ਵਿਕਰਮ ਬੇਤਾਲ ਦੀਆਂ ਕਹਾਣੀਆਂ
ਸੰਪਾਦਕ- ਅਮਰਜੀਤ ਕੌਰ
ਤਰਤੀਬ
ਮਹਾਰਾਜਾ ਵਿਕਰਮਾਦਿਤ ਅਤੇ ਬੇਤਾਲ ਦਾ ਮਿਲਾਪ
ਪ੍ਰਾਚੀਨ ਕਾਲ 'ਚ ਧਾਰਾ ਨਗਰੀ 'ਚ ਮਹਾਰਾਜ ਵਿਕਰਮਾਦਿੱਤ ਦਾ ਰਾਜ ਸੀ । ਉਹਦੇ ਰਾਜ ਵਿਚ ਹੀ ਇਕ ਬ੍ਰਾਹਮਣ ਸੀ ਜਿਹਨੇ ਪੂਜਾ-ਪਾਠ ਅਤੇ ਤਪੱਸਿਆ ਕਰਕੇ ਦੇਵੀ ਨੂੰ ਖੁਸ਼ ਕੀਤਾ ਅਤੇ ਅਮਰ ਹੋਣ ਦਾ ਵਰਦਾਨ ਮੰਗਿਆ। ਦੇਵੀ ਨੇ ਉਹਨੂੰ ਇਕ ਅਮਰ ਫਲ ਦਿੱਤਾ । ਫਲ ਲੈ ਕੇ ਬ੍ਰਾਹਮਣ ਆਪਣੇ ਘਰ ਗਿਆ ਤੇ ਬਾਹਮਣੀ ਨੂੰ ਸਾਰੀ ਗੱਲ ਦੱਸੀ । ਬਾਹਮਣੀ ਨੇ ਉਹਨੂੰ ਕਿਹਾ ਕਿ ਅਸੀਂ ਅਮਰ ਹੋ ਕੇ ਕੀ ਕਰਾਂਗੇ, ਅਮਰਤਾ ਤਾਂ ਰਾਜਾ ਵਿਕਰਮ ਨੂੰ ਮਿਲਣੀ ਚਾਹੀਦੀ ਹੈ । ਤੁਸੀਂ ਇਕ ਬ੍ਰਾਹਮਣ ਹੋ, ਤੁਹਾਨੂੰ ਤਾਂ ਮੁਕਤੀ ਹਾਸਿਲ ਕਰਨ ਲਈ ਸਾਧਨਾ ਕਰਨੀ ਚਾਹੀਦੀ ਹੈ । ਬ੍ਰਾਹਮਣ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਹਨੇ ਉਹ ਫਲ ਲਿਜਾ ਕੇ ਰਾਜਾ ਵਿਕਰਮ ਨੂੰ ਦੇ ਦਿੱਤਾ ਅਤੇ ਸਾਰੀ ਗੱਲ ਦੱਸ ਦਿੱਤੀ।
ਰਾਜਾ ਵਿਕਰਮ ਆਪਣੀ ਛੋਟੀ ਰਾਣੀ ਚੰਦ੍ਰਪ੍ਰਭਾ ਨੂੰ ਬਹੁਤ ਪਿਆਰ ਕਰਦਾ ਸੀ, ਉਨ੍ਹਾਂ ਨੇ ਉਹ ਫਲ ਉਹਨੂੰ ਇਹ ਸੋਚ ਕੇ ਦੇ ਦਿੱਤਾ ਕਿ ਮੇਰੀ ਪਿਆਰੀ ਪਤਨੀ ਅਮਰ ਹੋ ਜਾਵੇਗੀ । ਪਤਨੀ ਆਪਣੇ ਰਥਵਾਨ ਨੂੰ ਪਿਆਰ ਕਰਦੀ ਸੀ, ਇਸ ਲਈ ਉਹ ਅਮਰਫਲ ਸਾਰਥੀ ਨੂੰ ਦੇ ਦਿੱਤਾ ਤਾਂ ਕਿ ਉਹ ਅਮਰ ਹੋ ਜਾਵੇ । ਰਥਵਾਨ ਇਕ ਵੇਸਵਾ ਨਾਲ ਪਿਆਰ ਕਰਦਾ ਸੀ, ਉਹਨੇ ਉਹ ਅਮਰਫਲ ਉਹਨੂੰ ਦੇ ਦਿੱਤਾ। ਵੇਸਵਾ ਨੇ ਸੋਚਿਆ ਕਿ ਇਸ ਜਨਮ ਵਿਚ ਮੈਂ ਅਮਰ ਹੋ ਕੇ ਕੀ ਕਰੂੰਗੀ। ਇਹ ਫਲ ਉੱਤੇ ਤਾਂ ਰਾਜਾ ਵਿਕਰਮ ਵਰਗੇ ਨੇਕ ਆਦਮੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਹ ਅਮਰ ਹੋ ਕੇ ਯੁਗਾਂ-ਯੁਗਾਂ ਤਕ ਪਰਜਾ ਦੀ ਸੇਵਾ ਕਰੇਗਾ। ਇਹ ਸੋਚ ਕੇ ਉਹ ਅਮਰਫਲ ਲੈ ਕੇ ਰਾਜੇ ਕੋਲ ਗਈ ਅਤੇ ਅਮਰਫਲ ਰੱਖ ਲੈਣ ਲਈ ਬੇਨਤੀ ਕੀਤੀ।
ਉਸ ਵੇਸਵਾ ਦੇ ਹੱਥਾਂ 'ਚ ਅਮਰਫਲ ਵੇਖ ਕੇ ਰਾਜਾ ਵਿਕਰਮ ਗੁੱਸੇ 'ਚ
ਆ ਗਿਆ ਅਤੇ ਪੁੱਛਣ ਲੱਗਾ, “ਕਿ ਇਹ ਫਲ ਤੇਰੇ ਕੋਲ ਕਿਵੇਂ ਆਇਆ।”
ਵੇਸਵਾ ਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ। ਹੁਣ ਉਸ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਮੇਰੀ ਪਿਆਰੀ ਪਤਨੀ ਅਤੇ ਉਹਦੇ ਸਾਰਥੀ ਵਿਚਕਾਰ ਨਜਾਇਜ਼ ਸੰਬੰਧ ਹਨ। ਇਹ ਗੱਲ ਮਨ 'ਚ ਆਉਂਦਿਆਂ ਹੀ ਉਹਨੂੰ ਇੰਨਾ ਗੁੱਸਾ ਆਇਆ ਕਿ ਉਹਦਾ ਦਿਲ ਕੀਤਾ ਕਿ ਹੁਣੇ ਜਾ ਕੇ ਉਹ ਰਾਣੀ ਨੂੰ ਮਾਰ ਦੇਵੇ । ਪਰ ਉਹ ਰਾਣੀ ਨੂੰ ਪਿਆਰ ਕਰਦਾ ਸੀ, ਇਸ ਲਈ ਰਾਜਾ ਇੰਝ ਨਾ ਕਰ ਸਕਿਆ। ਪਰ ਇਸ ਸੰਸਾਰ ਤੋਂ ਉਹਦਾ ਮੋਹ ਭੰਗ ਹੋ ਗਿਆ। ਉਹਨੇ ਜਾ ਕੇ ਰਾਣੀ ਨੂੰ ਬੁਰਾ-ਭਲਾ ਆਖਿਆ ਤਾਂ ਰਾਣੀ ਉਹਦੇ ਕੋਲੋਂ ਮਾਫ਼ੀ ਮੰਗਣ ਲੱਗੀ । ਪਰ ਰਾਜੇ ਨੇ ਉਹਨੂੰ ਮਾਫ਼ ਨਾ ਕੀਤਾ ਅਤੇ ਵਿਯੋਗੀ ਹੋ ਕੇ ਜੰਗਲ 'ਚ ਚਲਾ ਗਿਆ। ਉਹਨੇ ਸੋਚਿਆ ਕਿ ਬਾਕੀ ਬਚੀ ਜ਼ਿੰਦਗੀ ਪਰਮਾਤਮਾ ਦੀ ਅਰਾਧਨਾ 'ਚ ਗੁਜ਼ਾਰਾਂਗਾ।
ਰਾਜ ਦਰਬਾਰ ਦਾ ਸਾਰਾ ਕੰਮ ਲਾਇਕ ਮੰਤਰੀਆਂ ਨੇ ਸਾਂਭ ਲਿਆ ਅਤੇ ਸ਼ਰਮਿੰਦਗੀ ਕਾਰਨ ਰਾਣੀ ਨੇ ਖ਼ੁਦਕੁਸ਼ੀ ਕਰ ਲਈ । ਤਕਰੀਬਨ ਇਕ ਸਾਲ ਬਾਅਦ ਦੈਵੀ ਕ੍ਰਿਪਾ ਨਾਲ ਰਾਜੇ ਦੇ ਮਨ ਵਿਚ ਆਪਣੀ ਪਰਜਾ ਨੂੰ ਵੇਖਣ ਦੀ ਇੱਛਾ ਜਾਗੀ ਤਾਂ ਉਹ ਸਾਧੂ ਬਣ ਕੇ ਆਪਣੀ ਨਗਰੀ ਵੱਲ ਤੁਰ ਪਿਆ। ਉਧਰ ਇੰਦਰ ਦਾ ਇਕ ਦੇਵ ਇੰਦਰ ਦੇ ਹੁਕਮ 'ਤੇ ਰਾਜਾ ਵਿਕਰਮ ਦੇ ਰਾਜ ਦੀ ਰੱਖਿਆ ਕਰ ਰਿਹਾ ਸੀ । ਰਾਜਾ ਵਿਕਰਮ ਆਪਣੀ ਨਗਰੀ 'ਚ ਘੁੰਮਣ ਲੱਗਾ ਤਾਂ ਦੇਵ ਨੇ ਉਹਨੂੰ ਲਲਕਾਰਿਆ-"ਕੌਣ ਹੈਂ ?"
"ਮੈਂ ਰਾਜਾ ਵਿਕਰਮ ਹਾਂ।”
"ਜੇਕਰ ਤੂੰ ਵਿਕਰਮ ਹੈ ਤਾਂ ਮੇਰੇ ਨਾਲ ਯੁੱਧ ਕਰ। ਮੈਂ ਦੇਵ ਇੰਦਰ ਦੁਆਰਾ ਭੇਜਿਆ ਦੇਵ ਹਾਂ ਜੋ ਤੇਰੀ ਨਗਰੀ ਦੀ ਰੱਖਿਆ ਕਰ ਰਿਹਾ ਹਾਂ। ਜੇਕਰ ਤੂੰ ਮੈਨੂੰ ਯੁੱਧ 'ਚ ਹਰਾ ਦਿੱਤਾ ਤਾਂ ਮੈਂ ਮੰਨ ਲਵਾਂਗਾ ਕਿ ਤੂੰ ਹੀ ਵਿਕਰਮਾਦਿੱਤ ਏਂ ਅਤੇ ਫਿਰ ਇੰਦਰ ਦੇ ਹੁਕਮ ਅਨੁਸਾਰ ਮੈਂ ਤੇਰਾ ਰਾਜ ਤੈਨੂੰ ਵਾਪਸ ਕਰ ਦਿਆਂਗਾ।"
ਦੋਵਾਂ ਵਿਚਕਾਰ ਬੜਾ ਭਿਆਨਕ ਯੁੱਧ ਹੋਇਆ ਅਤੇ ਦੇਵ ਹਾਰ
ਗਿਆ। ਉਹਨੇ ਨਗਰੀ ਦੀ ਰੱਖਿਆ ਦਾ ਭਾਰ ਵਿਕਰਮ ਨੂੰ ਸੌਂਪ ਦਿੱਤਾ। ਉਦੋਂ ਤਕ ਪਰਜਾ ਵੀ ਰਾਜਾ ਵਿਕਰਮ ਦੇ ਵਾਪਸ ਆਉਣ ਦੀ ਗੱਲ ਸੁਣ ਚੁੱਕੀ ਸੀ। ਪਰਜਾ ਨੇ ਸਨਮਾਨ ਨਾਲ ਰਾਜਾ ਵਿਕਰਮ ਨੂੰ ਸਿੰਘਾਸਨ 'ਤੇ ਬਿਠਾਇਆ। ਵਿਕਰਮਾਦਿੱਤ ਫਿਰ ਰਾਜ ਕਰਨ ਲੱਗਾ।
ਇਕ ਵਾਰ ਉਹਦੇ ਦਰਬਾਰ 'ਚ ਇਕ ਯੋਗੀ ਆਇਆ, ਜਿਸਨੇ ਰਾਜੇ ਨੂੰ ਇਕ ਫਲ ਦਿੱਤਾ। ਰਾਜੇ ਨੇ ਫਲ ਰਸੋਈ ਵਿਚ ਸੁਰੱਖਿਅਤ ਰੱਖਵਾ ਦਿੱਤਾ।
ਯੋਗੀ ਰੋਜ਼ ਆਉਂਦਾ ਅਤੇ ਦਾਨ ਲੈ ਕੇ ਅਤੇ ਇਕ ਫਲ ਦੇ ਕੇ ਚਲਾ ਜਾਂਦਾ । ਰਾਜੇ ਕੋਲ ਫਲਾਂ ਦਾ ਢੇਰ ਲੱਗ ਗਿਆ। ਇਕ ਦਿਨ ਉਹਨੇ ਇਕ ਫਲ ਕੱਟ ਕੇ ਵੇਖਿਆ ਤਾਂ ਉਹਦੇ ਵਿਚੋਂ ਇਕ ਕੀਮਤੀ ਰਤਨ ਨਿਕਲਿਆ। ਇਹ ਵੇਖ ਕੇ ਰਾਜਾ ਬਹੁਤ ਹੈਰਾਨ ਹੋਇਆ । ਫਿਰ ਉਹਨੇ ਸਾਰੇ ਫਲ ਕਟਵਾਏ ਤੇ ਸਾਰਿਆਂ 'ਚੋਂ ਇਕ-ਇਕ ਰਤਨ ਨਿਕਲਿਆ। ਰਾਜ ਜੌਹਰੀ ਨੇ ਜਾਂਚ ਕਰਕੇ ਦੱਸਿਆ ਕਿ ਇਹ ਰਤਨ ਬੜੇ ਕੀਮਤੀ ਸਨ।
ਅਗਲੇ ਦਿਨ ਯੋਗੀ ਆਇਆ ਤਾਂ ਰਾਜੇ ਨੇ ਉਹਨੂੰ ਉਹ ਰਤਨ ਦਿਖਾਏ ਅਤੇ ਪੁੱਛਿਆ ਕਿ ਇਹ ਕੀ ਹੈ ? ਯੋਗੀ ਨੇ ਦੱਸਿਆ ਕਿ ਇਹ ਮੇਰੀ ਯੋਗਤਾ ਦਾ ਕਮਾਲ ਹੈ। ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਤੇਰੇ ਸਾਹਮਣੇ ਕੁਬੇਰ ਦੇ ਖ਼ਜ਼ਾਨੇ ਦਾ ਢੇਰ ਲਗਾ ਦੇਵਾਂ।
ਉਤਸੁਕਤਾ ਵਿਚ ਰਾਜਾ ਵਿਕਰਮ ਨੇ ਸਾਥ ਦੇਣ ਦੀ ਮੰਜੂਰੀ ਦੇ ਦਿੱਤੀ । ਯੋਗੀ ਨੇ ਆਖਿਆ ਕਿ ਮੈਂ ਕ੍ਰਿਸ਼ਨਾ ਨਦੀ ਦੇ ਕੰਢੇ 'ਤੇ ਸ਼ਮਸ਼ਾਨਘਾਟ 'ਚ ਯੋਗ ਸਾਧਨਾ ਕਰ ਰਿਹਾ ਹਾਂ । ਜੇਕਰ ਤੂੰ ਮੇਰੀ ਸਹਾਇਤਾ ਕਰਨ ਦਾ ਇਛੁੱਕ ਹੈਂ ਤਾਂ ਭਾਦੋਂ ਮਹੀਨੇ ਦੀ ਮੱਸਿਆ ਨੂੰ ਇਕੱਲਾ ਉਥੇ ਆ ਜਾਵੀਂ।
ਰਾਜੇ ਨੇ ਉਹਦਾ ਸੱਦਾ ਸਵੀਕਾਰ ਕਰ ਲਿਆ ਅਤੇ ਨਿਸ਼ਚਿਤ ਕੀਤੇ ਦਿਨ ਉਥੇ ਪਹੁੰਚ ਗਿਆ। ਉਹਨੂੰ ਆਇਆ ਵੇਖ ਕੇ ਯੋਗੀ ਬੇਹੱਦ ਖ਼ੁਸ਼ ਹੋਇਆ। ਫਿਰ ਉਹਨੇ ਆਖਿਆ ਕਿ ਇਥੋਂ ਦੋ ਕੋਹ ਦੀ ਦੂਰੀ 'ਤੇ ਇਕ ਮੁਰਦਾ ਦਰਖ਼ਤ 'ਤੇ ਪੁੱਠਾ ਲਟਕਿਆ ਹੋਇਆ ਹੈ, ਤੂੰ ਉਹਨੂੰ ਆਪਣੀ ਪਿੱਠ 'ਤੇ ਲੱਦ ਕੇ ਏਥੇ ਲੈ ਆ।
ਰਾਜਾ ਯੋਗੀ ਦੁਆਰਾ ਦੱਸੀ ਹੋਈ ਦਿਸ਼ਾ ਵੱਲ ਤੁਰ ਪਿਆ। ਰਸਤਾ ਬੜਾ ਭਿਆਨਕ ਸੀ । ਥਾਂ-ਥਾਂ 'ਤੇ ਭੂਤ-ਪ੍ਰੇਤ ਨੱਚ ਰਹੇ ਸਨ, ਖ਼ਤਰਨਾਕ ਕਾਲੇ ਸੱਪ ਫਨ ਫੈਲਾਅ ਕੇ ਫੁੰਕਾਰ ਰਹੇ ਸਨ, ਪਰ ਹਿੰਮਤੀ ਵਿਕਰਮਾਦਿੱਤ ਹੱਥ 'ਚ ਤਲਵਾਰ ਫੜ ਕੇ ਤੁਰਿਆ ਜਾ ਰਿਹਾ ਸੀ ।
ਦੋ ਕੋਹ ਦੀ ਦੂਰੀ 'ਤੇ ਜਾ ਕੇ ਉਹਨੇ ਸੱਚਮੁੱਚ ਇਕ ਮੁਰਦੇ ਨੂੰ ਦਰਖ਼ਤ 'ਤੇ ਲਟਕਿਆ ਹੋਇਆ ਵੇਖਿਆ । ਵਿਕਰਮਾਦਿੱਤ ਨੇ ਉਸਨੂੰ ਦਰਖ਼ਤ ਤੋਂ ਲਾਹ ਕੇ ਮੋਢਿਆਂ 'ਤੇ ਲੱਦ ਲਿਆ ਅਤੇ ਤੁਰ ਪਿਆ। ਮੁਰਦਾ ਉਹਦੇ ਮੋਢਿਆਂ ਤੋਂ ਉੱਡ ਕੇ ਮੁੜ ਦਰਖ਼ਤ 'ਤੇ ਜਾ ਕੇ ਲਟਕ ਗਿਆ।
ਵਿਕਰਮ ਨੇ ਉਹਨੂੰ ਦੁਬਾਰਾ ਚੁੱਕਿਆ ਅਤੇ ਤੁਰ ਪਿਆ । ਮੁਰਦੇ ਨੇ ਰਾਜੇ ਨੂੰ ਪੁੱਛਿਆ-"ਤੂੰ ਕੌਣ ਏਂ ?”
"ਮੈਂ ਵਿਕਰਮਾਦਿੱਤ ਹਾਂ ਅਤੇ ਤੂੰ ਕੌਣ ਏਂ ?”
"ਮੈਂ ਬੇਤਾਲ ਹਾਂ। ਤੂੰ ਮੈਨੂੰ ਕੀਹਦੀ ਆਗਿਆ ਨਾਲ ਅਤੇ ਕਿਥੇ ਲੈ ਕੇ ਜਾਣਾ ਚਾਹੁੰਦਾ ਏਂ ?”
“ਮੈਂ ਇਕ ਯੋਗੀ ਦੀ ਆਗਿਆ ਨਾਲ ਤੈਨੂੰ ਲੈਣ ਆਇਆ ਹਾਂ ਤੇ ਤੈਨੂੰ ਮੇਰੇ ਨਾਲ ਜਾਣਾ ਹੀ ਪਵੇਗਾ।"
ਮੁਰਦਾ ਹੱਸ ਪਿਆ। ਫਿਰ ਬੋਲਿਆ-"ਮੈਂ ਤੇਰੇ ਨਾਲ ਇਕ ਸ਼ਰਤ 'ਤੇ ਚੱਲਾਂਗਾ। ਰਸਤਾ ਤੈਅ ਕਰਨ ਲਈ ਮੈਂ ਤੈਨੂੰ ਕੁਝ ਕਹਾਣੀਆਂ ਸੁਣਾਵਾਂਗਾ, ਪਰ ਤੂੰ ਚੁੱਪ ਰਹਿਣਾ ਹੈ। ਜੇਕਰ ਬੋਲਿਆ ਤਾਂ ਮੈਂ ਉੱਡ ਕੇ ਵਾਪਸ ਚਲਾ ਜਾਵਾਂਗਾ। ਚੱਲ, ਹੁਣ ਸਮਾਂ ਗੁਜ਼ਾਰਨ ਲਈ ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ। ਮੇਰੀ ਕਹਾਣੀ ਸੁਣ ਕੇ ਜੇਕਰ ਤੂੰ ਨਿਆਂ ਨਾ ਕੀਤਾ ਤਾਂ ਮੇਰੇ ਮੰਤਰ ਨਾਲ ਤੇਰਾ ਸਿਰ ਟੁਕੜੇ-ਟੁਕੜੇ ਹੋ ਜਾਵੇਗਾ।”
ਵਿਕਰਮ ਚੁੱਪ ਰਿਹਾ। ਬੇਤਾਲ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ-
ਕਿਸ ਦਾ ਕਸੂਰ ?
ਇਕ ਵਾਰ ਦੀ ਗੱਲ ਹੈ, ਵਾਰਾਣਸੀ 'ਚ ਪ੍ਰਤਾਪ ਮੁਕਟ ਨਾਂ ਦਾ ਇਕ ਬਹੁਤ ਹੀ ਬਲਸ਼ਾਲੀ ਰਾਜਾ ਰਾਜ ਕਰਦਾ ਸੀ। ਉਹਦੇ ਪੁੱਤਰ ਦਾ ਨਾਂ ਬ੍ਰਜਮੁਕਟ ਸੀ । ਬ੍ਰਜਮੁਕਟ ਦੀ ਆਪਣੇ ਰਾਜ ਦੇ ਪ੍ਰਧਾਨ ਮੰਤਰੀ ਦੇ ਪੁੱਤਰ ਰਤਨਰਾਜ ਨਾਲ ਬੜੀ ਪੱਕੀ ਦੋਸਤੀ ਸੀ । ਇਕ ਵਾਰ ਦੀ ਗੱਲ ਹੈ ਕਿ ਦੋਵੇਂ ਦੋਸਤ ਸ਼ਿਕਾਰ ਖੇਡਣ ਇਕ ਸੰਘਣੇ ਜੰਗਲ 'ਚ ਗਏ । ਉਥੇ ਰਾਜਕੁਮਾਰ ਨੂੰ ਇਕ ਹਿਰਨ ਨਜ਼ਰ ਆਇਆ ਤੇ ਉਹਨੇ ਉਸ ਹਿਰਨ ਮਗਰ ਆਪਣਾ ਘੋੜਾ ਲਾ ਦਿੱਤਾ। ਮੰਤਰੀ ਦਾ ਪੁੱਤਰ ਪਿਛਾਂਹ ਰਹਿ ਗਿਆ।
ਹਿਰਨ ਦਾ ਪਿੱਛਾ ਕਰਦਿਆਂ-ਕਰਦਿਆਂ ਰਾਜਕੁਮਾਰ ਰਸਤਾ ਭੁੱਲ ਗਿਆ। ਇਕ ਕਾਫ਼ੀ ਸੁੰਦਰ ਬਗੀਚੇ ਦੇ ਨੇੜੇ ਆ ਕੇ ਉਹਨੇ ਘੋੜਾ ਰੋਕ ਲਿਆ ਤੇ ਥਕਾਵਟ ਦੇ ਕਾਰਨ ਬੁਰੀ ਤਰ੍ਹਾਂ ਹਫਣ ਲੱਗ ਪਿਆ । ਰਾਜਕੁਮਾਰ ਨੇ ਘੋੜਾ ਦਰਖ਼ਤ ਨਾਲ ਬੰਨ੍ਹ ਦਿੱਤਾ ਅਤੇ ਖੁਦ ਉਸੇ ਦਰਖ਼ਤ ਦੀ ਛਾਂ ਹੇਠਾਂ ਆਰਾਮ ਕਰਨ ਲੱਗਾ । ਅਜੇ ਉਹਨੂੰ ਉਥੇ ਬੈਠਿਆਂ ਥੋੜ੍ਹਾ ਚਿਰ ਹੀ ਹੋਇਆ ਸੀ ਕਿ ਇਕ ਆਦਮੀ ਦੀ ਆਵਾਜ਼ ਉਹਦੇ ਕੰਨਾਂ 'ਚ ਪਈ-‘ਐ ਰਾਹਗੀਰ ! ਕੌਣ ਏਂ ਤੂੰ ਤੇ ਬਿਨਾਂ ਆਗਿਆ ਇਸ ਬਗੀਚੇ 'ਚ ਕਿਵੇਂ ਆ ਗਿਆ ਏਂ ? ਤੁਰੰਤ ਏਥੋਂ ਚਲਾ ਜਾ-ਰਾਜਕੁਮਾਰੀ ਸ਼ਾਮ ਦੀ ਪੂਜਾ ਕਰਨ ਇਥੇ ਆਉਣ ਵਾਲੀ ਹੈ, ਜੇਕਰ ਉਹਨੇ ਤੈਨੂੰ ਇਥੇ ਵੇਖ ਲਿਆ ਤਾਂ ਤੇਰੇ ਨਾਲ-ਨਾਲ ਮੈਂ ਵੀ ਮੁਸੀਬਤ 'ਚ ਫਸ ਜਾਵਾਂਗਾ।"
"ਮੈਂ ਹੁਣੇ ਚਲਾ ਜਾਵਾਂਗਾ ਭਰਾਵਾ! ਤੂੰ ਚਿੰਤਾ ਨਾ ਕਰ, ਰਾਜਕੁਮਾਰੀ ਦੇ ਆਉਣ ਤੋਂ ਪਹਿਲਾਂ ਹੀ ਚਲਾ ਜਾਵਾਂਗਾ।"
ਉਹ ਵਿਅਕਤੀ, ਜਿਹੜਾ ਅਸਲ 'ਚ ਬਗੀਚੇ ਦਾ ਮਾਲੀ ਸੀ, ਉਹ ਨਿਸ਼ਚਿੰਤ ਹੋ ਕੇ ਚਲਾ ਗਿਆ ਤੇ ਰਾਜਕੁਮਾਰ ਵੀ ਉੱਠ ਕੇ ਆਪਣੇ ਘੋੜੇ ਦੀ ਕਾਠੀ ਠੀਕ ਕਰਨ ਲੱਗਾ। ਪਰ ਰੱਬ ਸਬੱਬੀਂ ਉਸੇ ਵਕਤ ਰਾਜਕੁਮਾਰੀ ਆਪਣੀਆਂ ਸਹੇਲੀਆਂ ਨਾਲ ਪੂਜਾ ਕਰਨ ਮੰਦਰ ਵੱਲ ਆ ਗਈ।
ਰਾਜਕੁਮਾਰ ਨੇ ਉਹਨੂੰ ਵੇਖਿਆ ਤਾਂ ਵੇਖਦਾ ਹੀ ਰਹਿ ਗਿਆ। ਇਹੋ
ਹਾਲਤ ਰਾਜਕੁਮਾਰੀ ਦੀ ਵੀ ਹੋਈ । ਉਹ ਵੀ ਰਾਜਕੁਮਾਰ ਨੂੰ ਵੇਖ ਕੇ ਆਪਣੀ ਸੁੱਧ-ਬੁੱਧ ਗੁਆ ਬੈਠੀ। ਫਿਰ ਅਚਾਨਕ ਹੀ ਉਹ ਚੇਤੰਨ ਹੋਈ ਅਤੇ ਸਹੇਲੀਆਂ ਨਾਲ ਮੰਦਰ ਵੱਲ ਚਲੀ ਗਈ। ਮੰਦਰ 'ਚ ਪੂਜਾ ਕਰਕੇ ਜਦੋਂ ਉਹ ਬਾਹਰ ਆਈ ਤਾਂ ਉਹਨੇ ਰਾਜਕੁਮਾਰ ਨੂੰ ਉਥੇ ਹੀ ਖਲੋਤਾ ਵੇਖਿਆ।
ਰਾਜਕੁਮਾਰੀ ਨੇ ਉਹਦੇ ਵੱਲ ਵੇਖ ਕੇ ਇਕ ਸੰਕੇਤ ਕੀਤਾ, ਉਹਨੇ ਜੂੜੇ 'ਚ ਲੱਗਾ ਕਮਲ ਦਾ ਫੁੱਲ ਹੱਥ 'ਚ ਫੜ ਕੇ ਕੰਨ ਨਾਲ ਛੁਹਾਇਆ, ਫਿਰ ਦੰਦ ਨਾਲ ਟੁੱਕ ਕੇ ਪੈਰ ਦੇ ਥੱਲੇ ਰੱਖਿਆ ਤੇ ਸਭ ਤੋਂ ਅਖੀਰ 'ਚ ਉਹਨੇ ਉਹਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ।
ਫਿਰ ਆਪਣੀਆਂ ਸਹੇਲੀਆਂ ਨਾਲ ਉਹ ਇਕ ਪਾਸੇ ਚਲੀ ਗਈ।
ਉਹਦੇ ਜਾਣ ਤੋਂ ਬਾਅਦ ਰਾਜਕੁਮਾਰ ਨੇ ਠੰਡਾ ਹਉਕਾ ਭਰਿਆ ਤੇ ਦੀਵਾਨਾ ਜਿਹਾ ਹੋ ਗਿਆ। ਰਾਜਕੁਮਾਰੀ ਦੀ ਸੋਹਣੀ ਸ਼ਕਲ ਲਗਾਤਾਰ ਉਹਦੀਆਂ ਅੱਖਾਂ ਅੱਗੇ ਨੱਚ ਰਹੀ ਸੀ।
ਕੁਝ ਹੀ ਸਮਾਂ ਲੰਘਿਆ ਸੀ ਕਿ ਉਹਦਾ ਮਿੱਤਰ ਰਤਨਰਾਜ ਉਹਨੂੰ ਲੱਭਦੇ-ਲੱਭਦੇ ਉਸੇ ਦਿਸ਼ਾ 'ਚ ਆ ਗਿਆ। ਮਿੱਤਰ ਕੋਲੋਂ ਮਿੱਤਰ ਦੇ ਮਨ ਦੀ ਗੱਲ ਲੁਕੀ ਨਾ ਰਹਿ ਸਕੀ।
ਰਾਜਕੁਮਾਰ ਨੇ ਰਾਜਕੁਮਾਰੀ ਦੀ ਕਮਲ ਦੇ ਫੁੱਲ ਵਾਲੀ ਹਰਕਤ ਬਿਆਨ ਕਰ ਦਿੱਤੀ ਤੇ ਪੁੱਛਿਆ-"ਆਖ਼ਿਰ ਉਹਦੀ ਇਸ ਹਰਕਤ ਦਾ ਮਲਤਬ ਕੀ ਹੋਇਆ ?"
"ਮੇਰੇ ਮਿੱਤਰ ! ਇੰਝ ਉਹਨੇ ਤੈਨੂੰ ਆਪਣੀ ਜਾਣਕਾਰੀ ਸਮੇਤ ਦਿਲ ਦੀ ਪੂਰੀ ਗੱਲ ਦੱਸ ਦਿੱਤੀ ਹੈ । ਭਾਵ ਉਹ ਵੀ ਤੈਨੂੰ ਪਿਆਰ ਕਰਦੀ ਹੈ।”
"ਤੂੰ ਇਸ ਨਤੀਜੇ 'ਤੇ ਕਿਵੇਂ ਪਹੁੰਚਿਆ ਮੈਨੂੰ ਵੀ ਤਾਂ ਕੁਝ ਦੱਸ।”
ਰਤਨਰਾਜ ਬੋਲਿਆ-“ਸੁਣ ਮਿੱਤਰ ! ਪਹਿਲਾਂ ਉਹਨੇ ਜੂੜੇ 'ਚੋਂ ਕਮਲ ਦਾ ਫੁੱਲ ਕੱਢ ਕੇ ਕੰਨ ਨਾਲ ਛੁਹਾਇਆ। ਇਸ ਦਾ ਅਰਥ ਹੈ ਕਿ ਉਹ ਕਰਨਾਟਕ ਰਾਜ ਦੀ ਰਹਿਣ ਵਾਲੀ ਹੈ । ਫਿਰ ਉਹਨੇ ਫੁੱਲ ਨੂੰ ਦੰਦ ਨਾਲ ਟੁੱਕਿਆ, ਜਿਸਦਾ ਅਰਥ ਹੋਇਆ ਕਿ ਉਹ ਰਾਜਾ ਦੰਤਵਾਦ ਦੀ ਪੁੱਤਰੀ
ਹੈ। ਪੈਰ ਥੱਲੇ ਦਬਾ ਕੇ ਉਹਨੇ ਆਪਣਾ ਨਾਂ ਦੱਸਿਆ ਕਿ ਉਹਦਾ ਨਾਮ ਪਦਮਾਵਤੀ ਹੈ। ਫੁੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਉਹ ਵੀ ਤੈਨੂੰ ਚਾਹੁੰਦੀ ਹੈ।"
ਇਹ ਸੁਣ ਕੇ ਬ੍ਰਜਮੁਕਟ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨੇ ਆਪਣੇ ਮਿੱਤਰ ਨੂੰ ਆਖਿਆ-"ਫਿਰ ਤਾਂ ਮੈਨੂੰ ਛੇਤੀ ਹੀ ਕਰਨਾਟਕ ਦੇਸ਼ ਦੀ ਰਾਜਧਾਨੀ ਜਾਣਾ ਚਾਹੀਦਾ ਹੈ।"
"ਚਲੋ ਦੋਸਤ।"
ਦੋਸਤ ਦੀ ਸਹਿਮਤੀ ਮਿਲਦਿਆਂ ਹੀ ਰਾਜਕੁਮਾਰ ਨੇ ਆਪਣਾ ਘੋੜਾ ਕਰਨਾਟਕ ਦੇਸ਼ ਦੀ ਰਾਜਧਾਨੀ ਵੱਲ ਮੋੜ ਲਿਆ । ਹਵਾ ਨਾਲ ਗੱਲਾਂ ਕਰਦੇ ਉਹ ਦੋਵੇਂ ਕੁਝ ਪਲਾਂ 'ਚ ਹੀ ਰਾਜਧਾਨੀ ਪਹੁੰਚ ਗਏ ਤੇ ਇਕ ਅਜਿਹੀ ਔਰਤ ਦੇ ਘਰ ਰੁਕੇ ਜਿਹੜੀ ਮਾਲਣ ਸੀ ਤੇ ਰੋਜ਼ ਰਾਜਕੁਮਾਰੀ ਵਾਸਤੇ ਫੁੱਲ ਲੈ ਕੇ ਜਾਂਦੀ ਸੀ । ਬੁੱਢੀ ਦਾ ਨਿਯਮ ਸੀ ਕਿ ਉਹ ਸਵੇਰੇ ਜਾਂ ਸ਼ਾਮ ਇਕ ਵਾਰ ਰਾਜਕੁਮਾਰੀ ਲਈ ਫੁੱਲ ਜ਼ਰੂਰ ਲੈ ਕੇ ਜਾਂਦੀ ਸੀ । ਇਕ ਦਿਨ ਮੰਤਰੀ ਪੁੱਤਰ ਨੇ ਬੁੱਢੀ ਨੂੰ ਖ਼ੁਸ਼ੀ ਦੇ ਮੂਡ 'ਚ ਵੇਖ ਕੇ ਆਖਿਆ-"ਮਾਤਾ ! ਕੀ ਤੂੰ ਸਾਡਾ ਇਕ ਕੰਮ ਕਰ ਸਕਦੀ ਏਂ ?"
"ਕੀ?"
"ਕੀ ਤੂੰ ਰਾਜਕੁਮਾਰੀ ਤਕ ਸਾਡਾ ਇਕ ਸੁਨੇਹਾ ਪਹੁੰਚਾ ਸਕਦੀ ਏਂ ?"
"ਰਾਜਕੁਮਾਰੀ ਤਕ ਤੁਹਾਡਾ ਸੁਨੇਹਾ...।" ਬੁੱਢੀ ਸੋਚਾਂ 'ਚ ਪੈ ਗਈ, ਫਿਰ ਪਤਾ ਨਹੀਂ ਕੀ ? ਸੋਚ ਕੇ ਉਹਨੇ ਪੁੱਛਿਆ-"ਸੁਨੇਹਾ ਕੀ ਹੈ ?"
"ਤੁਸੀਂ ਰਾਜਕੁਮਾਰੀ ਨੂੰ ਸਿਰਫ਼ ਏਨਾ ਹੀ ਕਹਿਣਾ ਕਿ ਮੰਦਰ ਦੇ ਬਗੀਚੇ 'ਚ ਜੀਹਨੂੰ ਵੇਖਿਆ ਸੀ, ਉਹ ਆ ਗਿਆ ਹੈ।”
"ਪਰ ਪੁੱਤਰ, ਜੇ ਰਾਜਕੁਮਾਰੀ ਨਰਾਜ਼ ਹੋ ਗਈ ਤਾਂ...?"
"ਨਹੀਂ ਮਾਤਾ, ਇੰਝ ਨਹੀਂ ਹੋਵੇਗਾ।"
ਅਤੇ ਫਿਰ ਗੱਲਬਾਤ 'ਚ ਚਲਾਕ ਮੰਤਰੀ ਪੁੱਤਰ ਨੇ ਬੁੱਢੀ ਨੂੰ ਸੁਨੇਹਾ ਲਿਜਾਣ ਲਈ ਰਾਜੀ ਕਰ ਹੀ ਲਿਆ । ਬੁੱਢੀ ਚਲੀ ਗਈ । ਪਰ ਘੰਟੇ ਬਾਅਦ
ਜਦੋਂ ਉਹ ਵਾਪਸ ਆਈ ਤਾਂ ਕਾਫ਼ੀ ਘਬਰਾਈ ਹੋਈ ਸੀ । ਆ ਕੇ ਉਹਨੇ ਦੱਸਿਆ- “ਪੁੱਤਰ ! ਤੂੰ ਤਾਂ ਕਹਿੰਦਾ ਸੀ ਕਿ ਕੁਝ ਨਹੀਂ ਹੋਵੇਗਾ, ਪਰ ਮੈਂ ਤਾਂ ਕਸੂਤੀ ਫਸ ਗਈ ਸਾਂ— ਹੁਣ ਕੱਲ੍ਹ ਰਾਜਾ ਪਤਾ ਨਹੀਂ ਮੈਨੂੰ ਕੀ ਸਜ਼ਾ ਦੇਵੇਗਾ।"
“ਆਖ਼ਿਰ ਹੋਇਆ ਕੀ !" ਹੌਸਲੇ ਨਾਲ ਮੰਤਰੀ ਪੁੱਤਰ ਨੇ ਪੁੱਛਿਆ- "ਕੁਝ ਦੱਸੇਂਗੀ ਵੀ ਕਿ ਨਹੀਂ।”
"ਮੈਂ ਜਦੋਂ ਰਾਜਕੁਮਾਰੀ ਨੂੰ ਤੇਰਾ ਸੁਨੇਹਾ ਦਿੱਤਾ ਤਾਂ ਉਹਨੇ ਹੱਥਾਂ 'ਤੇ ਚੰਦਨ ਮਲ ਕੇ ਮੇਰੀ ਗੱਲ੍ਹ 'ਤੇ ਚਪੇੜ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ।"
ਇਹ ਸੁਣ ਕੇ ਰਾਜਕੁਮਾਰ ਬੁਰੀ ਤਰ੍ਹਾਂ ਘਬਰਾ ਗਿਆ । ਪਰ ਉਹਦਾ ਦੋਸਤ ਰਤਨਰਾਜ ਖਿੜਖਿੜਾ ਕੇ ਹੱਸ ਪਿਆ ਤੇ ਬੋਲਿਆ-"ਮਿੱਤਰ ! ਤੂੰ ਤਾਂ ਐਵੇਂ ਘਬਰਾ ਗਿਐਂ ਤੇ ਮਾਤਾ.. ਤੂੰ ਵੀ ਨਾ ਘਬਰਾ। ਦਰਅਸਲ ਰਾਜਕੁਮਾਰੀ ਨੇ ਇਸ ਤਰ੍ਹਾਂ ਆਪਣਾ ਇਹ ਸੁਨੇਹਾ ਘੱਲਿਆ ਹੈ ਕਿ ਪੰਜ ਦਿਨ ਚਾਨਣੀ ਰਾਤ ਬੀਤਣ ਤੋਂ ਬਾਅਦ ਖ਼ਬਰ ਦੇਵੀਂ।”
“ਓਹ।“
ਤੇ ਫਿਰ ਬੁੱਢੀ ਦੂਜੇ ਦਿਨ ਡਰਦੀ-ਡਰਦੀ ਜਦੋਂ ਰਾਜ ਮਹਿਲ ਗਈ ਤਾਂ ਰਾਜਕੁਮਾਰੀ ਨੇ ਉਹਦੇ ਨਾਲ ਬੜਾ ਹੀ ਪਿਆਰ ਭਰਿਆ ਵਰਤਾਉ ਕੀਤਾ। ਬੁੱਢੀ ਦਾ ਸਾਰਾ ਡਰ ਛੂ-ਮੰਤਰ ਹੋ ਗਿਆ ਤੇ ਹੁਣ ਇਹ ਵਿਸ਼ਵਾਸ ਹੋ ਗਿਆ ਕਿ ਰਾਜਕੁਮਾਰੀ ਨੇ ਸੱਚਮੁੱਚ ਹੀ ਇਸ ਤਰ੍ਹਾਂ ਆਪਣਾ ਸੁਨੇਹਾ ਘੱਲਿਆ ਸੀ।
ਪੰਜ ਦਿਨ ਬੀਤ ਗਏ।
ਛੇਵੇਂ ਦਿਨ ਜਦੋਂ ਬੁੱਢੀ ਮਹੱਲ 'ਚੋਂ ਵਾਪਸੀ ਆਈ ਤਾਂ ਉਹਦੀ ਗੱਲ੍ਹ 'ਤੇ ਅੱਧੀ ਚਪੇੜ ਛਪੀ ਹੋਈ ਸੀ । ਬੁੱਢੀ ਨੇ ਦੱਸਿਆ ਕਿ ਰਾਜਕੁਮਾਰੀ ਨੇ ਉਹਨੂੰ ਪੱਛਮੀ ਦਰਵਾਜ਼ੇ ਵੱਲੋਂ ਬਾਹਰ ਕੱਢਿਆ ਸੀ।
"ਮਿੱਤਰ !” ਰਤਨਰਾਜ ਨੇ ਦੱਸਿਆ- “ਅੱਜ ਅੱਧੀ ਰਾਤ ਤੋਂ ਬਾਅਦ ਮਹੱਲ ਦੇ ਪੱਛਮੀ ਦਰਵਾਜ਼ੇ 'ਤੇ ਰਾਜਕੁਮਾਰੀ ਤੇਰਾ ਇੰਤਜ਼ਾਰ ਕਰਦੀ ਹੋਈ
ਮਿਲੇਗੀ।"
ਰਾਜਕੁਮਾਰ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਰਾਜਕੁਮਾਰੀ ਨਾਲ ਮਿਲਣ ਦੀ ਕਲਪਨਾ ਕਰ-ਕਰ ਕੇ ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਜਿਵੇਂ-ਤਿਵੇਂ ਅੱਧੀ ਰਾਤ ਲੰਘੀ ਤੇ ਉਹ ਕਿਲ੍ਹੇ ਦੇ ਪੱਛਮੀ ਦਰਵਾਜ਼ੇ 'ਤੇ ਜਾ ਪਹੁੰਚਿਆ।
ਰਾਜਕੁਮਾਰੀ ਉਹਨੂੰ ਤੁਰੰਤ ਮਹੱਲ ਦੇ ਅੰਦਰ ਲੈ ਗਈ।
ਅਗਲੇ ਦਿਨ ਜਦੋਂ ਉਹ ਵਾਪਸ ਆਇਆ ਤਾਂ ਬੜਾ ਉਦਾਸ ਸੀ । ਉਹਨੂੰ ਉਦਾਸ ਤੱਕ ਕੇ ਰਤਨਰਾਜ ਨੂੰ ਬੜੀ ਹੈਰਾਨੀ ਹੋਈ । ਉਹ ਉਲਝਣ 'ਚ ਪੈ ਗਿਆ ਤੇ ਆਪਣੇ ਦੋਸਤ ਨੂੰ ਪੁੱਛਿਆ- "ਕੀ ਗੱਲ ਏ ਦੋਸਤ! ਆਪਣੀ ਪ੍ਰੇਮਿਕਾ ਨੂੰ ਮਿਲ ਕੇ ਆਉਣ ਤੋਂ ਬਾਅਦ ਵੀ ਤੂੰ ਏਨਾ ਉਦਾਸ ਕਿਉਂ ਏਂ ? ਤੈਨੂੰ ਤਾਂ ਸਗੋਂ ਖ਼ੁਸ਼ ਹੋਣਾ ਚਾਹੀਦਾ ਸੀ। ਆਖ਼ਿਰ ਕੀ ਗੱਲ ਹੈ ?”
"ਦੋਸਤ ! ਰਾਜਕੁਮਾਰੀ ਮੈਨੂੰ ਬੇਹੱਦ ਪਿਆਰ ਕਰਦੀ ਹੈ, ਪਰੰਤੂ ਸਾਡਾ ਦੋਵਾਂ ਦਾ ਵਿਆਹ ਨਹੀਂ ਹੋ ਸਕਦਾ । ਉਹਦੇ ਪਿਉ ਨੇ ਉਹਦਾ ਰਿਸ਼ਤਾ ਕਿਤੇ ਹੋਰ ਪੱਕਾ ਕਰ ਦਿੱਤਾ ਹੈ।”
"ਓਹ ! ਇਹ ਗੱਲ ਏ।" ਰਤਨਰਾਜ ਡੂੰਘੀਆਂ ਸੋਚਾਂ 'ਚ ਡੁੱਬ ਗਿਆ ਤੇ ਕਹਿਣ ਲੱਗਾ-"ਤੂੰ ਮੈਨੂੰ ਸੋਚਣ ਦੇ ਦੋਸਤ, ਮੈਂ ਤੇਰੇ ਤੇ ਉਹਦੇ ਮਿਲਣ ਦੀ ਕੋਈ ਨਾ ਕੋਈ ਜੁਗਤ ਜ਼ਰੂਰ ਕੱਢਾਂਗਾ। ਪਹਿਲਾਂ ਇਹ ਦੱਸ ਕਿ ਉਹਨੇ ਹੁਣ ਤੈਨੂੰ ਬੁਲਾਇਆ ਕਦੋਂ ਹੈ ?"
"ਕੱਲ੍ਹ।"
"ਠੀਕ ਏ, ਕੱਲ੍ਹ ਜਾਂਦੇ ਵੇਲੇ ਮੈਂ ਤੈਨੂੰ ਇਕ ਤਰਕੀਬ ਦੱਸਾਂਗਾ।"
ਅਗਲੇ ਦਿਨ ਰਾਜਕੁਮਾਰ ਜਾਣ ਲੱਗਾ ਤਾਂ ਰਤਨਰਾਜ ਨੇ ਉਹਨੂੰ ਇਕ ਤ੍ਰਿਸੂਲ ਦੇ ਕੇ ਆਖਿਆ-"ਜਦੋਂ ਰਾਜਕੁਮਾਰੀ ਸੌਂ ਜਾਵੇ ਤਾਂ ਤੂੰ ਉਹਦੇ ਪੱਟ ਵਿਚ ਤ੍ਰਿਸੂਲ ਮਾਰ ਕੇ ਉਹਦੇ ਗਹਿਣੇ ਲਾਹ ਲਿਆਵੀਂ ।"
ਰਾਜਕੁਮਾਰ ਬ੍ਰਜਮੁਕਟ ਬੜੀ ਮੁਸ਼ਕਿਲ ਨਾਲ ਇਸ ਕੰਮ ਲਈ ਰਾਜ਼ੀ ਹੋਇਆ।
ਅਗਲੇ ਦਿਨ ਉਹਨੇ ਆਪਣੇ ਦੋਸਤ ਦੇ ਕਹਿਣ ਮੁਤਾਬਕ ਕੰਮ ਕੀਤਾ ਅਤੇ ਵਾਪਸ ਆ ਗਿਆ। ਉਹਦੇ ਆਉਣ ਤੋਂ ਬਾਅਦ ਰਤਨਰਾਜ ਨੇ ਯੋਗੀ ਦਾ ਭੇਸ ਧਾਰ ਲਿਆ ਤੇ ਰਾਜਕੁਮਾਰ ਨੂੰ ਵੀ ਯੋਗੀ ਦਾ ਭੇਸ ਧਾਰਨ ਕਰਵਾ ਕੇ ਆਪਣਾ ਚੇਲਾ ਬਣਾ ਲਿਆ ਤੇ ਜੰਗਲ 'ਚ ਆ ਕੇ ਇਕ ਕੁਟੀਆ ਬਣਾ ਕੇ ਉਥੇ ਧੂਣੀ ਧੁਖਾ ਲਈ । ਇਹ ਸਭ ਕੁਝ ਕਰਨ ਤੋਂ ਬਾਅਦ ਉਹ ਰਾਜਕੁਮਾਰ ਨੂੰ ਕਹਿਣ ਲੱਗਾ-"ਜਾ ਦੋਸਤ ! ਰਾਜਕੁਮਾਰੀ ਦੇ ਇਨ੍ਹਾਂ ਗਹਿਣਿਆਂ ਨੂੰ ਬਾਜ਼ਾਰ 'ਚ ਵੇਚ ਆ।"
"ਬਾਜ਼ਾਰ ਵੇਚ ਆਵਾਂ ?" ਰਾਜਕੁਮਾਰ ਘਬਰਾ ਗਿਆ- "ਤੂੰ ਮੈਨੂੰ ਮਰਵਾਉਣਾ ਚਾਹੁੰਨਾ ਏਂ ! ਇੰਝ ਤਾਂ ਮੈਂ ਫੜਿਆ ਜਾਵਾਂਗਾ।"
"ਇਹੀ ਤਾਂ ਮੈਂ ਚਾਹੁੰਦਾ ਹਾਂ ਦੋਸਤ ਕਿ ਤੂੰ ਫੜਿਆ ਜਾਵੇਂਗਾ।" ਰਤਨਰਾਜ ਮੁਸਕਰਾਇਆ।
"ਕੀ...ਕੀ ਮਤਲਬ ?"
"ਜਦੋਂ ਤੂੰ ਫੜਿਆ ਗਿਆ ਤਾਂ ਸਪੱਸ਼ਟ ਦੱਸ ਦਈਂ ਕਿ ਇਹ ਗਹਿਣੇ ਮੈਨੂੰ ਮੇਰੇ ਗੁਰੂ ਨੇ ਦਿੱਤੇ ਨੇ । ਜਦੋਂ ਰਾਜੇ ਦੇ ਸਿਪਾਹੀ ਮੇਰੇ ਕੋਲ ਆਉਣਗੇ ਤਾਂ ਮੈਂ ਆਪੇ ਨਿਪਟ ਲਵਾਂਗਾ।"
ਰਾਜਕੁਮਾਰ ਨੂੰ ਆਪਣੇ ਦੋਸਤ ਦੀ ਬੁੱਧੀ 'ਤੇ ਪੂਰਾ ਭਰੋਸਾ ਸੀ । ਅਖ਼ੀਰ ਉਹ ਗਹਿਣੇ ਲੈ ਕੇ ਬਾਜ਼ਾਰ ਆ ਗਿਆ ਤੇ ਇਕ ਸੁਨਿਆਰੇ ਦੀ ਦੁਕਾਨ 'ਤੇ ਜਾ ਕੇ ਗਹਿਣੇ ਵੇਚਣ ਦੀ ਇੱਛਾ ਜ਼ਾਹਰ ਕੀਤੀ। ਉਹ ਨਗਰ ਦੀ ਸਭ ਤੋਂ ਵੱਡੀ ਦੁਕਾਨ ਸੀ ਤੇ ਉਹੀ ਸੁਨਿਆਰਾ ਰਾਜ-ਪਰਿਵਾਰ ਦੇ ਗਹਿਣੇ ਬਣਾਉਂਦਾ ਹੁੰਦਾ ਸੀ। ਸੁਨਿਆਰੇ ਨੇ ਗਹਿਣਿਆਂ ਨੂੰ ਵੇਖਦਿਆਂ ਹੀ ਸਿਪਾਹੀਆਂ ਨੂੰ ਬੁਲਾ ਕੇ ਰਾਜਕੁਮਾਰ ਨੂੰ ਗਹਿਣਿਆਂ ਸਮੇਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ।
“ਤੈਨੂੰ ਇਹ ਗਹਿਣੇ ਕਿਥੋਂ ਮਿਲੇ ?”
"ਮੈਨੂੰ ਤਾਂ ਮੇਰੇ ਗੁਰੂ ਨੇ ਦਿੱਤੇ ਨੇ।”
"ਕੌਣ ਏ ਤੇਰਾ ਗੁਰੂ ?" ਵੱਡੇ ਅਧਿਕਾਰੀ ਨੇ ਪੁੱਛਿਆ-"ਕਿਥੇ ਏ ?”
"ਚਲੋ ਮੇਰੇ ਨਾਲ।"
ਸਿਪਾਹੀ ਉਹਨੂੰ ਲੈ ਕੇ ਉਹਦੇ ਗੁਰੂ ਕੋਲ ਪੁੱਜੇ ਤੇ ਉਹਨੂੰ ਭਾਵ ਮੰਤਰੀ ਪੁੱਤਰ ਨੂੰ ਵੀ ਹਿਰਾਸਤ 'ਚ ਲੈ ਕੇ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ।
ਰਾਜੇ ਨੇ ਪੁੱਛਿਆ- "ਤੇਰੇ ਕੋਲ ਇਹ ਗਹਿਣੇ ਕਿਥੋਂ ਆਏ ?"
"ਮਹਾਰਾਜ !"ਰਤਨਰਾਜ ਨੇ ਬੜੀ ਨਿਰਮਾਣਤਾ ਨਾਲ ਜਵਾਬ ਦਿੱਤਾ- "ਇਕ ਰਾਤ ਮੇਰੇ ਕੋਲ ਇਕ ਚੁੜੈਲ ਆਈ ਸੀ । ਮੈਂ ਉਹਦੇ ਪੱਟ 'ਚ ਤ੍ਰਿਸ਼ੂਲ ਮਾਰ ਕੇ ਇਹ ਸਾਰੇ ਗਹਿਣੇ ਲਾਹ ਲਏ ਸਨ।”
ਉਹਦੀ ਗੱਲ ਸੁਣ ਕੇ ਰਾਜਾ ਸੋਚਾਂ 'ਚ ਪੈ ਗਿਆ- “ਚੁੜੈਲ ?”
"ਹਾਂ ਮਹਾਰਾਜ ! ਉਹ ਬੜੀ ਡਰਾਉਣੀ ਚੁੜੈਲ ਸੀ।”
ਰਾਜੇ ਨੇ ਰਾਣੀ ਕੋਲ ਇਕ ਗੁਪਤ ਸੰਦੇਸ਼ ਭੇਜਿਆ ਤਾਂ ਉਧਰੋਂ ਜਵਾਬ ਆਇਆ ਕਿ ਹਾਂ, ਰਾਜਕੁਮਾਰੀ ਦੇ ਪੱਟ 'ਤੇ ਤ੍ਰਿਸ਼ੂਲ ਦਾ ਨਿਸ਼ਾਨ ਹੈ।
ਬਸ, ਫਿਰ ਕੀ ਸੀ ? ਰਾਜੇ ਨੇ ਤੁਰੰਤ ਰਾਜਕੁਮਾਰੀ ਨੂੰ ਦੇਸ਼ ਨਿਕਾਲਾ ਦੇ ਦਿੱਤਾ।
ਰਾਜੇ ਦੇ ਸਿਪਾਹੀ ਉਹਨੂੰ ਜੰਗਲ 'ਚ ਛੱਡ ਆਏ। ਰਾਜੇ ਨੇ ਉਨ੍ਹਾਂ ਸਾਧੂਆਂ ਨੂੰ ਵੀ ਛੱਡ ਦਿੱਤਾ। ਰਾਜਕੁਮਾਰ ਤੁਰੰਤ ਭੇਸ ਬਦਲ ਕੇ ਜੰਗਲ ਵੱਲ ਚਲਾ ਗਿਆ। ਉਸ ਘਟਨਾ ਤੋਂ ਰਾਜਕੁਮਾਰੀ ਬੜੀ ਘਬਰਾਈ ਹੋਈ ਸੀ।
ਰਾਜਕੁਮਾਰ ਨੇ ਉਹਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਕਿ ਉਹਨੂੰ ਪ੍ਰਾਪਤ ਕਰਨ ਲਈ ਹੀ ਉਹਨੇ ਤੇ ਉਹਦੇ ਦੋਸਤ ਨੇ ਮਿਲ ਕੇ ਇਹ ਨਾਟਕ ਰਚਿਆ ਸੀ । ਸੁਣ ਕੇ ਰਾਜਕੁਮਾਰੀ ਬੇਹੱਦ ਖ਼ੁਸ਼ ਹੋਈ। ਉਹਨੂੰ ਉਹਦੇ ਮਨ ਦਾ ਮੀਤ ਮਿਲ ਗਿਆ ਸੀ । ਰਾਜਕੁਮਾਰ ਉਹਨੂੰ ਲੈ ਕੇ ਆਪਣੇ ਰਾਜ ਵਿਚ ਵਾਪਸ ਆ ਗਿਆ ਅਤੇ ਵਿਆਹ ਕਰਵਾ ਕੇ ਸੁਖੀ-ਸੁਖੀ ਰਹਿਣ ਲੱਗਾ।
"ਹੁਣ ਬੋਲ ਵਿਕਰਮਾਦਿੱਤ ।” ਇਥੋਂ ਤਕ ਦੀ ਕਹਾਣੀ ਸੁਣਾਉਣ ਤੋਂ ਬਾਅਦ ਬੇਤਾਲ ਨੇ ਪੁੱਛਿਆ- "ਹਾਲਾਂਕਿ ਰਾਜਕੁਮਾਰੀ ਨੂੰ ਉਸਦੀ ਪਸੰਦ ਦਾ ਵਰ ਮਿਲ ਗਿਆ। ਪਰ ਰਾਜਕੁਮਾਰੀ ਨੂੰ ਕਿਸ ਗੱਲ ਦੀ ਸਜ਼ਾ ਮਿਲੀ,
ਉਸ ਉੱਤੇ ਅਰੋਪ ਤਾਂ ਕਲਪਤ ਸੀ। ਉਸ ਅਰੋਪ ਦਾ ਦੋਸ਼ੀ ਕੌਣ ਹੈ ? ਰਾਜਕੁਮਾਰ, ਮੰਤਰੀ ਪੁੱਤਰ, ਸਿਪਾਹੀ ਜਾਂ ਰਾਜਾ ? ਰਾਜਨ! ਜੇਕਰ ਤੂੰ ਜਾਣਦਿਆਂ ਹੋਇਆਂ ਵੀ ਇਸ ਪ੍ਰਸ਼ਨ ਦਾ ਉੱਤਰ ਨਾ ਦਿੱਤਾ ਤਾਂ ਤੇਰਾ ਸਿਰ ਟੁਕੜੇ-ਟੁਕੜੇ ਹੋ ਜਾਵੇਗਾ।”
“ਸੁਣ ਬੇਤਾਲ !” ਰਾਜਾ ਵਿਕਰਮਾਦਿੱਤ ਨੇ ਆਪਣੀ ਬੁੱਧੀ ਦਾ ਪਰਿਚੈ ਦੇਂਦੇ ਹੋਏ ਕਿਹਾ— “ਰਾਜਕੁਮਾਰ ਨੇ ਜੋ ਕੁਝ ਵੀ ਕੀਤਾ, ਪਿਆਰ ਦੇ ਮੋਹ 'ਚ ਕੀਤਾ। ਮੰਤਰੀ ਪੁੱਤਰ ਨੇ ਜੋ ਕੁਝ ਕੀਤਾ, ਉਹ ਦੋਸਤ ਲਈ ਕੀਤਾ। ਸਿਪਾਹੀਆਂ ਨੇ ਆਪਣਾ ਫ਼ਰਜ਼ ਪੂਰਾ ਕੀਤਾ, ਇਸ ਲਈ ਉਨ੍ਹਾਂ ਦਾ ਵੀ ਕਸੂਰ ਨਹੀਂ ਹੈ। ਪਰ ਹਾਂ, ਰਾਜੇ ਨੇ ਬਿਨਾਂ ਸੋਚੇ-ਵਿਚਾਰੇ ਫ਼ੈਸਲਾ ਕੀਤਾ, ਇਸ ਲਈ ਇਸ ਸਾਰੇ ਪ੍ਰਕਰਣ ਦਾ ਮੁੱਖ ਦੋਸ਼ੀ ਉਹੋ ਹੈ।”
ਵਿਕਰਮਾਦਿੱਤ ਦੀ ਨਿਆਂਪੂਰਨ ਗੱਲ ਸੁਣ ਕੇ ਬੇਤਾਲ ਖ਼ੁਸ਼ ਹੋ ਗਿਆ- "ਤੂੰ ਠੀਕ ਕਹਿੰਦਾ ਏਂ ਵਿਕਰਮ ! ਪਰ ਹੁਣ ਮੈਂ ਚਲਦਾ ਹਾਂ । ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ ਕਿ ਜੇਕਰ ਤੂੰ ਬੋਲੇਂਗਾ ਤਾਂ ਮੈਂ ਵਾਪਸ ਚਲਾ ਜਾਵਾਂਗਾ। ਇਹ ਮੇਰੀ ਸ਼ਰਤ ਸੀ। ਮੈਂ ਚਲਿਆਂ ਵਿਕਰਮ...।” ਇਹ ਕਹਿ ਕੇ ਬੇਤਾਲ ਉਹਦੇ ਮੋਢੇ ਤੋਂ ਉੱਡ ਗਿਆ ਤੇ ਮੁੜ ਉਸੇ ਦਰਖ਼ਤ ਵੱਲ ਜਾਣ ਲੱਗਾ। ਉਹ ਬੜੀ ਤੇਜ਼ ਹਵਾ 'ਚ ਉੱਡਦਾ ਹੋਇਆ ਦਰਖ਼ਤ ਵੱਲ ਉੱਡਦਾ ਜਾ ਰਿਹਾ ਸੀ ਤੇ ਰਾਜਾ ਵਿਕਰਮਾਦਿੱਤ ਹੱਥ 'ਚ ਤਲਵਾਰ ਫੜ ਕੇ ਉਹਦੇ ਮਗਰ-ਮਗਰ ਭੱਜ ਰਿਹਾ ਸੀ- “ਰੁਕ ਜਾ ਬੇਤਾਲ ! ਰੁਕ ਜਾ!"
