਨਵਾਂ ਸ਼ੌਕ ਪੈ ਗਿਆ ਸੀ ਅਤੇ ਹੁਣ ਸਾਰਾ ਦਿਨ ਪਤੰਗਬਾਜ਼ੀ ਦੀ ਭੇਂਟ ਹੀ ਚੜਦਾ; ਫਿਰ ਵੀ ਮੈਂ ਭਾਈ ਸਾਹਬ ਦੀ ਇੱਜ਼ਤ ਕਰਦਾ ਸਾਂ, ਅਤੇ ਉਹਨਾਂ ਤੋਂ ਚੋਰੀ ਪਤੰਗ ਉਡਾਉਂਦਾ ਸਾਂ । ਡੋਰ ਦੇਣੀ, ਕੰਨੀ ਬੰਨਣੀ, ਪਤੰਗ ਮੁਕਾਬਲੇ ਦੀਆਂ ਤਿਆਰੀਆਂ ਆਦਿ ਸਮੱਸਿਆਵਾਂ ਸਭ ਗੁਪਤ ਰੂਪ ਵਿੱਚ ਹੱਲ ਹੋ ਜਾਂਦੀਆਂ ਸਨ । ਮੈਂ ਭਾਈ ਸਾਹਬ ਨੂੰ ਇਹ ਸ਼ੱਕ ਨਹੀਂ ਹੋਣ ਦੇਣਾ ਚਾਹੁੰਦਾ ਸੀ ਕਿ ਉਹਨਾਂ ਦਾ ਆਦਰ ਅਤੇ ਲਿਹਾਜ ਮੇਰੀ ਨਿਗ੍ਹਾ 'ਚ ਘਟ ਗਿਆ ਸੀ ।