"ਵਾਪਸ ਮੁੜ ਜਾ ਵਿਕਰਮਾਦਿੱਤ ! ਵਾਪਸ ਚਲਾ ਜਾ ।" ਬੇਤਾਲ ਆਖ ਰਿਹਾ ਸੀ- “ਮੈਨੂੰ ਲਿਆਉਣ ਲਈ ਤੈਨੂੰ ਜੀਹਨੇ ਘੱਲਿਆ ਏ, ਉਹ ਪਾਖੰਡੀ ਏ। ਤੇਰਾ ਦੁਸ਼ਮਣ ਏ।"
ਪਰ ਰਾਜਾ ਵਿਕਰਮਾਦਿੱਤ ਕਦੋਂ ਮੰਨਣ ਵਾਲਾ ਸੀ । ਉਹਨੇ ਯੋਗੀ ਨੂੰ ਵਚਨ ਦਿੱਤਾ ਸੀ ਕਿ ਆਪਣੇ ਵਚਨ ਦੀ ਖ਼ਾਤਰ ਉਹ ਆਪਣੀ ਜਾਨ ਦੀ ਬਾਜ਼ੀ ਵੀ ਲਾ ਸਕਦਾ ਸੀ।
ਕਿਸ ਦੀ ਪਤਨੀ ?
"ਤੂੰ ਜ਼ਿੱਦੀ ਏਂ ਵਿਕਰਮਾਦਿੱਤ ! ਆਖ਼ਿਰ ਤੂੰ ਮੁੜ ਆ ਗਿਆ ਮੈਨੂੰ ਲੈਣ।" ਬੇਤਾਲ ਬੋਲਿਆ-"ਖ਼ੈਰ ! ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ ਤਾਂ ਕਿ ਤੂੰ ਥਕਾਵਟ ਮਹਿਸੂਸ ਨਾ ਕਰੇਂ।”
ਵਿਕਰਮ ਚੁੱਪ ਰਿਹਾ। ਬੇਤਾਲ ਨੇ ਕਹਾਣੀ ਸੁਣਾਉਣੀ ਆਰੰਭ ਕੀਤੀ-
ਯਮੁਨਾ ਦੇ ਕੰਢੇ ਧਰਮ-ਸਥਲ ਨਾਂ ਦਾ ਇਕ ਨਗਰ ਸੀ । ਉਥੇ ਕੇਸ਼ਵ ਨਾਂ ਦਾ ਇਕ ਬ੍ਰਾਹਮਣ ਰਹਿੰਦਾ ਸੀ । ਉਹਦੇ ਪਰਿਵਾਰ 'ਚ ਉਹਦੀ ਪਤਨੀ, ਪੁੱਤਰ ਤੇ ਇਕ ਧੀ ਸੀ। ਪੁੱਤਰ ਤੇ ਧੀ ਦੋਵੇਂ ਜਵਾਨ ਹੋ ਚੁੱਕੇ ਸਨ, ਅਖ਼ੀਰ ਬ੍ਰਾਹਮਣ ਪਰਿਵਾਰ ਨੂੰ ਧੀ ਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ ਸੀ। ਉਹਦੀ ਧੀ ਦਾ ਨਾਂ ਮਧੂਮਾਲਤੀ ਸੀ । ਉਹ ਬੜੀ ਸੋਹਣੀ ਤੇ ਗੁਣਾਂ ਨਾਲ ਭਰਪੂਰ ਸੀ ।
ਬ੍ਰਾਹਮਣ ਕੇਸ਼ਵ, ਉਹਦੀ ਪਤਨੀ ਤੇ ਪੁੱਤਰ ਤਿੰਨੇ ਹੀ ਮਧੂਮਾਲਤੀ ਲਈ ਕਿਸੇ ਯੋਗ ਵਰ ਦੀ ਤਲਾਸ਼ ਕਰਨ ਲੱਗ ਪਏ। ਇਕ ਦਿਨ ਕੇਸ਼ਵ ਇਕ ਜਜਮਾਨ ਦੇ ਘਰ ਗਿਆ ਹੋਇਆ ਸੀ, ਜਿਥੇ ਇਕ ਬੜਾ ਹੀ ਸੋਹਣਾ ਤੇ ਗੁਣੀ ਬ੍ਰਾਹਮਣ ਨੌਜਵਾਨ ਵੀ ਆਇਆ ਹੋਇਆ ਸੀ । ਕੇਸ਼ਵ ਨੂੰ ਉਹ ਨੌਜਵਾਨ ਆਪਣੀ ਧੀ ਲਈ ਠੀਕ ਜਾਪਿਆ, ਫਿਰ ਉਹ ਉਸ ਨੌਜਵਾਨ ਦੇ ਪਿਤਾ ਨੂੰ ਮਿਲਣ ਗਿਆ ਤੇ ਗੱਲਬਾਤ ਕਰਕੇ ਆਪਣੀ ਧੀ ਦਾ ਰਿਸ਼ਤਾ ਉਹਦੇ ਨਾਲ ਪੱਕਾ ਕਰ ਦਿੱਤਾ ।
ਉਧਰ ਉਹਦੀ ਪਤਨੀ ਨੇ ਵੀ ਇਕ ਗੁਣੀ ਮੁੰਡੇ ਨਾਲ ਆਪਣੀ ਧੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਪਰਮਾਤਮਾ ਦੀ ਲੀਲ੍ਹਾ ਵੇਖ ਵਿਕਰਮ ਕਿ ਉਸੇ ਦਿਨ ਉਹਦੇ ਭਰਾ ਨੇ ਵੀ ਆਪਣੀ ਭੈਣ ਦਾ ਰਿਸ਼ਤਾ ਪੱਕਾ ਕਰ ਦਿੱਤਾ । ਉਹਦਾ ਹੋਣ ਵਾਲਾ ਜੀਜਾ ਉਹਦਾ ਦੋਸਤ ਹੀ ਸੀ । ਉਸੇ ਦਿਨ ਸ਼ਾਮ ਨੂੰ ਜਦੋਂ ਸਮੁੱਚਾ ਪਰਿਵਾਰ ਇਕੱਠਾ ਹੋ ਕੇ ਬੈਠਾ ਤਾਂ ਸਾਰਿਆਂ ਦੇ ਚਿਹਰੇ ਤਣਾਅ- ਮੁਕਤ ਤੇ ਖ਼ੁਸ਼ੀ ਨਾਲ ਖਿੜੇ ਹੋਏ ਸਨ। ਇੰਜ ਲੱਗਦਾ ਸੀ ਜਿਵੇਂ ਸਾਰਿਆਂ ਦੇ ਦਿਲ-ਦਿਮਾਗ਼ ਤੋਂ ਕੋਈ ਬੋਝ ਉੱਤਰ ਗਿਆ ਹੋਵੇ।
ਕੇਸ਼ਵ ਨੇ ਸਭ ਤੋਂ ਪਹਿਲਾਂ ਆਖਿਆ- "ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਕ ਖ਼ੁਸ਼ਖ਼ਬਰੀ ਸੁਣਾਵਾਂਗਾ।”
"ਮੇਰੇ ਕੋਲ ਵੀ ਤੁਹਾਨੂੰ ਸੁਣਾਉਣ ਲਈ ਇਕ ਖ਼ੁਸ਼ਖ਼ਬਰੀ ਹੈ ।” ਕੇਸ਼ਵ ਦੀ ਘਰਵਾਲੀ ਬੋਲੀ।
“ਮਾਤਾ ਤੇ ਪਿਤਾ ਜੀ ! ਮੈਂ ਵੀ ਤੁਹਾਨੂੰ ਅੱਜ ਇਕ ਅਜਿਹੀ ਖ਼ੁਸ਼ਖ਼ਬਰੀ ਸੁਣਾਵਾਂਗਾ ਕਿ ਸੁਣ ਕੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ।” ਬ੍ਰਾਹਮਣ ਦਾ ਪੁੱਤਰ ਬੋਲਿਆ— “ਮੈਂ ਆਪਣੇ ਇਕ ਦੋਸਤ ਨਾਲ ਮਧੂਮਾਲਤੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੈ।"
"ਹੈਂ !” ਬ੍ਰਾਹਮਣ ਚੌਂਕਿਆ-"ਇਕ ਸੁਯੋਗ ਨੌਜਵਾਨ ਨਾਲ ਮੈਂ ਵੀ ਮਧੂਮਾਲਤੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੈ।”
"ਮੈਂ ਵੀ ਤੁਹਾਨੂੰ ਇਹੋ ਦੱਸਣਾ ਚਾਹੁੰਦੀ ਸਾਂ ਕਿ ਇਕ ਗੁਣੀ ਤੇ ਸੁੰਦਰ ਯੁਵਕ ਦੇ ਨਾਲ ਆਪਣੀ ਮਧੂਮਾਲਤੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੈ।"
ਇਹ ਸੁਣ ਕੇ ਤਿੰਨੇ ਹੈਰਾਨ ਹੋ ਗਏ । ਹੁਣ ਕੀ ਹੋਵੇਗਾ ? ਇਹ ਤਾਂ ਨਵੀਂ ਮੁਸੀਬਤ ਖੜ੍ਹੀ ਹੋ ਗਈ । ਹੁਣ ਕਿਹੜੇ ਮੁੰਡੇ ਨੂੰ ਇਨਕਾਰ ਕਰਨ ਤੇ ਕਿਹੜੇ ਨੂੰ ਸਵੀਕਾਰ ਕਰਨ ? ਇਤਫ਼ਾਕ ਦੀ ਗੱਲ ਤਾਂ ਇਹ ਸੀ ਕਿ ਤਿੰਨਾਂ ਨੇ ਇਕੋ ਹੀ ਦਿਨ ਬਾਰਾਤ ਲੈ ਕੇ ਆਉਣ ਲਈ ਮੁੰਡੇ ਵਾਲਿਆਂ ਨੂੰ ਆਖਿਆ ਸੀ ।
ਅਖ਼ੀਰ ਵਿਆਹ ਦੀ ਤਰੀਕ ਆ ਗਈ ਪਰ ਕੋਈ ਫ਼ੈਸਲਾ ਨਾ ਹੋ ਸਕਿਆ।
ਸਮੁੱਚਾ ਪਰਿਵਾਰ ਇਕ ਅਜੀਬ ਜਿਹੇ ਧਰਮ ਸੰਕਟ 'ਚ ਫਸ ਚੁੱਕਾ ਸੀ । ਸ਼ਾਮ ਹੋਣ 'ਤੇ ਤਿੰਨੇ ਲਾੜੇ ਵੀ ਆਪਣੇ-ਆਪਣੇ ਰਿਸ਼ਤੇਦਾਰਾਂ ਸਮੇਤ ਆ ਪਹੁੰਚੇ।
ਤਿੰਨੇ ਹੀ ਮਧੂਮਾਲਤੀ ਨਾਲ ਵਿਆਹ ਕਰਾਉਣ ਦਾ ਦਾਅਵਾ ਕਰਨ ਲੱਗੇ । ਮਧੂਮਾਲਤੀ ਦੀ ਖ਼ੂਬਸੂਰਤੀ ਵੇਖ ਕੇ ਤਾਂ ਦਾਅਵੇ ਹੋਰ ਵੀ ਪ੍ਰਬਲ ਹੋ ਉੱਠੇ।
ਉਧਰ ਮਧੂਮਾਲਤੀ ਵੀ ਉਨ੍ਹਾਂ ਤਿੰਨਾਂ ਨੌਜਵਾਨਾਂ ਤੋਂ ਪ੍ਰਭਾਵਿਤ ਨਜ਼ਰ
ਆ ਰਹੀ ਸੀ— ਤਿੰਨੇ ਹੀ ਗੁਣੀ, ਬੁੱਧੀਮਾਨ ਤੇ ਸੋਹਣੇ ਸਨ । ਕੀਹਦੇ ਨਾਲ ਵਿਆਹ ਕਰਾਵਾਂ ? ਮਧੂਮਾਲਤੀ ਖ਼ੁਦ ਦੁਬਿਧਾ ਵਿਚ ਸੀ।
ਏਨੇ ਨੂੰ ਇਕ ਅਜੀਬ ਜਿਹੀ ਘਟਨਾ ਵਾਪਰੀ। ਪਤਾ ਨਹੀਂ ਕਿਧਰੋਂ ਇਕ ਕਾਲਾ ਸੱਪ ਨਿਕਲਿਆ ਤੇ ਮਧੂਮਾਲਤੀ ਨੂੰ ਡੱਸ ਕੇ ਗਾਇਬ ਹੋ ਗਿਆ। ਕਾਲਾ ਸੱਪ ਉਹਦਾ ਕਾਲ ਬਣ ਕੇ ਆਇਆ ਅਤੇ ਸਾਰੇ ਵਿਵਾਦ 'ਤੇ ਵਿਸ਼ਰਾਮ ਚਿੰਨ੍ਹ ਲਾ ਗਿਆ।
ਚਾਰੇ ਪਾਸੇ ਹਾਹਾਕਾਰ ਮੱਚ ਗਈ । ਉਹ ਤਿੰਨੇ ਨੌਜਵਾਨ ਇੰਝ ਵਿਰਲਾਪ ਕਰਨ ਲੱਗ ਪਏ ਜਿਵੇਂ ਉਨ੍ਹਾਂ ਦੀ ਪਤਨੀ ਮਰ ਗਈ ਹੋਵੇ । ਪਰ ਹੁਣ ਰੋਣ- ਪਿੱਟਣ ਨਾਲ ਕੀ ਹੋਣਾ ਸੀ । ਹੁਣ ਤਾਂ ਕਿੱਸਾ ਹੀ ਖ਼ਤਮ ਹੋ ਗਿਆ ਸੀ।
ਸਮਾਜ-ਬਰਾਦਰੀ ਨੇ ਮਿਲ ਕੇ ਮਧੂਮਾਲਤੀ ਦਾ ਅੰਤਮ ਸਸਕਾਰ ਕਰ ਦਿੱਤਾ। ਉਨ੍ਹਾਂ ਤਿੰਨਾਂ ਨੌਜਵਾਨਾਂ 'ਚੋਂ ਇਕ ਦਾ ਨਾਂ ਮਾਧਵ ਸੀ । ਦੂਜੇ ਦਾ ਵਾਮਨ ਤੇ ਤੀਸਰੇ ਦਾ ਮਧੂਸੂਦਨ ਸੀ । ਮਾਧਵ ਨਾਂ ਦੇ ਯੁਵਕ ਨੇ ਮਾਲਤੀ ਦੀ ਚਿਤਾ ਠੰਡੀ ਹੋਣ ਤੋਂ ਬਾਅਦ ਉਹਦੀਆਂ ਹੱਡੀਆਂ ਇਕ ਪੋਟਲੀ 'ਚ ਬੰਨ੍ਹ ਕੇ ਆਪਣੇ ਕੋਲ ਸੁਰੱਖਿਅਤ ਰੱਖ ਲਈਆਂ। ਉਹ ਜੰਗਲ ਵੱਲ ਚਲਾ ਗਿਆ ਤੇ ਤਪੱਸਿਆ ਕਰਨ ਲੱਗ ਪਿਆ। ਵਾਮਨ ਨਾਂ ਦੇ ਨੌਜਵਾਨ ਨੇ ਮਧੂਮਾਲਤੀ ਦੀ ਸੁਆਹ ਇਕ ਪੋਟਲੀ 'ਚ ਬੰਨ੍ਹ ਲਈ ਤੇ ਉਥੇ ਹੀ ਇਕ ਕੁਟੀਆ ਬਣਾ ਕੇ ਰਹਿਣ ਲੱਗ ਪਿਆ । ਮਧੂਸੂਦਨ ਵੀ ਸਾਧੂ ਬਣ ਕੇ ਜੰਗਲਾਂ ਵੱਲ ਨਿਕਲ ਪਿਆ।
ਮਧੂਸੂਦਨ ਘੁੰਮਦਾ-ਘੁਮਾਉਂਦਾ ਇਕ ਨਗਰ 'ਚ ਅੱਪੜਿਆ ਜਿਥੇ ਇਕ ਤਾਂਤ੍ਰਿਕ ਦੇ ਘਰ ਰੁਕਿਆ । ਤਾਂਤ੍ਰਿਕ ਦੇਰ ਰਾਤ ਆਪਣੇ ਘਰ ਰੋਟੀ ਖਾਣ ਆਇਆ ਤਾਂ ਕਿਸੇ ਗੱਲ 'ਤੇ ਉਹ ਆਪਣੀ ਪਤਨੀ ਨਾਲ ਗੁੱਸੇ ਹੋ ਗਿਆ । ਉਸੇ ਗੁੱਸੇ 'ਚ ਉਹਨੇ ਆਪਣੇ ਬੱਚੇ ਨੂੰ ਚੁੱਕ ਕੇ ਚੁੱਲ੍ਹੇ ਦੀ ਅੱਗ 'ਚ ਸੁੱਟ ਦਿੱਤਾ । ਮੁੰਡਾ ਸੜ ਕੇ ਮਰ ਗਿਆ। ਇਹ ਵੇਖ ਕੇ ਉਹਦੀ ਘਰਵਾਲੀ ਰੋਣ- ਪਿੱਟਣ ਲੱਗ ਪਈ।
ਇਹ ਘਟਨਾ ਵੇਖ ਕੇ ਮਧੂਸੂਦਨ ਨੂੰ ਗੁੱਸਾ ਆ ਗਿਆ । ਉਹ ਆਪਣੇ
ਆਸਣ ਤੋਂ ਉੱਠਿਆ ਤੇ ਗੁੱਸੇ 'ਚ ਬੋਲਿਆ-"ਮੈਂ ਤਾਂ ਤੁਹਾਨੂੰ ਲੋਕਾਂ ਨੂੰ ਧਰਮਾਤਮਾ ਤੇ ਸੱਜਣ ਸਮਝ ਕੇ ਇਥੇ ਰਹਿਣ ਤੇ ਰੋਟੀ ਖਾਣ ਦਾ ਮਨ ਬਣਾਇਆ ਸੀ, ਪਰ ਤੁਸੀਂ ਤਾਂ ਬਹੁਤ ਕ੍ਰੋਧੀ ਹੋ । ਅਜਿਹਾ ਗੁੱਸਾ ਵੀ ਕਿਸ ਕੰਮ ਦਾ ਕਿ ਆਪਣੇ ਬੱਚੇ ਨੂੰ ਹੀ ਅੱਗ 'ਚ ਸੁੱਟ ਦਿਉ। ਹੁਣ ਮੈਂ ਏਥੇ ਇਕ ਪਲ ਵੀ ਨਹੀਂ ਰੁਕ ਸਕਾਂਗਾ।"
“ਤੁਸੀਂ ਇੰਜ ਨਰਾਜ਼ ਹੋ ਕੇ ਨਾ ਜਾਓ ਮਹਾਰਾਜ! ਸਾਡੇ ਕੋਲ ਇਕ ਸੰਜੀਵਨੀ ਪੋਥੀ ਹੈ, ਜੀਹਦੇ ਦੁਆਰਾ ਮੈਂ ਹੁਣੇ ਇਸ ਬੱਚੇ ਨੂੰ ਮੁੜ ਜੀਊਂਦਾ ਕਰ ਦੇਂਦਾ ਹਾਂ।” ਇਹ ਕਹਿ ਕੇ ਤਾਂਤ੍ਰਿਕ ਅੰਦਰ ਗਿਆ ਤੇ ਅੰਦਰੋਂ ਇਕ ਪੋਥੀ ਕੱਢ ਲਿਆਇਆ, ਫਿਰ ਉਹਨੇ ਬੱਚੇ ਦੀ ਰਾਖ ਤੇ ਹੱਡੀਆਂ ਇਕੱਠੀਆਂ ਕਰਕੇ ਮੰਤਰ ਪੜ੍ਹੇ ਤੇ ਬੱਚੇ 'ਤੇ ਪਵਿੱਤਰ ਜਲ ਛਿੜਕ ਕੇ ਉਹਨੂੰ ਜੀਊਂਦਾ ਕਰ ਦਿੱਤਾ।
ਇਹ ਚਮਤਕਾਰ ਵੇਖ ਕੇ ਮਧੂਸੂਦਨ ਹੈਰਾਨ ਰਹਿ ਗਿਆ । ਇਹ ਤਾਂ ਵਾਕਇ ਚਮਤਕਾਰ ਸੀ । ਇਹ ਕ੍ਰਿਆ ਵੇਖ ਕੇ ਮਧੂਸੂਦਨ ਦੇ ਮਨ 'ਚ ਪਾਪ ਆ ਗਿਆ। ਉਹਨੇ ਸੋਚ ਲਿਆ ਕਿ ਉਹ ਕਿਸੇ ਤਰ੍ਹਾਂ ਇਸ ਪੋਥੀ ਨੂੰ ਲਿਜਾ ਕੇ ਆਪਣੀ ਮਧੂਮਾਲਤੀ ਨੂੰ ਜੀਵਿਤ ਕਰ ਸਕਦਾ ਹੈ।
ਉਸੇ ਰਾਤ ਉਹਨੇ ਮੌਕਾ ਵੇਖ ਕੇ ਉਹ ਪੋਥੀ ਹਾਸਿਲ ਕਰ ਲਈ ਤੇ ਸਵੇਰਾ ਹੋਣ ਤੋਂ ਪਹਿਲਾਂ ਹੀ ਉਥੋਂ ਰਫੂ-ਚੱਕਰ ਹੋ ਗਿਆ। ਉਹ ਜੰਗਲ ’ਚ ਉਸ ਜਗ੍ਹਾ ਪਹੁੰਚਿਆ ਜਿਥੇ ਮਾਧਵ ਨਾਂ ਦਾ ਨੌਜਵਾਨ ਮਧੂਮਾਲਤੀ ਦੀਆਂ ਹੱਡੀਆਂ ਲੈ ਕੇ ਆਪਣੀ ਕੁਟੀਆ 'ਚ ਬੈਠਾ ਤਪੱਸਿਆ 'ਚ ਲੀਨ ਸੀ।
ਉਹਨੇ ਉਹਨੂੰ ਪੂਰੀ ਗੱਲ ਦੱਸੀ ਕਿ ਮਧੂਮਾਲਤੀ ਨੂੰ ਕਿਵੇਂ ਜੀਊਂਦਾ ਕੀਤਾ ਜਾ ਸਕਦਾ ਹੈ ਫਿਰ ਉਹਨੇ ਆਪਸ 'ਚ ਸਹਿਮਤ ਹੋ ਕੇ ਵਾਮਨ ਨੂੰ ਲੱਭ ਲਿਆ, ਜੀਹਦੇ ਕੋਲ ਮਧੂਮਾਲਤੀ ਦੀ ਰਾਖ ਸੀ। ਤਿੰਨਾਂ ਨੌਜਵਾਨਾਂ ਨੇ ਆਪਸ 'ਚ ਗੱਲਬਾਤ ਕਰਕੇ ਮਧੂਮਾਲਤੀ ਨੂੰ ਜੀਵਿਤ ਕਰਨ ਦਾ ਫ਼ੈਸਲਾ ਕਰ ਲਿਆ ।
ਫਿਰ ਤਿੰਨਾਂ ਨੇ ਮਿਲ ਕੇ ਪਹਿਲਾਂ ਉਹਦੀਆਂ ਹੱਡੀਆਂ ਜੋੜੀਆਂ, ਫਿਰ
ਉਨ੍ਹਾਂ ਹੱਡੀਆਂ 'ਤੇ ਸੁਆਹ ਪਾਈ, ਸਭ ਤੋਂ ਅਖੀਰ 'ਚ ਮਧੂਸੂਦਨ ਨੇ ਸੰਜੀਵਨੀ ਪੋਥੀ ਦੇ ਮਾਧਿਅਮ ਰਾਹੀਂ ਉਹਨੂੰ ਜੀਵਿਤ ਕਰ ਦਿੱਤਾ।
ਮਾਲਤੀ ਜੀਵਿਤ ਹੋ ਗਈ। ਇਸ ਵਾਰ ਉਹਦਾ ਸੁਹੱਪਣ ਪਹਿਲਾਂ ਤੋਂ ਵੀ ਜ਼ਿਆਦਾ ਸੁੰਦਰ ਸੀ । ਉਹਨੂੰ ਵੇਖ ਕੇ ਤਿੰਨਾਂ ਦੀ ਨੀਅਤ ਖ਼ਰਾਬ ਹੋ ਗਈ। ਉਹ ਤਿੰਨੇ ਹੀ ਆਪਣੀ-ਆਪਣੀ ਪਤਨੀ ਹੋਣ ਦਾ ਦਾਅਵਾ ਕਰਨ ਲੱਗੇ ।
ਮਧੂਸੂਦਨ ਦਾ ਤਰਕ ਸੀ ਕਿ ਉਹਨੇ ਸੰਜੀਵਨੀ ਪੋਥੀ ਲਿਆ ਕੇ ਉਹਨੂੰ ਜੀਵਿਤ ਕੀਤਾ ਹੈ। ਅਖ਼ੀਰ ਮਾਲਤੀ 'ਤੇ ਉਸੇ ਦਾ ਹੱਕ ਹੈ । ਵਾਮਨ ਦਾ ਕਹਿਣਾ ਸੀ ਕਿ ਜੇਕਰ ਉਹ ਸੁਆਹ ਸੰਭਾਲ ਕੇ ਨਾ ਰੱਖਦਾ ਤਾਂ ਭਲਾ ਇਹ ਸ਼ੁਭ ਕਾਰਜ ਕਿਵੇਂ ਹੋ ਸਕਦਾ ਸੀ ? ਮਾਧਵ ਦਾ ਆਖਣਾ ਸੀ ਕਿ ਜੇਕਰ ਉਹਦੇ ਕੋਲ ਉਹਦੀਆਂ ਹੱਡੀਆਂ ਨਾ ਹੁੰਦੀਆਂ ਤਾਂ ਭਲਾ ਮਾਲਤੀ ਨੂੰ ਕੌਣ ਜੀਊਂਦਾ ਕਰ ਸਕਦਾ ਸੀ ?
ਵਿਕਰਮ ਹੁਣ ਤੂੰ ਇਹ ਦੱਸ ਕਿ ਅਸਲ 'ਚ ਮਾਲਤੀ ਕਿਸ ਦੀ ਪਤਨੀ ਬਣੀ ?
ਵਿਕਰਮ ਕੁਝ ਦੇਰ ਚੁੱਪਚਾਪ ਸੋਚਦਾ ਰਿਹਾ। ਫਿਰ ਬੋਲਿਆ-"ਮੇਰੇ ਨਿਆਇ ਅਨੁਸਾਰ ਮਾਲਤੀ ਨੂੰ ਵਾਮਨ ਦੀ ਪਤਨੀ ਹੋਣਾ ਚਾਹੀਦੈ।"
"ਕਿਵੇਂ ?" ਉਤਸੁਕਤਾ ਨਾਲ ਬੇਤਾਲ ਨੇ ਪੁੱਛਿਆ।
"ਸੁਣੋ ਬੇਤਾਲ ! ਮਧੂਸੂਦਨ ਨੇ ਕਿਉਂਕਿ ਉਹਨੂੰ ਜੀਵਨਦਾਨ ਦਿੱਤਾ ਸੀ, ਇਸ ਲਈ ਉਹ ਉਹਦੇ ਪਿਤਾ ਦੇ ਬਰਾਬਰ ਸੀ । ਮਾਧਵ ਨੇ ਉਹਦੀਆਂ ਹੱਡੀਆਂ ਨੂੰ ਸੰਭਾਲ ਕੇ ਰੱਖਿਆ ਸੀ, ਇਹ ਪੁੱਤ ਦਾ ਫ਼ਰਜ਼ ਹੁੰਦਾ ਹੈ, ਇਸ ਲਈ ਉਹ ਉਹਦੇ ਪੁੱਤਰ ਬਰਾਬਰ ਸੀ । ਵਾਮਨ ਨੇ ਕਿਉਂਕਿ ਉਹਦੀ ਰਾਖ ਸਾਂਭੀ ਸੀ, ਅਖ਼ੀਰ ਇਹ ਹੀ ਪਤੀ ਦਾ ਫ਼ਰਜ਼ ਮੰਨਿਆ ਜਾਂਦਾ ਹੈ, ਇਸ ਲਈ ਮਾਲਤੀ ਵਾਮਨ ਦੀ ਪਤਨੀ ਹੋਈ।"
“ਆਹ...ਹਾ...ਹਾ...।” ਵਿਕਰਮ ਦੀ ਗੱਲ ਖ਼ਤਮ ਹੁੰਦਿਆਂ ਹੀ ਬੇਤਾਲ ਨੇ ਇਕ ਜ਼ੋਰਦਾਰ ਠਹਾਕਾ ਲਾਇਆ-"ਤੂੰ ਬਿਲਕੁਲ ਠੀਕ ਨਿਆਂ ਕੀਤਾ ਏ ਵਿਕਰਮ... ਪਰ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਵੀ ਤੂੰ ਬੋਲ ਪਿਆਂ, ਇਸ
ਲਈ ਮੈਂ ਚੱਲਿਆਂ।"
ਹੱਸਦਾ ਹੋਇਆ ਬੇਤਾਲ ਵਿਕਰਮ ਦੇ ਮੋਢੇ ਤੋਂ ਉੱਡ ਕੇ ਉਲਟੀ ਦਿਸ਼ਾ 'ਚ ਚਲਾ ਗਿਆ । ਰਾਜਾ ਵਿਕਰਮਾਦਿੱਤ ਦੌੜ ਕੇ ਉਹਦੇ ਮਗਰ ਗਿਆ। ਪਰ ਬੇਤਾਲ ਉਹਦੇ ਹੱਥ ਨਾ ਆਇਆ ਤੇ ਉਸੇ ਦਰਖ਼ਤ 'ਤੇ ਜਾ ਕੇ ਉਲਟਾ ਲਟਕ ਗਿਆ।
ਜੋ ਕੋਈ ਨਾ ਕਰ ਸਕੇ
ਵਿਕਰਮ ਨੇ ਇਕ ਵਾਰ ਮੁੜ ਬੇਤਾਲ ਨੂੰ ਆਪਣੇ ਕਬਜ਼ੇ 'ਚ ਕੀਤਾ ਤੇ ਮੋਢੇ 'ਤੇ ਲੱਦ ਕੇ ਤੁਰ ਪਿਆ ਤੇ ਬੇਤਾਲ ਪਹਿਲਾਂ ਵਾਂਗ ਹੀ ਉਹਨੂੰ ਕਹਾਣੀ ਸੁਣਾਉਣ ਲੱਗਾ- ਇਕ ਵਾਰ ਵਰਧਮਾਨ ਨਾਂ ਦੇ ਰਾਜ 'ਚ ਇਕ ਰਾਜਾ ਰਾਜ ਕਰਦਾ ਸੀ । ਉਹਦਾ ਨਾਂ ਰੂਪਸੇਨ ਸੀ । ਉਹ ਬੜਾ ਪ੍ਰਤਾਪੀ, ਨਿਆਂ ਪਸੰਦ ਤੇ ਦਿਆਲੂ ਸੀ।
ਇਕ ਵਾਰ ਕਿਸੇ ਹੋਰ ਰਾਜ 'ਚੋਂ ਇਕ ਵਿਅਕਤੀ ਉਹਦੇ ਦਰਬਾਰ 'ਚ ਆਇਆ ਤੇ ਬੋਲਿਆ-"ਮਹਾਰਾਜਾ ! ਮੈਂ ਬੜਾ ਦੁਖੀ ਹਾਂ । ਮੇਰੀ ਮਦਦ ਕਰੋ।”
“ਤੈਨੂੰ ਕੀ ਦੁੱਖ ਏ ਤੇ ਤੈਨੂੰ ਕਿਹੋ ਜਿਹੀ ਮਦਦ ਦੀ ਜ਼ਰੂਰਤ ਏ।"
“ਮਹਾਰਾਜ ! ਮੇਰਾ ਦੁੱਖ ਇਹ ਹੈ ਕਿ ਇਸ ਵੇਲੇ ਮੇਰੇ ਕੋਲ ਕੋਈ ਕੰਮ ਨਹੀਂ ਹੈ ।” ਉਹ ਬੋਲਿਆ- “ਤੁਸੀਂ ਸੇਵਾ ਦਾ ਕੋਈ ਮੌਕਾ ਦੇ ਕੇ ਮੇਰੀ ਮਦਦ ਕਰ ਸਕਦੇ ਹੋ। ਮੈਂ ਇਕ ਵਫ਼ਾਦਾਰ ਸਿਪਾਹੀ ਹਾਂ। ਮੈਂ ਰਾਜ ਸੇਵਾ ਦਾ ਇਛੁੱਕ ਹਾਂ ਮਹਾਰਾਜ ।"
“ਠੀਕ ਏ, ਅਸੀਂ ਤੈਨੂੰ ਰਾਜਸੇਵਾ ਲਈ ਨਿਯੁਕਤ ਕਰਦੇ ਹਾਂ। ਪਰ ਬਿਨਾਂ ਕਿਸੇ ਸੰਕੋਚ ਦੇ ਦੱਸ ਕਿ ਰਾਜਸੇਵਾ ਬਦਲੇ ਤੈਨੂੰ ਕਿੰਨੀ ਤਨਖਾਹ ਦੇਈਏ ਕਿ ਤੂੰ ਸੁਖੀ-ਸੁਖੀ ਜੀਵਨ ਬਤੀਤ ਕਰ ਸਕੇਂ।"
"ਮਹਾਰਾਜ! ਸੋਨੇ ਦੀਆਂ ਸੌ ਮੋਹਰਾਂ ਨਾਲ ਮੇਰੀਆਂ ਰੋਜ਼ਾਨਾ ਦੀਆਂ
ਜ਼ਰੂਰਤਾਂ ਭਲੀਭਾਂਤ ਪੂਰੀਆਂ ਹੋ ਸਕਦੀਆਂ ਹਨ।"
ਉਹਦੀ ਮੰਗ ਸੁਣ ਕੇ ਰਾਜੇ ਸਮੇਤ ਸਾਰੇ ਦਰਬਾਰੀ ਹੈਰਾਨ ਹੋ ਗਏ- "ਸੌ ਸੋਨੇ ਦੀਆਂ ਮੋਹਰਾਂ ਰੋਜ਼ ?"
ਰਾਜਾ ਨੇ ਹੈਰਾਨ ਹੋ ਕੇ ਪੁੱਛਿਆ- "ਤੇਰਾ ਨਾਂ ਕੀ ਹੈ ?"
“ਮੇਰਾ ਨਾਂ ਬੀਰਬਲ ਹੈ ਮਹਾਰਾਜ।”
"ਤੇਰੇ ਪਰਿਵਾਰ 'ਚ ਤੇਰੇ ਤੋਂ ਇਲਾਵਾ ਹੋਰ ਕਿੰਨੇ ਜਣੇ ਹਨ ?”
“ਮਹਾਰਾਜ ! ਮੇਰੀ ਪਤਨੀ, ਮੇਰਾ ਪੁੱਤਰ ਤੇ ਧੀ। ਚੌਥਾ ਮੈਂ ਖ਼ੁਦ ਹਾਂ।"
"ਇੰਨਾ ਛੋਟਾ ਅਤੇ ਸੀਮਤ ਪਰਿਵਾਰ ਹੋਣ ਦੇ ਬਾਵਜੂਦ ਵੀ ਤੂੰ ਸੌ ਮੋਹਰਾਂ ਪ੍ਰਤੀਦਿਨ ਮੰਗ ਰਿਹਾ ਏਂ ?” ਰਾਜੇ ਦੀ ਹੈਰਾਨੀ ਵਧਦੀ ਜਾ ਰਹੀ ਸੀ ।
"ਹਾਂ ਮਹਾਰਾਜ ! ਇਸ ਤੋਂ ਘੱਟ ਤਨਖਾਹ 'ਚ ਮੇਰਾ ਗੁਜ਼ਾਰਾ ਨਹੀਂ ਹੋਵੇਗਾ।"
"ਇੰਨੀ ਤਨਖਾਹ ਦੇ ਬਦਲੇ ਤੂੰ ਕੀ ਕਰੇਂਗਾ ?"
“ਮੈਂ ਉਹ ਕੰਮ ਕਰੂੰਗਾ ਮਹਾਰਾਜ, ਜਿਹੜਾ ਕੋਈ ਹੋਰ ਨਾ ਕਰ ਸਕੇ ।”
ਰਾਜਾ ਸੋਚੀਂ ਪੈ ਗਿਆ । ਕੁਝ ਦੇਰ ਸੋਚਦਾ ਰਿਹਾ, ਫਿਰ ਬੋਲਿਆ-"ਠੀਕ ਏ, ਅਸੀਂ ਤੈਨੂੰ ਆਪਣਾ ਅੰਗ-ਰੱਖਿਅਕ ਨਿਯੁਕਤ ਕਰਦੇ ਹਾਂ । ਰੋਜ਼ ਰਾਤ ਨੂੰ ਤੂੰ ਸਾਡੇ ਆਰਾਮ-ਕਮਰੇ ਦੇ ਬਾਹਰ ਪਹਿਰਾ ਦਿਆ ਕਰੇਂਗਾ।"
ਫਿਰ ਮਹਾਰਾਜਾ ਨੇ ਖਜ਼ਾਨਚੀ ਨੂੰ ਬੁਲਾ ਕੇ ਉਹਨੂੰ ਸੌ ਸੋਨੇ ਦੀਆਂ ਮੋਹਰਾਂ ਦਿਵਾ ਦਿੱਤੀਆਂ।
ਦਰਬਾਰੀ ਮਹਾਰਾਜ ਦੇ ਇਸ ਫ਼ੈਸਲੇ 'ਤੇ ਬੜੇ ਹੈਰਾਨ ਸਨ, ਪਰ ਕਰ ਵੀ ਕੀ ਸਕਦੇ ਸਨ।
ਦੂਜੇ ਦਿਨ ਹੀ ਬੀਰਬਲ ਮਹਾਰਾਜ ਦੀ ਸੇਵਾ 'ਚ ਜੁੱਟ ਗਿਆ। ਉਹ ਪੂਰੀ ਨਿਸ਼ਠਾ ਨਾਲ ਰਾਤ ਨੂੰ ਮਹਾਰਾਜ ਦੇ ਆਰਾਮ-ਕਮਰੇ ਦੇ ਬਾਹਰ ਪਹਿਰਾ ਦੇਂਦਾ ਤੇ ਸਵੇਰੇ ਆਪਣਾ ਮਿਹਨਤਾਨਾ ਲੈ ਕੇ ਚਲਾ ਜਾਂਦਾ ?
ਇਕ ਦਿਨ ਰਾਜਾ ਆਪਣੇ ਕਮਰੇ 'ਚ ਸੌਂ ਰਿਹਾ ਸੀ ਕਿ ਕਿਸੇ ਔਰਤ ਦੀ ਉੱਚੀ-ਉੱਚੀ ਰੋਣ ਦੀ ਆਵਾਜ਼ ਉਹਦੇ ਕੰਨਾਂ 'ਚ ਪਈ। ਇੰਜ ਲੱਗਦਾ
ਸੀ ਕਿ ਕੋਈ ਔਰਤ ਰਾਜ ਮਹੱਲ ਦੇ ਨੇੜੇ ਹੀ ਬਹਿ ਕੇ ਰੋ ਰਹੀ ਹੋਵੇ।
"ਕੋਈ ਹੈ।" ਮਹਾਰਾਜ ਨੇ ਆਵਾਜ਼ ਦਿੱਤੀ।
ਬੀਰਬਲ ਤੁਰੰਤ ਹਾਜ਼ਰ ਹੋਇਆ-"ਆਗਿਆ ਸੁਆਮੀ ।"
"ਜਾ ਕੇ ਪਤਾ ਕਰੋ ਕਿ ਇਹ ਔਰਤ ਕੌਣ ਏ ਜਿਹੜੀ ਅੱਧੀ ਰਾਤ ਨੂੰ ਮਹੱਲ ਦੇ ਨੇੜੇ ਬੈਠੀ ਰੋ ਰਹੀ ਹੈ।”
ਬੀਰਬਲ ਤੁਰੰਤ ਚਲਾ ਗਿਆ। ਮਹੱਲ ਦੇ ਬਾਹਰ ਜਾ ਕੇ ਉਹ ਉਧਰ ਗਿਆ ਜਿਧਰ ਉਹ ਔਰਤ ਬੈਠੀ ਰੋ ਰਹੀ ਸੀ ।
ਕੁਝ ਦੇਰ ਬੀਰਬਲ ਟਿਕਟਿਕੀ ਬੰਨ੍ਹ ਕੇ ਉਹਨੂੰ ਵੇਖਦਾ ਰਿਹਾ, ਫਿਰ ਉਹਨੇ ਪੁੱਛਿਆ- “ਓ ਦੇਵੀ ! ਕੌਣ ਏਂ ਤੂੰ ਤੇ ਇਸ ਤਰ੍ਹਾਂ ਰੋ ਕਿਉਂ ਰਹੀ ਏਂ?"
"ਤੁਸੀਂ ਕੌਣ ਓ ?”
"ਮੈਂ ਮਹਾਰਾਜ ਰੂਪਸੇਨ ਦਾ ਅੰਗ-ਰੱਖਿਅਕ ਹਾਂ।” ਬੀਰਬਲ ਨੇ ਆਖਿਆ- “ਹੁਣ ਤੂੰ ਦੱਸ ਕਿ ਤੂੰ ਕੌਣ ਏਂ।”
"ਮੈਂ ਰਾਜ ਲਕਸ਼ਮੀ ਹਾਂ। ਸ਼ਨੀਦੇਵ ਨੇ ਰਾਜਾ ਰੂਪਸੇਨ 'ਤੇ ਮਾੜੀ ਦ੍ਰਿਸ਼ਟੀ ਪਾ ਦਿੱਤੀ ਹੈ, ਹੁਣ ਉਨ੍ਹਾਂ ਦਾ ਸੱਤਿਆਨਾਸ ਹੋ ਜਾਵੇਗਾ। ਮੈਨੂੰ ਇਹ ਰਾਜ ਛੱਡ ਕੇ ਜਾਣਾ ਪਵੇਗਾ।"
ਰਾਜੇ ਦੀ ਤਬਾਹੀ ਦੀ ਗੱਲ ਸੁਣ ਕੇ ਬੀਰਬਲ ਬੁਰੀ ਤਰ੍ਹਾਂ ਘਬਰਾ ਗਿਆ- "ਇਹ ਕੀ ਕਹਿ ਰਹੀ ਏਂ ਦੇਵੀ। ਕੀ ਮਹਾਰਾਜ ਰੂਪਸੇਨ ਨੂੰ ਸ਼ਨੀਦੇਵ ਦੇ ਪ੍ਰਕੋਪ ਤੋਂ ਬਚਾਉਣ ਦਾ ਕੋਈ ਉਪਾਅ ਨਹੀਂ ਹੈ।"
“ਹੈ ਪੁੱਤਰ, ਜ਼ਰੂਰ ਹੈ, ਪਰ...।”
"ਪਰ ਕੀ ਦੇਵੀ, ਤੂੰ ਮੈਨੂੰ ਦੱਸ ।” ਬੀਰਬਲ ਬੜੀ ਨਿਰਮਾਣਤਾ ਨਾਲ ਪੁੱਛਣ ਲੱਗਾ-"ਮਹਾਰਾਜ ਦੇ ਹਿਤ ਤੇ ਰਾਸ਼ਟਰ ਦੀ ਰੱਖਿਆ ਲਈ ਮੈਂ ਆਪਣੀ ਜਾਨ ਵੀ ਦੇ ਸਕਦਾ ਹਾਂ।"
“ਸੁਣ ਸੇਵਕ ! ਜੇਕਰ ਕੋਈ ਸ਼ਨੀਦੇਵ ਦੇ ਪ੍ਰਕੋਪ ਨੂੰ ਸ਼ਾਂਤ ਕਰਨ ਲਈ ਦੇਵੀ ਦੇ ਮੰਦਰ 'ਚ ਜਾ ਕੇ ਆਪਣੇ ਪੁੱਤਰ ਦੀ ਬਲੀ ਚੜਾਵੇ ਤਾਂ ਮਹਾਰਾਜ
ਤੇ ਰਾਜ 'ਤੇ ਆਇਆ ਸੰਕਟ ਟਲ ਸਕਦਾ ਹੈ।"
ਦੇਵੀ ਦੀ ਗੱਲ ਸੁਣ ਕੇ ਬੀਰਬਲ ਪਹਿਲਾਂ ਨਾਲੋਂ ਜ਼ਿਆਦਾ ਨਿਰਾਸ਼ ਨਜ਼ਰ ਆਉਣ ਲੱਗਾ। ਕੁਝ ਪਲਾਂ ਬਾਅਦ ਉਹਨੇ ਸਿਰ ਚੁੱਕ ਕੇ ਵੇਖਿਆ ਤਾਂ ਦੇਵੀ ਉਥੋਂ ਗਾਇਬ ਹੋ ਚੁੱਕੀ ਸੀ।
ਬੀਰਬਲ ਵਾਪਸ ਆਪਣੇ ਮਹੱਲ ਵੱਲ ਤੁਰ ਪਿਆ। ਇਸ ਨੂੰ ਸੰਯੋਗ ਹੀ ਸਮਝਿਆ ਜਾਵੇ ਕਿ ਬੀਰਬਲ ਨੂੰ ਭੇਜਣ ਤੋਂ ਬਾਅਦ ਰਾਜਾ ਵੀ ਉਹਦੇ ਪਿੱਛੇ-ਪਿੱਛੇ ਚਲਾ ਗਿਆ ਸੀ ਅਤੇ ਲੁਕ ਕੇ ਉਹਨੇ ਦੇਵੀ ਤੇ ਬੀਰਬਲ ਵਿਚਕਾਰ ਹੋਈ ਗੱਲਬਾਤ ਸੁਣ ਲਈ ਸੀ । ਸਾਰਾ ਕੁਝ ਜਾਣ ਲੈਣ ਤੋਂ ਬਾਅਦ ਉਹ ਹੈਰਾਨ ਤੇ ਡਰ ਗਿਆ ਸੀ।
“ਕੀ ਕਰਾਂ ? ਕੀ ਰਾਜ ਦੀ ਰੱਖਿਆ ਤੇ ਖ਼ੁਸ਼ਹਾਲੀ ਲਈ ਮੈਨੂੰ ਆਪਣੇ ਪੁੱਤਰ ਦੀ ਬਲੀ ਦੇਣੀ ਪਵੇਗੀ ?" ਇਹ ਗੱਲ ਸੋਚਦਾ ਰਾਜਾ ਬੀਰਬਲ ਦੇ ਮਗਰ-ਮਗਰ ਤੁਰ ਪਿਆ ਕਿ ਵੇਖਾਂ ਬੀਰਬਲ ਕੀ ਕਰਦਾ ਹੈ ?
ਅਚਾਨਕ ਉਹ ਤ੍ਰਭਕਿਆ। ਰਾਜਮਹੱਲ ਦਾ ਦੁਆਰ ਆਉਣ 'ਤੇ ਵੀ ਬੀਰਬਲ ਅੰਦਰ ਨਾ ਗਿਆ ਤੇ ਕਾਹਲੀ-ਕਾਹਲੀ ਆਪਣੇ ਘਰ ਵੱਲ ਚਲਾ ਗਿਆ। ਰਾਜਾ ਸੋਚਣ ਲੱਗਾ, 'ਇਹ ਕਿਥੇ ਜਾ ਰਿਹਾ ਹੈ । ਇਹਨੂੰ ਤਾਂ ਮੇਰੇ ਕੋਲ ਆ ਕੇ ਸਾਰੀ ਗੱਲ ਦੱਸਣੀ ਚਾਹੀਦੀ ਸੀ । ਕਿਤੇ ਇਹ ਤਾਂ ਨਹੀਂ ਕਿ ਮੇਰੇ 'ਤੇ ਸੰਕਟ ਆਉਣ ਦੀ ਗੱਲ ਸੁਣ ਕੇ ਇਹ ਭੱਜ ਰਿਹਾ ਹੋਵੇ ? ਜੇਕਰ ਇੰਜ ਹੋਇਆ ਤਾਂ ਮੈਂ ਇਹਦੀ ਗਰਦਨ ਧੜ ਨਾਲੋਂ ਵੱਖ ਕਰ ਦਿਆਂਗਾ, ਪਰ ਪਹਿਲਾਂ ਇਹਦੇ ਇਰਾਦੇ ਦਾ ਪਤਾ ਲਾਉਣਾ ਚਾਹੀਦਾ ਹੈ।' ਰਾਜਾ ਉਹਦਾ ਪਿੱਛਾ ਕਰਦਾ ਰਿਹਾ । ਬੀਰਬਲ ਆਪਣੇ ਘਰ ਆ ਗਿਆ। ਉਹਦੀ ਘਰਵਾਲੀ ਉਹਨੂੰ ਅੱਧੀ ਰਾਤ ਨੂੰ ਘਰ ਆਇਆ ਵੇਖ ਕੇ ਡਰ ਗਈ । ਉਹਨੇ ਪੁੱਛਿਆ-"ਤੁਸੀਂ ਇਸ ਵੇਲੇ ਕੀ ਕਰਨ ਆਏ ਓ ?"
ਉਹਨੇ ਆਪਣੀ ਘਰਵਾਲੀ ਨੂੰ ਪੂਰੀ ਗੱਲ ਦੱਸੀ, ਫਿਰ ਬੋਲਿਆ-"ਇਸ ਵਕਤ ਰਾਜ 'ਤੇ ਮੁਸੀਬਤ ਹੈ ਤੇ ਸਾਡੇ ਰਾਜੇ 'ਤੇ ਵੀ ਸੰਕਟ ਆਉਣ ਵਾਲਾ ਹੈ। ਅਜਿਹੇ ਵੇਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪੁੱਤਰ ਦੀ ਬਲੀ
ਦੇ ਕੇ ਆਪਣਾ ਕਰਤੱਵ ਨਿਭਾਈਏ।"
"ਤੁਸੀਂ ਠੀਕ ਕਹਿੰਦੇ ਓ ਸਵਾਮੀ।"
ਉਹਦੀ ਘਰਵਾਲੀ ਨੇ ਪੁੱਤਰ ਨੂੰ ਜਗਾ ਕੇ ਉਹਨੂੰ ਵੀ ਸਾਰੀ ਗੱਲ ਦੱਸੀ । ਪੁੱਤਰ ਖ਼ੁਸ਼ੀ-ਖ਼ੁਸ਼ੀ ਬਲੀਦਾਨ ਦੇਣ ਲਈ ਮੰਨ ਗਿਆ ਤੇ ਫਿਰ ਬੀਰਬਲ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਦੇਵੀ ਦੇ ਮੰਦਰ ਵੱਲ ਤੁਰ ਪਿਆ। ਰਾਜਾ ਰੂਪਸੇਨ ਹੈਰਾਨੀ ਨਾਲ ਉਹਦਾ ਪਿੱਛਾ ਕਰ ਰਿਹਾ ਸੀ । ਮੰਦਰ ਜਾ ਕੇ ਬੀਰਬਲ ਨੇ ਦੇਵੀ ਦੀ ਪੂਜਾ ਕੀਤੀ, ਫਿਰ ਪ੍ਰਾਰਥਨਾ ਕਰਦਿਆਂ ਹੋਇਆਂ ਆਖਿਆ- "ਹੇ ਮਾਂ ! ਮੇਰੇ ਸਵਾਮੀ ਰਾਜਾ ਰੂਪਸੇਨ 'ਤੇ ਕੋਈ ਮੁਸੀਬਤ ਨਾ ਆਵੇ ਤੇ ਸ਼ਨੀਦੇਵ ਦਾ ਪ੍ਰਕੋਪ ਸ਼ਾਂਤ ਹੋਵੇ । ਮੈਂ ਤੇਰੇ ਚਰਨਾਂ 'ਚ ਆਪਣੇ ਪੁੱਤਰ ਦੀ ਬਲੀ ਚੜਾਉਂਦਾ ਹਾਂ । ਤੂੰ ਖ਼ੁਸ਼ ਹੋ ਮਾਤਾ !"
ਅਤੇ ਫਿਰ ਬੀਰਬਲ ਨੇ ਖ਼ੁਸ਼ੀ-ਖ਼ੁਸ਼ੀ ਆਪਣੇ ਪੁੱਤਰ ਦੀ ਬਲੀ ਚੜ੍ਹਾ ਦਿੱਤੀ । ਰਾਜਾ ਰੂਪਸੇਨ ਓਹਲੇ ਖਲੋਤਾ ਇਹ ਸਾਰਾ ਕੁਝ ਵੇਖ ਰਿਹਾ ਸੀ। ਬੀਰਬਲ ਦੀ ਸਵਾਮੀ-ਭਗਤੀ ਅਤੇ ਰਾਸ਼ਟਰ ਪ੍ਰੇਮ ਵੇਖ ਕੇ ਉਹ ਹੈਰਾਨ ਰਹਿ ਗਿਆ।
ਏਨੇ ਨੂੰ ਬੀਰਬਲ ਦੀ ਧੀ ਨੇ ਉਹਦੇ ਹੱਥੋਂ ਤਲਵਾਰ ਫੜ ਲਈ ਤੇ ਕਹਿਣ ਲੱਗੀ-"ਪਿਤਾ ਜੀ ! ਜਦ ਮੇਰਾ ਇਕਲੌਤਾ ਭਰਾ ਹੀ ਇਸ ਦੁਨੀਆ 'ਚ ਨਹੀਂ ਰਿਹਾ ਤਾਂ ਮੈਂ ਜੀਊਂਦੀ ਰਹਿ ਕੇ ਕੀ ਕਰੂੰਗੀ।" ਕਹਿ ਕੇ ਉਹਨੇ ਵੀ ਇਕੋ ਝਟਕੇ ਨਾਲ ਆਪਣਾ ਸਿਰ ਧੜ ਤੋਂ ਵੱਖ ਕਰ ਦਿੱਤਾ ।
“ਜਦ ਪੁੱਤ ਤੇ ਧੀ ਹੀ ਨਹੀਂ ਰਹੇ ਤਾਂ ਮੈਂ ਜੀ ਕੇ ਕੀ ਕਰੂੰਗੀ।" ਕਹਿੰਦੇ ਹੋਏ ਉਹਦੀ ਘਰਵਾਲੀ ਨੇ ਵੀ ਆਪਣਾ ਸਿਰ ਕੱਟ ਸੁੱਟਿਆ।
"ਓਹ !" ਬੀਰਬਲ ਹੈਰਾਨ ਖਲੋਤਾ ਇਹ ਮੰਜਰ ਵੇਖਦਾ ਰਿਹਾ, ਫਿਰ ਬੋਲਿਆ-“ਜਦ ਪੂਰਾ ਪਰਿਵਾਰ ਹੀ ਖ਼ਤਮ ਹੋ ਗਿਆ ਤਾਂ ਮੈਂ ਜੀਊਂਦਾ ਰਹਿ ਕੇ ਕੀ ਕਰਾਂਗਾ- ਹੇ ਮਾਂ ! ਮੇਰੀ ਬਲੀ ਵੀ ਸਵੀਕਾਰ ਕਰ।”
'ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਮੈਨੂੰ ਇਹੋ ਜਿਹਾ ਸੇਵਾਦਾਰ ਮਿਲਿਆ ।' ਰਾਜਾ ਰੂਪਸੇਨ ਨੇ ਸੋਚਿਆ— “ਜਦ ਅਜਿਹਾ ਸੇਵਕ ਹੀ ਇਸ
ਸੰਸਾਰ 'ਚ ਨਹੀਂ ਰਿਹਾ ਤਾਂ ਮੈਂ ਜੀਊਂਦਾ ਰਹਿ ਕੇ ਕੀ ਕਰਾਂਗਾ।”
ਏਨੀ ਗੱਲ ਕਹਿ ਕੇ ਉਹਨੇ ਵੀ ਆਪਣੀ ਗਰਦਨ ਧੜ ਤੋਂ ਵੱਖ ਕਰ ਦਿੱਤੀ।
ਏਥੋਂ ਤਕ ਕਿ ਕਥਾ ਸੁਣਾਉਣ ਤੋਂ ਬਾਅਦ ਬੇਤਾਲ ਨੇ ਪੁੱਛਿਆ- "ਵਿਕਰਮ । ਹੁਣ ਤੂੰ ਇਹ ਦੱਸ ਕਿ ਇਨ੍ਹਾਂ ਸਾਰਿਆਂ 'ਚੋਂ ਕੀਹਦਾ ਬਲੀਦਾਨ ਮਹਾਨ ਸੀ। ਰਾਜੇ ਦਾ, ਸੇਵਕ ਦਾ, ਪੁੱਤਰ ਦਾ, ਧੀ ਦਾ ਜਾਂ ਮਾਂ ਦਾ ? ਵਿਕਰਮ ਜੇਕਰ ਤੂੰ ਜਾਣ-ਬੁਝ ਕੇ ਮੇਰੇ ਪ੍ਰਸ਼ਨ ਦਾ ਉੱਤਰ ਨਾ ਦਿੱਤਾ ਤਾਂ ਤੇਰਾ ਸਿਰ ਟੁਕੜੇ-ਟੁਕੜੇ ਹੋ ਜਾਵੇਗਾ।"
"ਬੇਤਾਲ !" ਕੁਝ ਦੇਰ ਸੋਚਣ ਤੋਂ ਬਾਅਦ ਰਾਜਾ ਵਿਕਰਮ ਬੋਲਿਆ- "ਇਨ੍ਹਾਂ ਸਾਰਿਆਂ 'ਚੋਂ ਰਾਜੇ ਦਾ ਬਲੀਦਾਨ ਸਭ ਤੋਂ ਮਹਾਨ ਤੇ ਅਨੋਖਾ ਸੀ।"
"ਉਹ ਕਿਵੇਂ ?"
"ਬੀਰਬਲ ਨੇ ਪੁੱਤਰ ਦਾ ਬਲੀਦਾਨ ਰਾਸ਼ਟਰ ਹਿਤ ਲਈ ਦਿੱਤਾ। ਰਾਸ਼ਟਰ ਹਿਤ ਕਾਰਨ ਅਨੇਕ ਲੋਕ ਕੁਰਬਾਨੀਆਂ ਦੇਂਦੇ ਆਏ ਹਨ। ਭੈਣ ਨੇ ਭਰਾ ਦੇ ਪਿਆਰ 'ਚ ਕੁਰਬਾਨੀ ਦੇ ਦਿੱਤੀ। ਮਾਂ ਨੇ ਮਮਤਾ ਦੀ ਖ਼ਾਤਰ ਕੁਰਬਾਨੀ ਦਿੱਤੀ। ਬੀਰਬਲ ਨੇ ਪਰਿਵਾਰ ਦੀ ਖ਼ਾਤਿਰ। ਪਰ ਅਜਿਹਾ ਪਹਿਲੀ ਵਾਰ ਵੇਖਿਆ-ਸੁਣਿਆ ਹੈ ਕਿ ਕਿਸੇ ਰਾਜੇ ਨੇ ਆਪਣੇ ਸੇਵਕ ਵਾਸਤੇ ਬਲੀਦਾਨ ਦਿੱਤਾ ਹੋਵੇ। ਇਸ ਲਈ ਰਾਜੇ ਦੀ ਕੁਰਬਾਨੀ ਸਭ ਤੋਂ ਮਹਾਨ ਹੈ।
"ਹਾ...ਹਾ...ਹਾ..।” ਬੇਤਾਲ ਨੇ ਜ਼ੋਰਦਾਰ ਠਹਾਕਾ ਲਾਇਆ-"ਤੂੰ ਬਿਲਕੁਲ ਠੀਕ ਆਖਿਆ ਬੀਰਬਲ। ਰਾਜੇ ਦਾ ਬਲੀਦਾਨ ਸਭ ਤੋਂ ਮਹਾਨ ਸੀ। ਪਰ ਜਵਾਬ ਦੇਣ ਤੋਂ ਪਹਿਲਾਂ ਤੂੰ ਮੇਰੀ ਸ਼ਰਤ ਭੁੱਲ ਗਿਆ ਵਿਕਰਮ । ਮੈਂ ਕਿਹਾ ਸੀ ਕਿ ਜੇਕਰ ਤੂੰ ਬੋਲਿਆ ਤਾਂ ਮੈਂ ਵਾਪਸ ਚਲਾ ਜਾਵਾਂਗਾ। ਤੂੰ ਬੋਲ ਪਿਆ ਤੇ ਮੈਂ ਚੱਲਿਆਂ ਹਾ... ਹਾ.... ਹਾ....।"
ਬੇਤਾਲ ਹਵਾ 'ਚ ਉੱਡਣ ਲੱਗਾ ਤੇ ਵਾਪਸ ਆਪਣੇ ਦਰਖ਼ਤ ਵੱਲ ਚਲਾ ਗਿਆ।
ਚਰਿੱਤਰਹੀਣ
ਇਸ ਵਾਰ ਵਿਕਰਮ ਗੁੱਸੇ 'ਚ ਦਰਖ਼ਤ ਦੇ ਨੇੜੇ ਆਇਆ ਤੇ ਚੀਕਦਾ ਹੋਇਆ ਬੋਲਿਆ- “ਬੇਤਾਲ ! ਤੂੰ ਬਹੁਤ ਧੋਖੇਬਾਜ਼ ਏਂ । ਮੈਂ ਤੇਰਾ ਸਿਰ ਵੱਢ ਸੁੱਟਾਂਗਾ। ਆਖ਼ਿਰ ਤੂੰ ਬਾਰ-ਬਾਰ ਭੱਜ ਕਿਉਂ ਆਉਂਦਾ ਏਂ ?”
ਬੇਤਾਲ ਕੁਝ ਨਾ ਬੋਲਿਆ। ਉਹ ਦਰਖ਼ਤ 'ਤੇ ਲਟਕਿਆ ਰਿਹਾ। ਵਿਕਰਮ ਨੇ ਉਹਨੂੰ ਦਰਖ਼ਤ ਤੋਂ ਲਾਹ ਕੇ ਮੋਢਿਆਂ 'ਤੇ ਲੱਦਿਆ ਤੇ ਚੁੱਪਚਾਪ ਤੁਰ ਪਿਆ ।
ਜਦੋਂ ਉਹ ਥੋੜੀ ਦੂਰ ਗਏ ਤਾਂ ਬੇਤਾਲ ਨੇ ਹੌਲੀ ਜਿਹੀ ਆਖਿਆ- "ਵਿਕਰਮ ! ਤੂੰ ਨਰਾਜ਼ ਕਿਉਂ ਏਂ ? ਜਦੋਂ ਤੂੰ ਬੋਲਦਾ ਏਂ ਤਾਂ ਹੀ ਮੈਂ ਵਾਪਸ ਆਉਂਦਾ ਹਾਂ।”
“ ਤੂੰ ਮੇਰੇ ਕੋਲੋਂ ਨਿਆਂ ਦੀ ਗੱਲ ਪੁੱਛਦਾ ਹੀ ਕਿਉਂ ਏਂ ? ਤੇਰੇ ਪੁੱਛਣ ਕਰਕੇ ਹੀ ਮੈਨੂੰ ਬੋਲਣਾ ਪੈਂਦਾ ਹੈ । ਤੂੰ ਤਾਂ ਜਾਣਦਾ ਏਂ ਕਿ ਮੇਰਾ ਨਾਂ ਨਿਆਂ ਵਾਸਤੇ ਪ੍ਰਸਿੱਧ ਹੈ। ਮੇਰਾ ਤਾਂ ਸੁਭਾਅ ਹੀ ਅਜਿਹਾ ਬਣ ਗਿਆ ਹੈ।”
"ਤੇ ਮੇਰਾ ਵੀ ਭੱਜਣ ਦਾ ਸੁਭਾਅ ਬਣ ਗਿਆ ਹੈ।” ਕਹਿਕੇ ਬੇਤਾਲ ਉੱਚੀ-ਉੱਚੀ ਹੱਸ ਪਿਆ।
ਬੇਤਾਲ ਦੇ ਇਸ ਵਰਤਾਉ 'ਤੇ ਰਾਜਾ ਵਿਕਰਮਾਦਿੱਤ ਵੀ ਮੁਸਕਰਾ ਪਿਆ।
"ਸੁਣੋ ਵਿਕਰਮ ! ਰਸਤਾ ਜਲਦੀ ਤੇ ਸੌਖਾ ਤੈਅ ਹੋਵੇ, ਇਸ ਲਈ ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ।”
ਅਵੰਤੀ ਨਗਰ 'ਚ ਗੁਣਵੰਤ ਨਾਂ ਦਾ ਇਕ ਸੇਠ ਰਹਿੰਦਾ ਸੀ। ਉਹ ਪਰਮ ਧਾਰਮਿਕ ਅਤੇ ਲੋਕ-ਪਰਲੋਕ 'ਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਸੀ । ਉਹਦੀ ਘਰਵਾਲੀ ਬੜੀ ਸੋਹਣੀ ਸੀ ਪਰ ਸੀ ਚਰਿਤਰਹੀਣ। ਇਸੇ ਕਾਰਨ ਉਸਨੇ ਇਕ ਦੋਗਲੀ ਔਲਾਦ ਜੰਮੀ । ਉਹ ਔਲਾਦ ਕੁੜੀ ਸੀ । ਉਹ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਸੋਹਣੀ ਸੀ। ਉਹਦਾ ਕਿਉਂਕਿ ਆਪਣੀ ਮਾਂ ਨਾਲ ਹੀ ਜ਼ਿਆਦਾ ਪਿਆਰ ਸੀ, ਇਸ ਲਈ ਜਵਾਨ ਹੋਣ 'ਤੇ ਉਹ ਵੀ
ਮਾਂ ਵਰਗੀ ਚਰਿਤਰਹੀਣ ਨਿਕਲੀ।
ਧੀ ਦੇ ਜਵਾਨ ਹੋਣ 'ਤੇ ਸੇਠ ਗੁਣਵੰਤ ਨੂੰ ਉਹਦੇ ਵਿਆਹ ਦਾ ਫ਼ਿਕਰ ਸਤਾਉਣ ਲੱਗਾ ਤੇ ਉਹ ਉਹਦੇ ਲਈ ਕੋਈ ਚੰਗਾ ਮੁੰਡਾ ਲੱਭਣ ਲੱਗਾ। ਇਸੇ ਦੌਰਾਨ ਉਹਨੂੰ ਪਤਾ ਲੱਗਾ ਕਿ ਘਰ ਦੇ ਇਕ ਨੌਕਰ ਨਾਲ ਉਹਦੀ ਧੀ ਦੇ ਨਜਾਇਜ਼ ਸੰਬੰਧ ਹਨ। ਉਹਨੇ ਤੁਰੰਤ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ। ਉਹ ਨੌਕਰ ਉਸੇ ਨਗਰ 'ਚ ਰਹਿ ਕੇ ਕਿਤੇ ਹੋਰ ਨੌਕਰੀ ਕਰਨ ਲੱਗਾ। ਆਪਣੀ ਰਿਹਾਇਸ਼ ਵੀ ਉਸਨੇ ਉਸੇ ਨਗਰ 'ਚ ਕਿਸੇ ਹੋਰ ਜਗ੍ਹਾ ਬਣਾ ਲਈ ।
ਏਨਾ ਕੁਝ ਹੋਣ ਦੇ ਬਾਵਜੂਦ ਵੀ ਸੇਠ ਦੀ ਕੁੜੀ ਰਤਨਾਵਤੀ ਲੁਕ- ਛਿਪ ਕੇ ਉਹਨੂੰ ਮਿਲਣ ਜਾਂਦੀ ਸੀ । ਉਹ ਰਾਤ ਨੂੰ ਘਰੋਂ ਜਾਂਦੀ ਤੇ ਰਾਤ ਹੀ ਵਾਪਸ ਆ ਜਾਂਦੀ ਸੀ । ਇਹ ਗੱਲ ਸਿਰਫ਼ ਉਹਦੀ ਮਾਂ ਹੀ ਜਾਣਦੀ ਸੀ ।
ਇਸੇ ਦੌਰਾਨ ਉਹਦੇ ਪਿਉ ਨੇ ਉਹਦੇ ਲਈ ਇਕ ਚੰਗਾ ਮੁੰਡਾ ਲੱਭ ਲਿਆ ਅਤੇ ਠੀਕ ਸਮਾਂ ਵੇਖ ਕੇ ਸੇਠ ਗੁਣਵੰਤ ਨੇ ਉਹਦਾ ਵਿਆਹ ਵੀ ਕਰ ਦਿੱਤਾ। ਰਤਨਾਵਤੀ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਘਰ ਆ ਗਈ, ਪਰ ਪ੍ਰੇਮੀ ਨੌਕਰ ਨਾਲ ਉਹਦਾ ਸੰਪਰਕ ਨਾ ਟੁੱਟਾ । ਕਿਉਂਕਿ ਉਹਦੇ ਸਹੁਰੇ ਵੀ ਉਸੇ ਨਗਰ 'ਚ ਪ੍ਰੇਮੀ ਦੇ ਘਰ ਦੇ ਨੇੜੇ ਹੀ ਸਨ, ਇਸ ਲਈ ਉਨ੍ਹਾਂ ਦਾ ਸੰਬੰਧ ਲਗਾਤਾਰ ਬਣਿਆ ਹੋਇਆ ਸੀ। ਇਸ ਕੰਮ ਲਈ ਰਤਨਾਵਤੀ ਨੇ ਲਾਲਚ ਦੇ ਕੇ ਆਪਣੀ ਸੇਵਕਾ ਨੂੰ ਆਪਣੇ ਪੱਖ 'ਚ ਕਰ ਲਿਆ ਸੀ। ਉਹ ਆਪਣੀ ਸੇਵਕਾ ਦੀ ਸਹਾਇਤਾ ਨਾਲ ਆਪਣੇ ਪਤੀ ਦੇ ਸੌਣ ਤੋਂ ਬਾਅਦ ਆਪਣੇ ਪ੍ਰੇਮੀ ਦੇ ਘਰ ਚਲੀ ਜਾਂਦੀ ਸੀ । ਕੁਝ ਦਿਨਾਂ ਬਾਅਦ ਰਤਨਾਵਤੀ ਦੇ ਪਤੀ ਨੂੰ ਉਹਦੇ 'ਤੇ ਸ਼ੱਕ ਹੋ ਗਿਆ ਕਿ ਉਹਦੀ ਨੌਕਰਾਣੀ ਤੇ ਪਤਨੀ ਆਪਸ 'ਚ ਮਿਲ ਕੇ ਕੋਈ ਖਿਚੜੀ ਪਕਾ ਰਹੀਆਂ ਹਨ। ਅਖ਼ੀਰ ਉਹਨੇ ਉਸ ਨੌਕਰਾਣੀ ਨੂੰ ਘਰੋਂ ਕੱਢ ਦਿੱਤਾ।
ਹੁਣ ਤਾਂ ਰਤਨਾਵਤੀ ਦੀ ਸਾਰੀ ਖੇਡ ਵਿਗੜ ਗਈ । ਉਹ ਆਪਣੇ ਪ੍ਰੇਮੀ ਨੂੰ ਮਿਲਣ ਲਈ ਤਰਸਣ ਲੱਗੀ । ਪਰ ਉਹ ਆਪਣੇ ਚਰਿਤਰ 'ਚ ਦ੍ਰਿੜ ਸੀ। ਉਹ ਇਕ ਰਾਤ ਮੌਕਾ ਵੇਖ ਕੇ ਕਿਸੇ ਤਰ੍ਹਾਂ ਆਪਣੇ ਪ੍ਰੇਮੀ ਦੇ ਘਰ ਅੱਪੜ
ਗਈ। ਉਥੇ ਉਹਨੇ ਆਪਣੇ ਪ੍ਰੇਮੀ ਨੂੰ ਰੋ-ਰੋ ਕੇ ਸਾਰੀ ਕਹਾਣੀ ਸੁਣਾਈ।
"ਰਤਨਾਵਤੀ ! ਤੂੰ ਕੁਝ ਦਿਨ ਹੌਸਲਾ ਰੱਖ । ਜਦੋਂ ਤੇਰੇ ਪਤੀ ਦਾ ਸ਼ੱਕ ਘੱਟ ਹੋ ਜਾਵੇਗਾ ਤਾਂ ਅਸੀਂ ਮੁੜ ਤੋਂ ਪਹਿਲਾਂ ਵਾਂਗ ਰੋਜ਼ ਮਿਲਿਆ ਕਰਾਂਗੇ।"
ਉਸ ਦਿਨ ਤਾਂ ਉਹ ਪ੍ਰੇਮੀ ਦੀਆਂ ਗੱਲਾਂ ਸੁਣ ਕੇ ਵਾਪਸ ਆ ਗਈ ਪਰ ਜ਼ਿਆਦਾ ਦਿਨਾਂ ਤਕ ਉਹਦੇ ਕੋਲੋਂ ਰਿਹਾ ਨਾ ਗਿਆ। ਉਹ ਬੁਰੀ ਤਰ੍ਹਾਂ ਤੜਫਣ ਲੱਗੀ।
ਉਸਦੇ ਪਤੀ ਨੇ ਜਦੋਂ ਉਹਦੀ ਅਜਿਹੀ ਹਾਲਤ ਵੇਖੀ ਤਾਂ ਉਹਨੇ ਆਪਣੇ ਇਕ ਵਿਸ਼ਵਾਸਪਾਤਰ ਵਿਅਕਤੀ ਨਾਲ ਰਲ ਕੇ ਆਪਣੀ ਪਤਨੀ ਦੇ ਪ੍ਰੇਮੀ ਨੂੰ ਜ਼ਹਿਰ ਖਵਾ ਦਿੱਤਾ ।
ਉਸ ਰਾਤ ਰਤਨਾਵਤੀ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ ਤੇ ਉਹ ਉਹਨੂੰ ਮਿਲਣ ਘਰੋਂ ਚਲੀ ਗਈ। ਅੱਜ ਉਹ ਘਰੋਂ ਬਹੁਤ ਸੱਜ-ਸੰਵਰ ਕੇ ਨਿਕਲੀ ਸੀ। ਰਸਤੇ 'ਚ ਉਹਨੂੰ ਇਕ ਚੋਰ ਨੇ ਤੱਕਿਆ । ਉਹ ਕੀਮਤੀ ਗਹਿਣਿਆਂ ਦੇ ਲਾਲਚ 'ਚ ਉਹ ਉਹਦੇ ਪਿੱਛੇ ਲੱਗ ਗਿਆ। ਉਹ ਵੇਖਣਾ ਚਾਹੁੰਦਾ ਸੀ। ਕਿ ਉਹ ਕਿਥੇ ਜਾਂਦੀ ਹੈ ਤੇ ਉਹਨੇ ਅੱਧੀ ਰਾਤ ਨੂੰ ਇਕੱਲਿਆਂ ਨਿਕਲਣ ਦਾ ਹੌਸਲਾ ਕਿਉਂ ਕੀਤਾ ?
ਚੋਰ ਵੀ ਉਹਦੇ ਪਿੱਛੇ ਹੌਲੀ-ਹੌਲੀ ਪ੍ਰੇਮੀ ਦੇ ਘਰ ਵੜ ਗਿਆ ਤੇ ਲੁਕ ਕੇ ਉਹਦੀਆਂ ਗਤੀਵਿਧੀਆਂ ਤੱਕਣ ਲੱਗਾ। ਉਹਦੇ ਪ੍ਰੇਮੀ ਦੇ ਘਰ ਦੇ ਸਾਹਮਣੇ ਇਕ ਦਰਖ਼ਤ ਸੀ । ਉਸ ਦਰਖ਼ਤ 'ਤੇ ਇਕ ਭੂਤ ਰਹਿੰਦਾ ਸੀ। ਭੂਤ ਨੇ ਰਾਤ ਵੇਲੇ ਸੱਜੀ-ਸੰਵਰੀ ਰਤਨਾਵਤੀ ਨੂੰ ਆਉਂਦਿਆਂ ਵੇਖਿਆ ਤਾਂ ਉਹ ਵੀ ਉਹਦੇ 'ਤੇ ਮੋਹਿਤ ਹੋ ਗਿਆ। ਅਚਾਨਕ ਉਹਦੇ ਮਨ 'ਚ ਖ਼ਿਆਲ ਆਇਆ ਕਿ ਕਿਉਂ ਨਾ ਉਹਦੇ ਮਰੇ ਹੋਏ ਪ੍ਰੇਮੀ ਦੇ ਸਰੀਰ 'ਚ ਦਾਖ਼ਲ ਹੋ ਕੇ ਇਸ ਸੁੰਦਰੀ ਦਾ ਸੁਖ ਭੋਗਿਆ ਜਾਵੇ । ਇਹ ਖ਼ਿਆਲ ਆਉਂਦਿਆਂ ਹੀ ਉਹ ਉਸਦੇ ਮਰੇ ਹੋਏ ਪ੍ਰੇਮੀ ਦੇ ਸਰੀਰ 'ਚ ਦਾਖ਼ਲ ਹੋ ਗਿਆ । ਰਤਨਾਵਤੀ ਸਿੱਧੀ ਜਾ ਕੇ ਆਪਣੇ ਪ੍ਰੇਮੀ ਦੀ ਗੋਦੀ 'ਚ ਬਹਿ ਗਈ।
ਉਹਦੇ ਪ੍ਰੇਮੀ ਦੇ ਸਰੀਰ 'ਚ ਲੁਕੇ ਭੂਤ ਨੇ ਉਸਨੂੰ ਬਾਹਾਂ 'ਚ ਲੈ ਕੇ ਬੜਾ
ਸੁਖ ਭੋਗਿਆ । ਉਹ ਏਨਾ ਜ਼ਿਆਦਾ ਉਤੇਜਿਤ ਹੋ ਗਿਆ ਕਿ ਉਤੇਜਨਾ 'ਚ ਆ ਕੇ ਉਹਨੇ ਉਹਦਾ ਨੱਕ ਵੱਢ ਲਿਆ ਤੇ ਫਿਰ ਨੌਕਰ ਦੇ ਸਰੀਰ 'ਚੋਂ ਨਿਕਲ ਕੇ ਦਰਖ਼ਤ 'ਤੇ ਜਾ ਬੈਠਾ ।
ਰਤਨਾਵਤੀ ਦੇ ਨੱਕ ਦਾ ਟੁਕੜਾ ਨੌਕਰ ਦੇ ਮਰੇ ਹੋਏ ਸਰੀਰ ਦੇ ਮੂੰਹ 'ਚ ਹੀ ਰਹਿ ਗਿਆ। ਨੱਕ ਵੱਢੇ ਜਾਣ ਤੋਂ ਬਾਅਦ ਰਤਨਾਵਤੀ ਦਰਦ ਨਾਲ ਚੀਖ ਉੱਠੀ । ਫਿਰ ਜਦੋਂ ਉਹਨੇ ਪ੍ਰੇਮੀ ਨੂੰ ਮਰਿਆ ਵੇਖਿਆ ਤਾਂ ਉਹ ਸਿਰ ਤੋਂ ਪੈਰਾਂ ਤਕ ਕੰਬ ਉੱਠੀ । ਉਹ ਡਰ ਕੇ ਉਥੋਂ ਭੱਜ ਗਈ।
ਚੋਰ ਵੀ ਇਕ ਨੁੱਕਰ 'ਚ ਲੁਕਿਆ ਹੋਇਆ ਸੀ। ਉਹਨੇ ਇਹ ਸਾਰਾ ਕੁਝ ਵੇਖਿਆ ਤਾਂ ਉਸਦੀ ਸਮਝ 'ਚ ਕੁਝ ਨਾ ਆਇਆ ਤੇ ਉਹ ਵੀ ਡਰ ਗਿਆ । ਰਤਨਾਵਤੀ ਨੂੰ ਜਾਂਦਿਆਂ ਵੇਖ ਕੇ ਉਹਨੇ ਕੁਝ ਨਾ ਆਖਿਆ ਤੇ ਉਹਦਾ ਪਿੱਛਾ ਕਰਦਾ ਰਿਹਾ।
ਰਤਨਾਵਤੀ ਵਾਪਸ ਆਪਣੇ ਘਰ ਚਲੀ ਗਈ ਤੇ ਆਪਣੇ ਪਤੀ ਦੇ ਕਮਰੇ 'ਚ ਬਹਿ ਕੇ ਰੋਣ-ਪਿੱਟਣ ਲੱਗ ਪਈ। ਉਹਦਾ ਪਤੀ ਬੇਖ਼ਬਰ ਸੁੱਤਾ ਹੋਇਆ ਸੀ। ਘਰ ਦੇ ਹੋਰ ਮੈਂਬਰ ਵੀ ਸੌਂ ਰਹੇ ਸਨ । ਪਰ ਰਤਨਾਵਤੀ ਦੀ ਰੋਣ ਦੀ ਆਵਾਜ਼ ਸੁਣ ਕੇ ਸਾਰੇ ਜਾਗ ਪਏ। ਰਤਨਾਵਤੀ ਰੋ-ਰੋ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਦੱਸ ਰਹੀ ਸੀ ਕਿ ਉਹਦੇ ਘਰਵਾਲੇ ਨੇ ਉਹਦੀ ਨੱਕ ਵੱਢ ਦਿੱਤੀ ਹੈ।
ਇਹ ਸੁਣ ਕੇ ਸਾਰੇ ਮੈਂਬਰ ਹੈਰਾਨ ਰਹਿ ਗਏ। ਉਸਦੇ ਪਤੀ ਦੀ ਹੈਰਾਨੀ ਦਾ ਕੋਈ ਠਿਕਾਣਾ ਨਾ ਰਿਹਾ। ਰਤਨਾਵਤੀ ਦੀ ਹਾਹਾਕਾਰ ਸੁਣ ਕੇ ਆਂਢੀ ਗੁਆਂਢੀ ਵੀ ਇਕੱਠੇ ਹੋ ਗਏ। ਜੀਹਨੇ ਵੀ ਰਤਨਾਵਤੀ ਦੀ ਗੱਲ ਸੁਣੀ, ਉਹੀ ਉਹਦੇ ਘਰਵਾਲੇ ਨੂੰ ਬੁਰਾ-ਭਲਾ ਕਹਿਣ ਲੱਗਾ।
ਰਤਨਾਵਤੀ ਦਾ ਪਤੀ ਬਾਰ-ਬਾਰ ਸਫ਼ਾਈ ਦੇ ਰਿਹਾ ਸੀ ਕਿ ਉਹ ਇਸ ਸੰਦਰਭ 'ਚ ਕੁਝ ਨਹੀਂ ਜਾਣਦਾ, ਪਰ ਕੋਈ ਉਹਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਗੱਲ ਹੌਲੀ-ਹੌਲੀ ਚਾਰੇ ਦਿਸ਼ਾਵਾਂ 'ਚ ਫੈਲ ਗਈ ਤੇ ਉੱਡਦੀ- ਉੱਡਦੀ ਕੋਤਵਾਲ ਤਕ ਵੀ ਜਾ ਪਹੁੰਚੀ। ਕੋਤਵਾਲ ਤੁਰੰਤ ਹੀ ਆਪਣੇ
ਸਿਪਾਹੀਆਂ ਸਮੇਤ ਉਥੇ ਆ ਗਿਆ।
ਉਸਨੇ ਸਾਰਾ ਕਿੱਸਾ ਸੁਣਿਆ ਤਾਂ ਉਹ ਵੀ ਸੋਚਾਂ ਵਿਚ ਪੈ ਗਿਆ। ਅਖ਼ੀਰ ਉਸਨੇ ਮਾਮਲੇ ਨੂੰ ਮਹਾਰਾਜ ਦੇ ਦਰਬਾਰ 'ਚ ਪੇਸ਼ ਕਰਨਾ ਹੀ ਠੀਕ ਸਮਝਿਆ । ਏਨਾ ਸੁਣਦੇ ਹੀ ਕਿ ਰਤਨਾਵਤੀ ਦੇ ਪਤੀ ਨੇ ਉਹਦੀ ਨੱਕ ਵੱਢ ਦਿੱਤੀ ਹੈ, ਮਹਾਰਾਜ ਨੂੰ ਬੜਾ ਗੁੱਸਾ ਆਇਆ।
ਉਸਨੇ ਕਿਸੇ ਦੀ ਕੋਈ ਗੱਲ ਸੁਣੇ ਬਿਨਾਂ ਹੀ ਫ਼ੈਸਲਾ ਸੁਣਾ ਦਿੱਤਾ ਕਿ ਰਤਨਾਵਤੀ ਦੇ ਪਤੀ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇ । ਰਤਨਾਵਤੀ ਦਾ ਘਰਵਾਲਾ ਰੋਂਦਾ-ਪਿੱਟਦਾ ਰਿਹਾ, ਪਰ ਮਹਾਰਾਜ ਫ਼ੈਸਲਾ ਸੁਣਾ ਚੁੱਕਾ ਸੀ ।
ਚਾਰੇ ਪਾਸੇ ਇਹ ਖ਼ਬਰ ਫੈਲ ਗਈ ਕਿ ਰਤਨਾਵਤੀ ਦੇ ਪਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਉਸ ਚੋਰ ਨੇ ਇਹ ਖ਼ਬਰ ਸੁਣੀ ਤਾਂ ਉਸਦੇ ਕੋਲੋਂ ਚੁੱਪ ਨਾ ਰਿਹਾ ਗਿਆ। ਉਹ ਅਗਲੇ ਦਿਨੇ ਹੀ ਰਾਜੇ ਦੇ ਦਰਬਾਰ 'ਚ ਪਹੁੰਚਿਆ ਤੇ ਮਹਾਰਾਜੇ ਨੂੰ ਪੂਰੀ ਗੱਲ ਦੱਸ ਦਿੱਤੀ ।
ਸਾਰੀ ਗੱਲ ਦੱਸ ਕੇ ਉਹ ਸਬੂਤ ਦੇਣ ਲਈ ਬੋਲਿਆ- "ਅੰਨਦਾਤਾ! ਉਸ ਆਦਮੀ ਦੀ ਲਾਸ਼ ਅਜੇ ਵੀ ਉਥੇ ਹੀ ਪਈ ਹੈ। ਉਹਦਾ ਮੂੰਹ ਜੇਕਰ ਖੋਲ੍ਹ ਕੇ ਵੇਖਿਆ ਜਾਵੇ ਤਾਂ ਰਤਨਾਵਤੀ ਦਾ ਕੱਟਿਆ ਹੋਇਆ ਨੱਕ ਉਹਦੇ ਮੂੰਹ ਵਿਚ ਹੀ ਹੋਵੇਗਾ।”
ਮਹਾਰਾਜ ਨੇ ਤੁਰੰਤ ਸਿਪਾਹੀਆਂ ਨੂੰ ਆਗਿਆ ਦਿੱਤੀ । ਸਿਪਾਹੀ ਚੋਰ ਦੇ ਨਾਲ ਉਸ ਥਾਂ 'ਤੇ ਗਏ । ਚੋਰ ਦੀ ਗੱਲ ਠੀਕ ਨਿਕਲੀ । ਮਹਾਰਾਜ ਦੀ ਆਗਿਆ ਨਾਲ ਰਤਨਾਵਤੀ ਦੇ ਘਰਵਾਲੇ ਨੂੰ ਛੱਡ ਦਿੱਤਾ ਗਿਆ ਤੇ ਰਤਨਾਵਤੀ ਲਈ ਮਹਾਰਾਜ ਨੇ ਹੁਕਮ ਦਿੱਤਾ ਕਿ ਉਹਦੇ ਵਾਲ ਕਟਾ ਕੇ ਉਸ ਦੇ ਰਾਜ ਵਿਚੋਂ ਕੱਢ ਦਿੱਤਾ ਜਾਵੇ।
ਏਨੀ ਕਹਾਣੀ ਸੁਣਾ ਕੇ ਬੇਤਾਲ ਬੋਲਿਆ- "ਰਾਜਾ ਵਿਕਰਮ । ਹੁਣ ਤੂੰ ਨਿਆਂ ਕਰ ਕਿ ਇਸ ਕਹਾਣੀ 'ਚ ਦੋਸ਼ੀ ਕੌਣ ਹੈ ਤੇ ਕੌਣ ਸੱਚਾ ਹੈ ?"
"ਸੁਣ ਬੇਤਾਲ। ਇਸ ਕਹਾਣੀ 'ਚ ਸਭ ਤੋਂ ਸੁੰਦਰ ਪੱਖ ਚੋਰ ਦਾ ਸੀ । ਉਹ ਈਮਾਨਦਾਰ ਤੇ ਰਹਿਮ ਦਿਲ ਸੀ। ਉਹਦੇ ਦਿਲ 'ਚ ਅਨਿਆਇ
ਵਿਰੁੱਧ ਆਵਾਜ਼ ਉਠਾਉਣ ਦੀ ਤਾਕਤ ਵੀ ਸੀ । ਜੇਕਰ ਉਹ ਰਾਜੇ ਕੋਲ ਜਾ ਕੇ ਸੱਚਾਈ ਦੱਸਣ ਦਾ ਹੌਸਲਾ ਨਾ ਕਰਦਾ ਤਾਂ ਉਹ ਰਾਜਾ ਤਾਂ ਅਨਿਆਇ ਕਰ ਹੀ ਚੁੱਕਾ ਸੀ, ਇਸ ਲਈ ਰਾਜੇ ਦਾ ਪੱਖ ਬਿਲਕੁਲ ਸਪੱਸ਼ਟ ਨਹੀਂ ਕਿਹਾ ਜਾ ਸਕਦਾ।"
ਰਾਜੇ ਵਿਕਰਮ ਦੁਆਰਾ ਜਵਾਬ ਦੇਂਦਿਆਂ ਹੀ ਬੇਤਾਲ ਨੇ ਇਕ ਜ਼ੋਰਦਾਰ ਠਹਾਕਾ ਮਾਰਿਆ ਤੇ ਉਹਦੇ ਮੋਢੇ ਤੋਂ ਉੱਤਰ ਕੇ ਹਵਾ ਵਿਚ ਤੈਰਨ ਲੱਗਾ। ਫਿਰ ਬਿਨਾਂ ਕੁਝ ਬੋਲਿਆਂ ਉਹ ਮੁੜਿਆ ਤੇ ਆਪਣੇ ਦਰਖ਼ਤ ਵੱਲ ਉੱਡਣ ਲੱਗ ਪਿਆ।
ਵਿਕਰਮ ਨੂੰ ਉਹਦੀ ਇਸ ਹਰਕਤ 'ਤੇ ਬੜਾ ਗੁੱਸਾ ਆਇਆ। ਉਹ ਤਲਵਾਰ ਲੈ ਕੇ ਉਹਦੇ ਪਿੱਛੇ ਦੌੜਿਆ ਪਰ ਬੇਤਾਲ ਉਹਦੇ ਹੱਥ ਆਉਣ ਵਾਲਾ ਨਹੀਂ ਸੀ।
ਉਹ ਵਾਪਸ ਜਾ ਕੇ ਆਪਣੇ ਦਰਖ਼ਤ 'ਤੇ ਲਟਕ ਗਿਆ । ਪਰ ਵਿਕਰਮ ਵੀ ਜ਼ਿੱਦੀ ਸੀ । ਉਹਨੇ ਉਹਨੂੰ ਦਰਖ਼ਤ ਤੋਂ ਲਾਹ ਕੇ ਮੋਢਿਆਂ 'ਤੇ ਚੁੱਕਿਆ ਤੇ ਆਪਣੀ ਮੰਜ਼ਿਲ ਵੱਲ ਤੁਰਨ ਲੱਗਾ । ਇਸ ਵਾਰ ਉਹ ਬਹੁਤ ਤੇਜ਼-ਤੇਜ਼ ਤੁਰ ਰਿਹਾ ਸੀ।
ਅਧਿਕਾਰ
"ਵਿਕਰਮ ! ਮੈਂ ਸਮਾਂ ਬਿਤਾਉਣ ਲਈ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ।"
ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਬੇਤਾਲ ਵਿਕਰਮ ਨੂੰ ਮੁਖ਼ਾਤਿਬ ਹੋਇਆ- "ਕਹਾਣੀ ਸੁਣ ਕੇ ਤੂੰ ਆਪਣਾ ਫ਼ੈਸਲਾ ਸੁਣਾਉਣਾ ਹੈ, ਯਾਦ ਰੱਖੀਂ ਵਿਕਰਮ । ਜੇਕਰ ਜਾਣ-ਬੁੱਝ ਕੇ ਤੂੰ ਜਵਾਬ ਨਾ ਦਿੱਤਾ ਤਾਂ ਤੇਰਾ ਸਿਰ ਟੁਕੜੇ-ਟੁਕੜੇ ਹੋ ਕੇ ਖਿੱਲਰ ਜਾਵੇਗਾ।" ਹੁਣ ਕਹਾਣੀ ਸੁਣ- ਮਗਧ ਦੇਸ਼ ਦੀ ਰਾਜਕੁਮਾਰੀ ਬੜੀ ਸੋਹਣੀ ਸੀ । ਜਿੰਨੀ ਉਹ ਸੋਹਣੀ ਸੀ, ਓਨੀ ਹੀ ਉਹ
ਸੁਨੱਖੀ ਸੀ। ਗੁਣਾਂ ਨਾਲ ਭਰਪੂਰ । ਉਹਦੇ ਜਵਾਨ ਹੋਣ ਦੀ ਦੇਰ ਸੀ ਕਿ ਇਕ ਤੋਂ ਇਕ ਗੁਣੀ ਰਾਜਕੁਮਾਰ ਦੇ ਰਿਸ਼ਤੇ ਉਹਦੇ ਲਈ ਆਉਣ ਲੱਗ ਪਏ। ਪਰ ਉਨ੍ਹਾਂ 'ਚੋਂ ਕਿਸੇ ਵੀ ਰਿਸ਼ਤੇ ਨੂੰ ਰਾਜਕੁਮਾਰੀ ਨੇ ਸਵੀਕਾਰ ਨਾ ਕੀਤਾ।"
ਹੌਲੀ-ਹੌਲੀ ਸਮਾਂ ਲੰਘਣ ਲੱਗਾ। ਰਾਜਕੁਮਾਰੀ ਦੀ ਮਾਂ ਨੂੰ ਚਿੰਤਾ ਸਤਾਉਣ ਲੱਗੀ ਕਿ ਧੀ ਹਰ ਰਿਸ਼ਤੇ ਨੂੰ ਠੁਕਰਾ ਦੇਂਦੀ ਹੈ ਆਖ਼ਿਰ ਇਹਦੇ ਮਨ 'ਚ ਕੀ ਹੈ ? ਇਕ ਦਿਨ ਉਹਨੇ ਰਾਜਕੁਮਾਰੀ ਨੂੰ ਪੁੱਛ ਹੀ ਲਿਆ- "ਧੀਏ ! ਤੂੰ ਹਰ ਰਿਸ਼ਤੇ ਨੂੰ ਠੁਕਰਾ ਦੇਂਦੀ ਏਂ, ਕੀ ਗੱਲ ਏ । ਕੀ ਤੈਨੂੰ ਉਨ੍ਹਾਂ 'ਚੋਂ ਕੋਈ ਵੀ ਰਾਜਕੁਮਾਰ ਪਸੰਦ ਨਹੀਂ ?"
"ਹਾਂ ਮਾਂ, ਇਨ੍ਹਾਂ 'ਚੋਂ ਮੈਨੂੰ ਕੋਈ ਵੀ ਪਸੰਦ ਨਹੀਂ ਹੈ।”
"ਪਰ ਧੀਏ ! ਤੇਰੀ ਨਜ਼ਰ 'ਚ ਯੋਗਤਾ ਦਾ ਕਿਹੜਾ ਮਾਪਦੰਡ ਹੈ ?"
"ਜਿਹੜਾ ਰਾਜਕੁਮਾਰ ਸ਼ਕਤੀਸ਼ਾਲੀ ਤੇ ਆਪਣੀ ਘਰਵਾਲੀ ਦੀ ਰੱਖਿਆ ਕਰਨ 'ਚ ਸਮਰੱਥ ਹੋਵੇਗਾ, ਮੈਂ ਉਸੇ ਨਾਲ ਵਿਆਹ ਕਰਾਵਾਂਗੀ।"
"ਤੂੰ ਇਨ੍ਹਾਂ ਦਾ ਇਮਤਿਹਾਨ ਕਿਉਂ ਨਹੀਂ ਲੈ ਲੈਂਦੀ ?"
"ਠੀਕ ਏ।" ਰਾਜਕੁਮਾਰੀ ਚੰਦ੍ਰਲੇਖਾ ਨੇ ਆਪਣੀ ਸਹਿਮਤੀ ਦੇ ਦਿੱਤੀ- "ਹੁਣ ਕੋਈ ਰਿਸ਼ਤਾ ਆਇਆ ਤਾਂ ਮੈਂ ਇੰਜ ਹੀ ਕਰਾਂਗੀ।"
ਕੁਝ ਦਿਨਾਂ ਬਾਅਦ ਇਕ ਰਾਜਕੁਮਾਰ ਪ੍ਰਸਤਾਵ ਲੈ ਕੇ ਹਾਜ਼ਰ ਹੋਇਆ।
"ਤੇਰੇ 'ਚ ਕਿਹੜਾ ਵਿਸ਼ੇਸ਼ ਗੁਣ ਹੈ, ਜਿਹੜਾ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਏਂ ?” ਰਾਜਕੁਮਾਰੀ ਨੇ ਪੁੱਛਿਆ।
"ਮੈਂ ਤ੍ਰੈਕਾਲ-ਦਰਸ਼ੀ ਹਾਂ। ਕਿਸੇ ਦਾ ਵੀ ਭੂਤ, ਭਵਿੱਖ ਤੇ ਵਰਤਮਾਨ ਬਿਲਕੁਲ ਠੀਕ-ਠਾਕ ਦੱਸ ਸਕਦਾ ਹਾਂ।"
"ਠੀਕ ਏ । ਤੁਸੀਂ ਮਹਿਮਾਨ ਨਿਵਾਸ 'ਚ ਠਹਿਰੋ।" ਰਾਜਕੁਮਾਰੀ ਨੇ ਆਖਿਆ-"ਅਸੀਂ ਸੋਚ ਕੇ ਜਵਾਬ ਦੇਵਾਂਗੇ।”
ਉਸ ਤੋਂ ਬਾਅਦ ਇਕ ਰਾਜਕੁਮਾਰ ਹੋਰ ਹਾਜ਼ਰ ਹੋਇਆ । ਰਾਜਕੁਮਾਰੀ ਚੰਦ੍ਰਲੇਖਾ ਨੇ ਉਹਦੇ ਕੋਲੋਂ ਵੀ ਉਹੀ ਜਵਾਬ ਪੁੱਛਿਆ ਤਾਂ ਉਹਨੇ ਦੱਸਿਆ-
"ਮੇਰੇ ਕੋਲ ਇਕ ਅਜਿਹਾ ਰੱਥ ਹੈ ਜਿਹੜਾ ਧਰਤੀ, ਆਕਾਸ਼, ਪਹਾੜ ਤੇ ਸਮੁੰਦਰ ਵਿਚ ਕਿਤੇ ਵੀ ਅਸਾਨੀ ਨਾਲ ਚੱਲ ਸਕਦਾ ਹੈ ਅਤੇ ਉਹਦੀ ਗਤੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।"
ਰਾਜਕੁਮਾਰੀ ਦੀ ਆਗਿਆ ਨਾਲ ਉਹਨੂੰ ਵੀ ਮਹਿਮਾਨ ਨਿਵਾਸ 'ਚ ਠਹਿਰਾ ਦਿੱਤਾ ਗਿਆ।
ਉਸ ਤੋਂ ਦੋ ਦਿਨ ਬਾਅਦ ਇਕ ਰਾਜਕੁਮਾਰ ਹੋਰ ਆਇਆ। ਉਹਨੇ ਦੱਸਿਆ-"ਮੈਂ ਤਲਵਾਰ ਦਾ ਧਨੀ ਹਾਂ। ਮੇਰਾ ਵਾਰ ਕਦੇ ਖ਼ਾਲੀ ਨਹੀਂ ਜਾਂਦਾ।"
ਰਾਜਕੁਮਾਰੀ ਨੇ ਉਹਨੂੰ ਵੀ ਮਹਿਮਾਨ ਨਿਵਾਸ 'ਚ ਭੇਜ ਦਿੱਤਾ ਤੇ ਆਪਣਾ ਫ਼ੈਸਲਾ ਦੇਣ ਲਈ ਇਕ ਦਿਨ ਨਿਸ਼ਚਿਤ ਕਰ ਦਿੱਤਾ । ਮੁਕੱਰਰ ਕੀਤੇ ਗਏ ਦਿਨ 'ਤੇ ਤਿੰਨੇ ਰਾਜਕੁਮਾਰ ਸੱਜ-ਸੰਵਰ ਕੇ ਰਾਜ ਦਰਬਾਰ 'ਚ ਹਾਜ਼ਰ ਹੋਏ। ਸਾਰੇ ਮੈਂਬਰ ਵੀ ਆ ਚੁੱਕੇ ਸਨ।
ਪਰ ਰਾਜਕੁਮਾਰੀ ਅਜੇ ਤਕ ਨਹੀਂ ਸੀ ਆਈ । ਇਥੋਂ ਤਕ ਕਿ ਰਾਜਮਾਤਾ ਵੀ ਆਪਣੀ ਸੀਟ 'ਤੇ ਬਹਿ ਚੁੱਕੀ ਸੀ ਪਰ ਰਾਜਕੁਮਾਰੀ ਅਜੇ ਨਹੀਂ ਸੀ ਆਈ। ਏਨੇ ਨੂੰ ਕੁਝ ਸੇਵਕਾਂ ਨੇ ਆ ਕੇ ਦੱਸਿਆ ਕਿ ਰਾਜਕੁਮਾਰੀ ਆਪਣੇ ਕਮਰੇ 'ਚ ਨਹੀਂ ਹੈ।
ਇਹ ਸੁਣਦਿਆਂ ਹੀ ਪੂਰੇ ਦਰਬਾਰ 'ਚ ਹਲਚਲ ਮੱਚ ਗਈ। ਰਾਜਮਾਤਾ ਦੇ ਆਦੇਸ਼ 'ਤੇ ਮਹੱਲ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਰਾਜਕੁਮਾਰੀ ਨਾ ਲੱਭੀ।
ਪੂਰੇ ਰਾਜ 'ਚ ਇਹ ਖ਼ਬਰ ਫੈਲ ਗਈ ਤੇ ਪੂਰੇ ਰਾਜ 'ਚ ਉਦਾਸੀ ਛਾ ਗਈ। ਰਾਜਕੁਮਾਰੀ ਆਖ਼ਿਰ ਗਈ ਤਾਂ ਗਈ ਕਿਥੇ ?
ਏਸੇ ਦੌਰਾਨ ਰਾਜਮਾਤਾ ਨੂੰ ਤ੍ਰੈਕਾਲ-ਦਰਸ਼ੀ ਰਾਜਕੁਮਾਰ ਦਾ ਖ਼ਿਆਲ ਆਇਆ । ਰਾਜਮਾਤਾ ਨੇ ਉਹਨੂੰ ਪੁੱਛਿਆ-“ਰਾਜਕੁਮਾਰ ! ਕੀ ਤੂੰ ਆਪਣੀ ਵਿਦਿਆ ਰਾਹੀਂ ਪਤਾ ਕਰ ਸਕਦਾ ਏਂ ਕਿ ਰਾਜਕੁਮਾਰੀ ਇਸ ਵਕਤ ਕਿਥੇ ਹੈ?"
"ਜ਼ਰੂਰ ਦੱਸ ਸਕਦਾ ਹਾਂ ਰਾਜਮਾਤਾ।" ਤ੍ਰੈਕਾਲ-ਦਰਸ਼ੀ ਰਾਜਕੁਮਾਰ, ਜਿਸਦਾ ਨਾਂ ਵੀਰੇਂਦ੍ਰ ਸੀ, ਨੇ ਹਿਸਾਬ ਲਾ ਕੇ ਦੱਸਿਆ-"ਇਕ ਰਾਖਸ਼ਸ਼ ਰਾਜਕੁਮਾਰੀ ਦੀ ਸੁੰਦਰਤਾ 'ਤੇ ਮੋਹਿਤ ਹੋ ਕੇ ਉਹਨੂੰ ਚੁੱਕ ਕੇ ਆਪਣੇ ਮਹੱਲ 'ਚ ਲੈ ਗਿਆ ਹੈ। ਉਹਦਾ ਮਹੱਲ ਅਰਾਵਲੀ ਪਹਾੜੀਆਂ ਦੇ ਵਿਚ ਬੜੀ ਹੀ ਡਰਾਉਣੀ ਜਗ੍ਹਾ 'ਤੇ ਬਣਿਆ ਹੋਇਆ ਹੈ।" ਕਹਿੰਦਿਆਂ ਉਹਨੇ ਉਥੇ ਪਹੁੰਚਣ ਲਈ ਰਸਤੇ ਅਤੇ ਮਹੱਲ ਦਾ ਨਕਸ਼ਾ ਵੀ ਬਣਾ ਕੇ ਦੇ ਦਿੱਤਾ।
ਰਥੀ ਨੇ ਆਪਣਾ ਰਥ ਕੱਢ ਲਿਆ। ਤਲਵਾਰਧਾਰੀ ਨੇ ਆਪਣੀ ਤਲਵਾਰ ਕੱਢ ਲਈ। ਫਿਰ ਰਾਜਮਾਤਾ ਦੀ ਆਗਿਆ ਲੈ ਕੇ ਤਿੰਨੋ ਰਾਜਕੁਮਾਰ ਰਾਖਸ਼ਸ਼ ਦੇ ਮਹੱਲ ਵੱਲ ਤੁਰ ਪਏ।
ਕੁਝ ਹੀ ਦੇਰ ਬਾਅਦ ਉਹ ਮਹੱਲ ਦੇ ਸਾਹਮਣੇ ਖਲੋਤੇ ਸਨ । ਤ੍ਰੈਕਾਲ- ਦਰਸ਼ੀ ਰਾਜਕੁਮਾਰ ਵੀਰੇਂਦ੍ਰ ਸਿੰਘ ਨੇ ਦੱਸਿਆ ਕਿ ਰਾਖਸ਼ਸ਼ ਰਾਜਕੁਮਾਰੀ ਨੂੰ ਇਕ ਕਮਰੇ 'ਚ ਤਸੀਹੇ ਦੇ ਰਿਹਾ ਹੈ। ਉਹਨੇ ਇਹ ਵੀ ਦੱਸਿਆ ਕਿ ਇਹ ਰਾਜਕੁਮਾਰ ਧਨੰਜਯ ਦੁਆਰਾ ਮਾਰਿਆ ਜਾਵੇਗਾ।
ਫਿਰ ਉਹ ਤਿੰਨੇ ਰਾਖਸ਼ਸ਼ ਹਮਲਾ ਕਰਕੇ ਰਾਜਕੁਮਾਰੀ ਨੂੰ ਮੁਕਤ ਕਰਾਉਣ ਲਈ ਤੁਰ ਪਏ। ਇਸ ਵਕਤ ਕੋਈ ਦੈਵੀ ਸ਼ਕਤੀ ਹੀ ਉਨ੍ਹਾਂ ਦੀ ਮਦਦ ਕਰ ਰਹੀ ਸੀ। ਰਾਜਕੁਮਾਰ ਧਨੰਜਯ ਦੀ ਤਲਵਾਰ ਦੇ ਸਾਹਮਣੇ ਰਾਖਸ਼ਸ਼ ਇਕ ਪਲ ਵੀ ਨਾ ਠਹਿਰ ਸਕਿਆ। ਰਾਖਸ਼ਸ਼ ਦੀ ਮੌਤ ਦੇ ਨਾਲ ਹੀ ਉਹਦਾ ਮਾਇਆ ਜਾਲ ਸਮਾਪਤ ਹੋ ਗਿਆ । ਉਹ ਅਤੇ ਉਸਦੇ ਮਹੱਲ ਆਦਿ ਸਾਰੇ ਗ਼ਾਇਬ ਹੋ ਗਏ।
ਤਿੰਨੇ ਰਾਜਕੁਮਾਰ ਰਾਜਕੁਮਾਰੀ ਨੂੰ ਲੈ ਕੇ ਵਾਪਸ ਆ ਗਏ।
ਵਾਪਸ ਆਉਣ 'ਤੇ ਉਹ ਤਿੰਨੇ ਰਾਜਕੁਮਾਰੀ 'ਤੇ ਆਪਣਾ-ਆਪਣਾ ਹੱਕ ਜਿਤਾਉਣ ਲੱਗੇ। ਤਿੰਨਾਂ ਦੇ ਵੱਖ-ਵੱਖ ਤਰਕ ਸਨ।
ਤ੍ਰੈਕਾਲ-ਦਰਸ਼ੀ ਰਾਜਕੁਮਾਰ ਵੀਰੇਂਦ੍ਰ ਦਾ ਕਹਿਣਾ ਸੀ- “ਜੇਕਰ ਮੈਂ ਆਪਣਾ ਗਣਿਤ ਲਾ ਕੇ ਇਹ ਨਾ ਦੱਸਦਾ ਕਿ ਰਾਜਕੁਮਾਰੀ ਇਸ ਵਕਤ ਕਿਥੇ ਹੈ ਤਾਂ ਧਨੰਜਯ ਤੇ ਉਦੈਵੀਰ ਸਿੰਘ ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ
ਵੀ ਰਾਜਕੁਮਾਰੀ ਤਕ ਨਹੀਂ ਸਨ ਪਹੁੰਚ ਸਕਦੇ । ਇਸ ਲਈ ਰਾਜਕੁਮਾਰੀ 'ਤੇ ਸਿਰਫ਼ ਤੇ ਸਿਰਫ਼ ਮੇਰਾ ਹੀ ਹੱਕ ਹੈ।”
ਉਦੈਵੀਰ ਦਾ ਦਾਅਵਾ ਸੀ-"ਜੇਕਰ ਮੇਰੇ ਕੋਲ ਕਰਾਮਾਤੀ ਰਥ ਨਾ ਹੁੰਦਾ ਤਾਂ ਵੀਰੇਂਦ੍ਰ ਤੇ ਧਨੰਜਯ ਕਿਸੇ ਵੀ ਹਾਲਤ 'ਚ ਰਾਖਸ਼ਸ਼ ਤਕ ਨਹੀਂ ਸਨ ਪਹੁੰਚ ਸਕਦੇ ।"
"ਇਹ ਦੋਵੇਂ ਤਰਕ ਗ਼ਲਤ ਹਨ।" ਰਾਜਕੁਮਾਰ ਧਨੰਜਯ ਨੇ ਆਖਿਆ-"ਕਿਸੇ ਨਾ ਕਿਸੇ ਤਰ੍ਹਾਂ ਰਾਜਕੁਮਾਰੀ ਦਾ ਪਤਾ ਵੀ ਚਲ ਜਾਂਦਾ ਤੇ ਉਸ ਤਕ ਪਹੁੰਚਣਾ ਵੀ ਅਸੰਭਵ ਨਹੀਂ ਸੀ । ਅਸੰਭਵ ਸੀ ਰਾਖਸ਼ਸ਼ ਨੂੰ ਮਾਰ ਕੇ ਰਾਜਕੁਮਾਰੀ ਨੂੰ ਸੁਰੱਖਿਅਤ ਵਾਪਸ ਲਿਆਉਣਾ। ਇਹ ਕੰਮ ਕਿਉਂਕਿ ਮੈਂ ਕੀਤਾ ਹੈ ਇਸ ਲਈ ਰਾਜਕੁਮਾਰੀ 'ਤੇ ਸਿਰਫ਼ ਤੇ ਸਿਰਫ਼ ਮੇਰਾ ਹੀ ਅਧਿਕਾਰ ਹੈ।"
"ਰਾਜਾ ਵਿਕਰਮ ! ਉਨ੍ਹਾਂ ਤਿੰਨਾਂ ਦਾ ਤਰਕ ਆਪਣੀ-ਆਪਣੀ ਜਗ੍ਹਾ ਠੀਕ ਸੀ । ਤਿੰਨਾਂ ਨੇ ਮਹੱਤਵਪੂਰਨ ਕਾਰਜ ਕੀਤੇ ਸਨ । ਜਦੋਂ ਰਾਜਕੁਮਾਰੀ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਦਾ ਕਹਿਣਾ ਸੀ ਕਿ ਉਹ ਤਿੰਨਾਂ ਦੇ ਅਹਿਸਾਨ ਥੱਲੇ ਦੱਬੀ ਹੋਈ ਹੈ। ਅਖ਼ੀਰ ਉਹ ਤਿੰਨੇ ਹੀ ਆਪਸ 'ਚ ਕੋਈ ਫ਼ੈਸਲਾ ਕਰਨ। ਤੇਰਾ ਫ਼ੈਸਲਾ ਬੜਾ ਪ੍ਰਸਿੱਧ ਏ ਵਿਕਰਮ । ਹੁਣ ਤੂੰ ਇਹ ਦੱਸ ਕਿ ਰਾਜਕੁਮਾਰੀ 'ਤੇ ਸਹੀ ਮਾਅਨਿਆਂ 'ਚ ਅਧਿਕਾਰ ਕਿਸਦਾ ਹੈ ?" ਆਪਣੇ ਮਨ 'ਚ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਵਿਕਰਮ ਨੇ ਆਖਿਆ-"ਮੇਰੇ ਅਨੁਸਾਰ ਤਾਂ ਰਾਜਕੁਮਾਰੀ 'ਤੇ ਅਧਿਕਾਰ ਰਾਜਕੁਮਾਰ ਧਨੰਜਯ ਦਾ ਹੋਣਾ ਚਾਹੀਦਾ ਹੈ।"
"ਕਿਵੇਂ...ਧਨੰਜਯ ਦਾ ਅਧਿਕਾਰ ਕਿਉਂ ਹੋਣਾ ਚਾਹੀਦੈ ?"
“ਸੁਣ ਬੇਤਾਲ ! ਜਿਹੜਾ ਤਾਕਤਵਾਰ ਹੋਵੇ, ਉਹਦਾ ਹੀ ਅਧਿਕਾਰ ਹੁੰਦਾ ਹੈ। ਧਨੰਜਯ ਨੇ ਹੀ ਰਾਖਸ਼ਸ਼ ਦੀ ਹੱਤਿਆ ਕਰਕੇ ਰਾਜਕੁਮਾਰੀ ਨੂੰ ਉਹਦੀ ਕੈਦ 'ਚੋਂ ਆਜ਼ਾਦ ਕਰਵਾਇਆ ਸੀ । ਰਾਜਕੁਮਾਰੀ ਦਾ ਪਤਾ ਲੱਗਣਾ ਅਸੰਭਵ ਨਹੀਂ ਸੀ। ਦੋ-ਚਾਰ ਦਿਨਾਂ ਬਾਅਦ ਉਸਦਾ ਪਤਾ ਲੱਗ
ਹੀ ਜਾਣਾ ਸੀ ਤੇ ਜਦੋਂ ਪਤਾ ਲੱਗ ਜਾਂਦਾ ਤਾਂ ਕਿਸੇ ਨਾ ਕਿਸੇ ਤਰੀਕੇ ਉਹਦੇ ਤਕ ਪਹੁੰਚਿਆ ਵੀ ਜਾ ਸਕਦਾ ਸੀ । ਪਰ ਵੱਡੀ ਗੱਲ ਹੈ ਰਾਖਸ਼ਸ਼ ਨੂੰ ਮਾਰਨਾ, ਇਸ ਲਈ ਰਾਜਕੁਮਾਰੀ 'ਤੇ ਰਾਜਕੁਮਾਰ ਧਨੰਜਯ ਦਾ ਅਧਿਕਾਰ ਹੈ।”
"ਤੂੰ ਠੀਕ ਕਹਿੰਦਾ ਏਂ ਰਾਜਾ ਵਿਕਰਮ, ਤੇਰਾ ਫ਼ੈਸਲਾ ਠੀਕ ਏ।” ਕਹਿ ਕੇ ਬੇਤਾਲ ਨੇ ਠਹਾਕਾ ਮਾਰਿਆ।
ਫਿਰ ਅਚਾਨਕ ਹੀ ਉਹ ਉਹਦੇ ਮੋਢੇ ਤੋਂ ਉਪਰ ਉੱਡਿਆ ਤੇ ਹਵਾ 'ਚ ਤੈਰਨ ਲੱਗਾ।
“ਤੂੰ ਫਿਰ ਭੱਜ ਗਿਆ ।" ਵਿਕਰਮ ਨੇ ਉਹਦੇ 'ਤੇ ਤਲਵਾਰ ਨਾਲ ਵਾਰ ਕੀਤੇ । ਪਰ ਵਿਕਰਮ ਦੀ ਤਲਵਾਰ ਉਹਨੂੰ ਛੂਹ ਵੀ ਨਾ ਸਕੀ।"
ਤੂੰ ਭੁੱਲ ਜਾਂਦਾ ਏਂ ਵਿਕਰਮ... ਤੂੰ ਭੁੱਲ ਜਾਂਦਾ ਏਂ.. ਮੈਂ ਤੈਨੂੰ ਕਿਹਾ ਸੀ ਕਿ ਜੇਕਰ ਤੂੰ ਬੋਲਿਆ ਤਾਂ ਮੈਂ ਵਾਪਸ ਪਰਤ ਜਾਵਾਂਗਾ...।”
ਕਹਿ ਕੇ ਬੇਤਾਲ ਤੇਜ਼ੀ ਨਾਲ ਆਪਣੇ ਠਿਕਾਣੇ ਵੱਲ ਉੱਡਣ ਲੱਗਾ।
ਪਰ ਵਿਕਰਮ ਵੀ ਕਿਥੇ ਹਾਰ ਮੰਨਣ ਵਾਲਾ ਸੀ-ਉਹ ਵੀ ਆਪਣੀ ਤਲਵਾਰ ਸਮੇਤ ਕਾਹਲੀ-ਕਾਹਲੀ ਉਹਦੇ ਮਗਰ ਦੌੜਿਆ।
ਅਸਲੀ ਪਤੀ ਕੌਣ ?
"ਤੂੰ ਕੀ ਸਮਝਦਾ ਏਂ... ਮੈਂ ਤੇਰਾ ਪਿੱਛਾ ਛੱਡ ਦਿਆਂਗਾ- ਬੇਤਾਲ! ਮੇਰਾ ਨਾਂ ਵਿਕਰਮ ਹੈ ਤੇ ਜਿਹੜੀ ਗੱਲ ਇਕ ਵਾਰ ਮੈਂ ਸੋਚ ਲਵਾਂ, ਉਹਨੂੰ ਪੂਰਾ ਕਰਕੇ ਹੀ ਸਾਹ ਲੈਂਦਾ ਹਾਂ।" ਕਹਿੰਦਿਆਂ ਉਹਨੇ ਉਹਨੂੰ ਇਕ ਵਾਰ ਫਿਰ ਆਪਣੇ ਮੋਢਿਆਂ 'ਤੇ ਲੱਦ ਲਿਆ।
ਬੇਤਾਲ ਉਹਨੂੰ ਗੱਲਾਂ 'ਚ ਉਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਉਹ ਚੁੱਪਚਾਪ ਉਹਦੀਆਂ ਗੱਲਾਂ ਸੁਣ ਰਿਹਾ ਸੀ। ਉਹ ਜਾਣਦਾ ਸੀ ਕਿ ਇਹ ਬੇਤਾਲ ਬਹੁਤ ਚਾਲਾਕ ਹੈ ਅਤੇ ਇਸ ਨੂੰ ਤਾਂਤ੍ਰਿਕ ਕੋਲ ਲੈ ਕੇ ਜਾਣਾ ਸੌਖਾ ਕੰਮ ਨਹੀਂ ਹੈ।
ਸੁਣ ਵਿਕਰਮ ! ਇਸ ਤਰ੍ਹਾਂ ਤਾਂ ਇਹ ਸਫ਼ਰ ਬੜਾ ਹੀ ਅਕਾਊ ਤੇ ਥਕਾਵਟ ਭਰਿਆ ਹੋ ਜਾਵੇਗਾ । ਇਸ ਲਈ ਇਸ ਤੋਂ ਬਚਣ ਲਈ ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ—
ਉਜੈਨੀ ਨਗਰ 'ਚ ਇਕ ਸੇਠ ਰਹਿੰਦਾ ਸੀ— ਉਹਦਾ ਇਕ ਹੀ ਪੁੱਤਰ ਸੀ ਜਿਸਦਾ ਨਾਮ ਗੰਧਰਵਸੇਨ ਸੀ। ਗੰਧਰਵਸੇਨ ਬੇਹੱਦ ਖੂਬਸੂਰਤ ਅਤੇ ਬੁੱਧੀਮਾਨ ਸੀ। ਉਹਦਾ ਰਹਿਣ-ਸਹਿਣ ਬਿਲਕੁਲ ਰਾਜਕੁਮਾਰਾਂ ਵਰਗਾ ਸੀ। ਉਹਦਾ ਨਿੱਤ ਦਾ ਨਿਯਮ ਸੀ ਕਿ ਉਹ ਘੋੜੇ 'ਤੇ ਸਵਾਰ ਹੋ ਕੇ ਨਗਰ ਦੀ ਸੈਰ ਕਰਦਾ ਸੀ । ਨਗਰ ਦੀਆਂ ਬਹੁਤ ਸਾਰੀਆਂ ਸੋਹਣੀਆਂ ਕੁੜੀਆਂ ਗੰਧਰਵਸੇਨ 'ਤੇ ਮਰਦੀਆਂ ਸਨ, ਪਰ ਉਨ੍ਹਾਂ 'ਚੋਂ ਗੰਧਰਵ ਸੇਨ ਨੂੰ ਕੋਈ ਵੀ ਪਸੰਦ ਨਹੀਂ ਸੀ।
ਇਕ ਵਾਰ ਦੀ ਗੱਲ ਹੈ ਕਿ ਗੰਧਰਵ ਸੇਨ ਨਦੀ ਦੇ ਕੰਢੇ ਚਲਾ ਗਿਆ ਉਸ ਘਾਟ 'ਤੇ ਬਹੁਤ ਸਾਰੇ ਧੋਬੀ ਕੱਪੜੇ ਧੋ ਰਹੇ ਸਨ । ਘਾਟ ਉੱਤੇ ਇਕ ਕਤਾਰ ਵਿਚ ਕਾਫ਼ੀ ਵੱਡੇ-ਵੱਡੇ ਪੱਥਰ ਪਏ ਸਨ, ਜਿਨ੍ਹਾਂ 'ਤੇ ਧੋਬੀ ਕੱਪੜੇ ਸਾਫ਼ ਕਰ ਰਹੇ ਸਨ । ਉਹ ਮੂੰਹ 'ਚੋਂ ਭਾਂਤ-ਭਾਂਤ ਦੀਆਂ ਆਵਾਜ਼ਾਂ ਕੱਢ ਕੇ ਇਕ ਦੂਜੇ ਦਾ ਹੌਸਲਾ ਵਧਾ ਰਹੇ ਸਨ।
ਇਸ ਦੌਰਾਨ ਗੰਧਰਵ ਸੇਨ ਦੀ ਨਜ਼ਰ ਇਕ ਮੁਟਿਆਰ 'ਤੇ ਪਈ ਜਿਹੜੀ ਚੁੱਪ ਕਰਕੇ ਕੱਪੜੇ ਧੋ ਰਹੀ ਸੀ। ਆਪਣੇ ਕੰਮ 'ਚ ਉਹ ਏਨੀ ਜ਼ਿਆਦਾ ਖੁਭੀ ਹੋਈ ਸੀ ਕਿ ਆਸੇ-ਪਾਸੇ ਦੀ ਉਹਨੂੰ ਕੋਈ ਖ਼ਬਰ ਨਹੀਂ ਸੀ। ਉਹਦਾ ਸਾਂਚੇ 'ਚ ਢਲਿਆ ਸਰੀਰ ਤੇ ਰੰਗ-ਰੂਪ ਵੇਖ ਕੇ ਉਹਦੇ ਰਾਜਕੁਮਾਰੀ ਹੋਣ ਦਾ ਭੁਲੇਖਾ ਪੈਂਦਾ ਸੀ । ਗੰਧਰਵ ਸੇਨ ਮੁਗਧ ਹੋ ਕੇ ਟਿਕਟਿਕੀ ਬੰਨ੍ਹ ਕੇ ਉਹਨੂੰ ਵੇਖੀ ਜਾ ਰਿਹਾ ਸੀ । ਫਿਰ ਅਚਾਨਕ ਉਹਨੇ ਡੂੰਘਾ ਸਾਹ ਲਿਆ, ਫਿਰ ਉਥੇ ਨੇੜੇ ਬਣੇ ਇਕ ਮੰਦਰ ਦੀਆਂ ਪੌੜੀਆਂ 'ਤੇ ਬਹਿ ਗਿਆ।
ਉਹ ਮੰਦਰ ਦੇਵੀ ਦਾ ਸੀ । ਸੂਰਜ ਅਸਤ ਹੋਣ ਤਕ ਗੰਧਰਵ ਸੇਨ ਉਥੇ ਹੀ ਬੈਠਾ ਉਸ ਮੁਟਿਆਰ ਨੂੰ ਵੇਖਦਾ ਰਿਹਾ । ਉਹ ਕੁੜੀ ਆਪਣੇ ਪਰਿਵਾਰ ਦੇ ਮਰਦਾਂ ਨਾਲ ਖੋਤਿਆਂ 'ਤੇ ਸਾਰਾ ਸਮਾਨ ਲੱਦ ਕੇ ਆਪਣੇ ਘਰ ਵੱਲ ਚਲੀ
ਗਈ।
ਗੰਧਰਵ ਸੈਨ ਵੇਖਦਾ ਰਿਹਾ। ਜਿਉਂ-ਜਿਉਂ ਉਹ ਕੁੜੀ ਕਾਫ਼ਲੇ ਨਾਲ ਦੂਰ ਜਾਈ ਜਾ ਰਹੀ ਸੀ, ਤਿਉਂ-ਤਿਉਂ ਗੰਧਰਵ ਸੇਨ ਦੀ ਉਦਾਸੀ ਵਧਦੀ ਜਾ ਰਹੀ ਸੀ।
ਅਖ਼ੀਰ 'ਚ ਉਹ ਕੁੜੀ ਉਹਦੀਆਂ ਅੱਖਾਂ ਤੋਂ ਬਿਲਕੁਲ ਓਝਲ ਹੋ ਗਈ।
ਗੰਧਰਵ ਸੇਨ ਨੇ ਠੰਡਾ ਸਾਹ ਭਰ ਕੇ ਆਪਣੇ ਆਸੇ-ਪਾਸੇ ਵੇਖਿਆ, ਉਥੇ ਕੋਈ ਨਹੀਂ ਸੀ। ਕੁਝ ਹੀ ਦੂਰੀ 'ਤੇ ਇਕ ਦਰਖ਼ਤ ਨਾਲ ਉਹਦਾ ਘੋੜਾ ਬੱਝਾ ਹੋਇਆ ਸੀ। ਅਚਾਨਕ ਗੰਧਰਵ ਸੇਨ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹ ਉੱਠ ਕੇ ਮੰਦਰ ਦੇ ਅੰਦਰ ਚਲਾ ਗਿਆ ਤੇ ਉਥੇ ਸਥਾਪਿਤ ਦੇਵੀ ਦੀ ਮੂਰਤੀ ਦੇ ਸਾਹਮਣੇ ਜਾ ਕੇ ਬੋਲਿਆ-"ਮਾਂ । ਜੇਕਰ ਇਕ ਮਹੀਨੇ ਦੇ ਅੰਦਰ ਅੰਦਰ ਮੇਰਾ ਵਿਆਹ ਇਸ ਕੁੜੀ ਨਾਲ ਹੋ ਗਿਆ ਤਾਂ ਮੈਂ ਆਪਣਾ ਸਿਰ ਵੱਢ ਕੇ ਤੇਰੇ ਚਰਨਾਂ 'ਚ ਅਰਪਿਤ ਕਰ ਦਿਆਂਗਾ।”
ਇਸ ਤਰ੍ਹਾਂ ਦੀ ਪ੍ਰਤੀਗਿਆ ਕਰਕੇ ਉਹ ਉਦਾਸ ਮਨ ਨਾਲ ਬਾਹਰ ਆਇਆ ਅਤੇ ਆਪਣੇ ਘੋੜੇ 'ਤੇ ਸਵਾਰ ਹੋ ਕੇ ਘਰ ਵੱਲ ਚਲਾ ਗਿਆ।
ਉਹਦੀ ਮਨੋਸਥਿਤੀ ਬੜੀ ਹੀ ਅਜੀਬ ਸੀ । ਉਹ ਉਸ ਕੁੜੀ ਨੂੰ ਇਕ ਪਲ ਲਈ ਵੀ ਨਹੀਂ ਸੀ ਭੁਲਾ ਸਕਿਆ। ਉਹਦੀ ਭੋਲੀ-ਭਾਲੀ ਮਾਸੂਮ ਸੂਰਤ ਵਾਰ-ਵਾਰ ਉਹਦੀਆਂ ਅੱਖਾਂ ਸਾਹਮਣੇ ਨੱਚਣ ਲੱਗ ਪੈਂਦੀ ਸੀ। ਉਦਾਸ ਮਨ ਨਾਲ ਉਹ ਆਪਣੇ ਕਮਰੇ 'ਚ ਜਾ ਕੇ ਮੰਜੇ 'ਤੇ ਲੇਟ ਗਿਆ। ਉਸ ਦਿਨ ਤੋਂ ਉਹਦਾ ਖਾਣ-ਪੀਣਾ ਵੀ ਛੁੱਟ ਗਿਆ।
ਉਹਦੀ ਅਜਿਹੀ ਹਾਲਤ ਵੇਖ ਕੇ ਸਾਰਾ ਪਰਿਵਾਰ ਫ਼ਿਕਰਮੰਦ ਹੋ ਗਿਆ।
ਉਹਦੇ ਮਾਤਾ-ਪਿਤਾ ਨੇ ਉਹਨੂੰ ਬੜਾ ਪੁੱਛਿਆ ਕਿ ਕੀ ਕਾਰਨ ਹੈ, ਉਹ ਇੰਜ ਕਿਉਂ ਕਰ ਰਿਹਾ ਹੈ ? ਪਰ ਗੰਧਰਵ ਸੇਨ ਨੇ ਕਿਸੇ ਨੂੰ ਕੁਝ ਨਾ ਦੱਸਿਆ।
ਵੈਦ ਬੁਲਾਏ ਗਏ, ਪਰ ਉਹਦਾ ਵੀ ਕੋਈ ਲਾਭ ਨਾ ਹੋਇਆ। ਉਹਦੇ ਮਾਤਾ-ਪਿਤਾ ਦੁਖੀ ਹੋ ਗਏ। ਕੋਈ ਲਾਭ ਨਾ ਹੁੰਦਾ ਵੇਖ ਕੇ ਉਹਦੇ ਪਿਉ
ਨੇ ਉਹਦੇ ਜਿਗਰੀ ਦੋਸਤ ਦੇਵਦੱਤ ਨੂੰ ਸੱਦਾ ਘੱਲਿਆ। ਉਨ੍ਹਾਂ ਦਾ ਖ਼ਿਆਲ ਸੀ ਕਿ ਸ਼ਾਇਦ ਦੇਵਦੱਤ ਨੂੰ ਹੀ ਇਹ ਆਪਣੇ ਮਨ ਦੀ ਗੱਲ ਦੱਸ ਦੇਵੇ। ਸੂਚਨਾ ਮਿਲਦਿਆਂ ਹੀ ਦੇਵਦੱਤ ਦੌੜਾ ਆਇਆ ਅਤੇ ਆਪਣੇ ਮਿੱਤਰ ਦੀ ਹਾਲਤ ਵੇਖ ਕੇ ਬੜਾ ਦੁਖੀ ਹੋਇਆ। ਜਦੋਂ ਉਹਨੂੰ ਇਕੱਲੇ ਨੂੰ ਮੌਕਾ ਮਿਲਿਆ ਤਾਂ ਦੇਵਦੱਤ ਨੇ ਉਹਦੇ ਨਾਲ ਗੱਲਬਾਤ ਕੀਤੀ। ਗੰਧਰਵ ਸੇਨ ਨੇ ਉਹਨੂੰ ਆਪਣੇ ਮਨ ਦੀ ਸਾਰੀ ਗੱਲ ਦੱਸ ਦਿੱਤੀ। ਆਪਣੇ ਮਿੱਤਰ ਨੂੰ ਦਿਲਾਸਾ ਦੇ ਕੇ ਦੇਵਦੱਤ ਅਗਲੇ ਦਿਨ ਹੀ ਨਦੀ ਕਿਨਾਰੇ ਜਾ ਕੇ ਉਸ ਕੁੜੀ ਦੇ ਪਿਉ ਨੂੰ ਮਿਲਿਆ। ਕੁੜੀ ਦਾ ਨਾਂ ਰੂਪਮਤੀ ਸੀ । ਰੂਪਮਤੀ ਦੇ ਪਿਉ ਨੇ ਜਦੋਂ ਦੇਵਦੱਤ ਦੀ ਗੱਲ ਸੁਣੀ ਤਾਂ ਬੜਾ ਖ਼ੁਸ਼ ਹੋਇਆ। ਆਖ਼ਿਰ ਏਨੇ ਵੱਡੇ ਘਰ ਦਾ ਰਿਸ਼ਤਾ ਉਹ ਕਿਵੇਂ ਠੁਕਰਾ ਸਕਦਾ ਸੀ ?
ਰੂਪਮਤੀ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਬਹੁਤ ਖ਼ੁਸ਼ ਹੋਈ। ਸੱਚ ਤਾਂ ਇਹ ਸੀ ਕਿ ਉਹ ਵੀ ਆਪਣੇ ਮਨ 'ਚ ਗੰਧਰਵ ਸੇਨ ਨੂੰ ਪਸੰਦ ਕਰਦੀ ਸੀ। ਪਰ ਉਸ ਨੇ ਆਪਣੀ ਹੈਸੀਅਤ ਨੂੰ ਵੇਖਦੇ ਹੋਏ ਕਦੀ ਇਸ ਗੱਲ ਨੂੰ ਆਪਣੀ ਜ਼ਬਾਨ 'ਤੇ ਨਹੀਂ ਸੀ ਲਿਆਂਦਾ।
ਫਿਰ-ਦੇਵਦੱਤ ਦੇ ਯਤਨਾਂ ਨਾਲ ਦੋਵਾਂ ਦਾ ਵਿਆਹ ਹੋ ਗਿਆ।
ਗੰਧਰਵ ਸੇਨ ਰਾਗ-ਰੰਗ 'ਚ ਡੁੱਬ ਗਿਆ । ਉਹ ਤਾਂ ਰੂਪਮਤੀ ਨੂੰ ਇਕ ਪਲ ਲਈ ਵੀ ਆਪਣੀਆਂ ਅੱਖਾਂ ਤੋਂ ਉਹਲੇ ਨਹੀਂ ਸੀ ਹੋਣ ਦੇਂਦਾ।
ਇਕ ਮਹੀਨਾ ਕਿੰਝ ਲੰਘ ਗਿਆ, ਉਹਨੂੰ ਪਤਾ ਹੀ ਨਾ ਲੱਗਾ।
ਅਚਾਨਕ ਇਕ ਦਿਨ ਗੰਧਰਵ ਸੇਨ ਨੂੰ ਆਪਣੀ ਪ੍ਰਤੀਗਿਆ ਯਾਦ ਆਈ ਅਤੇ ਉਹ ਆਪਣੀ ਪਤਨੀ ਅਤੇ ਦੋਸਤ ਨਾਲ ਮੰਦਰ ਵੱਲ ਚਲਾ ਗਿਆ। ਆਪਣੀ ਪ੍ਰਤੀਗਿਆ ਦੇ ਬਾਰੇ ਉਹਨੇ ਆਪਣੇ ਮਿੱਤਰ ਜਾਂ ਪਤਨੀ ਨੂੰ ਵੀ ਕੁਝ ਨਾ ਦੱਸਿਆ।
ਗੰਧਰਵ ਸੇਨ ਨੇ ਰੂਪਮਤੀ ਅਤੇ ਦੇਵਦੱਤ ਨੂੰ ਮੰਦਰ ਦੇ ਬਾਹਰ ਖਲੋਣ ਨੂੰ ਆਖਿਆ ਅਤੇ ਮੰਦਰ ਜਾ ਕੇ ਆਪਣੀ ਤਲਵਾਰ ਨਾਲ ਆਪਣਾ ਸਿਰ ਵੱਢ ਕੇ ਮਾਂ ਦੇ ਚਰਨਾਂ 'ਚ ਅਰਪਿਤ ਕਰ ਦਿੱਤਾ।
ਦੇਵਦੱਤ ਅਤੇ ਰੂਪਮਤੀ ਬਾਹਰ ਖਲੋਤੇ ਉਹਨੂੰ ਉਡੀਕ ਰਹੇ ਸਨ। ਜਿਉਂ-ਜਿਉਂ ਸਮਾਂ ਲੰਘਦਾ ਜਾ ਰਿਹਾ ਸੀ, ਰੂਪਮਤੀ ਅਤੇ ਦੇਵਦੱਤ ਦੀ ਹੈਰਾਨੀ ਵਧਦੀ ਜਾ ਰਹੀ ਸੀ ਕਿ ਆਖ਼ਿਰ ਗੰਧਰਵਸੇਨ ਮੰਦਰ ਅੰਦਰ ਕੀ ਕਰਨ ਗਿਆ ਹੈ ਅਤੇ ਏਨੀ ਦੇਰ ਕਿਉਂ ਕਰ ਦਿੱਤੀ ਹੈ ?
ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਗੰਧਰਵ ਸੇਨ ਬਾਹਰ ਨਾ ਆਇਆ ਤਾਂ ਦੇਵਦੱਤ ਬੋਲਿਆ-"ਤੂੰ ਏਥੇ ਹੀ ਰੁਕ ਭਾਬੀ, ਮੈਂ ਅੰਦਰ ਜਾ ਕੇ ਵੇਖਦਾ ਹਾਂ ਕਿ ਆਖ਼ਿਰ ਗੰਧਰਵ ਸੇਨ ਅੰਦਰ ਕੀ ਕਰ ਰਿਹਾ ਹੈ।"
...ਅਤੇ ਜਦੋਂ ਦੇਵਦੱਤ ਅੰਦਰ ਗਿਆ, ਸਾਰਾ ਕੁਝ ਵੇਖ ਕੇ ਹੈਰਾਨ ਰਹਿ ਗਿਆ। ਸਾਹਮਣੇ ਹੀ ਉਹਦੇ ਜਿਗਰੀ ਦੋਸਤ ਦਾ ਧੜ ਪਿਆ ਸੀ । ਇਹ ਸਭ ਕਿਵੇਂ ਹੋਇਆ ? ਕਿਉਂ ਹੋਇਆ ? ਅਚਾਨਕ ਉਹਦੇ ਮਨ 'ਚ ਆਇਆ ਕਿ ਕਿਤੇ ਇੰਜ ਨਾ ਹੋਵੇ ਕਿ ਉਹਦੀ ਹੱਤਿਆ ਦਾ ਦੋਸ਼ ਉਹਦੇ ਸਿਰ ਆ ਜਾਵੇ। ਕਿਤੇ ਲੋਕ ਇਹ ਨਾ ਸੋਚਣ ਕਿ ਰੂਪਮਤੀ ਨੂੰ ਹਾਸਲ ਕਰਨ ਦੀ ਲਾਲਸਾ ਕਰਕੇ ਮੈਂ ਆਪਣੇ ਦੋਸਤ ਦੀ ਹੱਤਿਆ ਕਰ ਦਿੱਤੀ ਹੈ। ਇਸ ਡਰ ਕਾਰਨ ਉਹਨੇ ਵੀ ਆਪਣਾ ਸਿਰ ਕੱਟ ਕੇ ਦੇਵੀ ਦੇ ਚਰਨਾਂ 'ਚ ਚੜਾ ਦਿੱਤਾ ।
ਰਾਜਾ ਵਿਕਰਮ! ਗੰਧਰਵ ਸੇਨ ਦੇ ਬਲੀਦਾਨ ਅਤੇ ਭਗਤੀ ਦੇ ਕਾਰਨ ਦੇਵੀ ਦਾ ਸਿੰਘਾਸਨ ਡੋਲ ਗਿਆ ਤੇ ਉਹ ਸਾਖਸ਼ਾਤ ਪ੍ਰਗਟ ਹੋ ਗਈ। ਦੇਵੀ ਨੇ ਉਨ੍ਹਾਂ ਦੋਵਾਂ ਦੇ ਸਿਰ ਜੋੜ ਕੇ ਉਨ੍ਹਾਂ ਨੂੰ ਜੀਵਿਤ ਕਰ ਦਿੱਤਾ। ਪਰ ਇਸ ਕੰਮ 'ਚ ਇਕ ਗੜਬੜ ਹੋ ਗਈ। ਜਲਦਬਾਜੀ ਕਾਰਨ ਦੇਵਦੱਤ ਦਾ ਸਿਰ ਗੰਧਰਵ ਸੇਨ ਦੇ ਸਰੀਰ ਅਤੇ ਗੰਧਰਵ ਸੇਨ ਦਾ ਸਿਰ ਦੇਵਦੱਤ ਦੇ ਸਰੀਰ ਨਾਲ ਜੁੜ ਗਿਆ। ਦੋਵੇਂ ਜੀਵਿਤ ਹੋ ਗਏ।
ਹੁਣ ਤੂੰ ਇਹ ਦੱਸ ਰਾਜਾ ਵਿਕਰਮ ਕਿ ਰੂਪਮਤੀ ਕੀਹਨੂੰ ਆਪਣਾ ਪਤੀ ਮੰਨੇ ? ਜੇਕਰ ਉਹ ਗੰਧਰਵ ਸੇਨ ਨੂੰ ਆਪਣਾ ਪਤੀ ਮੰਨਦੀ ਹੈ ਤਾਂ ਕੀ ਉਹਨੂੰ ਪਾਪ ਨਹੀਂ ਲੱਗੇਗਾ ?
ਵਿਕਰਮ ਚੁੱਪ ਸੀ । ਉਹਨੂੰ ਪਤਾ ਸੀ ਕਿ ਜੇਕਰ ਉਹ ਬੋਲੇਗਾ ਤਾਂ ਬੇਤਾਲ ਉੱਡ ਜਾਵੇਗਾ। ਪਰ ਉਹ ਇਹ ਵੀ ਜਾਣਦਾ ਸੀ ਕਿ ਉਹਨੂੰ ਬੋਲਣਾ ਹੀ
ਪਵੇਗਾ । ਜਦੋਂ ਨਿਆਇ ਦੀ ਗੱਲ ਆਵੇਗੀ, ਉਦੋਂ ਵਿਕਰਮ ਚੁੱਪ ਨਹੀਂ ਰਹਿ ਸਕਦਾ।
ਉਹਨੇ ਬੇਤਾਲ ਨੂੰ ਕੱਸ ਕੇ ਫੜ ਲਿਆ।
ਪਰ ਬੇਤਾਲ ਵੀ ਬੋਤਾਲ ਸੀ— ਉਹ ਲਗਾਤਾਰ ਬੋਲ ਰਿਹਾ ਸੀ- “ਦੱਸ ਰਾਜਾ ਵਿਕਰਮ ! ਤੂੰ ਤਾਂ ਬੜਾ ਨਿਆਂ-ਪ੍ਰੇਮੀ ਏਂ । ਇਸ ਸੰਦਰਭ 'ਚ ਤੇਰਾ ਕੀ ਕਹਿਣਾ ਹੈ। ਕੀ ਇਥੇ ਪਹੁੰਚ ਕੇ ਤੂੰ ਨਿਆਂ ਕਰਨ 'ਚ ਅਸਮਰੱਥ ਏਂ ?"
"ਨਹੀਂ ।” ਵਿਕਰਮ ਨੂੰ ਬੋਲਣਾ ਹੀ ਪਿਆ, " ਮੈਂ ਅਸਮਰੱਥ ਨਹੀਂ ਹਾਂ ਬੇਤਾਲ । ਅਸਮਰੱਥ ਨਹੀਂ ਹਾਂ ਮੈਂ— ਸੁਣ, ਰੂਪਮਤੀ ਉਸੇ ਸਰੀਰ ਨੂੰ ਆਪਣਾ ਪਤੀ ਮੰਨੇ, ਜੀਹਦੇ 'ਤੇ ਗੰਧਰਵਸੇਨ ਦਾ ਸਿਰ ਲੱਗਾ ਹੈ।”
“ਕੀ ਇਹ ਪਾਪ ਨਹੀਂ ਹੋਵੇਗਾ ?"
"ਨਹੀਂ।"
"ਕਿਵੇਂ?"
"ਕਿਉਂਕਿ ਚਿਹਰਾ ਹੀ ਮਨੁੱਖ ਦਾ ਪਰਿਚੈ ਦੇਂਦਾ ਹੈ। ਚਿਹਰੇ ਨਾਲ ਹੀ ਮਨੁੱਖ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਂਦਾ ਹੈ । ਇਸ ਲਈ ਗੰਧਰਵ ਸੇਨ ਦਾ ਚਿਹਰਾ ਮਹੱਤਵਪੂਰਨ ਹੈ । ਸਰੀਰ ਤਾਂ ਅੱਖਾਂ ਦਾ ਗੁਲਾਮ ਹੈ। ਅੱਖਾਂ ਜਿਵੇਂ ਕਹਿਣਗੀਆਂ, ਸਰੀਰ ਉਵੇਂ ਦਾ ਹੀ ਹੋਵੇਗਾ। ਇਸ ਕਾਰਨ ਰੂਪਮਤੀ ਨੂੰ ਗੰਧਰਵਸੇਨ ਦਾ ਹੀ ਪਿਆਰ ਮਿਲੇਗਾ।”
ਬੇਤਾਲ ਦੀਆਂ ਅੱਖਾਂ 'ਚ ਰਾਜਾ ਵਿਕਰਮ ਲਈ ਪ੍ਰਸ਼ੰਸਾ ਦੇ ਭਾਵ ਨਜ਼ਰ ਆਉਣ ਲੱਗੇ। ਉਹ ਬੋਲਿਆ-ਤੇਰਾ ਨਿਆਂ ਪ੍ਰਸੰਸਾ ਦੇ ਯੋਗ ਹੈ ਰਾਜਾ ਵਿਕਰਮ। ਚਿਹਰਾ ਹੀ ਮਨੁੱਖ ਦੀ ਪਹਿਚਾਣ ਕਰਾਉਂਦਾ ਹੈ। ਪਰ...।” ਕਹਿ ਕੇ ਉਹਨੇ ਇਕ ਭਿਆਨਕ ਠਹਾਕਾ ਲਾਇਆ।
ਵਿਕਰਮ ਸਮਝ ਗਿਆ ਕਿ ਹੁਣ ਇਹ ਭੱਜਣ ਵਾਲਾ ਹੈ । ਉਹਨੇ ਬੇਤਾਲ ਨੂੰ ਕੱਸ ਕੇ ਫੜ ਲਿਆ ਪਰ ਬੇਤਾਲ ਤਾਂ ਬੇਤਾਲ ਹੀ ਸੀ। ਉਹ ਇਕ ਝਟਕੇ ਨਾਲ ਉੱਪਰ ਉੱਡਿਆ ਤੇ ਹਵਾ 'ਚ ਤੈਰਦਾ ਹੋਇਆ ਵਿਪਰੀਤ ਦਿਸ਼ਾ ਵੱਲ ਉੱਡਣ ਲੱਗਾ। ਵਿਕਰਮ ਉਹਦੇ ਮਗਰ ਦੌੜਿਆ।
ਯੋਗ ਵਰ
ਰਾਜਾ ਵਿਕਰਮ ਨੇ ਇਕ ਵਾਰ ਫਿਰ ਬੇਤਾਲ ਨੂੰ ਚੁੱਕ ਕੇ ਆਪਣੇ ਮੋਢਿਆਂ 'ਤੇ ਲੱਦਿਆ ਤੇ ਆਪਣੀ ਮੰਜ਼ਿਲ ਵੱਲ ਤੁਰ ਪਿਆ। ਉਹਨੇ ਸੋਚ ਲਿਆ। ਸੀ ਕਿ ਭਾਵੇਂ ਕੁਝ ਵੀ ਹੋਵੇ, ਇਸ ਵਾਰ ਉਹ ਕਿਸੇ ਵੀ ਕੀਮਤ 'ਤੇ ਨਹੀਂ ਬੋਲੇਗਾ। ਪਰ ਬੇਤਾਲ ਆਪਣੀ ਆਦਤ ਤੋਂ ਕਦੋਂ ਬਾਜ ਆਉਣ ਵਾਲਾ ਸੀ। ਅਜੇ ਥੋੜਾ ਸਫ਼ਰ ਹੀ ਤੈਅ ਹੋਇਆ ਸੀ ਕਿ ਉਹ ਬੋਲ ਉੱਠਿਆ- "ਵਿਕਰਮ! ਕੀ ਏਨਾ ਲੰਬਾ ਰਸਤਾ ਅਸੀਂ ਇਵੇਂ ਹੀ ਚੁੱਪ ਕਰਕੇ ਤੈਅ ਕਰਾਂਗੇ?"
ਵਿਕਰਮ ਚੁਪ ਰਿਹਾ।
"ਖ਼ੈਰ । ਮੈਂ ਜਾਣਦਾ ਹਾਂ ਕਿ ਤੂੰ ਨਹੀਂ ਬੋਲੇਂਗਾ— ਚੱਲ, ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ। ਇੰਝ ਸਾਡਾ ਸਮਾਂ ਵੀ ਬੀਤ ਜਾਵੇਗਾ ਤੇ ਬੌਰੀਅਤ ਵੀ ਮਹਿਸੂਸ ਨਹੀਂ ਹੋਵੇਗੀ। ਇਹ ਕਿੱਸਾ ਅਵਿੰਤ ਦੇਸ਼ ਦਾ ਹੈ। ਅਵਿੰਤ ਨਰੇਸ਼ ਦੀ ਬੇਟੀ ਦਾ ਨਾਂ ਸ਼ਸ਼ੀਬਾਲਾ ਸੀ। ਉਹ ਆਪਣੇ ਨਾਂ ਦੇ ਮੁਤਾਬਕ ਹੀ ਸੋਹਣੀ ਸੀ। ਜੁਆਨ ਹੋਣ ਕਰਕੇ ਉਹਦੇ ਸੁਹੱਪਣ ਦੇ ਚਰਚੇ ਦੂਰ-ਦੂਰ ਤਕ ਫੈਲ ਗਏ। ਆਂਢ-ਗੁਆਂਢ ਅਤੇ ਦੂਰ-ਦਰਾਜ ਤੋਂ ਰਾਜਕੁਮਾਰਾਂ ਦੇ ਰਿਸ਼ਤੇ ਉਹਦੇ ਲਈ ਆਉਣ ਲੱਗੇ।
ਉਸਦੇ ਪਿਤਾ ਇਨ੍ਹਾਂ ਰਿਸ਼ਤਿਆਂ ਨੂੰ ਵੇਖ ਕੇ ਜਿਥੇ ਅਤਿਅੰਤ ਖ਼ੁਸ਼ ਸਨ, ਉਥੇ ਹੈਰਾਨ ਵੀ ਸਨ ਕਿ ਕਿਸ ਰਿਸ਼ਤੇ ਨੂੰ ਸਵੀਕਾਰ ਕਰਨ ਤੇ ਕਿਸ ਨੂੰ ਨਾ ਕਰਨ । ਜਦੋਂ ਘੱਲੇ ਗਏ ਸੁਨੇਹਿਆਂ ਦਾ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਰਾਜਕੁਮਾਰ ਖ਼ੁਦ ਅਵਿੰਤ ਰਾਜ 'ਚ ਆਉਣ ਲੱਗੇ । ਉਹ ਰਾਜੇ ਦੇ ਸਾਹਮਣੇ ਆਪਣੇ ਗੁਣਾਂ ਦੀ ਚਰਚਾ ਕਰਦੇ ਅਤੇ ਰਾਜਕੁਮਾਰੀ ਦਾ ਹੱਥ ਮੰਗਦੇ।
ਇਕ ਦਿਨ ਰਾਜਾ ਆਪਣੇ ਦਰਬਾਰ 'ਚ ਬੈਠਾ ਸੀ । ਉਹਨੂੰ ਪਤਾ ਲੱਗਾ ਕਿ ਚੋਲ ਦੇਸ਼ ਦਾ ਰਾਜਕੁਮਾਰ ਉਹਨੂੰ ਮਿਲਣਾ ਚਾਹੁੰਦਾ ਹੈ। ਰਾਜੇ ਨੇ ਤਤਕਾਲ ਆਦਰ ਸਹਿਤ ਰਾਜਕੁਮਾਰ ਨੂੰ ਦਰਬਾਰ 'ਚ ਬੁਲਾਇਆ । ਪੂਰੇ
ਆਦਰ ਮਾਣ ਨਾਲ ਬਿਠਾਉਣ ਤੋਂ ਬਾਅਦ ਉਹਦੇ ਆਉਣ ਦਾ ਕਰਨ ਪੁੱਛਿਆ। ਰਾਜਕੁਮਾਰ ਨੇ ਰਾਜਕੁਮਾਰੀ ਸ਼ਸ਼ੀ ਨਾਲ ਆਪਣੇ ਵਿਆਹ ਦੀ ਇੱਛਾ ਪ੍ਰਗਟ ਕੀਤੀ।
ਉਨ੍ਹਾਂ ਦਿਨਾਂ 'ਚ ਚੋਲ ਰਾਜ ਦਾ ਕਾਫ਼ੀ ਨਾਂ ਸੀ। ਚੋਲ ਰਾਜ ਬੜਾ ਹੀ ਉੱਨਤ ਅਤੇ ਸ਼ਕਤੀਸ਼ਾਲੀ ਸੀ । ਰਾਜਕੁਮਾਰ ਨੂੰ ਇਸ ਤਰ੍ਹਾਂ ਬੇਨਤੀ ਕਰਦਿਆਂ ਵੇਖ ਕੇ ਅਚਿੰਤ ਨਰੇਸ਼ ਸਸ਼ੋਪੰਜ 'ਚ ਪੈ ਗਿਆ । ਨਾ ਇਨਕਾਰ ਕਰਨ ਦੀ ਸਥਿਤੀ 'ਚ ਸੀ, ਨਾ ਸਵੀਕਾਰ ਕਰਨ ਦੀ।
"ਰਾਜਕੁਮਾਰ ! ਤੁਸੀਂ ਸਾਡੇ ਮਹਿਮਾਨ ਨਿਵਾਸ 'ਚ ਆਰਾਮ ਕਰੋ। ਅਸੀਂ ਰਾਜਕੁਮਾਰੀ ਕੋਲੋਂ ਰਾਇ ਲੈ ਕੇ ਆਪਣਾ ਫੈਸਲਾ ਦੱਸਾਂਗੇ । ਉਂਜ ਤੁਹਾਡੀ ਕੀ ਵਿਸ਼ੇਸ਼ਤਾ ਹੈ ?"
ਚੋਲ ਦੇ ਰਾਜਕੁਮਾਰ ਨੇ ਆਖਿਆ- "ਮਹਾਰਾਜ । ਮੈਂ ਧਨੁਸ਼ ਵਿਦਿਆ 'ਚ ਮਾਹਰ ਹਾਂ। ਸ਼ਬਦ ਭੇਦੀ ਬਾਣ ਚਲਾ ਸਕਦਾ ਹਾਂ। ਮੇਰਾ ਨਿਸ਼ਾਨਾ ਕਦੀ ਖ਼ਾਲੀ ਨਹੀਂ ਜਾਂਦਾ ।"
"ਠੀਕ ਏ ਪੁੱਤਰ ਮੈਂ ਰਾਜਕੁਮਾਰੀ ਨਾਲ ਸਲਾਹ-ਮਸ਼ਵਰਾ ਕਰ ਲਵਾਂ। ਫਿਰ ਹੀ ਕੋਈ ਫ਼ੈਸਲਾ ਕਰਾਂਗਾ।"
ਚੋਲ ਰਾਜਕੁਮਾਰ ਨੂੰ ਮਹਿਮਾਨ ਨਿਵਾਸ 'ਚ ਸਨਮਾਨਪੂਰਵਕ ਠਹਿਰਾ ਦਿੱਤਾ ਗਿਆ।
ਇਸ ਤੋਂ ਬਾਅਦ ਰਾਜਕੁਮਾਰੀ ਨਾਲ ਵਿਆਹ ਕਰਨ ਦੇ ਇਛੁੱਕ ਰਾਜਕੁਮਾਰਾਂ ਦਾ ਤਾਂਤਾ ਲੱਗਣ ਲੱਗ ਪਿਆ। ਇਕ ਤੋਂ ਬਾਅਦ ਇਕ ਰਾਜਕੁਮਾਰ ਆ ਕੇ ਬੇਨਤੀ ਕਰਨ ਲੱਗਾ। ਵੈਸ਼ਾਲੀ ਦਾ ਰਾਜਕੁਮਾਰ ਆਇਆ। ਰਾਜਾ ਨੇ ਪੁੱਛਿਆ-"ਤੁਹਾਡੀ ਕੀ ਯੋਗਤਾ ਹੈ।”
ਰਾਜਕੁਮਾਰ ਬੋਲਿਆ-"ਰਾਜਨ, ਮੇਰੇ ਵਰਗਾ ਉੱਤਮ ਕੱਪੜਾ ਕੋਈ ਤਿਆਰ ਨਹੀਂ ਕਰ ਸਕਦਾ। ਰੇਸ਼ਮ ਦੇ ਕੱਪੜਿਆਂ ਦਾ ਇਸ ਧਰਤੀ 'ਤੇ ਮੈਂ ਇਕੱਲਾ ਗਿਆਨੀ ਹਾਂ।"
ਉਸ ਰਾਜਕੁਮਾਰ ਨੂੰ ਵੀ ਸਨਮਾਨਪੂਰਵਕ ਮਹਿਮਾਨ ਨਿਵਾਸ 'ਚ
ਠਹਿਰਾ ਦਿੱਤਾ ਗਿਆ।
ਕੁਝ ਹੀ ਦਿਨਾਂ ਬਾਅਦ ਬੰਗਦੇਸ਼ ਦਾ ਰਾਜਕੁਮਾਰ ਆ ਗਿਆ। ਉਹਨੇ ਵੀ ਰਾਜਕੁਮਾਰੀ ਨਾਲ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕੀਤੀ। ਆਪਣੀ ਯੋਗਤਾ ਬਾਰੇ ਉਹਨੇ ਦੱਸਿਆ ਕਿ ਉਹ ਉੱਚ ਕੋਟੀ ਦਾ ਵਿਦਵਾਨ ਹੈ। ਸੰਪੂਰਨ ਵੇਦ-ਪੁਰਾਣ ਉਹਨੂੰ ਜ਼ਬਾਨੀ ਯਾਦ ਹਨ।
ਰਾਜੇ ਨੇ ਉਹਨੂੰ ਵੀ ਸਨਮਾਨਪੂਰਵਕ ਆਪਣੇ ਮਹਿਮਾਨ ਨਿਵਾਸ 'ਚ ਠਹਿਰਾ ਦਿੱਤਾ। ਫਿਰ ਚੇਦਿ ਦੇਸ਼ ਦਾ ਰਾਜਕੁਮਾਰ ਆਇਆ। ਰਾਜਕੁਮਾਰੀ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ । ਉਹਨੇ ਆਪਣੇ ਵਿਸ਼ੇਸ਼ਤਾ 'ਚ ਆਖਿਆ ਕਿ ਉਹ ਸਰੀਰ ਦੇ ਸੰਪੂਰਨ ਅੰਗਾਂ ਦਾ ਜਾਣਕਾਰ ਹੈ । ਰਾਜਕੁਮਾਰੀ ਨਾਲ ਉਹਦਾ ਵਿਆਹ ਹੋਣ ਤੋਂ ਬਾਅਦ ਰਾਜਕੁਮਾਰੀ ਨੂੰ ਕਦੀ ਵੀ ਕੋਈ ਸਰੀਰਕ ਕਸ਼ਟ ਨਹੀਂ ਹੋ ਸਕਦਾ । ਰਾਜੇ ਨੇ ਉਹਨੂੰ ਵੀ ਆਪਣੇ ਮਹਿਮਾਨ ਨਿਵਾਸ 'ਚ ਠਹਿਰਾ ਦਿੱਤਾ।
ਇਸ ਤਰ੍ਹਾਂ ਚਾਰ ਰਾਜਕੁਮਾਰ ਇਕੱਠੇ ਹੋ ਗਏ।
ਮਹਾਰਾਜ ਨੇ ਰਾਜਕੁਮਾਰੀ ਨੂੰ ਸਾਰੇ ਰਾਜਕੁਮਾਰਾਂ ਬਾਰੇ ਵਿਸਥਾਰ ਨਾਲ ਦੱਸਿਆ, ਫਿਰ ਬੋਲੇ-“ਬੇਟੀ ! ਚਾਰ ਰਾਜਕੁਮਾਰ ਆਏ ਹਨ । ਹੁਣ ਆਖ਼ਰੀ ਫ਼ੈਸਲਾ ਤੂੰ ਹੀ ਕਰਨਾ ਹੈ ਕਿ ਤੂੰ ਕੀਹਨੂੰ ਆਪਣੇ ਪਤੀ ਦੇ ਰੂਪ 'ਚ ਸਵੀਕਾਰ ਕਰਦੀ ਏਂ। ਵਰਮਾਲਾ ਚੁੱਕ ਤੇ ਜਾ ਕੇ ਆਪਣੇ ਪਤੀ ਦੀ ਚੋਣ ਕਰ ਲੈ।” ਪਿਤਾ ਦਾ ਆਦੇਸ਼ ਮੰਨ ਕੇ ਰਾਜਕੁਮਾਰੀ ਵਰਮਾਲਾ ਲੈ ਕੇ ਮਹਿਮਾਨ ਨਿਵਾਸ 'ਚ ਆਈ । ਚਾਰੇ ਰਾਜਕੁਮਾਰ ਬੜੇ ਉਤਸ਼ਾਹ ਨਾਲ ਰਾਜਕੁਮਾਰੀ ਨੂੰ ਉਡੀਕ ਰਹੇ ਸਨ । ਹੁਣ ਦੱਸ ਰਾਜਾ ਵਿਕਰਮ ! ਰਾਜਕੁਮਾਰੀ ਕੀਹਦੇ ਗਲ 'ਚ ਵਰਮਾਲਾ ਪਾਵੇ । ਇਸ ਗੱਲ ਦਾ ਉਚਿਤ ਫ਼ੈਸਲਾ ਕਰ, ਨਹੀਂ ਤਾਂ ਤੇਰਾ ਸਿਰ ਟੁਕੜੇ-ਟੁਕੜੇ ਹੋ ਜਾਵੇਗਾ। ਇਹ ਮੇਰਾ ਸਰਾਪ ਹੈ।
ਵਿਕਰਮ ਵੀ ਚੁੱਪ ਸੀ । ਉਹ ਬੇਤਾਲ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਤੇਜ਼- ਤੇਜ਼ ਤੁਰ ਰਿਹਾ ਸੀ ਤਾਂ ਕਿ ਉਹਨੂੰ ਲੈ ਕੇ ਛੇਤੀ ਤੋਂ ਛੇਤੀ ਸ਼ਮਸ਼ਾਨਘਾਟ
ਪਹੁੰਚਿਆ ਜਾ ਸਕੇ ।
"ਜਵਾਬ ਦੇ ਰਾਜਾ ਵਿਕਰਮ । ਨਿਆਂ ਕਰ।"
"ਸੁਣ ਬੇਤਾਲ, ਆਦਮੀ ਜਨਮ ਤੋਂ ਨਹੀਂ, ਕਰਮ ਤੋਂ ਬ੍ਰਾਹਮਣ, ਖੱਤਰੀ ਅਤੇ ਸ਼ੂਦਰ ਹੁੰਦਾ ਹੈ। ਰਾਜਕੁਮਾਰੀ ਨੂੰ ਆਪਣਾ ਵਿਆਹ ਚੋਲ ਦੇਸ਼ ਦੇ ਰਾਜਕੁਮਾਰ ਨਾਲ ਕਰਾਉਣਾ ਚਾਹੀਦਾ ਹੈ। ਕਰਮ ਤੋਂ ਉਹ ਖੱਤਰੀ ਹੈ। ਬਾਕੀ ਸਾਰੇ ਬ੍ਰਾਹਮਣ, ਵੈਸ਼, ਸ਼ੂਦਰ ਹਨ। ਰਾਜਕੁਮਾਰੀ ਦਾ ਉਚਿਤ ਵਰ ਖੱਤਰੀ ਹੈ।
"ਤੂੰ ਠੀਕ ਕਹਿੰਦਾ ਏਂ ਰਾਜਾ ਵਿਕਰਮ !" ਬੇਤਾਲ ਅਚਾਨਕ ਭਿਆਨਕ ਹਾਸਾ ਹੱਸਿਆ।
ਉਸੇ ਪਲ ਉਹ ਮੋਢੇ ਤੋਂ 'ਤਾਂਹ ਉਛਲਿਆ ਅਤੇ ਫਿਰ ਦਰਖ਼ਤ 'ਤੇ ਜਾ ਕੇ ਲਟਕ ਗਿਆ। ਵਿਕਰਮ ਗੁੱਸੇ 'ਚ ਲਾਲ-ਪੀਲਾ ਹੋਇਆ ਤਲਵਾਰ ਨਾਲ ਉਹਦੇ ਟੁਕੜੇ-ਟੁਕੜੇ ਕਰਨ ਹੀ ਵਾਲਾ ਸੀ ਕਿ ਬੇਤਾਲ ਬੋਲਿਆ-"ਰਾਜਾ ਵਿਕਰਮ ! ਮੇਰਾ ਕਤਲ ਬਹੁਤ ਮਹਿੰਗਾ ਪਵੇਗਾ।"
"ਤੂੰ ਭੱਜਦਾ ਕਿਉਂ ਏਂ ?” ਵਿਕਰਮ ਨੇ ਗੁੱਸੇ 'ਚ ਆਖਿਆ।
"ਇਹ ਤਾਂ ਮੇਰਾ ਸੁਭਾਅ ਹੈ।" ਬੇਤਾਲ ਬੋਲਿਆ।
ਵਿਕਰਮ ਨੇ ਉਹਨੂੰ ਮੁੜ ਮੋਢਿਆਂ 'ਤੇ ਚੁੱਕ ਲਿਆ ਤੇ ਘੁੱਟ ਕੇ ਫੜ ਲਿਆ । ਰਾਤ ਦਾ ਸੰਨਾਟਾ ਹੋਰ ਸੰਘਣਾ ਹੋ ਗਿਆ ਸੀ। ਭਾਂਤ-ਭਾਂਤ ਦੀਆਂ ਆਵਾਜ਼ਾਂ ਆ ਰਹੀਆਂ ਸਨ । ਵਿਕਰਮ ਤੇਜ਼-ਤੇਜ਼ ਤੁਰ ਰਿਹਾ ਸੀ । ਬੇਤਾਲ ਮੋਢੇ 'ਤੇ ਬੈਠਾ ਹੱਸ ਰਿਹਾ ਸੀ।
ਸਰਾਪ ਠੀਕ ਜਾਂ ਗ਼ਲਤ
ਰਾਜਾ ਵਿਕਰਮ ਇਸ ਭੱਜ-ਦੌੜ 'ਚ ਕਾਫ਼ੀ ਪ੍ਰੇਸ਼ਾਨ ਹੋ ਗਿਆ ਸੀ । ਪਰ ਉਹ ਵੀ ਹਾਰ ਮੰਨਣ ਵਾਲਾ ਨਹੀਂ ਸੀ । ਉਹਨੇ ਯੋਗੀ ਨੂੰ ਵਚਨ ਦਿੱਤਾ ਸੀ ਅਤੇ ਆਪਣਾ ਵਚਨ ਉਹਨੇ ਹਰ ਕੀਮਤ 'ਤੇ ਨਿਭਾਉਣਾ ਸੀ।
ਬੇਤਾਲ ਬੋਲਿਆ-"ਹੇ ਰਾਜਾ ਵਿਕਰਮ ! ਆਦਮੀ 'ਚ ਅਜਿਹੀ ਕਿਹੜੀ ਚੀਜ਼ ਏ, ਜਿਹੜੀ ਉਹਨੂੰ ਦੂਸਰੇ ਪ੍ਰਾਣੀਆਂ ਨਾਲੋਂ ਵੱਖ ਕਰਦੀ ਹੈ ਅਤੇ ਉਹ ਵੀਰਾਂ 'ਚੋਂ ਪ੍ਰਮੁੱਖ ਮੰਨਿਆ ਜਾਂਦਾ ਹੈ।"
ਬੇਤਾਲ ਦੇ ਇਸ ਪ੍ਰਸ਼ਨ ਦਾ ਰਾਜਾ ਵਿਕਰਮ ਨੇ ਕੋਈ ਜਵਾਬ ਨਾ ਦਿੱਤਾ। ਉਹ ਚੁੱਪਚਾਪ ਬੇਤਾਲ ਨੂੰ ਮੋਢਿਆਂ 'ਤੇ ਚੁੱਕ ਕੇ ਤੁਰਦਾ ਰਿਹਾ।
ਬੇਤਾਲ ਬੋਲਿਆ- "ਸੁਣ ਰਾਜਾ ਵਿਕਰਮ! ਅਵੰਤੀਪੁਰ 'ਚ ਇਕ ਤਪੱਸਵੀ ਮੁਨੀ ਸੀ। ਸ਼ੰਖਧਰ ਨਾਂ ਸੀ ਉਹਦਾ । ਆਪਣੇ ਆਸ਼ਰਮ 'ਚ ਇਕ ਪਰਮ ਸੁੰਦਰੀ ਨੂੰ ਤੱਕ ਕੇ ਉਹ ਉਹਦੇ 'ਤੇ ਲੱਟੂ ਹੋ ਗਿਆ। ਉਹਦਾ ਮਨ ਭਟਕ ਗਿਆ । ਸੁੰਦਰੀ ਸੱਚਮੁੱਚ ਅਪਸਰਾ ਸੀ।
ਉਹ ਮੁਨੀ ਨੂੰ ਤੱਕ ਕੇ ਮੁਸਕਰਾ ਪਈ । ਉਹਨੇ ਛੇੜਖਾਨੀ ਵੀ ਕੀਤੀ। ਮੁਨੀ ਡੋਲ ਗਿਆ ਪਰ ਉਹਨੂੰ ਅਚਾਨਕ ਆਪਣੀ ਤਪੱਸਿਆ ਦਾ ਚੇਤਾ ਆਇਆ। ਉਹ ਗੁੱਸੇ ਨਾਲ ਭਰ ਗਿਆ । ਤਦ ਉਹਨੇ ਆਪਣੀ ਤਪੱਸਿਆ ਨੂੰ ਭੰਗ ਕਰ ਦੇਣ ਵਾਲੀ ਉਸ ਅਪਸਰਾ ਨੂੰ ਸਰਾਪ ਦਿੱਤਾ।
"ਤੂੰ ਬੁੱਢੀ ਹੋ ਜਾ।”
ਉਹ ਅਪਸਰਾ ਬੁੱਢੀ ਹੋ ਗਈ। ਆਪਣੀ ਹਾਲਤ 'ਤੇ ਉਹ ਵਿਰਲਾਪ ਕਰਦੀ ਹੋਈ ਬੋਲੀ-"ਮੁਨੀਵਰ ! ਤੁਸੀਂ ਇਹ ਕਿਹੋ ਜਿਹਾ ਸਰਾਪ ਦਿੱਤਾ ਹੈ। ਮੇਰਾ ਕੀ ਦੋਸ਼ ਹੈ?"
"ਤੂੰ ਮੇਰੀ ਤਪੱਸਿਆ ਭੰਗ ਕਰਨ ਆਈ ਸਾਂ ।"
"ਆਪਣੇ ਮਨ 'ਤੇ ਕੰਟਰੋਲ ਰੱਖਣਾ ਸੀ।"
ਪਰ ਮੁਨੀ ਨੇ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਚੁੱਪਚਾਪ ਆਪਣੀ ਰਸਤੇ ਵੱਲ ਤੁਰ ਪਿਆ । ਹੁਣ ਦੱਸ ਰਾਜਾ ਵਿਕਰਮ ਕੀ ਮੁਨੀ ਦਾ ਇਹ ਸਰਾਪ ਦੇਣਾ ਜਾਇਜ਼ ਸੀ ? ਕੀ ਮੁਨੀ ਦਾ ਇਹ ਸਰਾਪ ਤਪੱਸਵੀ ਦਾ ਪਾਪ ਨਹੀਂ ਹੈ ?
ਰਾਜਾ ਵਿਕਰਮ ਚੁੱਪ ਰਿਹਾ। ਬੇਤਾਲ ਨੇ ਮੁੜ ਪੁੱਛਿਆ ਤਾਂ ਰਾਜਾ ਵਿਕਰਮ ਨੇ ਜਵਾਬ ਦਿੱਤਾ-"ਸੁਣ ਬੇਤਾਲ! ਮੁਨੀ ਦਾ ਇਹ ਕਦਮ
ਉਚਿਤ ਸੀ । ਤਪੱਸਵੀ ਨਾਲ ਜੇਕਰ ਉਹ ਛੇੜਖਾਨੀ ਨਾ ਕਰਦੀ ਤਾਂ ਠੀਕ ਸੀ। ਉਹਨੂੰ ਛੇੜਨ ਦਾ ਅਧਿਕਾਰ ਨਹੀਂ ਸੀ । ਜੇਕਰ ਉਹਦੇ ਸੁਹੱਪਣ 'ਤੇ ਮੁਨੀ ਲੱਟੂ ਹੋ ਜਾਂਦਾ ਤਾਂ ਦੋਸ਼ ਮੁਨੀ ਦਾ ਸੀ ਪਰ ਉਸ ਸੁੰਦਰੀ ਨੇ ਛੇੜਿਆ ਕਿਉਂ ? ਇਸਦਾ ਹੀ ਫਲ ਉਹਨੂੰ ਮਿਲਿਆ ਸੀ ।"
"ਤੂੰ ਠੀਕ ਕਹਿੰਦਾ ਏਂ' ਰਾਜਾ ਵਿਕਰਮ ।" ਬੇਤਾਲ ਬੋਲਿਆ। ਪਰ ਇਸ ਵਾਰ ਬੇਤਾਲ ਭੱਜਿਆ ਨਾ, ਸਗੋਂ ਵਿਕਰਮ ਦੇ ਮੋਢਿਆਂ 'ਤੇ ਹੀ ਬੈਠਾ ਰਿਹਾ। ਉਹਦੇ ਇਸ ਵਿਹਾਰ 'ਤੇ ਰਾਜਾ ਵਿਕਰਮ ਹੈਰਾਨ ਸੀ । ਉਹ ਤੇਜ਼-ਤੇਜ਼ ਤੁਰ ਰਿਹਾ ਸੀ। ਬੇਤਾਲ ਮੋਢਿਆਂ 'ਤੇ ਬੈਠਾ ਸੀ । ਸਾਰਾ ਵਾਤਾਵਰਣ ਉਸੇ ਤਰ੍ਹਾਂ ਡਰਾਉਣਾ ਬਣਿਆ ਹੋਇਆ ਸੀ।
ਸਭ ਤੋਂ ਵੱਡਾ ਤਿਆਗ
ਵਿਕਰਮ ਕਾਹਲੀ-ਕਾਹਲੀ ਤੁਰਿਆ ਜਾ ਰਿਹਾ ਸੀ । ਉਹ ਛੇਤੀ ਤੋਂ ਛੇਤੀ ਸ਼ਮਸ਼ਾਨ ਪਹੁੰਚਣਾ ਚਾਹੁੰਦਾ ਸੀ । ਇਸ ਵਾਰ ਉਹਨੇ ਬੇਤਾਲ ਨੂੰ ਘੁੱਟ ਕੇ ਫੜਿਆ ਹੋਇਆ ਸੀ।
"ਏਨੀ ਕਾਹਦੀ ਕਾਹਲੀ ਏ ਰਾਜਾ ਵਿਕਰਮ ! ਆਰਾਮ ਨਾਲ ਤੁਰ। ਮੈਂ ਤੇਰੇ ਨਾਲ ਸ਼ਮਸ਼ਾਨਘਾਟ ਜਾਣ ਨੂੰ ਤਿਆਰ ਹਾਂ ।"
ਵਿਕਰਮ ਕੁਝ ਨਾ ਬੋਲਿਆ । ਉਹ ਜਾਣਦਾ ਸੀ ਕਿ ਜੇਕਰ ਮੈਂ ਬੋਲਿਆ ਤਾਂ ਇਹ ਕਿਸੇ ਨਾ ਕਿਸੇ ਤਰ੍ਹਾਂ ਫਿਰ ਭੱਜ ਜਾਵੇਗਾ ਤੇ ਸਾਰਾ ਦੋਸ਼ ਵੀ ਮੈਨੂੰ ਹੀ ਦੇਵੇਗਾ।
ਬੇਤਾਲ ਮੁਸਕਰਾਇਆ-“ਰਾਜਾ ਵਿਕਰਮ! ਨਾਰਾਜ਼ ਲੱਗਦਾ ਏ। ਨਾਰਾਜ਼ ਨਾ ਹੋ। ਮੈਂ ਤਾਂ ਵੈਸੇ ਵੀ ਤੇਰਾ ਪ੍ਰਸ਼ੰਸਕ ਹਾਂ। ਸੁਣ, ਸਫ਼ਰ ਜ਼ਰਾ ਸਹਿਜਤਾ ਨਾਲ ਤੈਅ ਹੋਵੇ ਇਸ ਲਈ ਮੈਂ ਤੈਨੂੰ ਇਕ ਅਜੀਬ ਜਿਹੀ ਘਟਨਾ ਸੁਣਾਉਂਦਾ ਹਾਂ- ਗਾਂਧਾਰ ਦੇਸ਼ 'ਚ ਬ੍ਰਹਮਦੱਤ ਨਾਂ ਦਾ ਇਕ ਸੇਠ ਸੀ । ਉਹ ਰਾਜੇ ਦਾ ਬੜਾ ਪ੍ਰੇਮੀ ਸੀ । ਗਾਂਧਾਰ ਨਰੇਸ਼ ਨੇ ਆਪਣੀ ਪਰਜਾ ਦੇ ਹਿਤ 'ਚ
ਕਈ ਚੰਗੇ ਕਾਨੂੰਨ ਬਣਾਏ ਹੋਏ ਸਨ । ਉਹਦੇ ਰਾਜ 'ਚ ਚਾਰੇ ਪਾਸੇ ਸ਼ਾਂਤੀ ਸੀ। ਰਾਜਾ ਪਤਨੀ-ਵਰਤਾ ਸੀ। ਅਜਿਹਾ ਹੀ ਨਿਯਮ ਉਹਨੇ ਆਪਣੇ ਰਾਜ 'ਚ ਵੀ ਬਣਾਇਆ ਹੋਇਆ ਸੀ ਕਿ ਕੋਈ ਇਕ ਤੋਂ ਵੱਧ ਪਤਨੀ ਨਹੀਂ ਰੱਖ ਸਕਦਾ। ਕਿਸੇ ਗ਼ੈਰ ਦੀ ਪਤਨੀ ਨੂੰ ਇਸ ਦ੍ਰਿਸ਼ਟੀ ਨਾਲ ਵੇਖਣਾ ਵੀ ਗੁਨਾਹ ਸੀ । ਉਸਦੇ ਇਸ ਕਾਨੂੰਨ ਕਰਕੇ ਔਰਤਾਂ ਬੜੀਆਂ ਖ਼ੁਸ਼ ਸਨ । ਉਹਦੇ ਰਾਜ 'ਚ ਬੜਾ ਸੁਖ-ਚੈਨ ਸੀ ।
ਨਗਰ ਸੇਠ ਬ੍ਰਹਮਦੱਤ ਦਾ ਇਕ ਪੁੱਤਰ ਸੀ । ਉਹਦਾ ਨਾਂ ਗੁਰੂਦੱਤ ਸੀ। ਗੁਰੂਦੱਤ ਕਾਫ਼ੀ ਸੋਹਣਾ ਨੌਜੁਆਨ ਸੀ । ਇਕ ਦਿਨ ਦੀ ਘਟਨਾ ਸੁਣ ਰਾਜਾ ਵਿਕਰਮ ! ਗੁਰੂਦੱਤ ਸ਼ਾਮ ਦੀ ਸੈਰ ਲਈ ਨਿਕਲਿਆ ਅਤੇ ਰਸਤੇ 'ਚ ਪੈਣ ਵਾਲੇ ਇਕ ਮੰਦਰ ਦੇ ਸਾਹਮਣੇ ਰੁਕ ਗਿਆ। ਅਚਾਨਕ ਮੰਦਰ 'ਚੋਂ ਇਕ ਬੜੀ ਸੋਹਣੀ ਮੁਟਿਆਰ ਬਾਹਰ ਆਈ । ਗੁਰੂਦੱਤ ਉਹਨੂੰ ਵੇਖਦਾ ਹੀ ਰਹਿ ਗਿਆ।
ਉਸ ਸੁੰਦਰੀ ਨੇ ਵੀ ਗੁਰੂਦੱਤ ਨੂੰ ਵੇਖਿਆ ਤਾਂ ਸ਼ਰਮਾ ਗਈ ਪਰ ਮੁਸਕਰਾ ਕੇ ਚਲੀ ਗਈ । ਗੁਰੂਦੱਤ ਬੇਹਾਲ ਹੋ ਗਿਆ । ਉਹ ਉਥੋਂ ਹੀ ਵਾਪਸ ਘਰ ਆ ਗਿਆ ਅਤੇ ਉਸ ਕੁੜੀ ਬਾਰੇ ਵਿਚਾਰ ਕਰਨ ਲੱਗਾ । ਜਿਉਂ-ਜਿਉਂ ਉਹ ਉਸ ਕੁੜੀ ਬਾਰੇ ਵਿਚਾਰ ਕਰਦਾ, ਤਿਉਂ-ਤਿਉਂ ਉਹਦੀ ਬੇਚੈਨੀ ਵਧਦੀ ਜਾਂਦੀ ਸੀ । ਅਖ਼ੀਰ ਜਦੋਂ ਉਹਦੇ ਕੋਲੋਂ ਰਿਹਾ ਨਾ ਗਿਆ ਤਾਂ ਉਹਨੇ ਆਪਣੇ ਮਿੱਤਰਾਂ ਦੀ ਸਹਾਇਤਾ ਲਈ ਅਤੇ ਉਸ ਕੁੜੀ ਦਾ ਪਤਾ ਲੱਭਿਆ । ਪਤਾ ਲੱਗਿਆ ਕਿ ਉਹ ਕੁੜੀ ਰਾਜ ਦੇ ਇਕ ਸਾਮੰਤ ਦੀ ਧੀ ਸੀ। ਉਸ ਕੁੜੀ ਦਾ ਨਾਂ ਚੰਦ੍ਰਸੇਨਾ ਸੀ । ਸਾਰਾ ਕੁਝ ਪਤਾ ਲੱਗ ਜਾਣ 'ਤੇ ਉਹਦੇ ਪਰਿਵਾਰ 'ਚ ਸੁਨੇਹਾ ਘੱਲਿਆ ਕਿ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ।
ਚੰਦ੍ਰਸੇਨਾ ਦੇ ਮਾਤਾ-ਪਿਤਾ ਨੇ ਅਤਿਅੰਤ ਨਿਮਰਤਾ-ਪੂਰਵਕ ਇਹ ਰਿਸ਼ਤਾ ਵਾਪਸ ਕਰ ਦਿੱਤਾ । ਇਸਦਾ ਕਾਰਨ ਸੀ ਕਿ ਚੰਦ੍ਰਸੇਨਾ ਦਾ ਰਿਸ਼ਤਾ ਕਿਸੇ ਦੂਸਰੇ ਮੁੰਡੇ ਜਯਕਰਨ ਨਾਲ ਪੱਕਾ ਹੋ ਗਿਆ ਸੀ। ਇਹ ਸਮਾਚਾਰ
ਸੁਣ ਕੇ ਗੁਰੂਦੱਤ ਦਾ ਮਨ ਬੜਾ ਦੁਖੀ ਹੋਇਆ । ਉਹਦਾ ਮਨ ਏਨਾ ਉਚਾਟ ਹੋ ਗਿਆ ਕਿ ਉਹ ਸੰਸਾਰ ਤੋਂ ਬੇਮੁਖ ਹੋਣ ਬਾਰੇ ਸੋਚਣ ਲੱਗਾ। ਫਿਰ ਅਚਾਨਕ ਚੰਦ੍ਰਸੈਨਾ ਦੀ ਇਕ ਦਾਸੀ ਉਹਦੇ ਕੋਲ ਆਈ। ਦਾਸੀ ਨੇ ਗੁਰੂਦੱਤ ਨੂੰ ਚੰਦ੍ਰਸੇਨਾ ਦਾ ਇਕ ਖ਼ਤ ਦਿੱਤਾ। ਖ਼ਤ 'ਚ ਚੰਦ੍ਰਸੇਨਾ ਨੇ ਗੁਰੂਦੱਤ ਨਾਲ ਪਿਆਰ ਦੀ ਗੱਲ ਲਿਖੀ ਸੀ ਤੇ ਇਹ ਵਾਅਦਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਉਹ ਕਿਸੇ ਨਾ ਕਿਸੇ ਤਰ੍ਹਾਂ ਮਿਲੇਗੀ ਪਰ ਜਯਕਰਨ ਨਾਲ ਰਿਸ਼ਤਾ ਤੋੜ ਕੇ ਉਹ ਪਰਿਵਾਰ 'ਚ ਕਲੇਸ਼ ਪੈਦਾ ਨਹੀਂ ਕਰਨਾ ਚਾਹੁੰਦੀ ਸੀ।
ਇਹ ਸੰਦੇਸ਼ ਪੜ੍ਹ ਕੇ ਗੁਰੂਦੱਤ ਨੂੰ ਜਿਵੇਂ ਨਵੀਂ ਜ਼ਿੰਦਗੀ ਮਿਲ ਗਈ। ਉਹ ਚੰਦ੍ਰਸੇਨਾ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ। ਉਧਰ, ਕੁਝ ਚਿਰ ਬਾਅਦ ਚੰਦ੍ਰਸੇਨਾ ਦਾ ਵਿਆਹ ਜਯਕਰਨ ਨਾਲ ਹੋ ਗਿਆ। ਚੰਦ੍ਰਸੇਨਾ ਨੇ ਵਿਆਹ 'ਚ ਕਿਸੇ ਕਿਸਮ ਦੀ ਰੁਕਾਵਟ ਨਾ ਪਾਈ। ਸੁਹਾਗ ਰਾਤ ਵੇਲੇ ਜਯਕਰਨ ਨੇ ਚੰਦ੍ਰਸੇਨਾ ਦਾ ਹੱਥ ਫੜਨਾ ਚਾਹਿਆ ਪਰ ਚੰਦ੍ਰਸੇਨਾ ਨੇ ਹੱਥ ਖਿੱਚ ਲਿਆ।
"ਕੀ ਗੱਲ ਹੈ ?” ਜਯਕਰਨ ਬੋਲਿਆ।
ਚੰਦ੍ਰਸੇਨਾ ਨੇ ਜਯਕਰਨ ਨੂੰ ਦੱਸਿਆ ਕਿ ਉਹ ਗੁਰੂਦੱਤ ਨੂੰ ਪਿਆਰ ਕਰਦੀ ਹੈ।
ਇਹ ਸੁਣ ਕੇ ਜਯਕਰਨ ਖ਼ਾਮੋਸ਼ ਹੋ ਗਿਆ।
"ਤੂੰ ਉਹਦੇ ਕੋਲ ਜਾਣਾ ਚਾਹੁੰਨੀ ਏਂ ?"
“ਹਾਂ।” ਚੰਦ੍ਰਸੇਨਾ ਬੋਲੀ ।
"ਜਾ ਸਕਦੀ ਏਂ।” ਜਯਕਰਨ ਨੇ ਆਖਿਆ। ਉਹ ਚੰਦ੍ਰਸੇਨਾ ਵੱਲ ਪਿੱਠ ਕਰਕੇ ਲੇਟ ਗਿਆ। ਰਾਜਾ ਵਿਕਰਮ! ਇਹ ਗੱਲ ਸੁਣ ਕੇ ਚੰਦ੍ਰਸੇਨਾ ਖ਼ੁਸ਼ੀ-ਖ਼ੁਸ਼ੀ ਗੁਰੂਦੱਤ ਦੇ ਮਹੱਲ ਵੱਲ ਤੁਰ ਪਈ । ਅੱਧੀ ਰਾਤ ਦਾ ਵੇਲਾ ਸੀ। ਸਾਰੇ ਪਾਸੇ ਸੰਨਾਟਾ ਸੀ । ਗਹਿਣਿਆਂ ਨਾਲ ਲੱਦੀ ਚੰਦ੍ਰਸੇਨਾ ਤੁਰੀ ਜਾ ਰਹੀ ਸੀ। ਅਚਾਨਕ ਇਕ ਚੋਰ ਦੀ ਨਿਗਾਹ ਉਹਦੇ 'ਤੇ ਪਈ। ਉਹਨੇ ਚੰਦ੍ਰਸੇਨਾ ਨੂੰ ਰੋਕ ਲਿਆ। ਚੰਦ੍ਰਸੇਨਾ ਘਬਰਾ ਗਈ। ਉਹ ਗਿੜਗਿੜਾ ਕੇ ਤਰਲੇ
ਪਾਉਣ ਲੱਗੀ ਕਿ ਉਹ ਆਪਣੇ ਪ੍ਰੇਮੀ ਨੂੰ ਮਿਲਣ ਜਾ ਰਹੀ ਹੈ, ਵਾਪਸ ਪਰਤਣ 'ਤੇ ਸਾਰੇ ਗਹਿਣੇ ਦੇ ਦੇਵੇਗੀ। ਇਸ ਵੇਲੇ ਉਹ ਉਹਨੂੰ ਛੱਡ ਦੇਵੇ।
“ਠੀਕ ਏ, ਮੈਂ ਤੇਰਾ ਏਥੇ ਹੀ ਇੰਤਜ਼ਾਰ ਕਰਾਂਗਾ।"
ਚੰਦ੍ਰਸੇਨਾ ਚੋਰ ਨੂੰ ਵਚਨ ਦੇ ਕੇ ਆਪਣੇ ਪ੍ਰੇਮੀ ਗੁਰੂਦੱਤ ਕੋਲ ਚਲੀ ਗਈ।
"ਤੂੰ...।" ਗੁਰੂਦੱਤ ਅਚਾਨਕ ਉਹਨੂੰ ਵੇਖ ਕੇ ਘਬਰਾ ਗਿਆ ।
“ਹਾਂ, ਮੈਂ ਆਪਣੇ ਖ਼ਤ 'ਚ ਲਿਖਿਆ ਤਾਂ ਸੀ ਕਿ ਵਿਆਹ ਤੋਂ ਬਾਅਦ ਮੈਂ ਕਿਸੇ ਵੀ ਤਰ੍ਹਾਂ ਤੈਨੂੰ ਆ ਕੇ ਮਿਲਾਂਗੀ।"
"ਵਿਆਹ ਹੋ ਗਿਆ।"
“ਹਾਂ।” ਚੰਦ੍ਰਲੇਖਾ ਬੋਲੀ। ਗੁਰੂਦੱਤ ਉਹਦਾ ਮੂੰਹ ਤੱਕਣ ਲੱਗਾ। ਚੰਦ੍ਰਸੇਨਾ ਬੋਲੀ-"ਕੀ ਵੇਖ ਰਹੇ ਓ, ਪਿਆਰ ਕਰੋ ਨਾ ।"
ਗੁਰੂਦੱਤ ਬੋਲਿਆ-"ਨਹੀਂ। ਮੈਂ ਪਿਆਰ ਨਹੀਂ ਕਰ ਸਕਦਾ। ਰਾਜ ਦਾ ਕਾਨੂੰਨ ਤੈਨੂੰ ਪਤਾ ਏ । ਫ਼ਾਂਸੀ ਦੀ ਸਜ਼ਾ ਹੈ। ਤੂੰ ਜਯਕਰਨ ਦੀ ਪਤਨੀ ਏਂ । ਵਿਆਹ ਤੋਂ ਪਹਿਲਾਂ ਹੋਰ ਗੱਲ ਸੀ । ਨਾਲੇ ਹੁਣ ਮੈਨੂੰ ਸਮਝ ਆ ਗਈ ਏ।"
ਰਾਜਾ ਵਿਕਰਮ ! ਇਹ ਸੁਣ ਕੇ ਚੰਦ੍ਰਸੇਨਾ ਹੱਕੀ-ਬੱਕੀ ਰਹਿ ਗਈ। ਉਹਨੇ ਆਪਣੇ ਪਿਆਰ ਦੀ ਬੜੀ ਦੁਹਾਈ ਦਿੱਤੀ ਪਰ ਰਾਜਸੀ ਕਾਨੂੰਨ ਦੇ ਡਰ ਕਾਰਨ ਗੁਰੂਦੱਤ ਨਾ ਮੰਨਿਆ। ਅਖ਼ੀਰ ਨਿਰਾਸ਼ ਹੋ ਕੇ ਚੰਦ੍ਰਸੇਨਾ ਵਾਪਸ ਆ ਗਈ । ਚੋਰ ਉਹਨੂੰ ਵਾਪਸ ਆਉਂਦਾ ਵੇਖ ਕੇ ਖ਼ੁਸ਼ ਹੋ ਗਿਆ। ਉਹਨੂੰ ਉਦਾਸ ਵੇਖ ਕੇ ਬੋਲਿਆ-"ਕੀ ਗੱਲ ਏ ?”
ਚੰਦ੍ਰਸੇਨਾ ਨੇ ਸਾਰੀ ਗੱਲ ਦੱਸ ਦਿੱਤੀ। ਸੁਣ ਕੇ ਚੋਰ ਨੂੰ ਤਰਸ ਆ ਗਿਆ । ਉਹ ਬੋਲਿਆ-‘ਤੇਰੀ ਸੱਚਾਈ ਸੁਣ ਕੇ ਮੈਂ ਬਹੁਤ ਖ਼ੁਸ਼ ਹਾਂ । ਤੂੰ ਵਾਪਸ ਮੇਰੇ ਕੋਲ ਆ ਗਈ। ਹੁਣ ਮੈਂ ਤੇਰੇ ਗਹਿਣੇ ਨਹੀਂ ਲਵਾਂਗਾ । ਤੂੰ ਜਾ ਸਕਦੀ ਏਂ ।"
ਰਾਜਾ ਵਿਕਰਮ! ਚੋਰ ਚੰਦ੍ਰਸੇਨਾ ਨੂੰ ਛੱਡ ਕੇ ਚਲਾ ਗਿਆ। ਚੰਦ੍ਰਸੇਨਾ
ਜਯਕਰਨ ਕੋਲ ਆ ਗਈ। ਜਯਕਰਨ ਨੇ ਵੀ ਉਹਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ।
"ਇਸ ਤਰ੍ਹਾਂ ਚੰਦ੍ਰਸੇਨਾ ਕਿਸੇ ਪਾਸੇ ਦੀ ਨਾ ਰਹੀ। ਨਾ ਪਤੀ ਮੰਨ ਰਿਹਾ ਸੀ, ਨਾ ਪ੍ਰੇਮੀ ਤਿਆਰ ਸੀ । ਸ਼ਰਮ ਦੀ ਮਾਰੀ ਚੰਦ੍ਰਸੇਨਾ ਨੇ ਖੂਹ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ । ਹੁਣ ਦੱਸ ਰਾਜਾ ਵਿਕਰਮ ।" ਬੇਤਾਲ ਬੋਲਿਆ-"ਤੇਰਾ ਨਿਆਇ ਕੀ ਕਹਿੰਦਾ ਏ । ਇਨ੍ਹਾਂ ਸਾਰਿਆਂ 'ਚੋਂ ਕੀਹਦਾ ਤਿਆਗ ਵੱਡਾ ਹੈ ? ਇਨ੍ਹਾਂ 'ਚੋਂ ਨਿਰਸਵਾਰਥ ਭਾਵ ਨਾਲ ਕੀਹਨੇ ਕੀਹਦੇ 'ਤੇ ਪਰਉਪਕਾਰ ਕੀਤਾ ?"
ਵਿਕਰਮ ਬੋਲਿਆ-"ਸੁਣ ਬੇਤਾਲ ! ਇਨ੍ਹਾਂ ਸਾਰਿਆਂ 'ਚੋਂ ਚੋਰ ਦਾ ਤਿਆਗ ਸਲਾਹੁਣਯੋਗ ਹੈ।”
"ਉਹ ਕਿਵੇਂ ?”
"ਉਹ ਇੰਜ ਕਿ ਸਾਰਿਆਂ ਦੇ ਤਿਆਗ ਮਗਰ ਕੋਈ ਨਾ ਕੋਈ ਕਾਰਨ ਹੈ । ਗੁਰੂਦੱਤ ਦਾ ਤਿਆਗ ਰਾਜਸੀ ਕਾਨੂੰਨ ਦੇ ਡਰ ਕਰਕੇ ਸੀ । ਜਯਕਰਨ ਨੇ ਉਹਨੂੰ ਇਸ ਲਈ ਤਿਆਗਿਆ ਕਿ ਉਹਦਾ ਦਿਲ ਪਤਨੀ ਦੀ ਚਰ੍ਰਿਤਰਹੀਣਤਾ ਕਰਕੇ ਟੁੱਟ ਗਿਆ ਸੀ । ਚੰਦ੍ਰਸੇਨਾ ਆਪਣੇ ਪਿਆਰ ਦੇ ਹੱਥੋਂ ਹਾਰ ਚੁੱਕੀ ਸੀ, ਬਾਅਦ 'ਚ ਬਦਨਾਮੀ ਦੇ ਡਰ ਕਾਰਨ ਉਹਨੇ ਖ਼ੁਦਕੁਸ਼ੀ ਕਰ ਲਈ। ਚੋਰ ਹੀ ਇਕ ਅਜਿਹਾ ਸ਼ਖ਼ਸ ਸੀ, ਜੀਹਦਾ ਤਿਆਗ ਬਿਨਾਂ ਕਿਸੇ ਸਵਾਰਥ ਦੇ ਸੀ। ਉਹ ਚਾਹੁੰਦਾ ਤਾਂ ਗਹਿਣੇ ਲੈ ਸਕਦਾ ਸੀ, ਪਰ ਉਹਨੇ ਇੰਜ ਨਹੀਂ ਕੀਤਾ।"
ਬੇਤਾਲ ਬੋਲਿਆ-“ਸ਼ਾਬਾਸ਼! ਰਾਜਾ ਵਿਕਰਮ ਤੇਰਾ ਨਿਆਂ ਬਹੁਤ ਪ੍ਰਸਿੱਧ ਹੈ। ਬਿਲਕੁਲ ਠੀਕ ਨਿਆਂ ਕੀਤਾ ਹੈ।"
ਤੇ ਉਹ ਛਾਲ ਮਾਰ ਕੇ ਉੱਡ ਗਿਆ । ਉਹਦਾ ਭਿਆਨਕ ਹਾਸਾ ਮੁੜ ਗੂੰਜਿਆ । ਉਹ ਬੋਲਦਾ ਰਿਹਾ-"ਰਾਜਾ ਵਿਕਰਮ ! ਤੇਰਾ ਨਿਆਂ ਸੰਸਾਰ 'ਚ ਅਮਰ ਰਹੇਗਾ।”
ਵਿਕਰਮ ਗੁੱਸੇ 'ਚ ਲਾਲ-ਪੀਲਾ ਹੋ ਗਿਆ। ਉਹ ਬੇਤਾਲ ਦੇ ਮਗਰ
ਦੌੜਿਆ ਪਰ ਬੇਤਾਲ ਮੁੜ ਦਰਖ਼ਤ 'ਤੇ ਜਾ ਕੇ ਮੁਰਦਿਆਂ ਵਾਂਗ ਉਲਟਾ ਲਟਕ ਗਿਆ। ਰਾਜਾ ਵਿਕਰਮ ਫਿਰ ਉਹਦੇ ਕੋਲ ਨੰਗੀ ਤਲਵਾਰ ਲੈ ਕੇ ਪਹੁੰਚ ਗਿਆ।
ਮਨ ਦੀ ਕੋਮਲਤਾ
ਜ਼ਿੱਦੀ ਵਿਕਰਮ ਇਕ ਵਾਰ ਮੁੜ ਬੇਤਾਲ ਨੂੰ ਮੋਢੇ 'ਤੇ ਲੱਦ ਕੇ ਤੁਰ ਪਿਆ।
"ਹੌਲੀ ਚੱਲ ਵਿਕਰਮ !" ਬੇਤਾਲ ਬੋਲਿਆ-"ਅਜੇ ਬਹੁਤ ਰਾਤ ਪਈ ।"
ਵਿਕਰਮ ਨੇ ਉਹਦੇ ਵੱਲ ਗੁੱਸੇ ਨਾਲ ਵੇਖਿਆ।
"ਚੰਗਾ ਸੁਣ।” ਬੇਤਾਲ ਬੋਲਿਆ-"ਮੈਂ ਇਕ ਕਹਾਣੀ ਸੁਣਾਉਂਦਾ ਹਾਂ।"
ਵਿਕਰਮ ਚੁੱਪ ਕਰਕੇ ਤੁਰਦਾ ਰਿਹਾ।
ਬੇਤਾਲ ਇਕ ਨਵੀਂ ਕਥਾ ਸੁਣਾਉਣ ਲੱਗਾ-"ਸਵਰਣ ਦੇਸ਼ ਦਾ ਰਾਜਾ ਅਤਿਅੰਤ ਪ੍ਰਤਾਪੀ ਸੀ। ਉਹਦੀਆਂ ਚਾਰ ਕੁੜੀਆਂ ਸਨ। ਉਹ ਬਹੁਤ ਹੀ ਨਾਜ਼ੁਕ ਅਤੇ ਕੋਮਲ ਸਨ । ਉਹਦੇ 'ਚੋਂ ਪਹਿਲੀ ਕੁੜੀ ਦਾ ਇਹ ਹਾਲ ਸੀ ਕਿ ਜੇਕਰ ਉਹ ਚਾਂਦਨੀ ਰਾਤ 'ਚ ਵੀ ਬਾਹਰ ਨਿਕਲ ਜਾਂਦੀ ਸੀ ਤਾਂ ਉਹਦੇ ਸਰੀਰ 'ਤੇ ਧੱਫੜ ਪੈ ਜਾਂਦੇ ਸਨ।"
ਬੇਤਾਲ ਦੀ ਗੱਲ ਸੁਣ ਕੇ ਵਿਕਰਮ ਮੁਸਕਰਾ ਪਿਆ ।
"ਦੂਜੀ ਦਾ ਇਹ ਹਾਲ ਸੀ ਕਿ ਜੇਕਰ ਗੁਲਾਬ ਦਾ ਫੁੱਲ ਵੀ ਉਹਦੇ ਮਾਰਿਆ ਜਾਂਦਾ ਤਾਂ ਸਰੀਰ ਦੇ ਜਿਸ ਵੀ ਹਿੱਸੇ ਨਾਲ ਫੁੱਲ ਟਕਰਾਉਂਦਾ, ਉਥੋਂ ਖੂਨ ਨਿਕਲਣ ਲੱਗ ਪੈਂਦਾ । ਤੀਸਰੀ ਰਾਜਕੁਮਾਰੀ ਏਨੀ ਕੋਮਲ ਸੀ ਕਿ ਜੇਕਰ ਕੋਈ ਜ਼ਰਾ ਜਿਹਾ ਵੀ ਉੱਚੀ ਬੋਲਦਾ, ਉਹ ਆਵਾਜ਼ ਦੀ ਧਮਕ ਨਾਲ ਹੀ ਬੇਹੋਸ਼ ਹੋ ਜਾਂਦੀ ਸੀ । ਤੇ ਰਾਜਾ ਵਿਕਰਮ ! ਚੌਥੀ ਰਾਜਕੁਮਾਰੀ ਦਾ
ਇਹ ਹਾਲ ਸੀ ਕਿ ਉਹਨੂੰ ਜਿਥੋਂ ਵੀ ਛੂਹਿਆ ਜਾਂਦਾ, ਉਥੇ ਕਈ ਦਿਨਾਂ ਤਕ ਨਿਸ਼ਾਨ ਪਿਆ ਰਹਿੰਦਾ ਸੀ । ਚਾਰੇ ਰਾਜਕੁਮਾਰੀਆਂ ਦੀ ਕੋਮਲਤਾ ਦੀ ਗੱਲ ਦੂਰ-ਦੂਰ ਦੇ ਦੇਸ਼ਾਂ 'ਚ ਫੈਲ ਗਈ । ਜਿਹੜਾ ਵੀ ਸੁਣਦਾ, ਹੈਰਾਨ ਹੁੰਦਾ। ਪਹਿਲੀ ਰਾਜਕੁਮਾਰੀ ਨੂੰ ਤਾਂ ਹਮੇਸ਼ਾ ਅੰਦਰ ਹੀ ਰੱਖਿਆ ਜਾਂਦਾ ਸੀ । ਦੂਜੀ ਰਾਜਕੁਮਾਰੀ ਨੂੰ ਕੋਈ ਛੂੰਹਦਾ ਵੀ ਨਹੀਂ ਸੀ । ਤੀਸਰੀ ਰਾਜਕੁਮਾਰੀ ਦੇ ਨੇੜੇ ਕੋਈ ਵਿਅਕਤੀ ਵੀ ਜ਼ਿਆਦਾ ਉੱਚੀ ਨਹੀਂ ਸੀ ਬੋਲਦਾ । ਚੌਥੀ ਰਾਜਕੁਮਾਰੀ ਦੀ ਹਾਲਤ ਦੂਜੀ ਰਾਜਕੁਮਾਰੀ ਵਰਗੀ ਸੀ । ਇਸ ਤਰ੍ਹਾਂ ਕੋਮਲਤਾ ਦੇ ਨਾਲ- ਨਾਲ ਰਾਜਕੁਮਾਰੀਆਂ ਬੇਹੱਦ ਸੋਹਣੀਆਂ ਸਨ ।
ਰਾਜਾ ਬੜਾ ਚਿੰਤਤ ਸੀ ਕਿ ਇਨ੍ਹਾਂ ਸਾਰੀਆਂ ਦਾ ਵਿਆਹ ਕਿਵੇਂ ਹੋਵੇਗਾ ? ਵਿਆਹ ਤੋਂ ਬਾਅਦ ਕੀ ਉਹ ਜੀਊਂਦੀਆਂ ਰਹਿ ਸਕਣਗੀਆਂ। ਆਪਣੀ ਕੋਮਲਤਾ ਕਾਰਨ ਰਾਜਕੁਮਾਰੀਆਂ ਅਤਿਅੰਤ ਹਲਕੇ ਕੱਪੜੇ ਪਾਉਂਦੀਆਂ ਸਨ। ਗਹਿਣੇ ਬਹੁਤ ਹਲਕੇ ਸਨ। ਇਕ ਤੋਲਾ ਸੋਨੇ ਨਾਲ ਸਰੀਰ ਦੇ ਸਾਰੇ ਗਹਿਣੇ ਬਣਾਏ ਜਾਂਦੇ ਸਨ । ਰਾਜਕੁਮਾਰੀਆਂ ਨੂੰ ਫਿਰ ਵੀ ਗਹਿਣੇ ਭਾਰੇ ਲੱਗਦੇ ਸਨ।
ਸਾਰੀਆਂ ਰਾਜਕੁਮਾਰੀਆਂ ਦੀ ਦੇਖਭਾਲ ਲਈ ਅਲੱਗ-ਅਲੱਗ ਨੌਕਰਾਣੀਆਂ ਸਨ। ਇਨ੍ਹਾਂ 'ਚੋਂ ਇਕ ਨੌਕਰਾਣੀ ਜਦੋਂ ਵੀ ਰਾਜ-ਮਹੱਲ 'ਚੋਂ ਬਾਹਰ ਨਿਕਲਦੀ ਅਤੇ ਕਿਸੇ ਭਿਖਾਰੀ ਜਾਂ ਦੁਖੀ ਨੂੰ ਵੇਖਦੀ ਤਾਂ ਉਹ ਕੁਝ ਨਾ ਕੁਝ ਦਾਨ ਦੇ ਰੂਪ ਵਿਚ ਜ਼ਰੂਰ ਦੇਂਦੀ ਸੀ।
ਭਿਖਾਰੀਆਂ 'ਤੇ ਦਇਆ ਕਰਨ ਵਾਲੀ ਇਹ ਨੌਕਰਾਣੀ ਇਕ ਦਿਨ ਗਹਿਣੇ ਲੈ ਕੇ ਨਿਕਲੀ । ਉਹਨੂੰ ਰਾਹ 'ਚ ਭਿਖਾਰੀ ਮਿਲਿਆ। ਉਹਦੇ ਹੱਥ 'ਚ ਗਹਿਣੇ ਵੇਖ ਕੇ ਬੁੜਬੁੜਾਉਣ ਲੱਗਾ ਕਿ ਮੈਂ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਹਾਂ । ਉਹਦੇ ਕੋਲ ਕੋਈ ਗਹਿਣਾ ਨਹੀਂ ਹੈ । ਉਹ ਮੈਨੂੰ ਗਹਿਣੇ ਦਾਨ ਦੇ ਦੇਵੇ । ਉਸ ਨੌਕਰਾਣੀ ਨੂੰ ਤਰਸ ਆ ਗਿਆ। ਉਹਨੇ ਉਹੀ ਗਹਿਣੇ ਦਾਨ ਦੇ ਦਿੱਤੇ ਤੇ ਖ਼ਾਲੀ ਹੱਥ ਵਾਪਸ ਆ ਗਈ।
ਰਾਜੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ
ਹੋਇਆ। ਉਹਨੇ ਨੌਕਰਾਣੀ ਨੂੰ ਦਰਬਾਰ 'ਚੋਂ ਕੱਢ ਦਿੱਤਾ। ਉਹ ਚੁੱਪਚਾਪ ਚਲੀ ਗਈ।
ਕੁਝ ਦੇਰ ਬਾਅਦ ਇਕ ਵੈਦ ਸਵਰਣ ਦੇਸ਼ 'ਚ ਆਇਆ। ਰਾਜੇ ਨੇ ਆਪਣੀਆਂ ਧੀਆਂ ਬਾਰੇ ਉਹਦੇ ਨਾਲ ਗੱਲ ਕੀਤੀ। ਉਨ੍ਹਾਂ ਦੀ ਕੋਮਲਤਾ ਬਾਰੇ ਦੱਸਿਆ।
ਪੁੱਛਿਆ-"ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਕੋਮਲ ਕੌਣ ਹੈ ?"
ਰਾਜਾ ਦੇ ਇਸ ਪ੍ਰਸ਼ਨ 'ਤੇ ਵੈਦ ਹੱਸਣ ਲੱਗਾ। ਰਾਜਾ ਹੈਰਾਨ ਹੋ ਕੇ ਬੋਲਿਆ-"ਤੁਸੀਂ ਹੱਸ ਰਹੇ ਹੋ।”
"ਹਾਂ ਰਾਜਨ !” ਉਹਨੇ ਆਖਿਆ-"ਸਭ ਤੋਂ ਜ਼ਿਆਦਾ ਕੋਮਲਤਾ ਵਾਲੀ ਗੱਲ 'ਤੇ ਹੱਸਿਆ ਹਾਂ।"
"ਇਨ੍ਹਾਂ 'ਚੋਂ ਜਿਹੜੀ ਸਭ ਤੋਂ ਜ਼ਿਆਦਾ ਕੋਮਲ ਹੈ, ਕੀ ਤੁਸੀਂ ਉਹਦਾ ਇਲਾਜ ਨਹੀਂ ਕਰ ਸਕਦੇ ?" ਰਾਜੇ ਨੇ ਆਖਿਆ।
ਵੈਦ ਇਨਕਾਰ ਕਰਕੇ ਚਲਾ ਗਿਆ।
ਰਾਜਾ ਵਿਕਰਮ ਹੁਣ ਯਾਦ ਕਰ ਕਿ ਵੈਦ ਨੇ ਗ਼ਲਤ ਕਿਹਾ ਸੀ ਜਾਂ ਸਹੀ ਤੇ ਉਨ੍ਹਾਂ ਸਾਰੀਆਂ ਰਾਜਕੁਮਾਰੀਆਂ 'ਚੋਂ ਕਿਹੜੀ ਸਭ ਤੋਂ ਜ਼ਿਆਦਾ ਕੋਮਲ ਸੀ ? ਤੇਰੀ ਬੁੱਧੀ ਕੀ ਕਹਿੰਦੀ ਏ ?
"ਬੇਤਾਲ ! ਇਨ੍ਹਾਂ ਰਾਜਕੁਮਾਰੀਆਂ 'ਚੋਂ ਕੋਈ ਵੀ ਕੋਮਲ ਨਹੀਂ ਸੀ।"
"ਕੀ ਮਤਲਬ ?"
"ਸਰੀਰ ਦੀ ਕੋਮਲਤਾ ਨਾਲ ਕੁਝ ਨਹੀਂ ਹੁੰਦਾ ਬੇਤਾਲ । ਕੋਮਲਤਾ ਤਾਂ ਮਨ ਦੀ ਹੁੰਦੀ ਹੈ। ਮੇਰੀ ਨਜ਼ਰ 'ਚ ਉਹ ਨੌਕਰਾਣੀ ਸਭ ਤੋਂ ਜ਼ਿਆਦਾ ਕੋਮਲ ਸੀ, ਜਿਹੜਾ ਹਰ ਵੇਲੇ ਕੁਝ ਨਾ ਕੁਝ ਦਾਨ ਦੇ ਰੂਪ 'ਚ ਦੇਂਦੀ ਸੀ । ਉਹੀ ਸਭ ਤੋਂ ਵੱਧ ਕੋਮਲ ਸੀ । ਜੇਕਰ ਮਨ ਦੀ ਕੋਮਲਤਾ ਨਾ ਹੋਵੇ ਤਾਂ ਤਨ ਦੀ ਕੋਮਲਤਾ ਦਾ ਕੋਈ ਲਾਭ ਨਹੀਂ । ਇਸ ਕਾਰਨ ਵੈਦਰਾਜ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।"
"ਵਾਹ! ਰਾਜਾ ਵਿਕਰਮ ! ਵਾਹ ! ਤੂੰ ਬਿਲਕੁਲ ਠੀਕ ਆਖਿਆ ਹੈ...
ਪਰ...।"
ਅਚਾਨਕ ਬੇਤਾਲ ਉਹਦੇ ਮੋਢਿਆਂ ਤੋਂ ਉੱਡ ਗਿਆ।
"ਮੈਂ ਆਖਿਆ ਸੀ ਨਾ ਰਾਜਾ ਵਿਕਰਮ ਕਿ ਜੇਕਰ ਤੂੰ ਬੋਲਿਆ ਤਾਂ ਮੈਂ ਵਾਪਸ ਚਲਾ ਜਾਵਾਂਗਾ।"
ਪਰ ਇਸ ਵਾਰ ਵਿਕਰਮ ਬਹੁਤ ਚੇਤੰਨ ਸੀ। ਉਹਨੇ ਇਕੋ ਝਟਕੇ ਨਾਲ ਉੱਛਲ ਕੇ ਉਹਨੂੰ ਫੜ ਲਿਆ ਅਤੇ ਆਪਣੇ ਮੋਢੇ 'ਤੇ ਲੱਦ ਕੇ, ਘੁੱਟ ਕੇ ਫੜ ਲਿਆ ਤੇ ਬੋਲਿਆ- "ਇਸ ਵਾਰ ਮੈਂ ਤੈਨੂੰ ਨਹੀਂ ਭੱਜਣ ਦਿਆਂਗਾ ਬੇਤਾਲ।”
ਪਿਉ ਦਾ ਸਰਾਪ
ਅਜੇ ਉਹ ਥੋੜੀ ਦੂਰ ਹੀ ਪਹੁੰਚੇ ਸਨ ਕਿ ਅਚਾਨਕ ਬੇਤਾਲ ਮੁੜ ਬੋਲਿਆ-"ਸੁਣ ਵਿਕਰਮ ! ਤੈਨੂੰ ਬਹੁਤ ਤੁਰਨਾ ਪਵੇਗਾ ਤੇ ਤੂੰ ਥੱਕ ਜਾਵੇਂਗਾ, ਇਸ ਲਈ ਚੰਗਾ ਇਹੋ ਏ ਕਿ ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ ਤਾਂ ਕਿ ਸਫ਼ਰ ਆਰਾਮ ਨਾਲ ਤੈਅ ਹੋ ਜਾਵੇ ਅਤੇ ਥਕਾਵਟ ਵੀ ਮਹਿਸੂਸ ਨਾ ਹੋਵੇ । ਇਹ ਕਹਾਣੀ ਬੜੀ ਹੀ ਸਿੱਖਿਆ ਭਰਪੂਰ ਅਤੇ ਮਨੋਰੰਜਕ ਹੈ।
ਵਿਕਰਮ ਚੁੱਪ ਕਰਕੇ ਸੁਣਦਾ ਰਿਹਾ।
ਇਕ ਵਾਰ ਦੀ ਗੱਲ ਹੈ—ਪੁਨਯਪੁਰ ਨਾਂ ਦੇ ਰਾਜ 'ਚ ਰਾਜਾ ਵੀਰਭਦ੍ਰ ਸ਼ਾਸਨ ਕਰਦਾ ਸੀ। ਉਹਦਾ ਸਤਿਯਮਣੀ ਨਾਂ ਦਾ ਇਕ ਮੰਤਰੀ ਸੀ । ਇਕ ਵਾਰ ਮੰਤਰੀ ਦਾ ਮਨ ਕੁਝ ਉਚਾਟ ਹੋ ਗਿਆ ਤਾਂ ਉਹਨੇ ਆਪਣੀ ਪਤਨੀ ਨਾਲ ਕਿਸੇ ਤੀਰਥ 'ਤੇ ਜਾ ਕੇ ਮਨ ਨੂੰ ਸ਼ਾਂਤ ਕਰਨ ਦਾ ਵਿਚਾਰ ਬਣਾਇਆ। ਰਾਜੇ ਨੇ ਉਹਨੂੰ ਖ਼ੁਸ਼ੀ-ਖ਼ੁਸ਼ੀ ਇਜਾਜ਼ਤ ਦੇ ਦਿੱਤੀ।
ਮੰਤਰੀ ਸਤਿਯਮਣੀ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ ਤੀਰਥ ਯਾਤਰਾ 'ਤੇ ਤੁਰ ਪਿਆ।
ਇਕ ਦਿਨ ਦੀ ਗੱਲ ਹੈ ਕਿ ਸਤਿਯਮਣੀ ਘੁੰਮਦਾ-ਫਿਰਦਾ ਸਮੁੰਦਰ
ਕਿਨਾਰੇ ਪਹੁੰਚ ਗਿਆ ਤੇ ਉਥੇ ਰੁਕ ਗਿਆ। ਲਗਪਗ ਅੱਧੀ ਰਾਤ ਵੇਲੇ ਉਹਨੂੰ ਉਥੇ ਇਕ ਅਜੀਬ ਦ੍ਰਿਸ਼ ਨਜ਼ਰ ਆਇਆ। ਉਹਨੇ ਤੱਕਿਆ ਕਿ ਸਮੁੰਦਰ ਵਿਚ ਇਕ ਬਹੁਤ ਖੂਬਸੂਰਤ ਦਰਖ਼ਤ ਉੱਗਦਾ ਜਾ ਰਿਹਾ ਹੈ। ਉਹ ਦਰਖ਼ਤ ਜਗਮਗਾਉਂਦੀ ਰੌਸ਼ਨੀ ਨਾਲ ਨਹਾ ਰਿਹਾ ਸੀ।
ਉਹਦੇ 'ਤੇ ਹੀਰੇ-ਮੋਤੀ, ਜੁਮਰੰਦ ਫਲ ਦੇ ਰੂਪ 'ਚ ਉੱਗ ਕੇ ਆਪਣਾ ਜਲਵਾ ਬਿਖੇਰ ਰਹੇ ਸਨ। ਦਰਖ਼ਤ ਦੀ ਉਪਰਲੀ ਟਾਹਣੀ 'ਤੇ ਇਕ ਪਰਮ ਸੁੰਦਰੀ ਹੱਥ 'ਚ ਵੀਣਾ ਫੜ ਕੇ ਸੰਗੀਤ ਦੀਆਂ ਮਧੁਰ ਲਹਿਰੀਆਂ ਵਾਤਾਵਰਣ 'ਚ ਬਿਖੇਰ ਰਹੀ ਸੀ। ਸਤਿਯਮਣੀ ਬਿਨਾਂ ਅੱਖ ਝਪੱਕਿਆਂ, ਮੰਤਰ ਮੁਗਧ ਉਸ ਦਰਖ਼ਤ ਵੱਲ ਵੇਖ ਰਿਹਾ ਸੀ। ਇਹ ਕਿਸੇ ਅਲੌਕਿਕ ਦ੍ਰਿਸ਼ ਤੋਂ ਘੱਟ ਨਹੀਂ ਸੀ । ਇਸ ਦੈਵੀ ਚਮਤਕਾਰ ਨੂੰ ਵੇਖ ਕੇ, ਉਹਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨੂੰ ਲੱਗਾ ਜਿਵੇਂ ਸਵਰਗ ਦੇ ਨੰਦਨ ਜੰਗਲ 'ਚ ਘੁੰਮਦਿਆਂ ਉਹ ਕਿਸੇ ਅਪਸਰਾ ਦੇ ਸਾਹਮਣੇ ਜਾ ਪਹੁੰਚਿਆ ਹੋਵੇ। ਇਸ ਦ੍ਰਿਸ਼ ਨੂੰ ਤੱਕ ਕੇ ਉਹ ਤੁਰੰਤ ਆਪਣੇ ਰਾਜ ਵੱਲ ਮੁੜ ਗਿਆ।
ਰਾਜੇ ਕੋਲ ਪਹੁੰਚ ਕੇ ਉਹਨੇ ਰਾਜੇ ਨੂੰ ਪੂਰਾ ਕਿੱਸਾ ਸੁਣਾਇਆ।
ਸੁਣ ਕੇ ਰਾਜਾ ਵੀ ਹੈਰਾਨ ਹੋ ਗਿਆ। ਉਹਨੇ ਪੁੱਛਿਆ-"ਇਹ ਕਿਸ ਵੇਲੇ ਦੀ ਘਟਨਾ ਏ ਸਤਿਯਮਣੀ।"
"ਉਸ ਵੇਲੇ ਲਗਪਗ ਅੱਧੀ ਰਾਤ ਲੰਘ ਚੁੱਕੀ ਸੀ।”
ਗੱਲ ਹੀ ਅਜਿਹੀ ਸੀ ਕਿ ਰਾਜਾ ਵੀਰਭਦ੍ਰ ਆਪਣੀ ਉਤਸੁਕਤਾ ਨੂੰ ਰੋਕ ਨਾ ਸਕਿਆ ਤੇ ਉਸੇ ਵਕਤ ਮੰਤਰੀ ਨਾਲ ਸਮੁੰਦਰ ਵੱਲ ਜਾਣ ਦਾ ਫੈਸਲਾ ਕਰ ਲਿਆ।
ਅਤੇ ਅੱਧੀ ਰਾਤ ਦੇ ਲਗਪਗ ਜਦੋਂ ਉਹ ਸਮੁੰਦਰ ਕਿਨਾਰੇ ਹਾਜ਼ਰ ਸੀ ਤਾਂ ਉਹਦੇ ਸਾਹਮਣੇ ਉਹੀ ਦ੍ਰਿਸ਼ ਉਪਸਥਿਤ ਹੋਇਆ, ਜਿਹੜਾ ਸਤਿਯਮਣੀ ਨੇ ਦੱਸਿਆ ਸੀ। ਇਸ ਦ੍ਰਿਸ਼ ਨੂੰ ਤੱਕ ਕੇ ਰਾਜਾ ਵੀਰਭਦ੍ਰ ਤੁਰੰਤ ਤੈਰ ਕੇ ਉਸ ਦਰਖ਼ਤ ਕੋਲ ਪਹੁੰਚ ਗਿਆ ਅਤੇ ਜਿਵੇਂ ਹੀ ਉਹਨੇ ਉਸ ਸੁੰਦਰੀ ਨੂੰ ਫੜਨਾ ਚਾਹਿਆ
ਉਹ ਦੌੜ ਕੇ ਸਮੁੰਦਰ 'ਚ ਭੱਜਣ ਲੱਗ ਪਈ । ਪਰ ਰਾਜੇ ਨੇ ਉਹਦਾ ਪਿੱਛਾ ਕਰਕੇ ਆਖ਼ਿਰਕਾਰ ਉਹਨੂੰ ਫੜ ਹੀ ਲਿਆ ਤੇ ਆਖਿਆ-‘ਕੌਣ ਏਂ ਤੂੰ ? ਕਿਹੜੇ ਲੋਕ ਦੀ ਪਰੀ ਏਂ ? ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ।"
ਰਾਜੇ ਦੇ ਮੂੰਹੋਂ ਇਹ ਵਚਨ ਸੁਣ ਕੇ ਉਸ ਸੁੰਦਰੀ ਨੇ ਆਖਿਆ-"ਹੇ ਰਾਜਨ ! ਜੇਕਰ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਤੁਰਦਸ਼ੀ ਦੀ ਰਾਤ ਤਕ ਇੰਤਜ਼ਾਰ ਕਰਨਾ ਪਵੇਗਾ। ਮੈਨੂੰ ਤੁਹਾਡੇ ਨਾਲ ਵਿਆਹ ਕਰਾਉਣ 'ਚ ਕੋਈ ਝਿਜਕ ਨਹੀਂ । ਤੁਹਾਡੇ ਵਰਗੇ ਗੁਣਵਾਨ ਤੇ ਸ਼ਕਤੀਸ਼ਾਲੀ ਰਾਜੇ ਨਾਲ ਵਿਆਹ ਕਰਕੇ ਮੈਂ ਖ਼ੁਦ ਨੂੰ ਕਿਸਮਤ ਵਾਲੀ ਸਮਝਾਂਗੀ।"
ਇਹ ਸੁਣ ਕੇ ਰਾਜਾ ਵੀਰਭਦ੍ਰ ਨੇ ਸੁੰਦਰੀ ਨੂੰ ਪੁੱਛਿਆ-"ਚਤੁਰਦਸ਼ੀ ਦੀ ਕਾਲੀ ਰਾਤ ਦਾ ਕੀ ਰਹੱਸ ਹੈ ?"
ਸੁੰਦਰੀ ਨੇ ਆਖਿਆ-"ਤੁਸੀਂ ਖ਼ੁਦ ਵੇਖ ਲਿਉ, ਕ੍ਰਿਪਾ ਕਰਕੇ ਇੰਤਜ਼ਾਰ ਕਰੋ।”
ਰਾਜਾ ਸੁੰਦਰੀ 'ਤੇ ਅਜਿਹਾ ਮੋਹਿਤ ਹੋਇਆ ਕਿ ਚਤੁਰਦਸ਼ੀ ਦੀ ਰਾਤ ਤਕ ਉਹ ਉਹਦੇ ਨਾਲ ਹੀ ਰਿਹਾ। ਚਤੁਰਦਸ਼ੀ ਦੀ ਕਾਲੀ ਰਾਤ ਨੂੰ ਇਕ ਵਿਸ਼ਾਲ ਰਾਖਸ਼ਸ਼ ਉਥੇ ਆਇਆ। ਆਉਂਦਿਆਂ ਹੀ ਉਹਨੇ ਸੁੰਦਰੀ ਨੂੰ ਆਪਣੀਆਂ ਬਾਹਾਂ 'ਚ ਭਰ ਕੇ ਉਹਨੂੰ ਗਲਵੱਕੜੀ ਪਾਉਣੀ ਚਾਹੀ। ਰਾਜਾ ਇਹ ਦ੍ਰਿਸ਼ ਵੇਖ ਕੇ ਕ੍ਰੋਧ ਨਾਲ ਭਰ ਗਿਆ। ਉਹਨੇ ਆਪਣੀ ਤਲਵਾਰ ਮਿਆਨ 'ਚੋਂ ਬਾਹਰ ਕੱਢੀ ਤੇ ਉਸ ਰਾਖਸ਼ਸ਼ ਨੂੰ ਯੁੱਧ ਲਈ ਲਲਕਾਰਿਆ।
ਰਾਜਾ ਵੀਰਭਦ੍ਰ ਦੀ ਲਲਕਾਰ ਸੁਣ ਕੇ ਉਹ ਤੁਰੰਤ ਉਹਦੇ 'ਤੇ ਝਪਟਿਆ ਪਰ ਰਾਜੇ ਨੇ ਆਪਣੀ ਦੋ-ਧਾਰੀ ਤਲਵਾਰ ਦੇ ਇਕੋ ਹੀ ਵਾਰ ਨਾਲ ਰਾਖਸ਼ਸ਼ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਸ ਤਰ੍ਹਾਂ ਰਾਖਸ਼ਸ਼ ਦੀ ਜੀਵਨ- ਲੀਲਾ ਖ਼ਤਮ ਹੋ ਗਈ। ਇਹ ਵੇਖ ਕੇ ਸੁੰਦਰੀ ਬੜੀ ਖ਼ੁਸ਼ ਹੋਈ ਤੇ ਦੌੜ ਕੇ ਰਾਜੇ ਦੇ ਗਲ ਨਾਲ ਚਿੰਬੜ ਗਈ।
"ਹੇ ਸੁੰਦਰੀ । ਹੁਣ ਦੱਸ ਕਿ ਇਸ ਘਟਨਾ ਦਾ ਕੀ ਰਹੱਸ ਸੀ ?"
ਰਾਜੇ ਦੀ ਉਤਸੁਕਤਾ ਨੂੰ ਭਾਂਪ ਕੇ ਸੁੰਦਰੀ ਨੇ ਆਖਿਆ-"ਹੇ ਰਾਜਨ! ਚਤੁਰਦਸ਼ੀ ਦੀ ਕਾਲੀ ਰਾਤ ਨੂੰ ਮੈਂ ਉਸ ਰਾਖਸ਼ਸ਼ ਦੇ ਅਧੀਨ ਹੋ ਜਾਇਆ ਕਰਦੀ ਸਾਂ । ਇਸ ਗੱਲ ਦਾ ਮੈਨੂੰ ਸਰਾਪ ਮਿਲਿਆ ਹੋਇਆ ਸੀ।"
ਰਾਜਾ ਵੀਰਭਦ੍ਰ ਨੇ ਪੁੱਛਿਆ-"ਇਹ ਸਰਾਪ ਤੈਨੂੰ ਕੀਹਨੇ ਦਿੱਤਾ ਸੀ?"
ਰਾਜੇ ਦੇ ਮੂੰਹੋਂ ਇਹ ਗੱਲ ਸੁਣ ਕੇ ਅੱਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੁੰਦਰੀ ਨੇ ਦੱਸਿਆ-"ਇਹ ਸਰਾਪ ਕਿਸੇ ਹੋਰ ਨੇ ਨਹੀਂ ਸਗੋਂ ਮੇਰੇ ਪਿਉ ਨੇ ਹੀ ਮੈਨੂੰ ਦਿੱਤਾ ਸੀ । ਰਾਜਨ ! ਮੈਂ ਗੰਧਰਵ ਵਿਦਿਆਧਰ ਦੀ ਬੇਟੀ ਹਾਂ। ਮੈਂ ਹਰ ਰੋਜ਼ ਆਪਣੇ ਪਿਉ ਨਾਲ ਹੀ ਰੋਟੀ ਖਾਂਦੀ ਸਾਂ। ਇਕ ਦਿਨ ਆਪਣੀਆਂ ਸਹੇਲੀਆਂ ਨਾਲ ਖੇਡਦੇ ਵਕਤ ਮੈਨੂੰ ਰੋਟੀ ਖਾਣ ਦਾ ਚੇਤਾ ਭੁੱਲ ਗਿਆ, ਜੀਹਦੇ ਕਾਰਨ ਪਿਤਾ ਜੀ ਨੂੰ ਇਕੱਲਿਆਂ ਹੀ ਰੋਟੀ ਖਾਣੀ ਪਈ ਤੇ ਜਦੋਂ ਮੈਂ ਖੇਡਣ ਤੋਂ ਬਾਅਦ ਘਰ ਪਹੁੰਚੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਸਰਾਪ ਦੇ ਦਿੱਤਾ ਕਿ ਹਰ ਚਤੁਰਦਸ਼ੀ ਦੀ ਰਾਤ ਨੂੰ ਤੂੰ ਇਕ ਦੈਂਤ ਦੇ ਵੱਸ 'ਚ ਹੋਇਆ ਕਰੇਂਗੀ। ਇਸ ਸਰਾਪ ਨੂੰ ਸੁਣ ਕੇ ਮੈਂ ਬਹੁਤ ਰੋਈ। ਉਨ੍ਹਾਂ ਨੇ ਸਰਾਪ ਦੇ ਤਾਂ ਦਿੱਤਾ ਪਰ ਬਾਅਦ 'ਚ ਉਨ੍ਹਾਂ ਨੂੰ ਬਹੁਤ ਪਛਤਾਉਣਾ ਪਿਆ। ਫਿਰ ਕੁਝ ਹੀ ਦੇਰ ਬਾਅਦ ਜਦੋਂ ਉਨ੍ਹਾਂ ਦਾ ਗੁੱਸਾ ਸ਼ਾਤ ਹੋਇਆ ਤਾਂ ਉਨ੍ਹਾਂ ਨੇ ਮੇਰੇ 'ਤੇ ਕ੍ਰਿਪਾ ਕਰਕੇ ਇਕ ਵਰਦਾਨ ਵੀ ਦਿੱਤਾ ਕਿ ਕੋਈ ਰਾਜਕੁਲ ਦਾ ਵੀਰ ਪੁਰਸ਼ ਆ ਕੇ ਤੈਨੂੰ ਇਸ ਰਾਖਸ਼ਸ਼ ਦੇ ਚੁੰਗਲ 'ਚੋਂ ਮੁਕਤੀ ਦਿਵਾਏਗਾ ਤੇ ਉਸ ਦਿਨ ਤੋਂ ਅੱਜ ਤਕ ਮੈਂ ਹਰ ਰੋਜ਼ ਸਮੁੰਦਰ 'ਚੋਂ ਨਿਕਲ ਕੇ ਕਲਪ ਦਰਖ਼ਤ ਦੇ ਉੱਪਰ ਬੈਠ ਕੇ ਕਿਸੇ ਵੀਰ ਰਾਜਪੁਰਸ਼ ਦੇ ਆਉਣ ਦੀ ਉਡੀਕ ਕਰਦੀ ਹੁੰਦੀ ਸਾਂ ਕਿ ਕਦੋਂ ਕੋਈ ਵੀਰ ਰਾਜਪੁਰਸ਼ ਮੈਨੂੰ ਇਸ ਰਾਖਸ਼ਸ਼ ਦੇ ਅੱਤਿਆਚਾਰਾਂ ਤੋਂ ਮੁਕਤੀ ਦਿਵਾਏਗਾ।”
ਰਾਜਾ ਵੀਰਭਦ੍ਰ ਉਹਦੀ ਆਪਬੀਤੀ ਸੁਣ ਕੇ ਉਹਨੂੰ ਆਪਣੇ ਰਾਜਮਹੱਲ 'ਚ ਲੈ ਆਇਆ ਤੇ ਪਤਨੀ ਦੇ ਰੂਪ 'ਚ ਅਪਣਾ ਕੇ ਉਹਦੇ ਨਾਲ ਕਾਮ-
ਕ੍ਰੀੜਾ 'ਚ ਗੁਆਚ ਗਿਆ।
ਮਹਾਮੰਤਰੀ ਸਤਿਯਮਣੀ ਨੇ ਜਿਉਂ ਹੀ ਇਹ ਸਾਰਾ ਕੁਝ ਤੱਕਿਆ- ਸੁਣਿਆ ਤਾਂ ਉਹਦੇ ਮੂੰਹ 'ਚੋਂ ਇਕ ਆਹ ਨਿਕਲੀ ਅਤੇ ਉਹ ਉਸੇ ਵੇਲੇ ਸਵਰਗ ਸਿਧਾਰ ਗਿਆ। ਉਹਦੀ ਜੀਵਨ ਲੀਲਾ ਸਮਾਪਤ ਹੋ ਗਈ । ਏਨੀ ਕਥਾ ਸੁਣਾ ਕੇ ਬੇਤਾਲ ਨੇ ਆਖਿਆ-"ਵਿਕਰਮ ! ਹੁਣ ਤੂੰ ਦੱਸਣਾ ਹੈ ਕਿ ਮੰਤਰੀ ਨੂੰ ਅਜਿਹਾ ਕਿਹੜਾ ਸਦਮਾ ਪਹੁੰਚਾ ਕਿ ਉਹਦਾ ਕਲੇਜਾ ਫਟ ਗਿਆ ਅਤੇ ਉਹ ਸਵਰਗ ਸਿਧਾਰ ਗਿਆ ?"
ਵਿਕਰਮ ਨੇ ਆਖਿਆ-"ਸੁਣ ਬੇਤਾਲ ! ਮੰਤਰੀ ਨੂੰ ਦੁਖ ਇਸ ਗੱਲ ਦਾ ਹੋਇਆ ਕਿ ਜੇਕਰ ਉਹ ਹਿੰਮਤ ਤੋਂ ਕੰਮ ਲੈਂਦਾ ਤਾਂ ਅੱਜ ਉਹ ਸੁੰਦਰੀ ਉਹਦੀ ਪਤਨੀ ਹੁੰਦੀ, ਆਖ਼ਿਰ ਉਹ ਵੀ ਤਾਂ ਇਕ ਵੀਰ ਰਾਜਪੁਰਸ਼ ਸੀ । ਪਰ ਉਹਨੇ ਇਹ ਸਾਰੀ ਗੱਲ ਰਾਜੇ ਨੂੰ ਦੱਸ ਦਿੱਤੀ ਸੀ । ਬਸ, ਆਪਣੀ ਗ਼ਲਤੀ ਤੇ ਪਛਤਾਵੇ ਦੇ ਸਦਮੇ ਕਾਰਨ ਉਹਦੀ ਮੌਤ ਹੋ ਗਈ।”
ਵਿਕਰਮ ਦੇਜਵਾਬ ਤੋਂ ਸੰਤੁਸ਼ਟ ਹੋ ਕੇ ਬੇਤਾਲ ਨੇ ਆਖਿਆ-"ਬਿਲਕੁਲ ਠੀਕ ਆਖਿਆ ਵਿਕਰਮ ! ਪਰ ਤੂੰ ਇਕ ਵਾਰ ਫਿਰ ਭੁੱਲ ਗਿਆਂ । ਤੈਨੂੰ ਉਹ ਪੁਰਾਣੀ ਸ਼ਰਤ ਤਾਂ ਯਾਦ ਹੀ ਹੋਵੇਗੀ...। ਤੂੰ ਬੋਲ ਪਿਆ ਏਂ, ਮੈਂ ਚੱਲਿਆਂ। ਮੈਂ ਜਾ ਰਿਹਾ ਹਾਂ ਵਿਕਰਮ ! ਹਾ...ਹਾ...ਹਾ...।" ਇਹ ਕਹਿ ਕੇ ਬੇਤਾਲ ਵਿਕਰਮ ਦੀ ਪਿੱਠ ਤੋਂ ਅਸਮਾਨ ਵੱਲ ਉੱਡ ਗਿਆ ਤੇ ਹਵਾ 'ਚ ਤੈਰਦਾ ਹੋਇਆ ਸ਼ਮਸ਼ਾਨ ਭੂਮੀ ਵੱਲ ਉੱਡ ਗਿਆ।
ਵਿਕਰਮ ਬੇਤਾਲ ਦੇ ਪਿੱਛੇ-ਪਿੱਛੇ ਨੰਗੀ ਦੋ-ਧਾਰੀ ਤਲਵਾਰ ਲੈ ਕੇ ਦੌੜ ਰਿਹਾ ਸੀ।
ਦੋਸ਼ੀ ਕੌਣ ?
ਵਿਕਰਮ ਦੌੜਦਾ-ਦੌੜਦਾ ਇਕ ਵਾਰ ਫਿਰ ਸ਼ਮਸ਼ਾਨ ਭੂਮੀ ਪਹੁੰਚ ਗਿਆ। ਬੇਤਾਲ ਦਰਖ਼ਤ 'ਤੇ ਪੁੱਠਾ ਲਟਕਿਆ ਹੋਇਆ ਸੀ । ਰਾਜਾ
ਵਿਕਰਮ ਨੇ ਬੜੀ ਫੁਰਤੀ ਨਾਲ ਇਕ ਵਾਰ ਮੁੜ ਉਹਨੂੰ ਫੜਿਆ ਤੇ ਆਪਣੀ ਪਿੱਠ 'ਤੇ ਲੱਦ ਕੇ ਤੁਰ ਪਿਆ। ਬੇਤਾਲ ਉਹਦੇ ਚੁੰਗਲ 'ਚੋਂ ਛੁੱਟਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਪਰ ਉਹਦੀ ਕੋਸ਼ਿਸ਼ ਸਫ਼ਲ ਨਹੀਂ ਸੀ ਹੋ ਰਹੀ। ਵਿਕਰਮ ਦੀ ਪਕੜ ਏਨੀ ਮਜ਼ਬੂਤ ਸੀ ਕਿ ਇਸ ਵਾਰ ਬੇਤਾਲ ਨੂੰ ਹਿੱਲਣ ਵਿਚ ਵੀ ਕਠਿਨਾਈ ਮਹਿਸੂਸ ਹੋ ਰਹੀ ਸੀ। ਪਰ ਫਿਰ ਵੀ ਵਿਕਰਮ ਨੂੰ ਗੱਲਾਂ 'ਚ ਫਸਾ ਕੇ ਉਹਨੇ ਨਵੀਂ ਕਹਾਣੀ ਸ਼ੁਰੂ ਕਰ ਦਿੱਤੀ।
“ਸੁਣ, ਰਾਜਾ ਵਿਕਰਮ ! ਚੂੜਾਪੁਰ ਨਾਂ ਦੇ ਇਕ ਨਗਰ 'ਚ ਕ੍ਰਿਸ਼ਨਦੱਤ ਨਾਂ ਦਾ ਇਕ ਬਹੁਤ ਹੀ ਵਿਦਵਾਨੀ ਬ੍ਰਾਹਮਣ ਰਹਿੰਦਾ ਸੀ । ਉਹਦਾ ਇਕ ਪੁੱਤਰ ਸੀ ਜੀਹਦਾ ਨਾਂ ਹਰੀਦੱਤ ਸੀ।
ਹਰੀਦੱਤ ਆਪਣੇ ਪਿਤਾ ਵਾਂਗ ਹੀ ਗੁਣੀ ਅਤੇ ਸ਼ਾਸ਼ਤਰਾਂ ਦਾ ਗਿਆਨੀ ਸੀ। ਉਹ ਅਤਿਅੰਤ ਸੋਹਣਾ ਸੀ । ਉਹ ਗੱਭਰੂ ਹੋ ਗਿਆ ਤਾਂ ਕ੍ਰਿਸ਼ਨਦੱਤ ਨੇ ਉਹਦੇ ਲਈ ਯੋਗ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ । ਪਰ ਵਿਧੀ ਦੀ ਇੱਛਾ ਹੀ ਕੁਝ ਅਜਿਹੀ ਸੀ ਕਿ ਕ੍ਰਿਸ਼ਨਦੱਤ ਆਪਣੇ ਜੀਵਨ ਕਾਲ ਵਿਚ ਪੁੱਤਰ ਦਾ ਵਿਆਹ ਨਾ ਵੇਖ ਸਕਿਆ। ਉਹਦੀ ਮੌਤ ਹੋ ਗਈ।
ਪਿਤਾ ਦੀ ਮੌਤ ਤੋਂ ਬਾਅਦ ਹਰੀਦੱਤ ਨੇ ਆਪਣੀ ਇੱਜ਼ਤ ਤੇ ਮਾਣ ਬਰਕਰਾਰ ਰੱਖਿਆ। ਪਿਤਾ ਦੀ ਇੱਜ਼ਤ 'ਤੇ ਦਾਗ਼ ਨਾ ਲੱਗਣ ਦਿੱਤਾ । ਉਹ ਲਾਇਕ ਪਿਉ ਦਾ ਲਾਇਕ ਪੁੱਤਰ ਨਿਕਲਿਆ। ਇਕ ਦਿਨ ਹਰੀਦੱਤ ਕਿਸੇ ਬੁਲਾਵੇ 'ਤੇ ਗਿਆ। ਉਥੇ ਇਕ ਅਤਿਅੰਤ ਸੋਹਣੀ ਕੁੜੀ ਨੂੰ ਵੇਖ ਕੇ ਉਹ ਉਹਦੇ 'ਤੇ ਲੱਟੂ ਹੋ ਗਿਆ । ਕੁੜੀ ਵੀ ਆਪਣਾ ਪਿਆਰ ਪ੍ਰਗਟ ਕਰ ਗਈ। ਹਰੀਦੱਤ ਨੇ ਉਸ ਕੁੜੀ ਦੇ ਪਿਉ ਸਾਹਮਣੇ ਵਿਆਹ ਦੀ ਇੱਛਾ ਰੱਖੀ ਤੇ ਉਸ ਕੁੜੀ ਦੇ ਪਿਉ ਨੇ ਬੜੇ ਆਦਰ ਨਾਲ ਉਹਦੀ ਇੱਛਾ ਨੂੰ ਸਵੀਕਾਰ ਕਰ ਲਿਆ । ਇਸ ਤਰ੍ਹਾਂ ਹਰੀਦੱਤ ਦਾ ਵਿਆਹ ਹੋ ਗਿਆ । ਉਹ ਲੀਲਾਵਤੀ ਨਾਂ ਦੀ ਉਸ ਸੁੰਦਰੀ ਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਆਇਆ ਤੇ ਰੰਗ-ਰਲੀਆਂ 'ਚ ਡੁੱਬ ਗਿਆ।
ਸਾਰੇ ਦਿਨ ਇਕੋ ਜਿਹੇ ਨਹੀਂ ਹੁੰਦੇ। ਇਕ ਦਿਨ ਹਰੀਦੱਤ ਆਪਣੀ
ਪਤਨੀ ਲੀਲਾਵਤੀ ਨਾਲ ਸਰੋਵਰ 'ਚ ਇਸ਼ਨਾਨ ਕਰਨ ਗਿਆ। ਬਦਕਿਸਮਤੀ ਨਾਲ ਸਰੋਵਰ 'ਚ ਨਹਾਉਂਦੇ ਵਕਤ ਲੀਲਾਵਤੀ ਡੁੱਬ ਗਈ। ਉਹਦੀ ਦੇਹ ਸਰੋਵਰ ਦੇ ਤਲ 'ਚ ਜਾ ਕੇ ਫਸ ਗਈ। ਹਰੀਦੱਤ ਪਾਗਲ ਹੋ ਗਿਆ। ਉਹ ਸਰੋਵਰ ਕੰਢੇ ਬੈਠਾ ਰਿਹਾ। ਭੁੱਖ-ਪਿਆਸ ਮਰ ਗਈ। ਫਿਰ ਇਕ ਦਿਨ ਉਹ ਪਾਗਲਾਂ ਵਾਂਗ ਚੀਖਦਾ-ਚੀਖਦਾ ਜੰਗਲ ਵੱਲ ਭੱਜ ਗਿਆ। ਕਾਫ਼ੀ ਦੇਰ ਹਰੀਦੱਤ ਜੰਗਲ ਵਿਚ ਭਟਕਦਾ ਰਿਹਾ।
ਇਸੇ ਤਰ੍ਹਾਂ ਭਟਕਦਾ-ਭਟਕਦਾ ਉਹ ਕੰਚਨਪੁਰ ਪਹੁੰਚ ਗਿਆ । ਉਥੇ ਉਹਦੇ ਪਿਉ ਦਾ ਇਕ ਪਰਮ ਮਿੱਤਰ ਵਾਸੂਦੇਵ ਰਹਿੰਦਾ ਸੀ । ਉਹਨੇ ਹਰੀਦੱਤ ਨੂੰ ਪਛਾਣ ਲਿਆ ਤੇ ਉਹਦੀ ਹਾਲਤ ਵੇਖ ਕੇ ਬੜਾ ਦੁਖੀ ਹੋਇਆ।
ਹੇ ਰਾਜਾ ਵਿਕਰਮ ! ਵਾਸੂਦੇਵ ਨੇ ਆਪਣੀ ਪਤਨੀ ਨੂੰ ਆਖਿਆ-"ਅੱਜ ਮੰਗਲਵਾਰ ਹੈ । ਹਰੀਦੱਤ ਨੂੰ ਖੀਰ ਬਣਾ ਕੇ ਖਾਣ ਨੂੰ ਦੇ।”
ਵਾਸੂਦੇਵ ਦੀ ਪਤਨੀ ਨੇ ਖੀਰ ਬਣਾਈ ਤੇ ਖਾਣ ਲਈ ਹਰੀਦੱਤ ਨੂੰ ਦੇ ਦਿੱਤੀ। ਪਰ ਹਰੀਦੱਤ ਨੇ ਉਹ ਖੀਰ ਨਾ ਖਾਧੀ ਤੇ ਖੀਰ ਵਾਲਾ ਪੱਤਲ ਚੁੱਕ ਕੇ ਇਕ ਬਗੀਚੇ 'ਚ ਆ ਕੇ ਬਹਿ ਗਿਆ ਤੇ ਉਥੇ ਹੀ ਇਕ ਦਰਖ਼ਤ ਦੇ ਥੱਲੇ ਖੀਰ ਵਾਲਾ ਪੱਤਲ ਰੱਖ ਕੇ ਉਹ ਲੀਲਾਵਤੀ ਦੀ ਯਾਦ 'ਚ ਰੋਣ ਲੱਗਾ। ਉਸ ਦਰਖ਼ਤ ਦੇ ਹੇਠਾਂ ਬੜਾ ਜ਼ਹਿਰੀਲਾ ਸੱਪ ਰਹਿੰਦਾ ਸੀ । ਉਹ ਆਪਣੀ ਖੁੱਡ 'ਚੋਂ ਬਾਹਰ ਆਇਆ। ਉਸਨੇ ਖੀਰ 'ਚ ਜ਼ਹਿਰ ਮਿਲਾ ਦਿੱਤਾ। ਹਰੀਦੱਤ ਨੂੰ ਇਸ ਗੱਲ ਦਾ ਪਤਾ ਨਾ ਲੱਗਾ।
ਸੱਪ ਜ਼ਹਿਰ ਰਲਾ ਕੇ ਚਲਾ ਗਿਆ ਤਾਂ ਹਰੀਦੱਤ ਨੇ ਉਹ ਖੀਰ ਖਾ ਲਈ । ਖੀਰ ਖਾਣ ਤੋਂ ਬਾਅਦ ਉਹਨੂੰ ਪਸੀਨਾ ਆਉਣ ਲੱਗਾ । ਉਹਦਾ ਸਰੀਰ ਆਕੜਣ ਲੱਗਾ । ਹਰੀਦੱਤ ਸਮਝ ਗਿਆ ਕਿ ਇਹ ਜ਼ਹਿਰ ਦਾ ਪ੍ਰਭਾਵ ਹੈ। ਉਹ ਭੱਜ ਕੇ ਦਰਵਾਜ਼ੇ ਤਕ ਪਹੁੰਚਿਆ ਤੇ ਚੀਕਣ ਲੱਗਾ- “ਤੁਸਾਂ ਮੈਨੂੰ ਜ਼ਹਿਰ ਦਿੱਤਾ ਹੈ ।.. ਮੈਨੂੰ ਜ਼ਹਿਰ ਦੇ ਦਿੱਤਾ ।"
ਤੇ ਉਹ ਉਥੇ ਹੀ ਦਰਵਾਜ਼ੇ ਮੂਹਰੇ ਡਿੱਗ ਕੇ ਮਰ ਗਿਆ । ਇਸ ਤਰ੍ਹਾਂ ਦਾ ਦ੍ਰਿਸ਼ ਵੇਖ ਕੇ ਵਾਸੂਦੇਵ ਘਬਰਾ ਗਿਆ । ਉਹ ਆਪਣੀ ਪਤਨੀ ਨੂੰ ਬੁਰਾ-
ਭਲਾ ਕਹਿਣ ਲੱਗਾ ਕਿ ਉਹਨੇ ਬ੍ਰਾਹਮਣ ਦੀ ਹੱਤਿਆ ਕਰ ਦਿੱਤੀ ਹੈ। ਹਰੀਦੱਤ ਦੀ ਖੀਰ 'ਚ ਜ਼ਹਿਰ ਰਲਾ ਦਿੱਤਾ ਹੈ। ਇਹ ਦੋਸ਼ ਸੁਣ ਕੇ ਵਾਸੂਦੇਵ ਦੀ ਪਤਨੀ ਨੇ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਹੇ ਰਾਜਾ ਵਿਕਰਮ ! ਫ਼ੈਸਲਾ ਕਰ ਕਿ ਇਸ ਆਤਮਹੱਤਿਆ ਦਾ ਪਾਪ ਵਾਸੂਦੇਵ 'ਤੇ ਆਇਆ ਜਾਂ ਨਹੀਂ ? ਵਾਸੂਦੇਵ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਏ ਜਾਂ ਨਹੀਂ । ਇਸ ਸਭ ਲਈ ਹਰੀਦੱਤ ਜ਼ਿੰਮੇਵਾਰ ਹੈ ਕਿ ਉਹਨੇ ਜਾਣ ਕੇ ਵਾਸੂਦੇਵ ਦੀ ਪਤਨੀ 'ਤੇ ਦੋਸ਼ ਲਾਇਆ ? ਤੇਰਾ ਨਿਆਂ ਕੀ ਕਹਿੰਦਾ ਹੈ ?
ਬੇਤਾਲ ਦਾ ਪ੍ਰਸ਼ਨ ਸੁਣ ਕੇ ਰਾਜਾ ਵਿਕਰਮ ਸੋਚਾਂ 'ਚ ਡੁੱਬ ਗਿਆ। ਥੋੜੀ ਦੇਰ ਬਾਅਦ ਬੋਲਿਆ-"ਇਹਦੇ 'ਚੋਂ ਕਿਸੇ ਦਾ ਵੀ ਦੋਸ਼ ਨਹੀਂ ਹੈ।"
ਬੇਤਾਲ ਬੋਲਿਆ-"ਕੀ ਸੱਪ ਵੀ ਸਜ਼ਾ ਦਾ ਭਾਗੀ ਨਹੀਂ ਹੈ ?"
"ਨਹੀਂ।” ਵਿਕਰਮ ਨੇ ਆਖਿਆ-"ਸੱਪ ਦਾ ਤਾਂ ਕੰਮ ਹੀ ਜ਼ਹਿਰ ਛੱਡਣਾ ਹੈ। ਇਹ ਉਹਦਾ ਸੁਭਾਅ ਹੈ ।"
"ਫਿਰ ਦੋਸ਼ੀ ਕੌਣ ਹੈ ?"
"ਖ਼ੁਦ ਹਰੀਦੱਤ। ਉਹਨੂੰ ਖੀਰ ਦਾ ਪੱਤਲ ਉਥੇ ਨਹੀਂ ਸੀ ਰੱਖਣਾ ਚਾਹੀਦਾ ਪਰ ਹਰੀਦੱਤ ਵੀ ਦੋਸ਼ੀ ਨਹੀਂ ਹੈ।"
"ਕਿਉਂ?"
"ਉਹ ਪਾਗਲ ਹੋ ਗਿਆ ਸੀ । ਪਾਗਲ ਨੂੰ ਗਿਆਨ ਨਹੀਂ ਹੁੰਦਾ। ਇਸ ਕਰਕੇ ਇਨ੍ਹਾਂ ਸਾਰਿਆਂ 'ਚੋਂ ਕੋਈ ਵੀ ਦੋਸ਼ੀ ਨਹੀਂ ਹੈ ।" ਕਹਿ ਕੇ ਵਿਕਰਮ ਚੁੱਪ ਕਰ ਗਿਆ।
ਇਸ ਵਾਰ ਬੇਤਾਲ ਭਿਆਨਕ ਹਾਸਾ ਨਾ ਹੱਸਿਆ, ਸਗੋਂ ਚੁੱਪ ਰਿਹਾ। ਸਿਰਫ਼ ਏਨਾ ਹੀ ਬੋਲਿਆ-"ਤੂੰ ਠੀਕ ਆਖਦਾ ਏਂ ਵਿਕਰਮ।"
ਰਾਜਾ ਵਿਕਰਮ ਉਹਨੂੰ ਮੋਢੇ 'ਤੇ ਲੱਦ ਦੇ ਕਾਹਲੀ-ਕਾਹਲੀ ਸ਼ਮਸ਼ਾਨ ਵੱਲ ਤੁਰਿਆ ਜਾ ਰਿਹਾ ਸੀ । ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ। ਵਿਕਰਮ ਨੇ ਬੇਤਾਲ ਨੂੰ ਸ਼ਾਂਤ ਵੇਖ ਕੇ ਚੈਨ ਦਾ ਸਾਹ ਲਿਆ ਕਿ ਇਸ ਵਾਰ
ਉਹਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨੂੰ ਲੈ ਕੇ ਛੇਤੀ ਤੋਂ ਛੇਤੀ ਸ਼ਮਸ਼ਾਨ ਪਹੁੰਚ ਜਾਣਾ ਚਾਹੀਦਾ ਸੀ । ਬੇਤਾਲ ਦਾ ਵਿਹਾਰ ਵੇਖ ਕੇ ਵਿਕਰਮ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਸ਼ਰਾਰਤ ਨਹੀਂ ਕਰੇਗਾ । ਤਾਂਤ੍ਰਿਕ ਸਾਧੂ ਦੇ ਕੋਲ ਲਿਜਾਣ 'ਚ ਕੋਈ ਰੁਕਾਵਟ ਨਹੀਂ ਪਾਵੇਗਾ। ਅਖ਼ੀਰ ਉਹ ਕਾਹਲੀ ਕਾਹਲੀ ਤੁਰਦਾ ਰਿਹਾ।
ਅੱਧੇ ਤੋਂ ਜ਼ਿਆਦਾ ਸਫ਼ਰ ਮੁੱਕ ਗਿਆ ਸੀ ਕਿ ਬੇਤਾਲ ਬੋਲਿਆ-"ਰਾਜਾ ਵਿਕਰਮ ! ਰਸਤਾ ਬਦਲ ਕੇ ਸੱਜੇ ਪਾਸੇ ਹੋ ਜਾ। ਇਹ ਸਮਾਂ ਜ਼ਹਿਰੀਲੇ ਸੱਪ ਆਉਣ ਦਾ ਹੈ। ਬੇਤਾਲ ਉਹਦੀ ਜਾਨ ਦੀ ਰੱਖਿਆ ਵੀ ਕਰ ਰਿਹਾ ਸੀ । ਇਸ ਕਾਰਨ ਉਹ ਮਨ ਹੀ ਮਨ ਬੇਤਾਲ ਪ੍ਰਤੀ ਖ਼ੁਸ਼ ਵੀ ਸੀ।
ਕਿਉਂ ਰੋਇਆ, ਕਿਉਂ ਹੱਸਿਆ
“ਰਾਜਾ ਵਿਕਰਮ! ਮੈਂ ਤੇਰੇ ਨਿਰਣੇ 'ਤੇ ਬਹੁਤ ਖ਼ੁਸ਼ ਹਾਂ। ਹੁਣ ਇਕ ਅਨੋਖੀ ਕਹਾਣੀ ਸੁਣਾਉਂਦਾ ਹਾਂ। ਇਹ ਬਿਲਕੁਲ ਸੱਚੀ ਘਟਨਾ ਹੈ।"
ਚੰਦਰ ਹਿਰਦੇ ਨਾਂ ਦੀ ਨਗਰੀ ਦਾ ਰਾਜਾ ਚੰਦਰਵੀਰ ਬੜਾ ਪ੍ਰਤਾਪੀ ਰਾਜਾ ਸੀ । ਉਹ ਆਪਣੀ ਪਰਜਾ ਦੇ ਦੁਖ-ਸੁਖ ਦਾ ਬੜਾ ਧਿਆਨ ਰੱਖਦਾ ਸੀ। ਉਸੇ ਨਗਰੀ 'ਚ ਧਰਮਵੀਰ ਨਾਂ ਦਾ ਇਕ ਧੰਨਾ ਸੇਠ ਰਹਿੰਦਾ ਸੀ । ਉਹਦੀ ਕੁੜੀ ਦਾ ਨਾਂ ਸ਼ੋਭਨਾ ਸੀ । ਉਹ ਕਾਫ਼ੀ ਸੋਹਣੀ ਸੀ । ਵਿਆਹੁਣ ਯੋਗ ਹੋ ਗਈ ਸੀ। ਧਰਮਵੀਰ ਕਿਸੇ ਸੁਯੋਗ ਵਰ ਨਾਲ ਉਹਦਾ ਵਿਆਹ ਕਰਨਾ ਚਾਹੁੰਦਾ ਸੀ ਪਰ ਸ਼ੋਭਨਾ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਸਿਰਫ਼ ਆਪਣੀ ਪਸੰਦ ਦੇ ਮੁੰਡੇ ਨਾਲ ਹੀ ਵਿਆਹ ਕਰਾਵੇਗੀ।
ਸੇਠ ਧਰਮਵੀਰ ਕਿਉਂਕਿ ਆਪਣੀ ਧੀ ਨਾਲ ਬੇਹੱਦ ਪਿਆਰ ਕਰਦਾ ਸੀ, ਇਸ ਲਈ ਉਹਨੇ ਬਿਨਾਂ ਕਿਸੇ ਹੀਲ-ਹੁੱਜਤ ਦੇ ਧੀ ਦੀ ਗੱਲ ਮੰਨ ਲਈ।
ਹੇ ਰਾਜਾ ਵਿਕਰਮ । ਇਕ ਸਮਾਂ ਅਜਿਹਾ ਆਇਆ ਕਿ ਚੰਦਰ ਹਿਰਦੇ
ਨਗਰ 'ਚ ਚੋਰੀਆਂ ਹੋਣ ਲੱਗ ਪਈਆਂ । ਪਰਜਾ ਤਰਾਹ-ਤਰਾਹ ਕਰ ਉੱਠੀ। ਪਰ ਲੱਖ ਕੋਸ਼ਿਸ਼ਾ ਦੇ ਬਾਵਜੂਦ ਵੀ ਚੋਰ ਫੜਿਆ ਨਾ ਗਿਆ। ਚੋਰਾਂ ਦਾ ਨਿਸ਼ਾਨਾ ਛੋਟੇ ਅਤੇ ਗਰੀਬ ਪਰਿਵਾਰ ਤਾਂ ਸਨ ਹੀ, ਵੱਡੇ-ਵੱਡੇ ਸੇਠਾਂ ਨੂੰ ਵੀ ਉਨ੍ਹਾਂ ਨੇ ਨਹੀਂ ਸੀ ਬਖ਼ਸ਼ਿਆ।
ਨਗਰ ਦੇ ਸਾਰੇ ਅਮੀਰਾਂ ਨੇ ਰਾਜਾ ਚੰਦਰਵੀਰ ਅੱਗੇ ਫਰਿਆਦ ਕੀਤੀ। ਰਾਜਾ ਚੰਦਰਵੀਰ ਨੇ ਖ਼ੁਦ ਉਸੇ ਵੇਲੇ ਆਪਣੇ ਤਮਾਮ ਸਿਪਾਹੀਆਂ ਨੂੰ ਪਹਿਰੇ 'ਤੇ ਲਾ ਦਿੱਤਾ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਸਦੇ ਬਾਵਜੂਦ ਵੀ ਚੋਰੀਆਂ ਨਾ ਰੁਕੀਆਂ । ਪਰਜਾ ਨੂੰ ਸ਼ੱਕ ਹੋ ਗਿਆ ਕਿ ਕਿਤੇ ਪਹਿਰੇਦਾਰ ਵੀ ਚੋਰਾਂ ਨਾਲ ਨਾ ਮਿਲ ਗਏ ਹੋਣ।
ਪਰਜਾ ਚੰਦਰਵੀਰ ਦੇ ਕੋਲ ਗਈ। ਫਰਿਆਦ ਕੀਤੀ । ਤਦ ਰਾਜਾ ਚੰਦਰਵੀਰ ਨੇ ਘੋਸ਼ਣਾ ਕੀਤੀ ਕਿ ਉਹ ਖ਼ੁਦ ਦੇਖਭਾਲ ਕਰਨਗੇ।
ਹੇ ਰਾਜਾ ਵਿਕਰਮ । ਇਸ ਤਰ੍ਹਾਂ ਰਾਜਾ ਚੰਦਰਵੀਰ ਖ਼ੁਦ ਪਹਿਰਾ ਦੇਣ ਲੱਗਾ । ਰਾਜੇ ਦੁਆਰਾ ਪਹਿਰਾ ਦੇਣ ਕਰਕੇ ਪਹਿਰੇਦਾਰ ਹੋਰ ਮੁਸਤੈਦ ਹੋ ਗਏ। ਤਿੰਨ-ਚਾਰ ਦਿਨਾਂ ਤਕ ਤਾਂ ਕੁਝ ਨਾ ਹੋਇਆ ਪਰ ਇਕ ਰਾਤ ਜਦੋਂ ਰਾਜਾ ਚੰਦਰਵੀਰ ਖ਼ੁਦ ਨਗਰ ਦੀ ਗਸ਼ਤ ਕਰ ਰਿਹਾ ਸੀ ਤਾਂ ਉਹਨੇ ਇਕ ਵਿਅਕਤੀ ਨੂੰ ਭੱਜਦਿਆਂ ਵੇਖਿਆ।
"ਉਹਨੂੰ ਫੜੋ...ਛੇਤੀ ।" ਰਾਜਾ ਚੰਦਰਵੀਰ ਨੇ ਹੁਕਮ ਦਿੱਤਾ।
ਸਿਪਾਹੀਆਂ ਨੇ ਦੌੜ ਕੇ ਉਹਨੂੰ ਫੜ ਲਿਆ । ਫੜਿਆ ਗਿਆ ਆਦਮੀ ਰਾਜੇ ਦੇ ਸਾਹਮਣੇ ਲਿਆਂਦਾ ਗਿਆ। ਉਹਦੇ ਕੋਲੋਂ ਚੋਰੀ ਕੀਤਾ ਸਮਾਨ ਨਿਕਲਿਆ। ਉਹਨੇ ਕਬੂਲ ਕੀਤਾ ਕਿ ਉਹ ਚੋਰ ਹੈ । ਹੁਣ ਤਕ ਜਿੰਨੀਆਂ ਵੀ ਚੋਰੀਆਂ ਹੋਈਆਂ ਨੇ, ਉਹਨੇ ਹੀ ਕੀਤੀਆਂ ਨੇ।
ਰਾਜਾ ਨੇ ਉਹਨੂੰ ਹਿਰਾਸਤ 'ਚ ਭੇਜ ਦਿੱਤਾ। ਅਗਲੇ ਦਿਨ ਨਗਰ 'ਚ ਢੰਡੋਰਾ ਫੇਰ ਦਿੱਤਾ ਗਿਆ ਕਿ ਚੋਰ ਫੜਿਆ ਗਿਆ ਹੈ । ਉਹਨੂੰ ਕੱਲ੍ਹ ਸਾਰੇ ਸ਼ਹਿਰ 'ਚ ਘੁਮਾਉਣ ਤੋਂ ਬਾਅਦ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ। ਚੋਰ ਨੂੰ ਰਾਜਾ ਦੁਆਰਾ ਫੜ ਲਏ ਜਾਣ ਦਾ ਸਮਾਚਾਰ ਸੁਣ ਕੇ ਸਾਰੀ ਪਰਜਾ ਖ਼ੁਸ਼
ਹੋ ਗਈ । ਜਦੋਂ ਉਸ ਚੋਰ ਨੂੰ ਨਗਰ-ਪਰਿਕਰਮਾ ਲਈ ਲਿਜਾਇਆ ਗਿਆ ਤਾਂ ਸਾਰਾ ਨਗਰ ਉਹਨੂੰ ਵੇਖਣ ਲਈ ਟੁੱਟ ਪਿਆ। ਔਰਤਾਂ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਛੱਤਾਂ ਥਾਣੀਂ ਵੇਖਣ ਲੱਗੀਆਂ।
ਚੋਰ ਨੂੰ ਜਦੋਂ ਸੇਠ ਧਰਮਵੀਰ ਦੀ ਹਵੇਲੀ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਹਦੀ ਧੀ ਸ਼ੋਭਨਾ ਨੇ ਵੀ ਉਹਨੂੰ ਵੇਖਿਆ। ਉਹ ਚੋਰ ਨੂੰ ਵੇਖਦਿਆਂ ਹੀ ਉਹਦੇ 'ਤੇ ਮੋਹਿਤ ਹੋ ਗਈ । ਤੁਰੰਤ ਦੌੜ ਕੇ ਧਰਮਵੀਰ ਦੇ ਕੋਲ ਗਈ ਤੇ ਦੱਸਿਆ ਕਿ ਉਹ ਉਸ ਚੋਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ । ਧੀ ਦੀ ਗੱਲ ਸੁਣ ਕੇ ਸੇਠ ਧਰਮਵੀਰ ਹੱਕਾ-ਬੱਕਾ ਰਹਿ ਗਿਆ।
"ਇਹ ਤੂੰ ਕੀ ਕਹਿ ਰਹੀ ਏਂ ਧੀਏ ?”
"ਮੈਂ ਜੋ ਵੀ ਕਹਿ ਰਹੀ ਹਾਂ, ਚੰਗੀ ਤਰ੍ਹਾਂ ਸੋਚ-ਸਮਝ ਕੇ ਕਹਿ ਰਹੀ ਹਾਂ ਪਿਤਾ ਜੀ । ਮੈਂ ਉਹਨੂੰ ਆਪਣਾ ਪਤੀ ਮੰਨ ਲਿਆ ਹੈ।" ਸ਼ੋਭਨਾ ਬੋਲੀ- "ਜੇਕਰ ਉਹਨੂੰ ਫਾਂਸੀ 'ਤੇ ਲਟਕਾਇਆ ਗਿਆ ਤਾਂ ਮੈਂ ਸਤੀ ਹੋ ਜਾਵਾਂਗੀ।"
ਧਰਮਵੀਰ ਇਹ ਸੁਣ ਕੇ ਘਬਰਾ ਗਿਆ । ਆਪਣੀ ਧੀ ਦੀ ਮਮਤਾ 'ਚ ਪਾਗਲ ਹੋ ਕੇ ਉਹ ਰਾਜੇ ਦੇ ਕੋਲ ਗਿਆ ਤੇ ਰਾਜੇ ਨੂੰ ਸਾਰੀ ਗੱਲ ਦੱਸ ਕੇ ਬੇਨਤੀ ਕੀਤੀ ਕਿ ਉਹ ਚੋਰ ਨੂੰ ਛੱਡ ਦੇਣ।
ਰਾਜਾ ਹੈਰਾਨ ਹੋ ਕੇ ਬੋਲਿਆ- "ਇੰਜ ਕਿਵੇਂ ਹੋ ਸਕਦਾ ਏ। ਚੋਰ ਨੂੰ ਸਜ਼ਾ ਤਾਂ ਮਿਲੇਗੀ ਹੀ। ਮੇਰੀ ਪਰਜਾ ਕੀ ਕਹੇਗੀ।”
ਉਧਰ ਸ਼ੋਭਨਾ ਆਪਣੇ ਫੈਸਲੇ 'ਤੇ ਅਟੱਲ ਸੀ। ਧਰਮਵੀਰ ਨੇ ਬਥੇਰਾ ਸਮਝਾਇਆ, ਪਰ ਉਹ ਨਾ ਮੰਨੀ। ਸ਼ੋਭਨਾ ਦੀ ਇਸ ਜ਼ਿਦ ਵਾਲੀ ਗੱਲ ਚਾਰੇ ਪਾਸੇ ਫੈਲ ਗਈ। ਗੱਲ ਚੋਰ ਦੇ ਕੰਨਾਂ ਤਕ ਪੁੱਜੀ। ਜਦੋਂ ਉਹਨੇ ਸੁਣਿਆ ਤਾਂ ਉਹ ਰੋਣ ਲੱਗਾ।
ਫਿਰ ਸੂਲੀ 'ਤੇ ਲਟਕਣ ਦਾ ਵਕਤ ਆ ਗਿਆ। ਨਗਰ ਦੇ ਚੌਂਕ 'ਚ ਉਹਨੂੰ ਫਾਂਸੀ ਦਿੱਤੀ ਜਾਣੀ ਸੀ । ਉਸ ਦ੍ਰਿਸ਼ ਨੂੰ ਵੇਖਣ ਲਈ ਸਾਰਾ ਨਗਰ ਆਇਆ ਹੋਇਆ ਸੀ । ਉਹਨੂੰ ਫਾਂਸੀ ਦੇ ਰੱਸੇ ਕੋਲ ਲਿਜਾਇਆ ਗਿਆ। ਠੀਕ ਉਸੇ ਵੇਲੇ ਸ਼ੋਭਨਾ ਉਥੇ ਆ ਗਈ । ਉਹਨੇ ਵਾਲ ਖਿਲਾਰੇ ਹੋਏ ਸਨ,
ਵਿਧਵਾ ਵਾਲਾ ਭੇਸ ਬਣਾਇਆ ਹੋਇਆ ਸੀ।
ਉਹਨੇ ਘੋਸ਼ਣਾ ਕੀਤੀ ਕਿ ਉਹ ਚੋਰ ਨੂੰ ਆਪਣਾ ਪਤੀ ਮੰਨ ਚੁੱਕੀ ਹੈ । ਇਸ ਕਾਰਨ ਉਹਦੇ ਨਾਲ ਹੀ ਸਤੀ ਹੋਵੇਗੀ। ਰਾਜਾ ਵਿਕਰਮ... ਨਗਰ ਦੇ ਕਈ ਮੁੰਡੇ ਸ਼ੋਭਨਾ ਨੂੰ ਸਮਝਾਉਣ ਲੱਗੇ । ਪਰ ਉਹਨੇ ਕਿਸੇ ਦੀ ਵੀ ਗੱਲ ਨਾ ਮੰਨੀ। ਉਹ ਤਾਂ ਆਪਣੀ ਜ਼ਿਦ 'ਤੇ ਅੜੀ ਹੋਈ ਸੀ । ਚੋਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੱਸ ਪਿਆ ਕਿ ਉਹ ਸਤੀ ਹੋਣ ਵਾਲੀ ਹੈ। ਫਿਰ ਉਹਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ।
ਰਾਜਾ ਵਿਕਰਮ! ਸ਼ੋਭਨਾ ਆਪਣੀ ਘੋਸ਼ਣਾ ਦੇ ਅਨੁਸਾਰ ਉਸ ਚੋਰ ਦੀ ਲਾਸ਼ ਨੂੰ ਆਪਣੀ ਗੋਦੀ 'ਚ ਰੱਖ ਕੇ ਸਤੀ ਹੋ ਗਈ। ਉਹਨੇ ਆਪਣਾ ਵਚਨ ਨਿਭਾਇਆ।
ਇਹ ਅਜੂਬਾ ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਵੇਖਿਆ। ਇਸ ਦੇ ਬਾਵਜੂਦ ਮੈਂ ਅੱਜ ਤਕ ਇਹ ਨਹੀਂ ਸਮਝ ਸਕਿਆ ਕਿ ਚੋਰ ਸ਼ੋਭਨਾ ਦੇ ਪਿਆਰ ਦੀ ਗੱਲ ਸੁਣ ਕੇ ਰੋਇਆ ਕਿਉਂ ? ਉਹਨੂੰ ਤਾਂ ਸ਼ੋਭਨਾ ਦੇ ਪਿਆਰ ਦੀ ਗੱਲ ਸੁਣ ਕੇ ਖੁਸ਼ ਹੋਣਾ ਚਾਹੀਦਾ ਸੀ ਤੇ ਸਤੀ ਹੋਣ ਵਾਲੀ ਗੱਲ ਸੁਣ ਕੇ ਰੋਣਾ ਚਾਹੀਦਾ ਸੀ । ਇਹ ਗੱਲ ਉਲਟ ਕਿਵੇਂ ਹੋ ਗਈ ? ਤੂੰ ਦੱਸ ਵਿਕਰਮ, ਇਸਦਾ ਕੀ ਕਾਰਨ ਸੀ ?
ਰਾਜਾ ਵਿਕਰਮ ਕੁਝ ਦੇਰ ਸੋਚ-ਵਿਚਾਰਨ ਤੋਂ ਬਾਅਦ ਬੋਲਿਆ- "ਬੇਤਾਲ, ਗੁਣੀ ਦੀ ਕੀਮਤ ਗੁਣਵਾਨ ਹੀ ਜਾਣਦਾ ਹੈ । ਜਦੋਂ ਚੋਰ ਨੂੰ ਇਹ ਪਤਾ ਲੱਗਾ ਕਿ ਸੇਠ ਧਰਮਵੀਰ ਦੀ ਧੀ ਸ਼ੋਭਨਾ ਉਹਨੂੰ ਪਿਆਰ ਕਰਦੀ ਹੈ। ਤਾਂ ਆਪਣੀ ਤਕਦੀਰ 'ਤੇ ਰੋਇਆ ਕਿ ਜੇਕਰ ਸ਼ੋਭਨਾ ਦਾ ਪਿਆਰ ਫੜੇ ਜਾਣ ਤੋਂ ਪਹਿਲਾਂ ਮਿਲ ਜਾਂਦਾ ਤਾਂ ਸ਼ਾਇਦ ਉਹ ਸੁਧਰ ਜਾਂਦਾ । ਇਕ ਚੰਗਾ ਆਦਮੀ ਬਣ ਜਾਂਦਾ।"
"ਸਤੀ ਵਾਲੀ ਗੱਲ 'ਤੇ ਹੱਸਿਆ ਕਿਉਂ ?" ਬੇਤਾਲ ਨੇ ਪੁੱਛਿਆ।
"ਸ਼ੋਭਨਾ ਦੀ ਮੂਰਖਤਾ 'ਤੇ। ਮਾਨ ਨਾ ਮਾਨ ਮੈਂ ਤੇਰਾ ਮਹਿਮਾਨ । ਔਰਤ ਦੀ ਅਕਲ ਵੀ ਕੰਮ ਨਹੀਂ ਕਰਦੀ । ਉਹਦਾ ਸਤੀ ਹੋਣਾ ਉਹਨੂੰ ਚਰਿਤਰਹੀਣ
ਸਾਬਤ ਕਰਦਾ ਸੀ। ਇਸ ਕਾਰਨ ਉਹ ਠਹਾਕਾ ਮਾਰ ਕੇ ਹੱਸਿਆ। ਮੇਰਾ ਤਾਂ ਇਹੋ ਮੰਨਣਾ ਹੈ।"
"ਤੂੰ ਠੀਕ ਆਖਦਾ ਏਂ ਰਾਜਾ ਵਿਕਰਮ ।" ਬੇਤਾਲ ਠਹਾਕਾ ਮਾਰ ਕੇ ਹੱਸਿਆ।
ਉਹਦਾ ਭਿਆਨਕ ਹਾਸਾ ਸੁੰਨਸਾਨ ਰਸਤੇ 'ਚ ਦੂਰ-ਦੂਰ ਤਕ ਗੂੰਜ ਗਿਆ। ਇਸ ਵੇਲੇ ਉਹ ਪੂਰੀ ਤਾਕਤ ਨਾਲ ਉਛਲਿਆ ਤੇ ਵਿਕਰਮ ਦੇ ਮੋਢਿਆਂ ਤੋਂ ਉੱਡ ਕੇ ਹਵਾ 'ਚ ਤੈਰਨ ਲੱਗ ਪਿਆ। ਵਿਕਰਮ ਨੇ ਗੁੱਸੇ 'ਚ ਮਿਆਨ 'ਚੋਂ ਤਲਵਾਰ ਖਿੱਚੀ ਤੇ ਉਹਦੇ ਮਗਰ ਦੌੜਿਆ ਪਰ ਬੇਤਾਲ ਆਪਣੇ ਟਿਕਾਣੇ 'ਤੇ ਪਹੁੰਚਣ ਤੋਂ ਪਹਿਲਾਂ ਵਿਕਰਮ ਦੇ ਹੱਥ ਕਦੋਂ ਆਉਣ ਵਾਲਾ ਸੀ।
ਜੋ ਦੁਨੀਆ ਜਾਣੇ ਸੋ ਸੱਚਾ
ਵਿਕਰਮ ਇਕ ਵਾਰ ਮੁੜ ਉਸ ਦਰਖ਼ਤ ਦੇ ਲਾਗੇ ਗਿਆ । ਬੇਤਾਲ ਦੇ ਵਾਰ-ਵਾਰ ਭੱਜਣ 'ਤੇ ਹਾਲਾਂਕਿ ਵਿਕਰਮ ਨੂੰ ਕਾਫ਼ੀ ਗੁੱਸਾ ਆਉਂਦਾ ਸੀ ਪਰ ਉਸ ਯੋਗੀ ਨੇ ਉਹਨੂੰ ਪਹਿਲਾਂ ਹੀ ਸਮਝਾ ਰੱਖਿਆ ਸੀ ਕਿ ਬੇਤਾਲ ਸਿੱਧੀ ਤਰ੍ਹਾਂ ਏਥੇ ਆਉਣ ਵਾਲਾ ਨਹੀਂ । ਉਹ ਲੱਖਾਂ ਰੁਕਾਵਟਾਂ ਪਾਵੇਗਾ, ਪਰ ਤੂੰ ਉਹਨੂੰ ਕਿਸੇ ਨਾ ਕਿਸੇ ਬਹਾਨੇ ਇਥੇ ਲਿਆਉਣਾ ਹੈ।
ਬੇਤਾਲ ਮੁਰਦਿਆਂ ਵਾਂਗ ਲਟਕਿਆ ਹੋਇਆ ਸੀ । ਰਾਜਾ ਵਿਕਰਮ ਨੇ ਉਹਨੂੰ ਚੁੱਕ ਕੇ ਮੋਢਿਆਂ 'ਤੇ ਲੱਦ ਲਿਆ। ਬੇਤਾਲ ਬੋਲਿਆ-"ਰਾਜਾ ਵਿਕਰਮ ਮੈਂ ਜਾਣਦਾ ਹਾਂ ਕਿ ਤੂੰ ਆਵੇਂਗਾ। ਉਸ ਯੋਗੀ ਨੂੰ ਮੇਰੀ ਬਹੁਤ ਜ਼ਰੂਰਤ ਹੈ।" ਤੇ ਉਹ ਹੱਸਣ ਲੱਗ ਪਿਆ।
"ਤੂੰ ਹੱਸਦਾ ਕਿਉਂ ਏਂ ?" ਵਿਕਰਮ ਨੇ ਪੁੱਛਿਆ।
"ਰਾਜਾ ਵਿਕਰਮ ।" ਬੇਤਾਲ ਬੋਲਿਆ-"ਮੈਨੂੰ ਹਾਸਾ ਇਸ ਗੱਲ 'ਤੇ ਆ ਰਿਹਾ ਹੈ ਕਿ ਵਿਦਵਾਨ ਵੀ ਕਦੀ-ਕਦੀ ਸਮੇਂ ਨੂੰ ਨਹੀਂ ਪਹਿਚਾਣ ਪਾਉਂਦੇ।"
"ਤੇਰਾ ਮਤਲਬ ਕੀ ਏ ?" ਵਿਕਰਮ ਨੇ ਪੁੱਛਿਆ।
"ਸੁਣ ! ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ ।" ਬੇਤਾਲ ਬੋਲਿਆ- "ਕਲਿੰਗ ਦੇਸ਼ 'ਚ ਜਯੰਤ ਨਾਂ ਦਾ ਇਕ ਵਪਾਰੀ ਰਹਿੰਦਾ ਸੀ । ਜਯਵੰਤ ਨਾਂ ਦਾ ਉਹਦਾ ਇਕ ਬੜਾ ਸੋਹਣਾ ਪੁੱਤਰ ਸੀ। ਉਹ ਪਿਤਾ ਦੇ ਕਹਿਣ ਅਨੁਸਾਰ ਵਪਾਰ ਕਰਨ ਇਕ ਦੇਸ਼ ਤੋਂ ਦੂਜੇ ਦੇਸ਼ ਆਉਂਦਾ-ਜਾਂਦਾ ਰਹਿੰਦਾ ਸੀ। ਇਕ ਵਾਰ ਦੀ ਗੱਲ ਹੈ ਕਿ ਉਹ ਗੰਧਾਰ ਦੇਸ਼ 'ਚ ਵਪਾਰ ਕਰਨ ਗਿਆ। ਰਾਜ-ਦਰਬਾਰ ਜਾ ਕੇ ਉਹਨੇ ਰਾਜੇ ਨੂੰ ਅਨਮੋਲ ਸਮਾਨ ਵਿਖਾਇਆ। ਰਾਜੇ ਨੇ ਉਹਨੂੰ ਅੰਤਪੁਰ ਜਾ ਕੇ ਰਾਜਕੁਮਾਰੀ ਨੂੰ ਉਹ ਸਮਾਨ ਵਿਖਾਉਣ ਲਈ ਆਖਿਆ । ਜਯਵੰਤ ਅੰਤਪੁਰ ਪਹੁੰਚ ਗਿਆ । ਰਾਜਕੁਮਾਰੀ ਚੰਦ੍ਰਪ੍ਰਭਾ ਨੂੰ ਵੇਖ ਕੇ ਜਯਵੰਤ ਉਹਦੇ 'ਤੇ ਲੱਟੂ ਹੋ ਗਿਆ । ਰਾਜਕੁਮਾਰੀ ਵੀ ਉਹਦੇ 'ਤੇ ਮੋਹਿਤ ਹੋ ਗਈ।
ਖ਼ੈਰ ! ਅੰਤਪੁਰ 'ਚੋਂ ਜਯਵੰਤ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਆ ਗਿਆ। ਰਾਜਕੁਮਾਰੀ ਚੰਦ੍ਰਪ੍ਰਭਾ ਦੀ ਸੋਹਣੀ ਸੂਰਤ ਉਹ ਭਲਾ ਨਹੀਂ ਸੀ ਸਕਿਆ। ਜਯਵੰਤ ਦਾ ਇਹ ਹਾਲ ਹੋ ਗਿਆ ਕਿ ਵਪਾਰ ਉਹਨੂੰ ਚੰਗਾ ਨਾ ਲੱਗਦਾ। ਉਹ ਸਾਰਾ ਕੁਝ ਤਿਆਗ ਕੇ ਉਸੇ ਉਧੇੜ-ਬੁਣ 'ਚ ਪੈ ਗਿਆ ਕਿ ਰਾਜਕੁਮਾਰੀ ਦੇ ਇਕ ਵਾਰ ਦਰਸ਼ਨ ਕਿਵੇਂ ਕਰੇ ? ਅੰਤਪੁਰ 'ਚ ਸਖ਼ਤ ਪਹਿਰਾ ਹੋਣ ਦੇ ਕਾਰਨ ਉਹ ਉਥੇ ਜਾ ਵੀ ਨਹੀਂ ਸੀ ਸਕਦਾ। ਇਸੇ ਤਰ੍ਹਾਂ ਕਈ ਦਿਨ ਗੁਜ਼ਰ ਗਏ ਉਹਦੇ ਦੋਸਤ, ਸਹਾਇਕ, ਸੇਵਕ ਸਾਰੇ ਹੈਰਾਨ ਸਨ ਕਿ ਜਯਵੰਤ ਨੂੰ ਹੋਇਆ ਕੀ ਹੈ ? ਉਹ ਕੀ ਪਾਗਲ ਦੀਵਾਨਿਆਂ ਵਰਗੀਆਂ ਹਰਕਤਾਂ ਕਰ ਰਿਹਾ ਹੈ।
ਉਹ ਗੁੰਮਸੁੰਮ ਬੈਠਾ ਰਹਿੰਦਾ ਸੀ । ਉਹਦੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ । ਇਸ ਹਾਲਤ ਨੂੰ ਵੇਖ ਕੇ ਉਹਦੇ ਨਾਲ ਦੇ ਸਾਰੇ ਜਣੇ ਪ੍ਰੇਸ਼ਾਨ ਹੋ ਗਏ ਸਨ।
ਕਿਸਮਤ ਦਾ ਚੱਕਰ ਵੇਖ ਰਾਜਾ ਵਿਕਰਮ! ਉਸੇ ਵਕਤ ਕਾਮਰੂ ਕਾਮਾਕਸ਼ਾ ਕੋਲੋਂ ਤੰਤਰ ਸਿੱਖ ਕੇ ਭੂਤਦੇਵ ਨਾਂ ਦਾ ਇਕ ਤਾਂਤ੍ਰਿਕ ਉਥੇ
ਆਇਆ ਸੀ।
ਜਯਵੰਤ ਦਾ ਇਕ ਸੇਵਕ ਤਾਂਤ੍ਰਿਕ ਦੀ ਪ੍ਰਸਿੱਧੀ ਸੁਣ ਕੇ ਉਹਦੇ ਕੋਲ ਗਿਆ ਅਤੇ ਜਯਵੰਤ ਦੀ ਹਾਲਤ ਬਾਰੇ ਦੱਸਿਆ। ਉਹ ਤਾਂਤ੍ਰਿਕ ਜਯਵੰਤ ਨੂੰ ਵੇਖਣ ਆਇਆ ਤੇ ਆਪਣੇ ਮੰਤਰ ਦੀ ਸ਼ਕਤੀ ਨਾਲ ਉਹ ਉਹਦੀ ਵਾਸਤਵਿਕਤਾ ਨੂੰ ਸਮਝ ਗਿਆ। ਉਹਨੂੰ ਸਪੱਸ਼ਟ ਦੱਸ ਦਿੱਤਾ ਕਿ ਇਹ ਰਾਜਕੁਮਾਰੀ ਚੰਦ੍ਰਪ੍ਰਭਾ ਨੂੰ ਮਿਲਣ ਲਈ ਬੇਚੈਨ ਹੈ।
ਇਹ ਸੁਣਦਿਆਂ ਹੀ ਜਯਵੰਤ 'ਚ ਜਿਵੇਂ ਨਵੀਂ ਚੇਤਨਾ ਆ ਗਈ- "ਹਾਂ, ਤੂੰ ਠੀਕ ਕਹਿੰਦਾ ਏਂ । ਮੈਂ ਕਿਸੇ ਵੀ ਹਾਲਤ 'ਚ ਉਹਨੂੰ ਮਿਲਣਾ ਚਾਹੁੰਦਾ ਹਾਂ।”
"ਮੈਂ ਮਿਲਾ ਦਿਆਂਗਾ।”
ਭੂਤਦੇਵ ਨੇ ਉਹਨੂੰ ਇਕ ਤਵੀਤ ਦੇ ਦਿੱਤਾ ਤੇ ਆਖਿਆ-"ਤਵੀਤ ਬੰਨ੍ਹਦਿਆਂ ਹੀ ਤੂੰ ਸੋਹਣੀ ਕੁੜੀ 'ਚ ਬਦਲ ਜਾਵੇਂਗਾ। ਜਦੋਂ ਤਵੀਤ ਲਾਹ ਦੇਵੇਂਗਾ ਤਾਂ ਆਪਣੇ ਅਸਲੀ ਰੂਪ 'ਚ ਵਾਪਸ ਆ ਜਾਵੇਂਗਾ। ਇਸ ਤਰ੍ਹਾਂ ਤੂੰ ਰਾਜਕੁਮਾਰੀ ਨੂੰ ਮਿਲ ਸਕਦਾ ਏਂ।”
"ਪਰ ਅੰਤਪੁਰ ਪਹੁੰਚਾਂਗਾ ਕਿਵੇਂ ?"
"ਇਸਦਾ ਵੀ ਹੱਲ ਹੈ ਮੇਰੇ ਕੋਲ ।" ਤਾਂਤਿਕ ਨੇ ਆਖਿਆ ਤੇ ਵੇਖਦਿਆਂ ਹੀ ਵੇਖਦਿਆਂ ਖ਼ੁਦ ਇਕ ਬੁੱਢੇ ਦਾ ਰੂਪ ਧਾਰ ਲਿਆ । ਫਿਰ ਉਹਨੇ ਜਯਵੰਤ ਨੂੰ ਤਵੀਤ ਦੇ ਕੇ ਕੁੜੀ 'ਚ ਬਦਲ ਦਿੱਤਾ ਤੇ ਉਹਨੂੰ ਲੈ ਕੇ ਰਾਜੇ ਕੋਲ ਪਹੁੰਚ ਗਿਆ। ਉਹਨੇ ਰਾਜੇ ਨੂੰ ਬੇਨਤੀ ਕੀਤੀ-"ਹੇ ਰਾਜਨ ! ਤੁਸੀਂ ਬੜੇ ਦਿਆਲੂ, ਧਰਮਾਤਮਾ ਤੇ ਨੀਤੀਵਾਨ ਹੋ । ਮੈਂ ਇਕ ਬ੍ਰਾਹਮਣ ਹਾਂ । ਮੈਂ ਤੀਰਥ ਯਾਤਰਾ 'ਤੇ ਜਾਣਾ ਹੈ। ਇਹ ਮੇਰੀ ਧੀ ਹੈ। ਤੀਰਥ ਯਾਤਰਾ ਨਹੀਂ ਕਰ ਸਕੇਗੀ। ਅਖ਼ੀਰ ਤੁਹਾਡੇ 'ਤੇ ਪੂਰਾ ਵਿਸ਼ਵਾਸ ਕਰਕੇ ਮੈਂ ਇਹਨੂੰ ਤੁਹਾਡੇ ਕੋਲ ਛੱਡ ਕੇ ਜਾਣਾ ਚਾਹੁੰਦਾ ਹਾਂ । ਤੁਹਾਡਾ ਬੜਾ ਪੁੰਨ ਹੋਵੇਗਾ। ਜਦੋਂ ਮੈਂ ਵਾਪਸ ਆਵਾਂਗਾ ਤਾਂ ਇਹਨੂੰ ਲੈ ਜਾਵਾਂਗਾ।"
ਰਾਜੇ ਨੇ ਤਾਂਤ੍ਰਿਕ ਦੀ ਗੱਲ ਮੰਨ ਲਈ।
ਉਹਨੇ ਕੁੜੀ ਬਣੇ ਜਯਵੰਤ ਨੂੰ ਅੰਤਪੁਰ 'ਚ ਰਾਜਕੁਮਾਰੀ ਚੰਦ੍ਰਪ੍ਰਭਾ ਕੋਲ ਘੱਲ ਦਿੱਤਾ। ਉਹਦੇ ਜਾਣ ਤੋਂ ਪਹਿਲਾਂ ਤਾਂਤ੍ਰਿਕ ਨੇ ਆਖਿਆ-"ਮੈਂ ਇਕ ਹਫ਼ਤੇ 'ਚ ਆ ਜਵਾਂਗਾ। ਤਦ ਤਕ ਤੂੰ ਰਾਜਕੁਮਾਰੀ ਕੋਲ ਰਹਿ।"
ਅੰਤਪੁਰ 'ਚ ਰਾਜਕੁਮਾਰੀ ਚੰਦ੍ਰਪ੍ਰਭਾ ਨੇ ਉਹਨੂੰ ਆਪਣੀ ਸਹੇਲੀ ਬਣਾ ਲਿਆ।
ਜਦੋਂ ਰਾਤ ਪਈ ਤਾਂ ਦੋਵੇਂ ਇਕੱਲੇ ਹੋ ਗਏ ਤਾਂ ਜਯਵੰਤ ਆਪਣੇ ਅਸਲੀ ਰੂਪ 'ਚ ਆ ਗਿਆ । ਰਾਜਕੁਮਾਰੀ ਬੜੀ ਖ਼ੁਸ਼ ਹੋਈ । ਦੋਵਾਂ ਨੇ ਬੜਾ ਸੁਖ ਭੋਗਿਆ। ਕਦੋਂ ਇਕ ਹਫ਼ਤਾ ਲੰਘ ਗਿਆ, ਪਤਾ ਨਾ ਲੱਗਾ। ਇਕ ਹਫ਼ਤੇ ਬਾਅਦ ਤਾਂਤ੍ਰਿਕ ਆ ਗਿਆ । ਜਯਵੰਤ ਨੇ ਉਹਨੂੰ ਬੇਨਤੀ ਕੀਤੀ ਕਿ ਕਿਸੇ ਤਰ੍ਹਾਂ ਉਹ ਇਕ ਹਫ਼ਤਾ ਹੋਰ ਰੁਕ ਜਾਵੇ ।
ਰਾਜਾ ਵਿਕਰਮ ! ਇਸ ਦੌਰਾਨ ਮੰਤਰੀ ਦਾ ਮੁੰਡਾ ਕੁੜੀ ਬਣੇ ਜਯਵੰਤ ਦੇ ਸੁਹੱਪਣ 'ਤੇ ਮੋਹਿਤ ਹੋ ਗਿਆ। ਉਹ ਉਹਦੇ ਵਿਯੋਗ 'ਚ ਤੜਫਣ ਲੱਗਾ। ਉਹਦੇ ਪਿਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਰਾਜੇ ਨੂੰ ਬੇਨਤੀ ਕੀਤੀ ਕਿ ਕੁੜੀ (ਜਯਵੰਤ) ਨਾਲ ਉਹਦਾ ਵਿਆਹ ਕਰਵਾ ਦੇਵੇ। ਰਾਜੇ ਨੇ ਤਾਂਤ੍ਰਿਕ ਦੇ ਆਉਣ ਤਕ ਰੁਕਣ ਲਈ ਆਖਿਆ।
ਇਕ ਹਫ਼ਤਾ ਹੋਰ ਲੰਘ ਗਿਆ। ਤਾਂਤ੍ਰਿਕ ਆ ਗਿਆ। ਰਾਜੇ ਨੇ ਉਹਦੇ ਸਾਹਮਣੇ ਆਪਣਾ ਪ੍ਰਸਤਾਵ ਰੱਖਿਆ। ਤਾਂਤ੍ਰਿਕ ਨੇ ਆਖਿਆ-"ਰਾਜਨ! ਮੈਂ ਆਪਣੀ ਧੀ ਨੂੰ ਪੁੱਛ ਕੇ ਦੱਸਾਂਗਾ।”
ਕੁੜੀ ਬਣਿਆ ਜਯਵੰਤ ਸਾਹਮਣੇ ਆਇਆ ਤਾਂ ਉਹਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ । ਤਾਂਤ੍ਰਿਕ ਜਯਵੰਤ ਨਾਲ ਰਾਜਮਹੱਲ ਤੋਂ ਬਾਹਰ ਆ ਗਿਆ । ਬਾਹਰ ਆ ਕੇ ਜਯਵੰਤ ਨੇ ਤਾਂਤ੍ਰਿਕ ਨੂੰ ਦੱਸਿਆ ਕਿ ਰਾਜਕੁਮਾਰੀ ਗਰਭਵਤੀ ਹੋ ਗਈ ਹੈ । ਇਹ ਗੱਲ ਸੁਣ ਕੇ ਤਾਂਤ੍ਰਿਕ ਬੜਾ ਖ਼ੁਸ਼ ਹੋਇਆ ਤੇ ਦੱਸਿਆ ਕਿ ਇਸੇ ਆਧਾਰ 'ਤੇ ਉਹ ਰਾਜਕੁਮਾਰੀ ਨਾਲ ਵਿਆਹ ਕਰਵਾ ਸਕਦਾ ਹੈ । ਜਯਵੰਤ ਨਿਸ਼ਚਿੰਤ ਹੋ ਗਿਆ। ਤਾਂਤ੍ਰਿਕ ਮੋਟੀ ਰਕਮ ਲੈ ਕੇ ਚਲਾ ਗਿਆ । ਜਦੋਂ ਜਯਵੰਤ ਰਾਜੇ ਕੋਲ ਗਿਆ। ਉਹਨੇ
ਚੰਦ੍ਰਪ੍ਰਭਾ ਦਾ ਹੱਥ ਮੰਗਿਆ। ਰਾਜੇ ਨੇ ਸਪੱਸ਼ਟ ਇਨਕਾਰ ਕਰ ਦਿੱਤਾ।
"ਉਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ।" ਜਯਵੰਤ ਨੇ ਆਖਿਆ। ਰਾਜੇ ਨੇ ਫਿਰ ਵੀ ਉਹਦੀ ਗੱਲ ਨਾ ਮੰਨੀ। ਉਹ ਬਹੁਤ ਦੁਖੀ ਹੋਇਆ। ਰਾਜੇ ਨੇ ਚੰਦ੍ਰਪ੍ਰਭਾ ਨੂੰ ਪੁੱਛਿਆ ਤਾਂ ਉਹਨੇ ਸਾਰਾ ਕੁਝ ਦੱਸ ਦਿੱਤਾ । ਇਸਦੇ ਬਾਵਜੂਦ ਵੀ ਰਾਜੇ ਨੇ ਜਯਵੰਤ ਦਾ ਪ੍ਰਸਤਾਵ ਠੁਕਰਾ ਦਿੱਤਾ। ਇਸ ਇਨਕਾਰ ਨਾਲ ਜਯਵੰਤ ਨੂੰ ਬੜਾ ਸਦਮਾ ਪੁੱਜਾ। ਉਹਨੇ ਖ਼ੁਦਕੁਸ਼ੀ ਕਰ ਲਈ । ਹੁਣ ਤੂੰ ਫ਼ੈਸਲਾ ਕਰ ਕਿ ਇਸਦਾ ਪਾਪ ਰਾਜੇ 'ਤੇ ਪਿਆ ਜਾਂ ਨਹੀਂ ? ਕੀ ਰਾਜਾ ਸਜ਼ਾ ਦਾ ਅਧਿਕਾਰੀ ਨਹੀਂ ਬਣਦਾ ?
ਵਿਕਰਮ ਬੋਲਿਆ-"ਨਹੀਂ, ਰਾਜੇ ਨੇ ਬਿਲਕੁਲ ਠੀਕ ਕੀਤਾ।"
ਬੇਤਾਲ ਨੇ ਪੁੱਛਿਆ-"ਉਹ ਕਿਵੇਂ ?"
"ਸੁਣ ਬੇਤਾਲ ! ਸੱਚ ਉਹੀ ਹੈ, ਜੋ ਦੁਨੀਆ ਦੇ ਸਾਹਮਣੇ ਆਉਂਦਾ ਹੈ। ਚੋਰੀ-ਚੋਰੀ ਕੀਤਾ ਜਾਣ ਵਾਲਾ ਕੰਮ ਸੱਚ ਨਹੀਂ ਮੰਨਿਆ ਜਾਂਦਾ। ਇਸ ਕਾਰਨ ਰਾਜੇ ਦਾ ਇਨਕਾਰ ਕਰਨਾ ਠੀਕ ਸੀ । ਖ਼ੁਦਕੁਸ਼ੀ ਕਰਨ ਲਈ ਜਯਵੰਤ ਖ਼ੁਦ ਦੋਸ਼ੀ ਹੈ। ਮੰਤਰੀ ਦਾ ਪੁੱਤਰ ਵੀ ਕੁੜੀ ਬਣੇ ਜਯਵੰਤ ਦੇ ਸੁਹੱਪਣ 'ਤੇ ਲੱਟੂ ਹੋ ਗਿਆ ਸੀ । ਉਹਨੇ ਖ਼ੁਦਕੁਸ਼ੀ ਕਿਉਂ ਨਾ ਕੀਤੀ ? ਉਹ ਤਾਂ ਜਿਊਂਦਾ ਹੈ । ਮੇਰਾ ਇਹੋ ਫ਼ੈਸਲਾ ਹੈ ਕਿ ਜੋ ਦੁਨੀਆ ਜਾਣਦੀ ਹੈ, ਉਹੀ ਸੱਚ ਹੈ । ਬਾਕੀ ਸਭ ਝੂਠ ਹੈ।”
ਬੇਤਾਲ ਬੋਲਿਆ-"ਤੂੰ ਠੀਕ ਆਖਦਾ ਏਂ ਰਾਜਾ ਵਿਕਰਮ !” ਤੇ ਉਹ ਹੱਸਦਾ ਹੋਇਆ ਉੱਡ ਗਿਆ।
ਵਿਕਰਮ ਨੇ ਉਹਨੂੰ ਛੇਤੀ ਹੀ ਫੜ ਲਿਆ ਤੇ ਆਪਣੀ ਪਿੱਠ 'ਤੇ ਲੱਦ ਲਿਆ । ਵਿਕਰਮ ਦੀ ਯਾਤਰਾ ਫਿਰ ਸ਼ੁਰੂ ਹੋ ਗਈ।
ਬੇਤਾਲ ਬੋਲਿਆ-"ਰਾਜਾ ਵਿਕਰਮ! ਜਦੋਂ ਜਯਵੰਤ ਦੇ ਮਰਨ ਤੋਂ ਬਾਅਦ ਦਾ ਕਿੱਸਾ ਰਾਜਕੁਮਾਰੀ ਨੂੰ ਪਤਾ ਚੱਲਾ ਤਾਂ ਉਹ ਬੜੀ ਦੁਖੀ ਹੋਈ । ਉਹਨੇ ਜਯਵੰਤ ਦੇ ਪੁੱਤਰ ਨੂੰ ਜਨਮ ਦਿੱਤਾ। ਰਾਜੇ ਨੇ ਮੁੰਡਾ ਦਾਈ ਨੂੰ ਦਾਨ ਕਰ ਦਿੱਤਾ ਅਤੇ ਰਾਜਕੁਮਾਰੀ ਦਾ ਵਿਆਹ ਵੀ ਕਰ ਦਿੱਤਾ। ਦੋਵਾਂ ਦਾ
ਜੀਵਨ ਸੁਖੀ-ਸੁਖੀ ਬੀਤਣ ਲੱਗਾ। ਕੁਝ ਦੇਰ ਬਾਅਦ ਰਾਜਕੁਮਾਰੀ ਦਾ ਮੁੰਡਾ ਵੱਡਾ ਹੋ ਗਿਆ। ਉਹ ਰਾਜਕੁਮਾਰੀ ਨੂੰ ਮਿਲਣ ਆਇਆ ਤਾਂ ਰਾਜਕੁਮਾਰੀ ਨੇ ਉਹਨੂੰ ਆਪਣਾ ਪੁੱਤਰ ਮੰਨਣ ਤੋਂ ਇਨਕਾਰ ਕਰ ਦਿੱਤਾ। ਰਾਜਾ ਵਿਕਰਮ ਮਾਂ ਦਾ ਇਹ ਕਿਹੜਾ ਰੂਪ ਹੈ ? ਕੀ ਇਹ ਪਾਪ ਨਹੀਂ ਹੈ ?"
"ਵੇਖ ਬੇਤਾਲ । ਉਹ ਰਾਜਕੁਮਾਰੀ ਦੀ ਨਜਾਇਜ਼ ਔਲਾਦ ਸੀ। ਉਹ ਉਹਨੂੰ ਕਿਵੇਂ ਸਵੀਕਾਰ ਕਰ ਸਕਦੀ ਸੀ । ਦੁਨੀਆ ਨੂੰ ਕਿਵੇਂ ਦੱਸਦੀ ਕਿ ਉਹ ਉਹਦਾ ਪੁੱਤਰ ਹੈ ।"
"ਤੂੰ ਠੀਕ ਆਖਦਾ ਏਂ ਵਿਕਰਮ।" ਕਹਿ ਕੇ ਬੇਤਾਲ ਉਹਦੇ ਮੋਢਿਆਂ ਤੋਂ ਉੱਡ ਕੇ ਹੱਸਦਾ ਹੋਇਆ ਹਵਾ 'ਚ ਤੈਰਦਾ ਹੋਇਆ ਆਪਣੇ ਟਿਕਾਣੇ ਵੱਲ ਉੱਡ ਗਿਆ।
ਪਰਉਪਕਾਰ
ਇਕ ਵਾਰ ਮੁੜ ਬੇਤਾਲ ਵਿਕਰਮ ਦੇ ਮੋਢਿਆਂ 'ਤੇ ਮੁਰਦੇ ਵਾਂਗ ਲਟਕਿਆ ਹੋਇਆ ਸੀ । ਕੁਝ ਦੇਰ ਬਾਅਦ ਉਹਨੇ ਮੁੜ ਆਖਿਆ-"ਰਾਜਾ ਵਿਕਰਮ । ਤੂੰ ਬੜੀ ਮਿਹਨਤ ਕਰ ਰਿਹਾ ਏਂ । ਹਰ ਵਾਰ ਮੈਨੂੰ ਮੋਢੇ 'ਤੇ ਲੱਦ ਕੇ ਤੁਰ ਪੈਂਦਾ ਏਂ। ਤੇਰਾ ਦਿਲ ਲੱਗਾ ਰਹੇ, ਇਸ ਲਈ ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ।"
ਵਿਕਰਮ ਕੁਝ ਨਾ ਬੋਲਿਆ।
ਬੇਤਾਲ ਨੇ ਆਖਿਆ-"ਰਾਜਾ ਵਿਕਰਮ । ਹਿਮਾਚਲ ਪ੍ਰਦੇਸ਼ 'ਚ ਇਕ ਰਾਜਾ ਜੀਮੂਤਵਾਹਨ ਸੀ । ਉਹ ਬੜਾ ਪ੍ਰਤਾਪੀ ਤੇ ਧਾਰਮਿਕ ਸੀ। ਪਰ ਉਹਦਾ ਮੁੰਡਾ ਅਗਿਨਵਾਹਨ ਬੜਾ ਦੁਰਾਚਾਰੀ ਤੇ ਜ਼ਿੱਦੀ ਸੀ । ਉਹਨੇ ਆਪਣੇ ਪਿਉ ਦੇ ਜਿਊਂਦੇ ਜੀ ਰਾਜਾ ਬਣਨ ਦੀ ਇੱਛਾ ਪ੍ਰਗਟ ਕੀਤੀ। ਇੱਛਾ ਪੂਰੀ ਨਾ ਹੋਣ 'ਤੇ ਉਹਨੇ ਆਪਣੇ ਪਿਉ ਨੂੰ ਤਾਕਤ ਦੀ ਵਰਤੋਂ ਕਰਨ ਦੀ ਧਮਕੀ ਵੀ ਦਿੱਤੀ।
ਰਾਜਾ ਵਿਕਰਮ! ਧਰਮ ਦਾ ਖ਼ਿਆਲ ਕਰਕੇ ਜੀਮੂਤਵਾਹਨ ਅਗਿਨਵਾਹਨ ਨੂੰ ਆਪਣਾ ਰਾਜਪਾਟ ਸੌਂਪ ਕੇ ਜੰਗਲ 'ਚ ਤਪੱਸਿਆ ਕਰਨ ਚਲਾ ਗਿਆ। ਅਗਿਨਵਾਹਨ ਨੇ ਰਾਜਾ ਬਣ ਕੇ ਪਰਜਾ 'ਤੇ ਨਾਨਾ ਪ੍ਰਕਾਰ ਦੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਪਰਜਾ ਤਰਾਹ-ਤਰਾਹ ਕਰਨ ਲੱਗੀ।
ਉਧਰ ਜੀਮੂਤਵਾਹਨ ਜੰਗਲ 'ਚ ਰਹਿ ਕੇ ਤਪੱਸਿਆ ਕਰਕੇ ਆਪਣਾ ਜੀਵਨ ਗੁਜਾਰ ਰਿਹਾ ਸੀ । ਇਕ ਦਿਨ ਜਦੋਂ ਉਹ ਭਗਵਦ ਭਜਨ ਕਰ ਰਿਹਾ ਸੀ ਤਾਂ ਉਹਨੂੰ ਇਕ ਬੁੱਢੀ ਦੇ ਰੋਣ ਦੀ ਆਵਾਜ਼ ਆਈ। ਜੀਮੂਤਵਾਹਨ ਤਤਕਾਲ ਉਸ ਬੁੱਢੀ ਕੋਲ ਗਿਆ ਤੇ ਉਹਦੇ ਕੋਲੋਂ ਰੋਣ ਦਾ ਕਾਰਨ ਪੁੱਛਿਆ।
ਬੁੱਢੀ ਬੋਲੀ-"ਹੇ ਤਪੱਸਵੀ ! ਮੇਰਾ ਇਕ ਹੀ ਮੁੰਡਾ ਹੈ। ਇਥੇ ਇਕ ਦਾਨਵ ਰਹਿੰਦਾ ਏ, ਅੱਜ ਰਾਤ ਉਹ ਮੇਰੇ ਮੁੰਡੇ ਨੂੰ ਖਾ ਜਾਵੇਗਾ।"
ਬੁੱਢੀ ਦੀ ਗੱਲ ਸੁਣ ਕੇ ਰਾਜਾ ਜੀਮੂਤਵਾਹਨ ਨੇ ਆਖਿਆ-“ਮਾਤਾ! ਤੂੰ ਦੁਖੀ ਨਾ ਹੋ । ਜੇਕਰ ਇਹ ਸਰੀਰ ਕਿਸੇ ਦੇ ਕੰਮ ਆ ਗਿਆ ਤਾਂ ਮੈਨੂੰ ਬੜੀ ਖ਼ੁਸ਼ੀ ਹੋਵੇਗੀ। ਮੈਂ ਤੇਰਾ ਪੁੱਤਰ ਬਣ ਕੇ ਖ਼ੁਦ ਉਸ ਦਾਨਵ ਦਾ ਭੋਜਨ ਬਣ ਜਾਵਾਂਗਾ।"
ਬੁੱਢੀ ਨੇ ਰਾਜੇ ਦੀ ਇਹ ਗੱਲ ਨਾ ਮੰਨੀ ਪਰ ਰਾਜਾ ਜੀਮੂਤਵਾਹਨ ਆਪਣੀ ਗੱਲ 'ਤੇ ਅੜਿਆ ਰਿਹਾ । ਅਖ਼ੀਰ ਬੁੱਢੀ ਨੂੰ ਉਹਦੀ ਗੱਲ ਮੰਨਣੀ ਹੀ ਪਈ।
ਸ਼ਾਮ ਨੂੰ ਬੁੱਢੀ ਦਾ ਮੁੰਡਾ ਵਾਪਸ ਆਇਆ । ਬੁੱਢੀ ਨੇ ਉਹਨੂੰ ਸਾਰਾ ਕੁਝ ਦੱਸ ਦਿੱਤਾ । ਉਹਦੀ ਗੱਲ ਸੁਣ ਕੇ ਮੁੰਡਾ ਨਾ ਮੰਨਿਆ। ਉਹਨੇ ਰਾਜੇ ਨੂੰ ਵਾਪਸ ਜਾਣ ਲਈ ਆਖਿਆ। ਰਾਜਾ ਆਪਣੀ ਗੱਲ 'ਤੇ ਅੜਿਆ ਰਿਹਾ ਤੇ ਬੁੱਢੀ ਨੇ ਮੁੰਡੇ ਨੂੰ ਸਮਝਾ ਕੇ ਰਾਜ਼ੀ ਕਰ ਲਿਆ । ਰਾਜਾ ਵਿਕਰਮ । ਇਸ ਤਰ੍ਹਾਂ ਜੀਮੂਤਵਾਹਨ ਉਸ ਦਾਨਵ ਦਾ ਭੋਜਨ ਬਣ ਗਿਆ । ਬੁੱਢੀ ਦਾ ਮੁੰਡਾ ਬਚ ਗਿਆ। ਹੁਣ ਦੱਸ ਕਿ ਜੀਮੂਤਵਾਹਨ ਦਾ ਇਹ ਪਰਉਪਕਾਰ ਕਿਹੋ ਜਿਹਾ ਸੀ ? ਤੇਰਾ ਨਿਆਂ ਕੀ ਕਹਿੰਦਾ ਹੈ ?"
ਬੇਤਾਲ ਦੇ ਇਸ ਪ੍ਰਸ਼ਨ 'ਤੇ ਵਿਕਰਮ ਕੁਝ ਦੇਰ ਚੁੱਪ ਰਿਹਾ। ਫਿਰ ਬੋਲਿਆ-"ਇਹਦੇ ਵਿਚ ਪਰਉਪਕਾਰ ਵਾਲੀ ਕੋਈ ਗੱਲ ਨਹੀਂ ਹੈ, ਬੇਤਾਲ।”
"ਉਹ ਕਿਵੇਂ ਰਾਜਾ ਵਿਕਰਮ ?"
"ਜੀਮੂਤਵਾਹਨ ਦਾ ਇਹ ਪਰਉਪਕਾਰ ਬੇਕਾਰ ਗਿਆ।”
"ਕਿਹੋ ਜਿਹੀ ਗੱਲ ਕਰ ਰਿਹਾ ਏਂ। ਜੀਮੂਤਵਾਹਨ ਨੇ ਉਸ ਬੁੱਢੀ ਦੇ ਮੁੰਡੇ ਨੂੰ ਬਚਾਇਆ ਏ । ਕੀ ਇਹ ਪਰਉਪਕਾਰ ਨਹੀਂ ਮੰਨਿਆ ਜਾਵੇਗਾ।"
ਵਿਕਰਮ ਨੇ ਆਖਿਆ-"ਬੇਤਾਲ। ਸੁਣ, ਸੱਚਾ ਪਰਉਪਕਾਰ ਬਿਨਾਂ ਕਿਸੇ ਸਵਾਰਥ ਦੇ ਹੁੰਦਾ ਹੈ । ਮੁਕਤੀ ਅਤੇ ਪੁੰਨ ਦੀ ਕਾਮਨਾ ਨਾਲ ਹੀ ਰਾਜਾ ਜੀਮੂਤਵਾਹਨ ਨੇ ਆਪਣਾ ਬਲੀਦਾਨ ਦਿੱਤਾ । ਉਹਦੇ 'ਚ ਉਹਦਾ ਆਪਣਾ ਸਵਾਰਥ ਸ਼ਾਮਿਲ ਸੀ। ਜਿਹੜਾ ਆਪਣੇ ਪੁੱਤਰ ਲਈ ਕੁਝ ਨਹੀਂ ਕਰ ਸਕਿਆ, ਉਹ ਦੂਸਰਿਆਂ ਦੇ ਪੁੱਤਰਾਂ ਦਾ ਉਪਕਾਰ ਕਰੇ, ਇਹ ਤਾਂ ਅਣਉਚਿਤ ਹੈ। ਜੀਮੂਤਵਾਹਨ ਨੂੰ ਆਪਣੇ ਪੁੱਤਰ ਅਗਿਨਵਾਹਨ ਦੇ ਅੱਗੇ ਝੁਕਣ ਦੀ ਬਜਾਇ ਆਪਣੀ ਜਾਨ ਦੇ ਦੇਣੀ ਚਾਹੀਦੀ ਸੀ । ਅਗਿਨਵਾਹਨ ਨੂੰ ਰਾਜ ਸੌਂਪ ਕੇ ਜੀਮੂਤਵਾਹਨ ਨੇ ਆਪਣੀ ਪਰਜਾ ਨੂੰ ਦੁੱਖਾਂ ਤੇ ਅੱਤਿਆਚਾਰਾਂ ਦੇ ਹਵਾਲੇ ਕਰ ਦਿੱਤਾ । ਕੀ ਇਸ ਅਪਰਾਧ ਲਈ ਜੀਮੂਤਵਾਹਨ ਨੂੰ ਮਾਫ਼ ਕੀਤਾ ਜਾ ਸਕਦਾ ਹੈ। ਤੂੰ ਖ਼ੁਦ ਫ਼ੈਸਲਾ ਕਰ।”
ਰਾਜਾ ਵਿਕਰਮ ਦੀ ਗੱਲ ਸੁਣ ਕੇ ਬੇਤਾਲ ਚੁੱਪ ਕਰਕੇ ਸੋਚਦਾ ਰਿਹਾ, ਫਿਰ ਬੋਲਿਆ- ਤੂੰ ਠੀਕ ਆਖਦਾ ਏਂ ਰਾਜਾ ਵਿਕਰਮ ! ਤੇਰਾ ਫ਼ੈਸਲਾ ਠੀਕ ਏ।"
ਇਸਦੇ ਨਾਲ ਹੀ ਉਹ ਉੱਚੀ-ਉੱਚੀ ਹੱਸਣ ਲੱਗਾ । ਭਿਆਨਕ ਹਾਸਾ ਹੱਸਦਾ ਉਹ ਵਾਪਸ ਆ ਕੇ ਇਕ ਵਾਰ ਮੁੜ ਉਸੇ ਦਰਖ਼ਤ 'ਤੇ ਪੁੱਠਾ ਲਟਕ ਗਿਆ। ਇਸ ਵਾਰ ਵਿਕਰਮ ਨੂੰ ਗੁੱਸਾ ਨਾ ਆਇਆ। ਉਹਨੇ ਬੇਤਾਲ ਨੂੰ ਚੁੱਕ ਕੇ ਮੁੜ ਮੋਢਿਆਂ 'ਤੇ ਲੱਦ ਲਿਆ ਤੇ ਲੈ ਕੇ ਤੁਰ ਪਿਆ ਤਾਂ ਜੋ ਉਹ ਛੇਤੀ ਤੋਂ ਛੇਤੀ ਯੋਗੀ ਦੇ ਕੋਲ ਪਹੁੰਚ ਸਕੇ ਤੇ ਕੰਮ ਖ਼ਤਮ ਹੋਵੇ।
ਬੇਤਾਲ ਮੁੜ ਅਚਾਨਕ ਹੱਸਣ ਲੱਗ ਪਿਆ।
ਸਵਾਮੀ ਭਗਤੀ ਦੇ ਸ੍ਰੇਸ਼ਠ ਕਰਤੱਵ
ਵਿਕਰਮ ਬੇਤਾਲ ਨੂੰ ਪੁੱਛਣ ਲੱਗਾ-"ਤੂੰ ਹੱਸ ਕਿਉਂ ਰਿਹਾ ਏਂ ? ਮੈਂ ਅਜਿਹਾ ਕਿਹੜਾ ਕੰਮ ਕੀਤਾ ਏ, ਜੀਹਨੂੰ ਵੇਖ ਕੇ ਤੂੰ ਹੱਸ ਰਿਹਾ ਏਂ ?”
ਬੇਤਾਲ ਨੇ ਆਖਿਆ-"ਰਾਜਾ ਵਿਕਰਮ ! ਮੈਂ ਤੇਰੀ ਗੱਲ 'ਤੇ ਨਹੀਂ, ਦੁਨੀਆ ਦੀਆਂ ਗੱਲਾਂ 'ਤੇ ਹੱਸ ਰਿਹਾ ਹਾਂ। ਇਸਦਾ ਆਪਣਾ ਇਕ ਕਾਰਨ ਹੈ। ਸੁਣ, ਇਕ ਕਹਾਣੀ ਸੁਣਾਉਂਦਾ ਹਾਂ । ਤੂੰ ਆਪਣਾ ਫ਼ੈਸਲਾ ਦੱਸੀਂ।”
ਰਾਜਾ ਵਿਕਰਮ ਹਮੇਸ਼ਾ ਵਾਂਗ ਚੁੱਪ ਕੀਤਾ ਰਿਹਾ।
ਬੇਤਾਲ ਬੋਲਿਆ-"ਮਲਯਦੇਸ਼ ਦਾ ਰਾਜਾ ਬੜਾ ਵੀਰ ਅਤੇ ਵਿਦਵਾਨ ਸੀ। ਉਹਦੇ ਰਾਜ 'ਚ ਚੰਦ੍ਰਮਣੀ ਨਾਂ ਦਾ ਇਕ ਸੇਠ ਰਹਿੰਦਾ ਸੀ । ਇਕ ਦਿਨ ਇਕ ਦਰਬਾਰੀ ਨੇ ਆ ਕੇ ਰਾਜੇ ਨੂੰ ਆਖਿਆ-ਮਹਾਰਾਜ ! ਹੁਕਮ ਹੋਵੇ ਤਾਂ ਇਕ ਬੇਨਤੀ ਕਰਾਂ।”
"ਹਾਂ, ਦੱਸ।” ਰਾਜਾ ਬੋਲਿਆ।
“ਅੰਨਦਾਤਾ ਸਾਡੇ ਰਾਜ 'ਚ ਸੇਠ ਚੰਦ੍ਰਮਣੀ ਦੀ ਧੀ ਮਣੀਮਾਲਾ ਬੜੀ ਸੋਹਣੀ ਹੈ। ਉਹਦੇ ਜਿੰਨੀ ਸੋਹਣੀ ਕੁੜੀ ਸ਼ਾਇਦ ਹੋਰ ਕੋਈ ਨਹੀਂ ਹੈ। ਉਹ ਵਿਆਹੁਣ ਯੋਗ ਹੋ ਗਈ ਹੈ । ਮੇਰਾ ਖ਼ਿਆਲ ਹੈ— ਤੁਸੀਂ ਆਪਣੇ ਰਾਜਮਹੱਲ ਦੀ ਸ਼ੋਭਾ ਵਧਾਓ।"
ਸੁਣ ਕੇ ਰਾਜਾ ਸਮਰਜੀਤ ਨੇ ਆਪਣੀ ਸਹਿਮਤੀ ਦਿੱਤੀ-"ਜੇਕਰ ਉਹ ਸੱਚਮੁੱਚ ਬਹੁਤ ਸੋਹਣੀ ਹੈ ਤਾਂ ਉਹਨੂੰ ਜ਼ਰੂਰ ਰਾਣੀ ਬਣਾਵਾਂਗੇ।”
ਦਰਬਾਰੀ ਦੇ ਜਾਣ ਤੋਂ ਬਾਅਦ ਰਾਜਾ ਸਮਰਜੀਤ ਨੇ ਆਪਣੀ ਵਿਸ਼ਵਾਸੀ ਸੇਵਿਕਾ ਨੂੰ ਬੁਲਾਇਆ ਤੇ ਆਖਿਆ-‘ਸੁਣ! ਤੂੰ ਸਾਡੀ ਸਭ ਤੋਂ ਵੱਧ ਵਿਸ਼ਵਾਸ ਪਾਤਰ ਏਂ । ਸਾਨੂੰ ਇਕ ਸੱਚ ਦਾ ਪਤਾ ਲਾ ਕੇ ਦੱਸ।”
"ਆਗਿਆ ਕਰੋ ਮਹਾਰਾਜ।” ਦੇਵਕੀ ਬੋਲੀ।
"ਸਾਡੇ ਸੇਠ ਚੰਦ੍ਰਮਣੀ ਦੀ ਕੁੜੀ ਮਣੀਮਾਲਾ ਕਾਫ਼ੀ ਸੋਹਣੀ ਹੈ । ਉਹ ਸਾਡੇ ਰਾਜ ਦੇ ਯੋਗ ਹੈ ਜਾਂ ਨਹੀਂ ? ਪਤਾ ਕਰਕੇ ਦੱਸ।" ਰਾਜੇ ਨੇ ਆਖਿਆ।
ਦਾਸੀ ਰਾਜੇ ਦੀ ਆਗਿਆ ਹਾਸਿਲ ਕਰਕੇ ਤੁਰ ਪਈ। ਉਹ ਸੇਠ ਚੰਦ੍ਰਮਣੀ ਦੇ ਘਰ ਗਈ । ਉਹਨੇ ਮਣੀਮਾਲਾ ਨੂੰ ਤੱਕਿਆ। ਰਾਜਾ ਵਿਕਰਮ ! ਜਦੋਂ ਦਾਸੀ ਨੇ ਮਣੀਮਾਲਾ ਨੂੰ ਤੱਕਿਆ ਤਾਂ ਬਸ ਤੱਕਦੀ ਹੀ ਰਹਿ ਗਈ। ਉਹਨੇ ਜਿੰਨਾ ਸੁਣਿਆ ਸੀ, ਉਹ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣੀ ਸੀ । ਉਹਦਾ ਰੂਪ ਵੇਖ ਕੇ ਹੈਰਾਨ ਰਹਿ ਗਈ। ਰਾਜਾ ਸਮਰਜੀਤ ਦੇ ਰਾਜਮਹੱਲ ਦੀ ਹਰੇਕ ਰਾਣੀ ਉਸਦੇ ਸਾਹਮਣੇ ਫਿੱਕੀ ਸੀ । ਮਣੀਮਾਲਾ ਨੂੰ ਵੇਖ ਕੇ ਉਹ ਰਾਜਮਹੱਲ ਵਾਪਸ ਪਰਤ ਆਈ। ਉਹਨੇ ਮਣੀਮਾਲਾ ਦਾ ਰੰਗ ਰੂਪ ਵੇਖ ਕੇ ਫ਼ੈਸਲਾ ਕੀਤਾ ਕਿ ਉਹ ਆਪਣੇ ਕਰਤੱਵ ਦਾ ਪਾਲਣ ਕਰੇਗੀ। ਜੇਕਰ ਉਹ ਰਾਜੇ ਨੂੰ ਸੱਚ ਦੱਸ ਦੇਵੇਗੀ ਤਾਂ ਰਾਜਾ ਮਣੀਮਾਲਾ ਨੂੰ ਆਪਣੇ ਰਾਜ ਦਰਬਾਰ ਵਿਚ ਲੈ ਜਾਵੇਗਾ। ਫਿਰ ਉਹ ਭੋਗ-ਵਿਲਾਸ ਅਤੇ ਰਾਗ-ਰੰਗ 'ਚ ਡੁੱਬ ਜਾਵੇਗਾ। ਸਾਰਾ ਰਾਜ-ਭਾਗ ਬਰਬਾਦ ਹੋ ਜਾਵੇਗਾ। ਏਨੀ ਸੋਹਣੀ ਮਣੀਮਾਲਾ ਕੋਲੋਂ ਉਹਨੇ ਇਕ ਪਲ ਲਈ ਵੀ ਨਹੀਂ ਹਿੱਲਣਾ।
ਉਹਨੇ ਵਾਪਸ ਆ ਕੇ ਰਾਜਾ ਸਮਰਜੀਤ ਨੂੰ ਆਖਿਆ-"ਮਹਾਰਾਜ! ਤੁਹਾਡੇ ਰਾਜ ਦਰਬਾਰ ਵਿਚਲੀਆਂ ਸਾਰੀਆਂ ਰਾਣੀਆਂ ਉਹਦੇ ਤੋਂ ਸੋਹਣੀਆਂ ਨੇ।“
“ਫਿਰ ਰਹਿਣ ਦੇ।” ਰਾਜੇ ਨੇ ਆਪਣਾ ਵਿਚਾਰ ਬਦਲ ਦਿੱਤਾ ।
ਇਸ ਦੌਰਾਨ ਸੇਠ ਚੰਦ੍ਰਮਣੀ ਨੂੰ ਪਤਾ ਲੱਗਾ ਕਿ ਰਾਜੇ ਨੇ ਉਹਦੀ ਕੁੜੀ ਨੂੰ ਵੇਖਣ ਲਈ ਆਪਣੀ ਇਕ ਦਾਸੀ ਨੂੰ ਘੱਲਿਆ ਸੀ । ਉਹ ਰਾਜੇ ਕੋਲ ਗਿਆ ਤੇ ਉਹਨੂੰ ਖ਼ੁਸ਼ੀ-ਖ਼ੁਸ਼ੀ ਆਪਣੀ ਕੁੜੀ ਦੇਣ ਲਈ ਮੰਨ ਗਿਆ ਪਰ ਰਾਜੇ ਨੇ ਇਨਕਾਰ ਕਰ ਦਿੱਤਾ। ਸੇਠ ਚੰਦ੍ਰਮਣੀ ਦੁਖੀ ਤੇ ਨਿਰਾਸ਼ ਹੋ ਕੇ ਵਾਪਸ ਪਰਤ ਆਇਆ।
ਤਦ ਉਹਨੇ ਆਪਣੀ ਕੁੜੀ ਦਾ ਵਿਆਹ ਰਾਜੇ ਦੇ ਦਰਬਾਰੀ ਕ੍ਰਿਸ਼ਨਾਨੰਦ ਨਾਲ ਕਰ ਦਿੱਤਾ । ਕ੍ਰਿਸ਼ਨਾਨੰਦ ਉਹਨੂੰ ਆਪਣੀ ਪਤਨੀ ਬਣਾ ਕੇ ਸੁਖੀ
ਸੁਖੀ ਰਹਿਣ ਲੱਗਾ।
ਰਾਜਾ ਵਿਕਰਮ ! ਕੁਝ ਦਿਨਾਂ ਬਾਅਦ ਰਾਜਾ ਸਮਰਜੀਤ ਨਗਰ ਦੀ ਪਰਿਕਰਮਾ ਕਰਨ ਲਈ ਨਿਕਲਿਆ। ਜਦੋਂ ਉਹ ਕ੍ਰਿਸ਼ਨਾਨੰਦ ਦੀ ਹਵੇਲੀ ਦੇ ਸਾਹਮਣਿਓਂ ਲੰਘਿਆ ਤਾਂ ਦੂਜੀ ਮੰਜ਼ਿਲ ਦੀ ਖਿੜਕੀ 'ਚ ਇਕ ਅਤਿਅੰਤ ਸੋਹਣੀ ਕੁੜੀ ਵੇਖ ਕੇ ਉਹ ਉਥੇ ਹੀ ਖਲੋ ਗਿਆ। ਉਹਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹ ਮਾਨਵੀ ਹੈ। ਇਹੋ ਲੱਗ ਰਿਹਾ ਸੀ ਕਿ ਉਹ ਕੋਈ ਅਪਸਰਾ ਜਾਂ ਦੈਵ ਕੰਨਿਆ ਹੈ। ਘੋੜੇ 'ਤੇ ਬੈਠਾ ਰਾਜਾ ਵੇਖਦਾ ਹੀ ਰਹਿ ਗਿਆ। ਉਹਦਾ ਰੂਪ ਵੇਖ ਕੇ ਰਾਜਾ ਬੇਚੈਨ ਹੋ ਗਿਆ।
ਰਾਜਾ ਰਾਜਮਹੱਲ ਵਾਪਸ ਆਇਆ। ਉਹਨੂੰ ਚੈਨ ਨਹੀਂ ਸੀ ਆ ਰਿਹਾ। ਉਹਨੇ ਆਪਣੇ ਸਿਪਾਹੀਆਂ ਨੂੰ ਪੁੱਛਿਆ-"ਉਹ ਔਰਤ ਕੌਣ ਸੀ ?"
ਸਿਪਾਹੀਆਂ ਨੇ ਪਤਾ ਕਰਕੇ ਦੱਸਿਆ ਕਿ ਉਹ ਕ੍ਰਿਸ਼ਨਾਨੰਦ ਦੀ ਪਤਨੀ ਹੈ। ਰਾਜਾ ਸਮਰਜੀਤ ਆਪਣਾ ਕਲੇਜਾ ਫੜ ਕੇ ਬਹਿ ਗਿਆ । ਜਦੋਂ ਕ੍ਰਿਸ਼ਨਾਨੰਦ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਰਾਜੇ ਨੇ ਉਹਦੀ ਪਤਨੀ ਬਾਰੇ ਪੁੱਛਗਿੱਛ ਕੀਤੀ ਹੈ ਤਾਂ ਉਹ ਸਿੱਧਾ ਰਾਜਾ ਸਿਮਰਜੀਤ ਕੋਲ ਗਿਆ।
ਰਾਜਾ ਸਿਮਰਜੀਤ ਨੇ ਪੁੱਛਿਆ-"ਕੀ ਉਹ ਤੇਰੀ ਪਤਨੀ ਹੈ।”
"ਹਾਂ, ਅੰਨਦਾਤਾ।"
ਸਿਮਰਜੀਤ ਬੁੱਲ੍ਹ ਟੁੱਕਣ ਲੱਗਾ । ਕ੍ਰਿਸ਼ਨਾਨੰਦ ਬੋਲਿਆ-"ਮਹਾਰਾਜ! ਉਹ ਸੇਠ ਚੰਦ੍ਰਮਣੀ ਦੀ ਬੇਟੀ ਹੈ।”
ਰਾਜਾ ਹੈਰਾਨ ਹੋ ਗਿਆ-"ਕੀ ਆਖਿਆ।"
“ਹਾਂ, ਮਹਾਰਾਜ ! ਜਦੋਂ ਤੁਸੀਂ ਉਹਦੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਕਰਵਾ ਲਿਆ।"
ਰਾਜਾ ਹੈਰਾਨ ਰਹਿ ਗਿਆ। ਉਹਨੇ ਉਸੇ ਵੇਲੇ ਉਸ ਸੇਵਿਕਾ ਨੂੰ ਬੁਲਾਇਆ।
"ਤੂੰ ਝੂਠ ਕਿਉਂ ਬੋਲਿਆ ?"
ਸੇਵਿਕਾ ਨਿਮਰਤਾ ਨਾਲ ਬੋਲੀ- "ਅੰਨਦਾਤਾ ! ਜੇਕਰ ਮੈਂ ਸੱਚ ਬੋਲਦੀ
ਤਾਂ ਤੁਸੀਂ ਉਹਦੇ ਨਾਲ ਵਿਆਹ ਕਰਵਾ ਲੈਂਦੇ ਤੇ ਰਾਗ-ਰੰਗ 'ਚ ਤੁਹਾਨੂੰ ਸਾਰਾ ਕੁਝ ਭੁੱਲ ਜਾਂਦਾ । ਆਪਣੇ ਇਸ ਫ਼ਰਜ਼ ਦੇ ਅੱਗੇ ਮੈਂ ਆਪਣੀ ਸਵਾਮੀ ਭਗਤੀ ਦਾ ਪਰਿਚੈ ਨਹੀਂ ਦਿੱਤਾ ?"
ਰਾਜਾ ਅੱਗ ਬਬੂਲਾ ਹੋ ਗਿਆ। ਉਹਨੇ ਤੁਰੰਤ ਸੇਵਿਕਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤਾ । ਕ੍ਰਿਸ਼ਨਾਨੰਦ ਸਾਰਾ ਕੁਝ ਸੁਣ ਰਿਹਾ ਸੀ।
ਉਹ ਬੋਲਿਆ-"ਮਹਾਰਾਜ ! ਤੁਸੀਂ ਇਹਨੂੰ ਸਜ਼ਾ ਨਾ ਦਿਉ। ਮੈਂ ਮਣੀਮਾਲਾ ਤੁਹਾਨੂੰ ਦੇਣ ਲਈ ਤਿਆਰ ਹਾਂ।"
"ਮੈਂ ਪਰਾਈ ਔਰਤ ਨੂੰ ਹੱਥ ਨਹੀਂ ਲਾਉਂਦਾ।" ਰਾਜਾ ਬੋਲਿਆ।
ਸੇਵਿਕਾ ਦੇ ਗਿੜਗਿੜਾਉਣ 'ਤੇ ਰਾਜਾ ਸਿਮਰਜੀਤ ਨੇ ਉਹਨੂੰ ਦੇਸ਼ 'ਚੋਂ ਕੱਢ ਦਿੱਤਾ । ਹੁਣ ਦੱਸ ਰਾਜਾ ਵਿਕਰਮ ਕੀ ਇਹਦੇ 'ਚ ਸੱਚਮੁੱਚ ਸੇਵਿਕਾ ਦਾ ਦੋਸ਼ ਸੀ। ਕੀ ਉਹਨੇ ਪਾਪ ਨਹੀਂ ਕੀਤਾ ?
ਰਾਜਾ ਵਿਕਰਮ ਬੋਲਿਆ-"ਸਵਾਮੀ ਭਗਤੀ ਹੀ ਸਭ ਤੋਂ ਵੱਡਾ ਕਰਤੱਵ ਹੈ। ਸੇਵਿਕਾ ਨੇ ਸਵਾਮੀ ਭਗਤੀ ਦਾ ਪਰਿਚੈ ਨਾ ਦੇ ਕੇ ਅਪਰਾਧ ਜ਼ਰੂਰ ਕੀਤਾ, ਪਰ ਇਹ ਅਪਰਾਧ ਕਰਤੱਵ ਦਾ ਪਾਲਣ ਕਰਦਿਆਂ ਹੋਇਆ ਕੀਤਾ ਸੀ । ਇਸ ਕਾਰਨ ਰਾਜਾ ਸਮਰਜੀਤ ਨੇ ਸੇਵਿਕਾ ਨੂੰ ਦੇਸ਼ ਨਿਕਾਲਾ ਦੇ ਕੇ ਅਪਰਾਧ ਕੀਤਾ ਹੈ।”
ਵਿਕਰਮ ਦੀ ਗੱਲ ਸੁਣ ਕੇ ਬੇਤਾਲ ਜ਼ੋਰ ਦੀ ਹੱਸਿਆ। ਬੋਲਿਆ-"ਤੂੰ ਬਿਲਕੁਲ ਠੀਕ ਆਖ ਰਿਹਾ ਏਂ ਵਿਕਰਮ! ਪਰ ਮੈਂ ਚੱਲਿਆਂ।"
ਉਹ ਵਿਕਰਮ ਦੇ ਮੋਢਿਆਂ ਤੋਂ ਉੱਡ ਕੇ ਸਿੱਧਾ ਉਸੇ ਦਰਖ਼ਤ 'ਤੇ ਜਾ ਕੇ ਲਟਕ ਗਿਆ । ਰਾਜਾ ਵਿਕਰਮ ਮੁੜ ਆਇਆ। ਉਹਨੇ ਚੁੱਕ ਕੇ ਮੋਢਿਆਂ 'ਤੇ ਲੱਦਿਆ। ਵਿਕਰਮ ਦਾ ਗੁੱਸਾ ਹੁਣ ਸਤਵੇਂ ਅਸਮਾਨ 'ਤੇ ਪਹੁੰਚ ਚੁੱਕਾ ਸੀ। ਬੇਤਾਲ ਦੀ ਵਾਰ-ਵਾਰ ਭੱਜ ਜਾਣ ਦੀ ਆਦਤ ਤੋਂ ਉਹ ਤੰਗ ਆ ਚੁੱਕਾ ਸੀ । ਜੇਕਰ ਉਹਨੇ ਯੋਗੀ ਨੂੰ ਵਚਨ ਨਾ ਦਿੱਤਾ ਹੁੰਦਾ ਤਾਂ ਉਹ ਬੇਤਾਲ ਦੀ ਹੱਤਿਆ ਕਰ ਦੇਂਦਾ, ਪਰ ਉਹ ਮਜਬੂਰ ਸੀ ।
ਫਰਿਆਦ ਕੀਹਦੇ ਕੋਲ ਕਰੇ
ਬੋਤਾਲ ਬੋਲਿਆ-ਰਾਜਾ ਵਿਕਰਮ ! ਚਿਤਰਕੂਟ ਨਾਂ ਦਾ ਇਕ ਨਗਰ ਹੈ। ਉਥੋਂ ਦਾ ਰਾਜਾ ਰੂਪਦੱਤ ਇਕ ਦਿਨ ਇਕੱਲਾ ਆਪਣੇ ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ ਲਈ ਚਲਾ ਗਿਆ। ਉਹ ਭਟਕ ਕੇ ਸੰਘਣੇ ਜੰਗਲ 'ਚ ਚਲਾ ਗਿਆ । ਉਥੇ ਜਾ ਕੇ ਵੇਖਿਆ ਕਿ ਇਕ ਬਹੁਤ ਵੱਡੇ ਤਲਾਬ ਦੇ ਕੋਲ ਵੱਡੇ- ਵੱਡੇ ਦਰਖ਼ਤ ਹਨ । ਚਾਰੇ ਪਾਸੇ ਦਰਖ਼ਤਾਂ ਦੀ ਛਾਂ ਸੀ । ਰਾਜੇ ਨੂੰ ਗਰਮੀ ਹੋਣ ਕਰਕੇ ਪਸੀਨਾ ਆ ਰਿਹਾ ਸੀ । ਉਹ ਘੋੜੇ ਤੋਂ ਉਤਰ ਕੇ ਦਰਖ਼ਤਾਂ ਦੀ ਛਾਂ ਹੇਠ ਪੈ ਗਿਆ। ਉਹ ਅਜੇ ਲੇਟਿਆ ਹੀ ਸੀ ਕਿ ਏਨੇ ਨੂੰ ਰਿਸ਼ੀ ਦੀ ਇਕ ਕੰਨਿਆ ਉਥੇ ਆ ਗਈ ਤੇ ਉਹਨੂੰ ਵੇਖ ਕੇ ਉਹਦੇ 'ਤੇ ਮੋਹਿਤ ਹੋ ਗਈ। ਕੁਝ ਚਿਰ ਬਾਅਦ ਰਿਸ਼ੀ ਵੀ ਉਥੇ ਆ ਗਿਆ। ਰਾਜੇ ਨੇ ਰਿਸ਼ੀ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ। ਰਿਸ਼ੀ ਨੇ ਅਸ਼ੀਰਵਾਦ ਦੇ ਕੇ ਪੁੱਛਿਆ-“ਇਥੇ ਕਿੰਜ ਆਇਆਂ ?"ਰਾਜੇ ਨੇ ਆਖਿਆ-"ਮਹਾਰਾਜ ! ਮੈਂ ਸ਼ਿਕਾਰ ਖੇਡਣ ਆਇਆ ਸਾਂ।“
ਇਹ ਗੱਲ ਸੁਣ ਕੇ ਰਿਸ਼ੀ ਖ਼ੁਸ਼ ਹੋਇਆ ਤੇ ਬੋਲਿਆ-"ਬੱਚਾ ਕੀ ਮੰਗਦਾ ਏਂ। ਰਾਜੇ ਨੇ ਆਖਿਆ-"ਮਹਾਰਾਜ ਆਪਣੀ ਧੀ ਮੈਨੂੰ ਦੇ ਦਿਉ।"
ਰਿਸ਼ੀ ਨੇ ਆਪਣੀ ਧੀ ਦਾ ਵਿਆਹ ਰਾਜੇ ਨਾਲ ਕਰ ਦਿੱਤਾ।
ਹੁਣ ਰਾਜਾ ਤੇ ਰਾਣੀ ਦੋਵੇਂ ਘੋੜੇ 'ਤੇ ਚੜ੍ਹ ਕੇ ਤੁਰ ਪਏ । ਰਸਤੇ 'ਚ ਧੁੱਪ ਕਾਰਨ ਪਰੇਸ਼ਾਨ ਹੋ ਕੇ ਉਹ ਇਕ ਦਰਖ਼ਤ ਹੇਠਾਂ ਸੌਂ ਗਏ। ਥੋੜੀ ਦੇਰ ਬਾਅਦ ਇਕ ਰਾਖਸ਼ਸ਼ ਉਥੇ ਆਇਆ ਤੇ ਰਾਜੇ ਨੂੰ ਕਹਿਣ ਲੱਗਾ-"ਮੈਂ ਤੇਰੀ ਪਤਨੀ ਨੂੰ ਖਾ ਜਾਵਾਂਗਾ।" ਰਾਜੇ ਨੇ ਆਖਿਆ-"ਆਖ਼ਿਰ ਤੂੰ ਚਾਹੁੰਦਾ ਕੀ ਏਂ ? ਮੇਰੀ ਪਤਨੀ ਨੇ ਤੇਰਾ ਕੀ ਵਿਗਾੜਿਆ ਹੈ ?"
ਰਾਖਸ਼ਸ਼ ਨੇ ਆਖਿਆ-"ਜਾਂ ਤਾਂ ਮੈਨੂੰ ਸੱਤ ਸਾਲ ਦਾ ਬ੍ਰਾਹਮਣ ਦਾ ਪੁੱਤਰ ਚਾਹੀਦਾ ਏ ਜਾਂ ਤੇਰੀ ਪਤਨੀ।"
ਰਾਜੇ ਨੇ ਆਖਿਆ ਕਿ ਤੂੰ ਚਾਰ ਦਿਨ ਬਾਅਦ ਮੇਰੇ ਰਾਜ 'ਚ ਆ ਜਾਵੀਂ। ਮੈਂ ਸੱਤ ਸਾਲ ਦਾ ਮੁੰਡਾ ਦੇ ਦਿਆਂਗਾ । ਇਹ ਸੁਣ ਕੇ ਰਾਖਸ਼ਸ਼ ਅਤੇ ਰਾਜਾ
ਦੋਵੇਂ ਆਪੋ-ਆਪਣੇ ਰਾਹ ਪੈ ਗਏ।
ਹੁਣ ਰਾਖਸ਼ਸ਼ ਵੀ ਆ ਗਿਆ। ਰਾਜੇ ਨੇ ਉਹਦੀ ਪੂਜਾ ਕਰਕੇ ਇਕ ਮੁੰਡੇ ਨੂੰ ਬੁਲਾਇਆ। ਰਾਜਾ ਹੱਥ 'ਚ ਖੜਗ ਫੜ ਕੇ ਬਲੀ ਦੇਣ ਲਈ ਤਿਆਰ ਹੋਇਆ ਹੀ ਸੀ ਕਿ ਏਨੇ ਨੂੰ ਮੁੰਡਾ ਪਹਿਲਾਂ ਹੱਸਿਆ ਤੇ ਫਿਰ ਰੋ ਪਿਆ। ਰਾਜੇ ਨੇ ਖੜਗ ਮਾਰਿਆ ਤੇ ਉਹਦਾ ਸਿਰ ਵੱਖ ਹੋ ਗਿਆ । ਏਨੀ ਕਥਾ ਕਹਿ ਕੇ ਬੇਤਾਲ ਬੋਲਿਆ- "ਰਾਜਾ ! ਉਹ ਮਰਦੇ ਵਕਤ ਹੱਸਿਆ ਕਿਉਂ ਤੇ ਰੋਇਆ ਕਿਉਂ ? ਇਹਦਾ ਮਤਲਬ ਕੀ ਹੈ ?"
ਇਹ ਸੁਣ ਕੇ ਰਾਜਾ ਬੋਲਿਆ-"ਬਾਲਕ ਨੇ ਸੋਚਿਆ ਕਿ ਬਚਪਨ 'ਚ ਮਾਤਾ ਪਾਲਦੀ ਹੈ, ਵੱਡਾ ਹੋਣ 'ਤੇ ਪਿਤਾ, ਪਰ ਅੱਜ ਉਸੇ ਮਾਤਾ-ਪਿਤਾ ਨੇ ਸਿਰਫ਼ ਧਨ ਦੇ ਲਾਲਚ ਖ਼ਾਤਰ ਮੇਰੀ ਬਲੀ ਚੜ੍ਹਾ ਦਿੱਤੀ । ਉਸ ਵਕਤ ਮੈਂ ਆਪਣੀ ਫਰਿਆਦ ਕੀਹਦੇ ਕੋਲ ਕਰਦਾ, ਇਹ ਸੋਚ ਕੇ ਉਹ ਰੋਇਆ ਤੇ ਇਹ ਸੋਚ ਕੇ ਹੱਸਿਆ ਕਿ ਉਹਦੇ ਇਕ ਤਿਆਗ ਨਾਲ ਉਹਦੇ ਭੈਣ- ਭਰਾਵਾਂ ਦਾ ਜੀਵਨ ਸੁਧਰ ਜਾਵੇਗਾ।"
"ਤੂੰ ਧੰਨ ਏਂ ਵਿਕਰਮ ! ਬਿਲਕੁਲ ਠੀਕ ਉੱਤਰ ਦਿੱਤਾ ਹੈ, ਪਰ ਤੂੰ ਮੇਰੀ ਸ਼ਰਤ ਭੁੱਲ ਗਿਆ। ਇਸ ਲਈ ਮੈਂ ਚੱਲਿਆਂ।" ਏਨਾ ਕਹਿ ਕੇ ਬੇਤਾਲ ਹਵਾ 'ਚ ਉੱਡ ਗਿਆ।
ਵਿਕਰਮ ਆਪਣੀ ਤਲਵਾਰ ਫੜ ਕੇ ਇਕ ਵਾਰ ਮੁੜ ਉਹਦੇ ਮਗਰ ਗਿਆ।
ਪਿੱਤਰ ਦਾਨ
"ਸੁਣੋ ਰਾਜਾ ਵਿਕਰਮ !'' ਇਕ ਵਾਰ ਫਿਰ ਬੇਤਾਲ ਨੇ ਕਹਾਣੀ ਸੁਣਾਉਣੀ ਆਰੰਭ ਕੀਤੀ-ਕਾਸ਼ੀ ਨਗਰੀ 'ਚ ਹਰੀਦੱਤ ਨਾਂ ਦਾ ਇਕ ਬ੍ਰਾਹਮਣ ਰਹਿੰਦਾ ਸੀ। ਉਹਦੀ ਇਕ ਬਹੁਤ ਸੋਹਣੀ ਧੀ ਸੀ । ਉਹਦਾ ਨਾਂ ਲੀਲਾ ਸੀ। ਰਾਤ ਦਾ ਸਮਾਂ ਸੀ । ਲੀਲਾ ਆਪਣੇ ਆਰਾਮ ਕਮਰੇ 'ਚ ਸੌਂ
ਰਹੀ ਸੀ । ਅਚਾਨਕ ਖੜਾਕ ਸੁਣ ਕੇ ਉਹਦੀ ਨੀਂਦ ਖੁੱਲ੍ਹ ਗਈ। ਉਹ ਘਬਰਾ ਕੇ ਉੱਠੀ ਅਤੇ ਬੋਲੀ-"ਕੌਣ ਏ ?"
ਇਕ ਹੌਲੀ ਜਿਹੀ ਆਵਾਜ਼ ਆਈ-"ਮੈਂ ਹਾਂ ।"
ਲੀਲਾ ਨੇ ਵੇਖਿਆ ਕਿ ਇਕ ਜਵਾਨ ਗੱਭਰੂ ਨੁੱਕਰ 'ਚ ਘਬਰਾਇਆ ਹੋਇਆ ਖਲੋਤਾ ਹੈ।
ਲੀਲਾ ਬੋਲੀ-"ਤੂੰ ਕੌਣ ਏਂ ਤੇ ਏਥੇ ਕਿਵੇਂ ਆ ਗਿਐਂ ? ਕੀ ਤੂੰ ਚੋਰ ਏਂ?"
"ਹਾਂ।" ਉਹ ਬੋਲਿਆ-"ਪਰ ਮੈਂ ਤੇਰੇ ਘਰ ਚੋਰੀ ਕਰਨ ਨਹੀਂ ਆਇਆ। ਮੈਂ ਸਿਪਾਹੀਆਂ ਦੇ ਡਰ ਤੋਂ ਭੱਜ ਕੇ ਇਥੇ ਆ ਗਿਆ ਹਾਂ । ਕੁਝ ਦੇਰ ਬਾਅਦ ਚਲਾ ਜਾਵਾਂਗਾ । ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ।"
ਇਸ ਦੌਰਾਨ ਬਾਹਰ ਸੜਕ 'ਤੇ ਸਿਪਾਹੀਆਂ ਦੀਆਂ ਆਵਾਜ਼ਾਂ ਆਈਆਂ। ਲੀਲਾ ਨੂੰ ਚੋਰ ਦੀ ਗੱਲ 'ਤੇ ਵਿਸ਼ਵਾਸ ਹੋ ਗਿਆ। ਉਸਨੇ ਉਹਨੂੰ ਲੁਕਾ ਲਿਆ । ਉਹਦਾ ਰੰਗ ਰੂਪ ਅਤੇ ਸਰੀਰ ਵੇਖ ਕੇ ਲੀਲਾ ਦਾ ਮਨ ਪਿਘਲ ਗਿਆ ਅਤੇ ਉਹਨੇ ਚੋਰ ਨੂੰ ਆਪਣੇ ਬਿਸਤਰੇ 'ਤੇ ਸੰਵਾ ਲਿਆ। ਰਾਜਾ ਵਿਕਰਮ ! ਇਸ ਤਰ੍ਹਾਂ ਉਹ ਚੋਰ ਭੋਗ-ਵਿਲਾਸ ਕਰਕੇ ਸਿਪਾਹੀਆਂ ਦੇ ਚਲੇ ਜਾਣ ਬਾਅਦ ਚਲਾ ਗਿਆ । ਜਾਂਦਿਆਂ-ਜਾਂਦਿਆਂ ਉਹ ਮੁੜ ਆਉਣ ਦਾ ਵਾਅਦਾ ਕਰ ਗਿਆ । ਪਰ ਉਹ ਦੋਬਾਰਾ ਨਾ ਆ ਸਕਿਆ ਕਿਉਂਕਿ ਅਗਲੇ ਦਿਨ ਹੀ ਸਿਪਾਹੀਆਂ ਨੇ ਉਹਨੂੰ ਫੜ ਲਿਆ ਸੀ । ਉਹਨੇ ਰਾਜਮਹੱਲ 'ਚ ਚੋਰੀ ਕੀਤੀ ਸੀ। ਇਸ ਅਪਰਾਧ 'ਚ ਰਾਜੇ ਨੇ ਉਹਨੂੰ ਸੂਲੀ 'ਤੇ ਲਟਕਾ ਦਿੱਤਾ। ਉਹ ਚੋਰ ਮਰ ਗਿਆ । ਇਹ ਸੁਣ ਕੇ ਲੀਲਾ ਬਹੁਤ ਦੁਖੀ ਹੋਈ।
ਇਸ ਤੋਂ ਬਾਅਦ ਲੀਲਾ 'ਤੇ ਇਕ ਸੰਕਟ ਹੋਰ ਆ ਗਿਆ। ਉਹਨੂੰ ਗਰਭ ਠਹਿਰ ਗਿਆ । ਉਧਰ, ਠੀਕ ਇਸੇ ਵੇਲੇ ਉਹਦਾ ਵਿਆਹ ਪੱਕਾ ਕਰ ਦਿੱਤਾ ਗਿਆ। ਲੀਲਾ ਨੇ ਸਾਰਾ ਭੇਦ ਲੁਕਾ ਕੇ ਰੱਖਿਆ ਤੇ ਆਪਣੇ ਪਤੀ ਦੇ ਘਰ ਚਲੀ ਗਈ। ਉਚਿਤ ਵੇਲੇ 'ਤੇ ਉਹਨੇ ਇਕ ਮੁੰਡੇ ਨੂੰ ਜਨਮ ਦਿੱਤਾ । ਉਸਦਾ ਪਿਤਾ ਉਹ ਚੋਰ ਸੀ । ਇਸਦਾ ਗਿਆਨ ਲੀਲਾਵਤੀ ਨੂੰ ਸੀ । ਉਸਦੇ ਪਤੀ
ਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਾ ਹੋਇਆ।
ਰਾਜਾ ਵਿਕਰਮ ! ਸਮੇਂ ਨਾਲ ਉਹ ਮੁੰਡਾ ਜਵਾਨ ਹੋ ਗਿਆ ਤਾਂ ਲੀਲਾ ਦਾ ਪਤੀ ਮਰ ਗਿਆ। ਮੁੰਡੇ ਨੇ ਆਪਣੇ ਪਿਉ ਦਾ ਦਾਹ-ਸੰਸਕਾਰ ਕਰ ਦਿੱਤਾ। ਉਹ ਮੁੰਡਾ ਅਤਿਅੰਤ ਕੁਸ਼ਲ ਤੇ ਗੁਣੀ ਸੀ। ਉਹਨੇ ਪਿਉ ਦਾ ਕਾਰੋਬਾਰ ਖੂਬ ਵਧਾਇਆ। ਕੁਝ ਚਿਰ ਬਾਅਦ ਉਹਦੀ ਮਾਂ ਦਾ ਵੀ ਦੇਹਾਂਤ ਹੋ ਗਿਆ।
ਪੁੱਤ ਨੇ ਉਹਦਾ ਵੀ ਸਸਕਾਰ ਕਰ ਦਿੱਤਾ ।
ਫਿਰ ਇਕ ਮੱਸਿਆ ਆਈ । ਇਹ ਮੱਸਿਆ ਪਿੱਤਰਾਂ ਦੀ ਸੀ ਅਤੇ ਪੁੱਤਰ ਨੇ ਫਲਗੂ ਨਦੀ 'ਚ ਜਾ ਕੇ ਪਿੰਡਦਾਨ ਕਰਨਾ ਠੀਕ ਸਮਝਿਆ। ਪੁਰੋਹਿਤਾਂ ਨੂੰ ਨਾਲ ਲੈ ਕੇ ਉਹ ਫਲਗੂ ਨਦੀ ਦੇ ਕਿਨਾਰੇ ਆਇਆ। ਉਹਨੇ ਵਿਧੀਵਤ ਢੰਗ ਨਾਲ ਪਿੰਡਦਾਨ ਦੇ ਸਾਰੇ ਕਾਰਜ ਪੂਰੇ ਕੀਤੇ। ਫਿਰ ਉਹ ਪਿੱਤਰ ਦਾਨ ਕਰਨ ਫਲਗੂ ਨਦੀ ਦੇ ਕੰਢੇ 'ਤੇ ਆ ਗਿਆ।
ਉਹ ਇਕੱਲਾ ਸੀ । ਜਦੋਂ ਦਾਨ ਕਰਨ ਲੱਗਾ ਤਾਂ ਅਚਾਨਕ ਤਿੰਨ ਹੱਥ ਪਾਣੀ 'ਚੋਂ ਬਾਹਰ ਆ ਕੇ ਹਿੱਲਣ ਲੱਗ ਪਏ। ਇਹ ਵੇਖ ਕੇ ਮੁੰਡੇ ਨੂੰ ਬੜੀ ਹੈਰਾਨੀ ਹੋਈ। ਉਹਨੇ ਪੁੱਛਿਆ-"ਇਹ ਪਹਿਲਾ ਹੱਥ ਕੀਹਦਾ ਹੈ ?"
ਆਵਾਜ਼ ਆਈ-"ਮੈਂ ਤੇਰੀ ਮਾਂ ਹਾਂ।”
ਮੁੰਡੇ ਨੇ ਮਾਂ ਨੂੰ ਦਾਨ ਦੇ ਦਿੱਤਾ।
ਫਿਰ ਪੁੱਛਿਆ-"ਇਹ ਦੂਸਰਾ ਹੱਥ ਕੀਹਦਾ ਹੈ ?"
"ਮੈਂ ਤੇਰਾ ਪਿਉ ਹਾਂ ।"
ਮੁੰਡਾ ਰੁਕ ਗਿਆ । ਬੋਲਿਆ-"ਇਹ ਤੀਸਰਾ ਹੱਥ ਕੀਹਦਾ ਹੈ ?"
"ਮੈਂ ਤੇਰਾ ਪਿਉ ਹਾਂ।”
ਰਾਜਾ ਵਿਕਰਮ ! ਉਹ ਮੁੰਡਾ ਆਪਣੇ ਦੋ ਪਿਉ ਵੇਖ ਕੇ ਘਬਰਾ ਗਿਆ।
ਉਹਨੇ ਦੂਜੇ ਹੱਥ ਨੂੰ ਪੁੱਛਿਆ-"ਤੂੰ ਮੇਰਾ ਪਿਉ ਕਿਵੇਂ ਹੋਇਆ ?"
ਉਹ ਹੱਥ ਚੋਰ ਦਾ ਸੀ। ਚੋਰ ਨੇ ਸਾਰੀ ਗੱਲ ਦੱਸ ਦਿੱਤੀ।
ਫਿਰ ਤੀਜੇ ਹੱਥ ਵਾਲੇ ਨੂੰ ਪੁੱਛਿਆ-"ਤੂੰ ਮੇਰਾ ਪਿਉ ਕਿਵੇਂ ਏਂ ?”
ਤੀਸਰੇ ਹੱਥ ਵਾਲੇ ਦੀ ਆਵਾਜ਼ ਆਈ-“ਪੁੱਤਰ! ਸਾਰੀ ਉਮਰ ਮੈਂ ਤੈਨੂੰ ਪਾਲਿਆ-ਪੋਸਿਆ। ਆਪਣਾ ਪੁੱਤਰ ਮੰਨਿਆ। ਅੱਜ ਤੂੰ ਆਪਣੇ ਪਿਉ ਨੂੰ ਨਹੀਂ ਪਹਿਚਾਣ ਰਿਹਾ।”
ਮੁੰਡਾ ਦੁਬਿਧਾ 'ਚ ਪੈ ਗਿਆ। ਉਹ ਆਪਣੇ ਬੁੱਲ੍ਹ ਟੁੱਕਣ ਲੱਗਾ। ਉਹਦੀ ਸਮਝ 'ਚ ਨਹੀਂ ਸੀ ਆ ਰਿਹਾ ਕਿ ਉਹ ਕੀਹਨੂੰ ਪਿਤਾ ਮੰਨ ਕੇ ਦਾਨ ਕਰੇ ?
"ਹੁਣ ਤੂੰ ਹੀ ਨਿਰਣਾ ਕਰ ਰਾਜਾ ਵਿਕਰਮ ! ਉਹ ਮੁੰਡਾ ਕੀਹਨੂੰ ਦਾਨ ਦੇਵੇ । ਕੀਹਨੂੰ ਆਪਣਾ ਪਿਉ ਮੰਨੇ ?"
ਰਾਜਾ ਵਿਕਰਮ ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ-"ਸੁਣ ਬੇਤਾਲ! ਸਿਰਫ਼ ਜਨਮ ਦੇਣ ਨਾਲ ਹੀ ਕਿਸੇ ਦਾ ਕੋਈ ਪਿਉ ਨਹੀਂ ਬਣ ਜਾਂਦਾ। ਜੀਹਨੇ ਉਹਨੂੰ ਪਾਲਿਆ-ਪੋਸਿਆ, ਉਹਨੂੰ ਪੜ੍ਹਾਇਆ-ਲਿਖਾਇਆ, ਉਹੀ ਉਹਦਾ ਪਿਉ ਹੁੰਦਾ ਹੈ । ਇਸ ਕਾਰਨ ਉਹਨੂੰ ਤੀਸਰੇ ਹੱਥ ਨੂੰ ਦਾਨ ਦੇਣਾ ਚਾਹੀਦਾ ਹੈ।”
ਬੇਤਾਲ ਜ਼ੋਰ ਦੀ ਹੱਸਿਆ-"ਤੇਰਾ ਫ਼ੈਸਲਾ ਠੀਕ ਏ, ਰਾਜਾ ਵਿਕਰਮ ! ਤੇਰਾ ਫ਼ੈਸਲਾ ਬਿਲਕੁਲ ਠੀਕ ਏ।"
ਬੇਤਾਲ ਦਾ ਹਾਸਾ ਬੀਆਬਾਨ 'ਚ ਗੂੰਜਿਆ। ਉਸੇ ਵਕਤ ਬੇਤਾਲ ਨੇ ਰਾਜਾ ਵਿਕਰਮ ਦੇ ਮੋਢੇ ਤੋਂ ਛਾਲ ਮਾਰ ਦਿੱਤੀ ਤੇ ਉਹ ਉੱਡਣ ਲੱਗ ਪਿਆ। ਵਿਕਰਮ ਉਹਦੇ ਪਿੱਛੇ ਦੌੜਿਆ। ਤਦ ਤਕ ਬੇਤਾਲ ਮੁੜ ਉਸੇ ਦਰਖ਼ਤ 'ਤੇ ਜਾ ਕੇ ਲਟਕ ਚੁੱਕਾ ਸੀ ।
ਕਸੂਰਵਾਰ ਕੌਣ ?
ਵਿਕਰਮ ਨੇ ਬੇਤਾਲ ਨੂੰ ਦਰਖ਼ਤ ਤੋਂ ਚੁੱਕ ਕੇ ਇਕ ਵਾਰ ਮੁੜ ਮੋਢਿਆਂ 'ਤੇ ਲੱਦ ਲਿਆ ਤੇ ਕਾਹਲੀ ਕਾਹਲੀ ਤੁਰਨ ਲੱਗਾ। ਉਹਦੇ ਬਾਰ-ਬਾਰ ਭੱਜਣ ਕਾਰਨ ਰਾਜਾ ਵਿਕਰਮ ਮਨ-ਹੀ-ਮਨ ਦੁਖੀ ਸੀ, ਪਰ ਉਹ ਕੁਝ ਬੋਲਿਆ ਨਾ।
ਬੇਤਾਲ ਬੋਲਣ ਲੱਗ ਪਿਆ-"ਰਾਜਾ ਵਿਕਰਮ । ਗੁੱਸਾ ਥੁੱਕ ਦੇ। ਮੇਰੀ ਗੱਲ ਸੁਣ । ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ।"
ਵਿਕਰਮ ਨੇ ਕੋਈ ਜਵਾਬ ਨਾ ਦਿੱਤਾ।
ਬੇਤਾਲ ਨੇ ਆਖਣਾ ਸ਼ੁਰੂ ਕੀਤਾ-"ਰਾਜਾ ਵਿਕਰਮ ! ਮਹੇਸ਼ਪੁਰ ਰਾਜ 'ਚ ਕਮਲ ਕਿਸ਼ੋਰ ਨਾਂ ਦਾ ਇਕ ਬ੍ਰਾਹਮਣ ਰਹਿੰਦਾ ਸੀ । ਉਹਦੀ ਪਤਨੀ ਸੁਲੋਚਨਾ ਬੜੀ ਸੋਹਣੀ ਸੀ। ਇਕ ਵਾਰ ਕਮਲ ਕਿਸ਼ੋਰ ਵਪਾਰ ਦੇ ਸਿਲਸਿਲੇ 'ਚ ਪਰਦੇਸ ਚਲਾ ਗਿਆ।
ਦੋ ਮਹੀਨੇ ਲੰਘ ਗਏ। ਸੁਲੋਚਨਾ ਦਾ ਮਨ ਬਿਰਹਾ 'ਚ ਸੜਨ ਲੱਗ ਪਿਆ ਸੀ । ਉਹ ਕੁਝ ਦੇਰ ਬਾਅਦ ਮਹਾਵਾਰੀ ਹੋਈ ਤਾਂ ਉਹਨੂੰ ਕਾਮ ਇੱਛਾ ਸਤਾਉਣ ਲੱਗੀ। ਇਕ ਦਿਨ ਸੁਲੋਚਨਾ ਛੱਤ 'ਤੇ ਖੜ੍ਹੀ ਸੀ । ਉਹ ਇਸ਼ਨਾਨ ਕਰਕੇ ਆਪਣੇ ਸੰਘਣੇ ਤੇ ਕਾਲੇ ਲੰਮੇ ਵਾਲ ਸੁਕਾ ਰਹੀ ਸੀ । ਉਸੇ ਵਕਤ ਸਿਆਮ ਸੁੰਦਰ ਨਾਂ ਦੇ ਇਕ ਮੁੰਡੇ ਦੀ ਨਜ਼ਰ ਉਹਦੇ 'ਤੇ ਪਈ । ਉਹ ਆਪਣੇ ਘੋੜੇ 'ਤੇ ਬਹਿ ਕੇ ਸੈਰ ਕਰਨ ਜਾ ਰਿਹਾ ਸੀ । ਉਹ ਸੁਲੋਚਨਾ ਨੂੰ ਵੇਖਦਾ ਹੀ ਰਹਿ ਗਿਆ। ਸੁਲੋਚਨਾ ਦਾ ਸੁਹੱਪਣ ਤੇ ਜਵਾਨੀ ਵੇਖ ਕੇ ਉਹ ਬੇਚੈਨ ਹੋ ਗਿਆ। ਸੁਲੋਚਨਾ ਦੀਆਂ ਨਿਗਾਹਾਂ ਵੀ ਉਹਦੇ ਨਾਲ ਟਕਰਾ ਗਈਆਂ। ਉਹਦਾ ਮਨ ਵੀ ਮੋਹਿਤ ਹੋ ਗਿਆ।
ਦੋਵੇਂ ਬਿਰਹਾ ਦੀ ਅੱਗ 'ਚ ਸੜਨ ਲੱਗੇ। ਸੁਲੋਚਨਾ ਨੂੰ ਚੈਨ ਨਹੀਂ ਸੀ ਆ ਰਹੀ। ਉਹਦੀ ਬੇਚੈਨੀ ਵੇਖ ਕੇ ਦਾਸੀ ਨੇ ਕਾਰਨ ਪੁੱਛਿਆ ਤਾਂ ਸਲੋਚਨਾ ਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ । ਦਾਸੀ ਬੋਲੀ-"ਜੇਕਰ ਤੇਰਾ ਦਿਲ ਕਰ ਰਿਹਾ ਏ ਤਾਂ ਮੈਂ ਉਸ ਮੁੰਡੇ ਨੂੰ ਲਿਆ ਸਕਦੀ ਹਾਂ, ਮੈਂ ਉਹਨੂੰ ਜਾਣਦੀ ਹਾਂ।"
ਦਾਸੀ ਦੀ ਗੱਲ ਸੁਣ ਕੇ ਸੁਲੋਚਨਾ ਸਹਿਮਤ ਹੋ ਗਈ। ਦਾਸੀ ਸ਼ਾਮ ਸੁੰਦਰ ਨੂੰ ਬੁਲਾ ਲਿਆਈ। ਦੋਵਾਂ ਨੇ ਬਿਰਹੋਂ ਦੀ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ।
ਰਾਜਾ ਵਿਕਰਮ! ਜਦੋਂ ਤਕ ਕਮਲ ਕਿਸ਼ੋਰ ਨਾ ਆਇਆ ਦੋਵਾਂ ਨੇ
ਬੜਾ ਸੁਖ ਮਾਣਿਆ। ਕਮਲ ਕਿਸ਼ੋਰ ਦੇ ਆ ਜਾਣ 'ਤੇ ਇਸ ਕੰਮ ਵਿਚ ਰੁਕਾਵਟ ਪੈ ਗਈ। ਸੁਲੋਚਨਾ ਦਾ ਮਨ ਕਮਲ ਕਿਸ਼ੋਰ ਵਿਚ ਨਹੀਂ ਸੀ ਲੱਗਦਾ। ਇਸ ਗੱਲ ਨੂੰ ਕਮਲ ਕਿਸ਼ੋਰ ਨੇ ਸਮਝ ਲਿਆ। ਉਹ ਚੁੱਪਚਾਪ ਕਾਰਨ ਲੱਭਣ ਲੱਗਾ। ਉਹਨੇ ਦਾਸੀ ਕੋਲੋਂ ਪੁੱਛਿਆ । ਦਾਸੀ ਨੇ ਸਾਰਾ ਕੁਝ ਦੱਸ ਦਿੱਤਾ। ਇਸ ਗੱਲ 'ਤੇ ਕਮਲ ਕਿਸ਼ੋਰ ਦਾ ਮਨ ਟੁੱਟ ਗਿਆ। ਇਕ ਦਿਨ ਉਹ ਫਿਰ ਸੁਲੋਚਨਾ ਨੂੰ ਛੱਡ ਕੇ ਚਲਾ ਗਿਆ । ਸੁਲੋਚਨਾ ਬਿਨਾਂ ਕਿਸੇ ਗੱਲ ਦੀ ਚਿੰਤਾ ਕੀਤਿਆਂ ਸ਼ਾਮ ਸੁੰਦਰ ਨਾਲ ਰੰਗ-ਰਲੀਆਂ ਮਨਾਉਂਦੀ ਰਹੀ। ਬੜੇ ਦਿਨ ਲੰਘ ਗਏ ਪਰ ਕਮਲ ਕਿਸ਼ੋਰ ਨਾ ਆਇਆ। ਇਸ ਦੌਰਾਨ ਸੁਲੋਚਨਾ ਗਰਭਵਤੀ ਹੋ ਗਈ।
ਕਮਲ ਕਿਸ਼ੋਰ ਦਾ ਕੋਈ ਪਤਾ ਨਾ ਲੱਗਾ।
ਫਿਰ ਸੁਲੋਚਨਾ ਸ਼ਾਮ ਸੁੰਦਰ ਦੇ ਨਾਲ ਹੀ ਜਾ ਕੇ ਰਹਿਣ ਲੱਗ ਪਈ। ਉਹਨੇ ਇਕ ਮੁੰਡੇ ਨੂੰ ਜਨਮ ਦਿੱਤਾ । ਸ਼ਾਮ ਸੁੰਦਰ ਨੇ ਉਹਨੂੰ ਆਪਣਾ ਪੁੱਤਰ ਮੰਨਣ ਤੋਂ ਇਨਕਾਰ ਕਰ ਦਿੱਤਾ । ਸ਼ਾਮ ਸੁੰਦਰ ਦੀ ਇਹ ਗੱਲ ਸੁਣ ਕੇ ਸੁਲੋਚਨਾ ਨੇ ਉਸ ਬੱਚੇ ਨੂੰ ਮਾਰ ਕੇ ਸੁੱਟ ਦਿੱਤਾ । ਕਿਸਮਤ ਦੀ ਗੱਲ ਵੇਖ ਰਾਜਾ ਵਿਕਰਮ ! ਕਮਲ ਕਿਸ਼ੋਰ ਸਾਧੂ ਹੋ ਗਿਆ। ਨਦੀ ਦੇ ਜਿਸ ਕੰਢੇ 'ਤੇ ਸੁਲੋਚਨਾ ਮਰੇ ਹੋਏ ਬੱਚੇ ਨੂੰ ਸੁੱਟ ਗਈ ਸੀ, ਉਥੇ ਹੀ ਕਮਲ ਕਿਸ਼ੋਰ ਦੀ ਕੁਟੀਆ ਸੀ । ਸ਼ਾਮ ਨੂੰ ਬੱਚੇ ਦੀ ਲਾਸ਼ ਵੇਖ ਕੇ ਰੌਲਾ ਪੈ ਗਿਆ । ਰਾਜੇ ਦੇ ਸਿਪਾਹੀ ਆ ਗਏ ਤੇ ਸਾਧੂ ਬਣੇ ਕਮਲ ਕਿਸ਼ੋਰ ਨੂੰ ਫੜ ਕੇ ਰਾਜੇ ਕੋਲ ਲੈ ਗਏ।
ਰਾਜੇ ਨੇ ਪੁੱਛਿਆ-"ਇਹ ਤੇਰਾ ਕੰਮ ਏ।”
“ਨਹੀਂ, ਅੰਨਦਾਤਾ।”
"ਪਰ ਬੱਚੇ ਦਾ ਮੁਹਾਂਦਰਾ ਬਿਲਕੁਲ ਤੇਰੇ ਨਾਲ ਮਿਲਦਾ ਏ।"
ਰਾਜੇ ਦੀ ਗੱਲ ਠੀਕ ਸੀ । ਸਿਪਾਹੀਆਂ ਨੇ ਵੀ ਇਹੋ ਗੱਲ ਵੇਖੀ ਸੀ ਤੇ ਰਾਜੇ ਨੂੰ ਦੱਸ ਦਿੱਤੀ ਸੀ । ਕਮਲ ਕਿਸ਼ੋਰ ਕੁਝ ਨਾ ਬੋਲਿਆ।
"ਸਾਧੂ ਹੋ ਕੇ ਝੂਠ ਬੋਲਦਾ ਏਂ।”
ਕਮਲ ਕਿਸ਼ੋਰ ਚੁੱਪ ਰਿਹਾ। ਰਾਜੇ ਨੇ ਉਹਨੂੰ ਅਗਲੇ ਦਿਨ ਚੌਂਕ 'ਚ ਫਾਂਸੀ 'ਤੇ ਲਟਕਾਉਣ ਦਾ ਹੁਕਮ ਸੁਣਾ ਦਿੱਤਾ। ਕਮਲ ਕਿਸ਼ੋਰ ਫਿਰ ਵੀ ਚੁੱਪ ਰਿਹਾ। ਅਗਲੇ ਦਿਨ ਸਵੇਰੇ ਕਮਲ ਕਿਸ਼ੋਰ ਨੂੰ ਸਿਪਾਹੀ ਲੈਣ ਆ ਗਏ।
"ਆਪਣੇ ਆਖ਼ਰੀ ਸਮੇਂ ਤੂੰ ਕੁਝ ਕਹਿਣਾ ਏ ?"
"ਹਾਂ ।” ਕਮਲ ਕਿਸ਼ੋਰ ਬੋਲਿਆ-"ਸੁਲੋਚਨਾ ਨਾਂ ਦੀ ਔਰਤ ਸ਼ਾਮ ਸੁੰਦਰ ਦੀ ਪਤਨੀ ਹੈ । ਫਾਂਸੀ ਲਾਉਣ ਵੇਲੇ ਸੁਲੋਚਨਾ ਨੂੰ ਮੇਰੇ ਸਾਹਮਣੇ ਲੈ ਆਇਉ।”
ਸਿਪਾਹੀ ਸੁਲੋਚਨਾ ਨੂੰ ਲੈ ਕੇ ਆ ਗਏ । ਉਹਨੇ ਸਾਧੂ ਰੂਪੀ ਆਪਣੇ ਪਤੀ ਕਮਲ ਕਿਸ਼ੋਰ ਨੂੰ ਪਹਿਚਾਣ ਲਿਆ। ਉਹ ਰੌਲਾ ਪਾਉਣ ਲੱਗੀ। ਉਸਨੇ ਫਾਂਸੀ ਨਾ ਲਾਉਣ ਦੀ ਬੇਨਤੀ ਕੀਤੀ ਤੇ ਆਪਣਾ ਦੋਸ਼ ਮੰਨ ਲਿਆ। ਹੁਣ ਦੱਸ ਰਾਜਾ ਵਿਕਰਮ ! ਫਾਂਸੀ ਕੀਹਨੂੰ ਲੱਗਣੀ ਚਾਹੀਦੀ ਏ । ਤੇਰਾ ਫ਼ੈਸਲਾ ਕੀ ਆਖਦਾ ਹੈ ?
“ਰਾਜੇ ਨੇ ਕੀ ਨਿਆਂ ਕੀਤਾ।" ਵਿਕਰਮ ਨੇ ਪੁੱਛਿਆ।
"ਰਾਜੇ ਦੀ ਗੱਲ ਛੱਡ । ਤੂੰ ਆਪਣਾ ਫ਼ੈਸਲਾ ਸੁਣਾ ।" ਬੇਤਾਲ ਬੋਲਿਆ- "ਜੇਕਰ ਤੇਰੇ ਸਾਹਮਣੇ ਅਜਿਹਾ ਕੋਈ ਵਿਵਾਦ ਆਉਂਦਾ ਤਾਂ ਤੂੰ ਕੀ ਕਰਦਾ।"
"ਮੈਂ ਤਿੰਨਾਂ ਨੂੰ ਫ਼ਾਂਸੀ 'ਤੇ ਲਟਕਾ ਦਿੰਦਾ।"
ਬੇਤਾਲ ਹੱਕਾ-ਬੱਕਾ ਰਹਿ ਗਿਆ-"ਕਿਉਂ, ਰਾਜਾ ਵਿਕਰਮ ?”
"ਬੱਚੇ ਦਾ ਜਨਮ ਤਿੰਨਾਂ ਕਰਕੇ ਹੋਇਆ। ਹੱਤਿਆ ਸੁਲੋਚਨਾ ਨੇ ਕੀਤੀ, ਪਰ ਦੋਸ਼ੀ ਤਿੰਨੇ ਹਨ । ਵੇਖ ਬੇਤਾਲ, ਕਿਸੇ ਦੁਆਰਾ ਦੋਸ਼ ਦੇਣ ਨਾਲ ਹੀ ਕੋਈ ਦੋਸ਼ੀ ਨਹੀਂ ਹੋ ਜਾਂਦਾ । ਕਾਰਨ ਮੁੱਖ ਹੁੰਦਾ ਹੈ । ਬੱਚੇ ਦੀ ਹੱਤਿਆ ਪਿੱਛੇ ਤਿੰਨੇ ਸਨ। ਇਸ ਕਾਰਨ ਤਿੰਨੇ ਹੀ ਸਜ਼ਾ ਦੇ ਭਾਗੀ ਹਨ।"
“ਪਰ ਰਾਜੇ ਨੇ ਤਾਂ ਸੁਲੋਚਨਾ ਨੂੰ ਫਾਂਸੀ 'ਤੇ ਲਟਕਾ ਦਿੱਤਾ।"
"ਆਪਣੀ ਆਪਣੀ ਸੋਚ ਹੈ।"
ਵਿਕਰਮ ਦੀ ਗੱਲ 'ਤੇ ਬੇਤਾਲ ਖਿੜਖਿੜਾ ਕੇ ਹੱਸ ਪਿਆ। ਉਹਦਾ
ਹਾਸਾ ਬੜਾ ਭਿਆਨਕ ਸੀ । ਵਿਕਰਮ ਸਾਵਧਾਨ ਹੋ ਗਿਆ। ਉਹ ਸਮਝ ਚੁੱਕਾ ਸੀ ਕਿ ਉਹਦਾ ਫੈਸਲਾ ਸੁਣਨ ਤੋਂ ਬਾਅਦ ਉਹ ਭੱਜ ਜਾਂਦਾ ਹੈ। ਅਖੀਰ ਵਿਕਰਮ ਨੇ ਉਹਨੂੰ ਕੱਸ ਕੇ ਫੜ ਲਿਆ।
ਬੇਤਾਲ ਬੋਲਿਆ-"ਤੂੰ ਹੁਸ਼ਿਆਰ ਹੋ ਗਿਆ ਲੱਗਦਾ ਏਂ।"
ਵਿਕਰਮ ਨੇ ਉਹਨੂੰ ਹੋਰ ਜ਼ੋਰ ਦੀ ਫੜ ਲਿਆ ਪਰ ਫਿਰ ਵੀ ਬੇਤਾਲ ਉੱਡ ਗਿਆ । ਵਿਕਰਮ ਹੈਰਾਨ ਰਹਿ ਗਿਆ ਤੇ ਕਾਹਲੀ-ਕਾਹਲੀ ਉਹਦੇ ਮਗਰ ਦੌੜ ਗਿਆ।
ਖੂਨ ਦਾ ਰੰਗ
ਇਕ ਵਾਰ ਮੁੜ ਰਾਜਾ ਵਿਕਰਮ ਉਹਨੂੰ ਮੋਢਿਆਂ 'ਤੇ ਲੱਦ ਕੇ ਤੁਰ ਪਿਆ ਤਾਂ ਬੇਤਾਲ ਅਚਾਨਕ ਠਹਾਕਾ ਮਾਰ ਕੇ ਹੱਸ ਪਿਆ। ਬੇਤਾਲ ਦਾ ਇਸ ਤਰ੍ਹਾਂ ਬਿਨਾਂ ਕਾਰਨ ਹੱਸਣਾ ਰਾਜਾ ਵਿਕਰਮ ਨੂੰ ਬੜਾ ਅਜੀਬ ਲੱਗਾ।
"ਕੀ ਗੱਲ ਏ ਬੇਤਾਲ ? ਹੱਸਿਆ ਕਿਉਂ ਏਂ ?"
ਬੇਤਾਲ ਬੋਲਿਆ-"ਇਕ ਗੱਲ ਚੇਤੇ ਆ ਗਈ ਸੀ, ਰਾਜਾ ਵਿਕਰਮ ! ਉਹਦੇ ਕਰਕੇ ਹੱਸਣ ਲੱਗ ਪਿਆਂ।"
"ਕਿਹੜੀ ਗੱਲ ?"
"ਇਕ ਕਹਾਣੀ ਯਾਦ ਆ ਗਈ। ਸੁਣ, ਸੁਣਾਉਂਦਾ ਹਾਂ।" ਤੇ ਬੇਤਾਲ ਆਖਣ ਲੱਗਾ- “ਅੰਧਕ ਦੇਸ਼ ਦਾ ਰਾਜਾ ਬੜਾ ਹੀ ਪ੍ਰਤਾਪੀ ਤੇ ਦਿਆਲੂ ਸੀ। ਉਹਦਾ ਰਾਜ ਦੂਰ-ਦੂਰ ਤਕ ਫੈਲਿਆ ਹੋਇਆ ਸੀ । ਰਾਜਾ ਖੁਦ ਆਪਣੀ ਪਰਜਾ ਦੇ ਦੁਖ ਸੁਣਿਆ ਕਰਦਾ ਸੀ ਤੇ ਜਿੰਨੀ ਕਿਸੇ ਦੀ ਹੋ ਸਕੇ, ਸਹਾਇਤਾ ਕਰਦਾ ਸੀ। ਇਕ ਦਿਨ ਰਾਜੇ ਦੇ ਦਰਬਾਰ 'ਚ ਵੈਸ਼ਯ ਆਇਆ। ਉਹਦੇ ਨਾਲ ਤਿੰਨ ਮੁੰਡੇ ਵੀ ਸਨ । ਪਰ ਉਹ ਸਾਰੇ ਅੰਨ੍ਹੇ ਸਨ । ਉਹ ਰਾਜੇ ਨੂੰ ਪ੍ਰਣਾਮ ਕਰਕੇ ਇਕ ਪਾਸੇ ਹੋ ਕੇ ਚੁੱਪ ਕਰਕੇ ਖਲੋ ਗਏ।”
"ਰਾਜਨ ! ਇਸ ਵਕਤ ਮੈਂ ਬੜੀ ਮੁਸੀਬਤ 'ਚ ਹਾਂ। ਕ੍ਰਿਪਾ ਕਰਕੇ ਤੁਸੀਂ
ਮੈਨੂੰ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਉਧਾਰੀਆਂ ਦੇ ਦਿਉ। ਮੈਂ ਛੇ ਮਹੀਨੇ ਬਾਅਦ ਵਾਪਸ ਕਰ ਦਿਆਂਗਾ।" ਵੈਸ਼ਯ ਨੇ ਆਖਿਆ।
"ਅਜਿਹੀ ਕਿਹੜੀ ਜ਼ਰੂਰਤ ਆ ਪਈ ਏ, ਸੇਠ ?"
"ਰਾਜਨ ਮੈਂ ਵਪਾਰ ਕਰਨ ਵਿਦੇਸ਼ ਜਾਵਾਂਗਾ। ਸੋਨੇ ਦੀਆਂ ਮੋਹਰਾਂ ਦੇ ਬਦਲੇ ਮੈਂ ਆਪਣੇ ਤਿੰਨਾਂ ਮੁੰਡਿਆਂ ਨੂੰ ਤੁਹਾਡੇ ਕੋਲ ਗਿਰਵੀ ਰੱਖ ਕੇ ਜਾ ਰਿਹਾ ਹਾਂ।"
“ਪਰ ਉਹ ਤਾਂ ਅੰਨ੍ਹੇ ਹਨ। ਉਨ੍ਹਾਂ ਦਾ ਕੀ ਫਾਇਦਾ ਹੋਵੇਗਾ ?"
“ਇੰਜ ਨਾ ਆਖੋ ਰਾਜਨ ! ਮੇਰੇ ਤਿੰਨੇਂ ਮੁੰਡੇ ਬੜੇ ਗੁਣੀ ਹਨ । ਪਹਿਲਾ ਮੁੰਡਾ ਘੋੜਿਆਂ ਦੀ ਪਹਿਚਾਣ 'ਚ ਬੜਾ ਮਾਹਰ ਹੈ । ਦੂਜਾ ਮੁੰਡਾ ਗਹਿਣਿਆਂ ਦਾ ਪਾਰਖੂ ਹੈ। ਤੀਸਰਾ ਮੁੰਡਾ ਸ਼ਾਸਤਰਾਂ ਦਾ ਮਾਹਰ ਹੈ।"
“ਪਰ ਅੰਨ੍ਹੇ ਹੋਣ ਦੇ ਬਾਵਜੂਦ...?" ਰਾਜੇ ਨੂੰ ਹੈਰਾਨੀ ਹੋਈ।
"ਰਾਜਨ ! ਇਹ ਲੋਕ ਸਪਰਸ਼ ਅਤੇ ਖ਼ੁਸ਼ਬੂ ਦੇ ਆਧਾਰ 'ਤੇ ਕੰਮ ਕਰਦੇ ਹਨ। ਜੇਕਰ ਇਨ੍ਹਾਂ ਦੀ ਕੋਈ ਵੀ ਗੱਲ ਝੂਠੀ ਨਿਕਲੀ ਤਾਂ ਤੁਸੀਂ ਇਨ੍ਹਾਂ ਨੂੰ ਬਿਨਾਂ ਝਿਜਕ ਮੌਤ ਦੀ ਸਜ਼ਾ ਦੇ ਦਿਉ । ਮੇਰੇ ਵਾਪਸ ਆਉਣ 'ਤੇ ਮੈਨੂੰ ਵੀ ਸਜ਼ਾ ਦੇ ਦਿਉ। ਤੁਹਾਡੇ ਰਾਜ ਦਰਬਾਰ 'ਚ ਮੇਰੇ ਤਿੰਨੇ ਮੁੰਡੇ ਤੁਹਾਡੀ ਸੇਵਾ ਕਰਨਗੇ।"
“ਠੀਕ ਏ।" ਰਾਜਾ ਮੰਨ ਗਿਆ।
ਉਹਨੇ ਵੈਸ਼ਯ ਦੀ ਮੰਗ ਪੂਰੀ ਕਰ ਦਿੱਤੀ। ਰਾਜੇ ਨੇ ਤਿੰਨਾਂ ਮੁੰਡਿਆਂ ਲਈ ਖਾਣ-ਪੀਣ ਅਤੇ ਰਹਿਣ ਲਈ ਬੜਾ ਵਧੀਆ ਬੰਦੋਬਸਤ ਕਰ ਦਿੱਤਾ।
ਰਾਜਾ ਵਿਕਰਮ ! ਇਸ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਘੋੜਿਆਂ ਦਾ ਇਕ ਵਪਾਰੀ ਆਇਆ। ਉਹਨੇ ਇਕ ਬੜਾ ਸੋਹਣਾ ਘੋੜਾ ਰਾਜੇ ਨੂੰ ਦਿਖਾਇਆ। ਘੋੜਾ ਵੇਖ ਕੇ ਰਾਜੇ ਦਾ ਮਨ ਲਲਚਾ ਗਿਆ ਤੇ ਉਹ ਉਹਨੂੰ ਖਰੀਦਣ ਲਈ ਤਿਆਰ ਹੋ ਗਿਆ।
"ਬਿਲਕੁਲ ਅਰਬੀ ਘੋੜਾ ਹੈ, ਅੰਨਦਾਤਾ।" ਸੌਦਾਗਰ ਬੋਲਿਆ-
"ਬੜੀ ਮਿਹਨਤ ਨਾਲ ਤੁਹਾਡੇ ਕੋਲ ਲਿਆਇਆ ਹਾਂ।”
ਸੌਦਾਗਰ ਨੇ ਘੋੜੇ ਦੀ ਕੀਮਤ ਬੜੀ ਵਧਾ ਕੇ ਦੱਸੀ, ਫਿਰ ਵੀ ਰਾਜਾ ਖਰੀਦਣ ਲਈ ਤਿਆਰ ਹੋ ਗਿਆ। ਫਿਰ ਅਚਾਨਕ ਰਾਜੇ ਨੇ ਹੁਕਮ ਦਿੱਤਾ-‘ਵੈਸ਼ਯ ਦੇ ਵੱਡੇ ਮੁੰਡੇ ਨੂੰ ਬੁਲਾ ਕੇ ਲਿਆਓ।”
ਤੁਰੰਤ ਉਸ ਮੁੰਡੇ ਨੂੰ ਪੇਸ਼ ਕੀਤਾ ਗਿਆ।
"ਆਗਿਆ, ਰਾਜਨ!”
"ਇਹ ਘੋੜਾ ਵੇਖ ਕੇ ਦੱਸ ਕਿ ਇਹ ਕਿਹੋ ਜਿਹਾ ਹੈ ?"
"ਜੋ ਆਗਿਆ ਸਰਕਾਰ।”
ਉਹ ਘੋੜੇ ਦੇ ਕੋਲ ਗਿਆ। ਇਕ ਅੰਨ੍ਹੇ ਨੂੰ ਘੋੜਾ ਪਰਖਦਿਆਂ ਵੇਖ ਕੇ ਸੌਦਾਗਰ ਦਾ ਹਾਸਾ ਨਿਕਲ ਗਿਆ ਤੇ ਲੋਕ ਵੀ ਹੌਲੀ-ਹੌਲੀ ਹੱਸਣ ਲੱਗ ਪਏ । ਭਲਾ ਅੰਨ੍ਹਾ ਬੰਦਾ ਘੋੜੇ ਦੀ ਕੀ ਪਰਖ ਕਰ ਸਕਦਾ ਹੈ । ਉਹ ਮੁੰਡਾ ਘੋੜੇ ਨੂੰ ਸੁੰਘਣ ਲੱਗਾ ਤਾਂ ਸੌਦਾਗਰ ਬੋਲਿਆ-"ਬਸ ਕਰ ਭਰਾਵਾਂ ! ਕਦੀ ਸੁੰਘ ਕੇ ਵੀ ਘੋੜੇ ਦੀ ਪਹਿਚਾਣ ਕੀਤੀ ਜਾਂਦੀ ਹੈ।”
ਵੈਸ਼ਯ ਦਾ ਮੁੰਡਾ ਘੋੜੇ 'ਤੇ ਹੱਥ ਫੇਰ-ਫੇਰ ਕੇ ਉਹਨੂੰ ਥਾਂ-ਥਾਂ ਤੋਂ ਸੁੰਘਦਾ ਰਿਹਾ । ਕੁਝ ਦੇਰ ਬਾਅਦ ਉਹ ਪਰ੍ਹਾਂ ਹੋ ਗਿਆ।
"ਘੋੜਾ ਠੀਕ ਏ ?” ਰਾਜੇ ਨੇ ਪੁੱਛਿਆ।
"ਰਾਜਨ ! ਇਹ ਘੋੜਾ ਭੁੱਲ ਕੇ ਵੀ ਨਾ ਖਰੀਦਿਓ।”
"ਕੀ ਗੱਲ ਏ ?”
“ਹੱਥ ਕੰਗਨ ਨੂੰ ਆਰਸੀ ਕੀ । ਕਿਸੇ ਨੂੰ ਬਿਠਾ ਕੇ ਵੇਖ ਲਉ।”
ਰਾਜੇ ਨੇ ਇਕ ਸੈਨਿਕ ਨੂੰ ਹੁਕਮ ਦਿੱਤਾ। ਉਹ ਘੋੜੇ 'ਤੇ ਬੈਠਾ। ਕੁਝ ਦੂਰ ਜਾ ਕੇ ਘੋੜੇ ਨੇ ਉਹਨੂੰ ਹੇਠਾਂ ਸੁੱਟ ਦਿੱਤਾ । ਫਿਰ ਬੁਰੀ ਤਰ੍ਹਾਂ ਹਿਣਕਣ ਲੱਗਾ।
ਸੌਦਾਗਰ ਹੈਰਾਨ ਹੋ ਗਿਆ ਤੇ ਬੋਲਿਆ-"ਰਾਜਨ ! ਇਹ ਘੋੜਾ ਮੇਰੇ ਨਾਲ ਇੰਜ ਨਹੀਂ ਕਰਦਾ।”
ਅੰਨ੍ਹਾ ਬੋਲਿਆ-"ਤੇਰੇ ਨਾਲ ਤਾਂ ਕੀ, ਹਰ ਗਵਾਲੇ ਨਾਲ ਉਹ ਇੰਜ
ਹੀ ਕਰੇਗਾ। ਤੂੰ ਗਵਾਲਾ ਏਂ। ਗਾਵਾਂ-ਮੱਝਾਂ ਦਾ ਵਪਾਰ ਛੱਡ ਕੇ ਘੋੜਿਆਂ ਦਾ ਵਪਾਰ ਕਰਨ ਲੱਗ ਪਿਆ ਏਂ।"
ਸੌਦਾਗਰ ਹੈਰਾਨ ਹੋ ਗਿਆ । 'ਬਾਣੀਏ ਦਾ ਅੰਨ੍ਹਾ ਮੁੰਡਾ ਸੱਚ ਬੋਲ ਰਿਹਾ ਸੀ।
''ਤੈਨੂੰ ਕਿਵੇਂ ਪਤਾ ?"
"ਸੁੰਘ ਕੇ।"
ਸੌਦਾਗਰ ਹੱਥ ਜੋੜ ਕੇ ਅਤੇ ਮਾਫੀ ਮੰਗ ਕੇ ਚਲਾ ਗਿਆ। ਰਾਜਾ ਉਸ ਮੁੰਡੇ ਦੇ ਕੰਮ ਤੋਂ ਬੜਾ ਖੁਸ਼ ਹੋਇਆ।
ਰਾਜੇ ਨੂੰ ਵੈਸ਼ਯ ਦੀ ਗੱਲ ਸੱਚੀ ਜਾਪੀ। ਰਾਜਾ ਵਿਕਰਮ! ਇਸੇ ਤਰ੍ਹਾਂ ਇਕ ਜੌਹਰੀ ਆਇਆ। ਉਹਨੇ ਕਈ ਤਰ੍ਹਾਂ ਦੇ ਹੀਰੇ ਤੇ ਗਹਿਣੇ ਰਾਜੇ ਨੂੰ ਦਿਖਾਉਣੇ ਸ਼ੁਰੂ ਕਰ ਦਿੱਤੇ। ਰਾਜੇ ਨੇ ਕੁਝ ਗਹਿਣੇ ਪਸੰਦ ਕੀਤੇ।
ਫਿਰ ਹੁਕਮ ਦਿੱਤਾ-''ਵੈਸ਼ਯ ਦੇ ਦੂਜੇ ਮੁੰਡੇ ਨੂੰ ਬੁਲਾ ਕੇ ਲਿਆਉ।"
ਵੈਸ਼ਯ ਦਾ ਦੂਜਾ ਅੰਨ੍ਹਾ ਮੁੰਡਾ ਆਇਆ। ਰਾਜੇ ਨੇ ਉਹਨੂੰ ਆਪਣੀ ਪਸੰਦ ਦੇ ਗਹਿਣੇ ਲੱਭਣ ਨੂੰ ਆਖਿਆ । ਉਹ ਮੁੰਡਾ ਟੋਹ ਕੇ ਪਰਖਣ ਲੱਗਾ। ਸੋਹਣੇ ਤੇ ਸ਼ੁਭ ਗਹਿਣੇ ਉਹਨੇ ਵੱਖ ਕਰ ਦਿੱਤੇ।
"ਇਹ ਗਹਿਣੇ ਨਾ ਲਿਉ, ਰਾਜਨ !"
"ਕਿਉਂ?"
"ਇਹ ਸਾਰੇ ਅਸ਼ੁਭ ਹਨ। ਘੱਟ ਤੋਂ ਘੱਟ ਲਾਲ ਤਾਂ ਬਹੁਤ ਹੀ ਜ਼ਿਆਦਾ ਅਸ਼ੁਭ ਹੈ। ਇਹ ਗਹਿਣੇ ਜਿਹੜਾ ਵੀ ਖਰੀਦਦਾ ਹੈ, ਉਸ ਪਰਿਵਾਰ ਦੇ ਇਕ ਮੈਂਬਰ ਦੀ ਮੌਤ ਹੋ ਜਾਂਦੀ ਹੈ । ਜੌਹਰੀ ਵੀ ਇਸ ਬਾਰੇ ਜਾਣਦਾ ਹੈ।"
ਉਸ ਅੰਨ੍ਹੇ ਮੁੰਡੇ ਦੀ ਗੱਲ ਸੁਣ ਕੇ ਜੌਹਰੀ ਘਬਰਾ ਗਿਆ।
ਰਾਜੇ ਨੇ ਪੁੱਛਿਆ-"ਸੱਚ ਦੱਸ, ਕੀ ਇਹ ਗੱਲ ਸੱਚੀ ਹੈ।"
ਜੌਹਰੀ ਹੱਥ ਜੋੜ ਕੇ ਬੋਲਿਆ-"ਹਾਂ ਮਹਾਰਾਜ! ਮੈਨੂੰ ਮਾਫ ਕਰ ਦਿਉ।"
ਰਾਜੇ ਨੇ ਜੌਹਰੀ ਨੂੰ ਮਾਫ ਕਰ ਦਿੱਤਾ । ਉਹ ਚਲਾ ਗਿਆ। ਰਾਜਾ ਦੂਸਰੇ
ਮੁੰਡੇ ਦੇ ਕੰਮ ਤੋਂ ਵੀ ਬਹੁਤ ਖ਼ੁਸ਼ ਹੋਇਆ।
ਰਾਜਾ ਵਿਕਰਮ ਇਸੇ ਤਰ੍ਹਾਂ ਇਕ ਹਥਿਆਰ ਵੇਚਣ ਵਾਲਾ ਆਇਆ, ਵੈਸ਼ਯ ਦਾ ਤੀਸਰਾ ਮੁੰਡਾ ਵੀ ਪਰੀਖਿਆ 'ਚ ਸਫ਼ਲ ਰਿਹਾ।
ਰਾਜੇ ਨੇ ਖ਼ੁਸ਼ ਹੋ ਕੇ ਹੁਕਮ ਦਿੱਤਾ- "ਇਨ੍ਹਾਂ ਦੀ ਖੁਰਾਕ ਵੀ ਦੁਗਣੀ ਕਰ ਦਿਉ।”
ਕੁਝ ਦੇਰ ਬਾਅਦ ਵੈਸ਼ਯ ਵਾਪਸ ਆ ਗਿਆ। ਉਹਨੇ ਰਾਜੇ ਦਾ ਉਧਾਰ ਚੁਕਾ ਦਿੱਤਾ ਤੇ ਆਪਣੇ ਮੁੰਡਿਆਂ ਨੂੰ ਵਾਪਸ ਮੰਗਣ ਲੱਗਾ। ਰਾਜਾ ਬੋਲਿਆ-"ਤੂੰ ਇਨ੍ਹਾਂ ਮੁੰਡਿਆਂ ਦਾ ਪਿਉ ਏਂ । ਤੇਰੇ ਵਿਚ ਕੀ ਗੁਣ ਏ ?"
"ਮੈਂ ਆਦਮੀ ਦੀ ਪਹਿਚਾਣ ਕਰ ਸਕਦਾ ਹਾਂ।"
“ਮੇਰੀ ਕੀ ਪਹਿਚਾਣ ਏ, ਦੱਸ।”
“ਤੁਸੀਂ ਨਾਨਾਬਾਈ ਦੀ ਔਲਾਦ ਹੋ।" ਬਾਣੀਆ ਬੋਲਿਆ-"ਮੇਰੇ ਮੁੰਡਿਆਂ ਨੂੰ ਕੋਈ ਪੁਰਸਕਾਰ ਨਾ ਦੇ ਕੇ ਤੁਸੀਂ ਹਰ ਵਾਰ ਉਨ੍ਹਾਂ ਦੀ ਖੁਰਾਕ ਹੀ ਵਧਾਈ ਹੈ।"
ਸੁਣਦਿਆਂ ਹੀ ਰਾਜਾ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਉਹਨੇ ਬਾਣੀਏ ਤੇ ਉਹਦੇ ਮੁੰਡਿਆਂ ਨੂੰ ਮਰਵਾ ਦਿੱਤਾ । ਹੁਣ ਦੱਸ ਰਾਜਾ ਵਿਕਰਮ ! ਰਾਜਾ ਪਾਪ ਦਾ ਭਾਗੀ ਬਣਿਆ ਜਾਂ ਨਹੀਂ ?
"ਰਾਜਾ ਪਾਪ ਦਾ ਭਾਗੀ ਨਹੀਂ ਬਣਿਆ।” ਵਿਕਰਮ ਬੋਲਿਆ-"ਖੂਨ ਦਾ ਅਸਰ ਭਲਾ ਕਦੇ ਜਾ ਸਕਦਾ ਹੈ । ਬਾਣੀਏ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਸੀ। ਆਪਣੇ ਕਰਕੇ ਉਹ ਮੁੰਡਿਆਂ ਸਮੇਤ ਮੌਤ ਦੀ ਗੋਦੀ 'ਚ ਚਲਾ ਗਿਆ।”
ਬੇਤਾਲ ਹੱਸ ਪਿਆ। ਉਹ ਬੋਲਿਆ-"ਤੂੰ ਠੀਕ ਆਖਦਾ ਏ ਰਾਜਾ ਵਿਕਰਮ !”
ਉਹ ਵਿਕਰਮ ਦੇ ਮੋਢੇ ਤੋਂ ਉੱਡ ਗਿਆ। ਵਿਕਰਮ ਉਹਦੇ ਪਿੱਛੇ ਦੌੜਿਆ । ਬੇਤਾਲ ਉੱਡਦਾ ਜਾ ਰਿਹਾ ਸੀ । ਵਿਕਰਮ ਪਿੱਛਾ ਕਰ ਰਿਹਾ ਸੀ ।
ਗਿਆਨੀ ਦਾ ਗੁਣ
"ਵੇਖ ਬੇਤਾਲ... ਮੈਂ ਤੇਰੇ ਟੁਕੜੇ ਟੁਕੜੇ ਕਰ ਦਿਆਂਗਾ।"
"ਨਹੀਂ ਵਿਕਰਮ ! ਚੱਲ। ਮੈਂ ਚਲਦਾ ਹਾਂ ।"
ਬੇਤਾਲ ਰਾਜਾ ਵਿਕਰਮ ਦੀ ਪਿੱਠ 'ਤੇ ਇੰਜ ਲਟਕ ਗਿਆ ਜਿਵੇਂ ਕੋਈ ਬਾਂਦਰ ਦਾ ਬੱਚਾ ਮਾਂ ਦੀ ਗਰਦਨ ਨਾਲ ਚਿੰਬੜ ਜਾਂਦਾ ਹੈ।
ਵਿਕਰਮ ਉਹਨੂੰ ਲਟਕਾ ਕੇ ਤੁਰ ਪਿਆ। ਹਾਲੇ ਥੋੜੀ ਦੂਰ ਹੀ ਗਿਆ ਸੀ ਕਿ ਬੇਤਾਲ ਬੋਲਿਆ-"ਰਾਜਾ ਵਿਕਰਮ ਕਹਾਣੀ ਸੁਣ।”
"ਬਕਵਾਸ ਬੰਦ ਕਰ। ਮੈਂ ਤੇਰੀ ਕੋਈ ਗੱਲ ਨਹੀਂ ਸੁਣਾਂਗਾ।”
"ਰਾਜਾ ਵਿਕਰਮ ! ਏਨਾ ਗੁੱਸਾ ਨਾ ਕਰ। ਰਸਤਾ ਆਰਾਮ ਨਾਲ ਤੈਅ ਹੋ ਜਾਵੇਗਾ।” ਅਤੇ ਬੇਤਾਲ ਕਹਾਣੀ ਸੁਣਾਉਣ ਲੱਗ ਪਿਆ-"ਮਗਧ ਦੇਸ਼ 'ਚ ਇਕ ਧਰਮਾਤਮਾ ਰਹਿੰਦਾ ਸੀ । ਉਹਦੇ ਦੋ ਪੁੱਤਰ ਸਨ । ਪੁੱਤਰ ਬੜੇ ਹੀ ਗੁਣੀ ਸਨ। ਵੱਡਾ ਪੁੱਤਰ ਤਾਂ ਸਪੱਸ਼ਟ ਰੂਪ 'ਚ ਇਹ ਦੱਸ ਸਕਦਾ ਸੀ ਕਿ ਕੌਣ ਕੀ ਹੈ ਤੇ ਕਿਹੜੀ ਵਸਤੂ ਹੈ, ਉਹ ਕਿਸੇ ਵੀ ਤਿਜੌਰੀ ਦੇ ਬਾਹਰੋਂ ਸੁੰਘ ਕੇ ਹੀ ਦੱਸ ਦੇਂਦਾ ਸੀ ਕਿ ਉਹਦੇ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਹੋਣੀਆਂ ਹਨ। ਹੇ ਰਾਜਾ ਵਿਕਰਮ! ਇਹ ਮੁੰਡਾ ਜ਼ਮੀਨ 'ਚ ਦੱਬੀ ਸੰਪਤੀ ਨੂੰ ਸੁੰਘ ਕੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਸੀ । ਜ਼ਮੀਨ ਸੁੰਘ ਕੇ ਉਹ ਦੱਸ ਸਕਦਾ ਸੀ ਕਿ ਕਿਥੇ ਕਿੰਨੀ ਸੰਪਤੀ ਦੱਬੀ ਹੈ ਜਾਂ ਕਿਥੇ ਕਿੰਨੀ ? ਲੋਕ ਆਉਂਦੇ ਸਨ, ਉਹਨੂੰ ਆਪਣੇ ਨਾਲ ਲੈ ਜਾਂਦੇ ਸਨ । ਉਹ ਆਪਣੀ ਮਿਹਨਤ ਲੈਂਦਾ ਤੇ ਜਵਾਬ ਦੇਂਦਾ ਸੀ । ਉਹਦੇ ਹਾਂ ਕਹਿਣ 'ਤੇ ਖ਼ਜ਼ਾਨਾ ਜ਼ਰੂਰ ਨਿਕਲਦਾ ਸੀ । ਇਸ ਤਰ੍ਹਾਂ ਜ਼ਮੀਨ ਸੁੰਘ ਕੇ ਉਹ ਇਹ ਗੱਲ ਵੀ ਦੱਸ ਸਕਦਾ ਸੀ ਕਿ ਕਿਥੇ ਖੂਹ ਜਾਂ ਸਰੋਵਰ ਬਣਾਉਣ 'ਤੇ ਖਾਰਾ ਜਾਂ ਮਿੱਠਾ ਪਾਣੀ ਨਿਕਲੇਗਾ ? ਉਹਦੀ ਰਾਏ ਲੈ ਕੇ ਹੀ ਸਿਆਣੇ ਲੋਕ ਖੂਹ ਜਾਂ ਸਰੋਵਰ ਬਣਵਾਉਂਦੇ ਸਨ। ਇਸ ਵਿਸ਼ੇ 'ਚ ਉਹ ਇਕੱਲਾ ਹੀ ਮਾਹਰ ਸੀ।
ਦੂਸਰਾ ਮੁੰਡਾ ਔਰਤ ਨੂੰ ਪਛਾਨਣ 'ਚ ਮੁਹਾਰਤ ਰੱਖਦਾ ਸੀ ।
ਕਿਸੇ ਵੀ ਔਰਤ ਨੂੰ ਵੇਖ ਕੇ ਉਹ ਦੱਸ ਸਕਦਾ ਸੀ ਕਿ ਉਹਦੇ 'ਚ
ਕਿਹੜੇ-ਕਿਹੜੇ ਗੁਣ ਨੇ ਤੇ ਉਹਦਾ ਸੁਭਾਅ ਕਿਹੋ ਜਿਹਾ ਹੈ। ਵਿਆਹ ਦੇ ਮਾਮਲੇ 'ਚ ਲੋਕ ਉਹਦੀ ਰਾਏ ਲੈਂਦੇ ਹੁੰਦੇ ਸਨ। ਬ੍ਰਾਹਮਣ ਦਾ ਇਹ ਮੁੰਡਾ ਆਪਣੇ ਇਸ ਗੁਣ ਕਰਕੇ ਚੰਗੇ ਪੈਸੇ ਕਮਾਉਂਦਾ ਸੀ । ਇਹੀ ਉਹਦਾ ਕੰਮ ਸੀ।
ਦੋਹਾਂ ਭਰਾਵਾਂ ਦੀ ਪਛਾਨਣ ਸ਼ਕਤੀ ਕਮਾਲ ਦੀ ਸੀ।
ਰਾਜਾ ਵਿਕਰਮ ! ਜਿਹੜਾ ਵੀ ਜਨਮ ਲੈਂਦਾ ਹੈ, ਉਹਦੀ ਮੌਤ ਨਿਸ਼ਚਿਤ ਹੈ। ਧਰਮਾਤਮਾ ਬ੍ਰਾਹਮਣ ਮਰਨ ਵਾਲਾ ਹੋ ਗਿਆ। ਉਹਨੂੰ ਲਕਵਾ ਮਾਰ ਗਿਆ ਸੀ। ਦੋਵੇਂ ਪੁੱਤਰਾਂ ਨੇ ਬੜੀ ਸੇਵਾ ਕੀਤੀ। ਵੈਦਰਾਜ ਨੇ ਇਲਾਜ ਕੀਤਾ ਅਤੇ ਆਖਿਆ-"ਕੱਛੂਕੰਮਾ ਲੈ ਕੇ ਆਉ। ਉਹਦੇ ਨਾਲ ਹੀ ਇਲਾਜ ਸੰਭਵ ਹੈ।”
ਦੋਹਾਂ ਭਰਾਵਾਂ ਨੇ ਬਦਬੂ ਆਉਣ ਦੇ ਡਰ ਤੋਂ ਕੱਛੂਕੰਮਾ ਲਿਆਉਣ ਤੋਂ ਇਨਕਾਰ ਕਰ ਦਿੱਤਾ। ਇਕ ਹੋਰ ਸੇਵਕ ਸੱਦਿਆ ਤੇ ਉਹ ਕੱਛੂਕੰਮਾ ਲੈਣ ਚਲਾ ਗਿਆ। ਉਹਦਾ ਮਲਾਹ ਨਾਲ ਝਗੜਾ ਹੋ ਗਿਆ। ਰਾਜੇ ਦੇ ਸਿਪਾਹੀ ਸੇਵਕ ਨੂੰ ਫੜ ਕੇ ਲੈ ਗਏ । ਦੋਵੇਂ ਭਰਾ ਸੇਵਕ ਨੂੰ ਛੁਡਾਉਣ ਗਏ। ਰਾਜੇ ਨੂੰ ਸਾਰੀ ਗੱਲ ਸੱਚੋ-ਸੱਚ ਦੱਸ ਦਿੱਤੀ।
ਰਾਜੇ ਨੇ ਪੁੱਛਿਆ-"ਜਦੋਂ ਤੁਹਾਡਾ ਪਿਉ ਬਿਮਾਰ ਹੈ ਤਾਂ ਤੁਸੀਂ ਕਿਹੋ ਜਿਹੇ ਪੁੱਤਰ ਹੋ, ਜਿਹੜੇ ਖ਼ੁਦ ਕੱਛੂਕੰਮਾ ਲੈਣ ਨਹੀਂ ਗਏ।’
ਦੋਹਾਂ ਨੇ ਬਦਬੂ ਦੀ ਗੱਲ ਆਖੀ।
ਰਾਜੇ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ । ਉਹਨੇ ਦੋਹਾਂ ਭਰਾਵਾਂ ਨੂੰ ਆਖਿਆ—“ਅਸੀਂ ਤੁਹਾਡੇ ਪਿਉ ਦਾ ਇਲਾਜ ਕਰਵਾ ਦੇਵਾਂਗੇ। ਤੁਸੀਂ ਦੋਵੇਂ ਮੇਰੇ ਰਾਜ ਦਰਬਾਰ 'ਚ ਰਹਿ ਕੇ ਕੰਮ ਕਰੋ।"
ਦੋਹੇਂ ਮੁੰਡਿਆਂ ਨੇ ਗੱਲ ਮੰਨ ਲਈ।
ਹੇ ਰਾਜਾ ਵਿਕਰਮ ! ਰਾਜੇ ਦੁਆਰਾ ਇਲਾਜ ਕਰਾਉਣ ਕਰਕੇ ਧਰਮਾਤਮਾ ਬ੍ਰਾਹਮਣ ਛੇਤੀ ਠੀਕ ਹੋ ਗਿਆ। ਦੋਵੇਂ ਬ੍ਰਾਹਮਣ ਪੁੱਤਰ ਰਾਜੇ ਦੀ ਸੇਵਾ 'ਚ ਜੁਟ ਗਏ।
ਇਕ ਦਿਨ ਦੀ ਗੱਲ ਹੈ। ਇਕ ਕੀਮਤੀ ਹਾਰ ਦੀ ਮਾਲਕੀ ਕਰਕੇ ਦੋ ਵਿਅਕਤੀ ਆਪਸ 'ਚ ਲੜਦੇ ਹੋਏ ਰਾਜ ਦਰਬਾਰ 'ਚ ਆਏ। ਹਾਰ ਉੱਤੇ ਦੋਵੇਂ ਹੱਕ ਜਤਾ ਰਹੇ ਸਨ। ਦੋਵੇਂ ਆਪਣਾ-ਆਪਣਾ ਸਬੂਤ ਦੇ ਰਹੇ ਸਨ।
ਰਾਜੇ ਨੇ ਪਹਿਲੇ ਮੁੰਡੇ ਨੂੰ ਆਖਿਆ-"ਫੈਸਲਾ ਕਰ, ਹਾਰ ਕੀਹਦਾ ਹੈ।" ਧਰਮਾਤਮਾ ਬ੍ਰਾਹਮਣ ਦੇ ਮੁੰਡੇ ਨੇ ਵਾਰੀ-ਵਾਰੀ ਦੋਵਾਂ ਦੇ ਹੱਥ ਸੁੰਘੇ। ਫਿਰ ਹਾਰ ਨੂੰ ਸੁੰਘ ਕੇ ਉਹਨੇ ਇਹ ਦੱਸਿਆ ਕਿ ਹਾਰ ਮੋਟੇ ਆਦਮੀ ਦਾ ਹੈ।
ਮੋਟਾ ਆਦਮੀ ਖ਼ੁਸ਼ੀ 'ਚ ਚੀਕਾਂ ਮਾਰਨ ਲੱਗ ਪਿਆ-"ਮਹਾਰਾਜਾ ਦੀ ਜੈ ਹੋਵੇ । ਫੈਸਲਾ ਬਿਲਕੁਲ ਠੀਕ ਹੈ।"
ਦੂਜੇ ਨੇ ਵੀ ਗੱਲ ਮੰਨ ਲਈ। "ਤੂੰ ਹਾਰ ਨੂੰ ਆਪਣਾ ਕਿਉਂ ਦੱਸ ਰਿਹਾ ਸੈਂ ?" ਰਾਜੇ ਨੇ ਦੂਜੇ ਨੂੰ ਪੁੱਛਿਆ।
“ਮਾਫ਼ ਕਰਿਓ ਅੰਨਦਾਤਾ ! ਅਸੀਂ ਇਨ੍ਹਾਂ ਮੁੰਡਿਆਂ ਬਾਰੇ ਸੁਣਿਆ ਹੋਇਆ ਸੀ। ਇਸ ਕਰਕੇ ਅਸੀਂ ਇਮਤਿਹਾਨ ਲੈ ਰਹੇ ਸਾਂ, ਮਹਾਰਾਜ।"
ਰਾਜਾ ਖੁਸ਼ ਹੋ ਗਿਆ। ਮੁੰਡੇ ਦੀ ਯੋਗਤਾ ਦੀ ਸਾਰਿਆਂ ਨੇ ਪ੍ਰਸੰਸਾ ਕੀਤੀ। ਦੋਹਾਂ ਦੀ ਇੱਜ਼ਤ ਹੋਰ ਵੀ ਵਧ ਗਈ।
ਸਮਾਂ ਬੀਤਦਾ ਗਿਆ। ਰਾਜ ਦਰਬਾਰ 'ਚ ਇਕ ਬਹੁਤ ਹੀ ਸੋਹਣੀ ਵੇਸਵਾ ਆਈ। ਉਹਦੀ ਖੂਬਸੂਰਤੀ ਦੀ ਗੱਲ ਰਾਜੇ ਤਕ ਪਹੁੰਚੀ । ਰਾਜੇ ਨੇ ਧਰਮਾਤਮਾ ਬ੍ਰਾਹਮਣ ਦੇ ਮੁੰਡਿਆਂ ਨੂੰ ਆਖਿਆ ਕਿ ਉਹ ਪਰਖ ਕੇ ਦੱਸਣ ਕਿ ਵੇਸਵਾ ਕਿਹੋ ਜਿਹੀ ਹੈ ? ਦੋਹਾਂ ਨੇ ਹੁਕਮ ਮੰਨ ਲਿਆ। ਦੋਵੇਂ ਵੇਸਵਾ ਕੋਲ ਗਏ। ਉਸ ਵੇਲੇ ਉਹ ਆਪਣੇ ਬਗੀਚੇ 'ਚ ਪੀਂਘ ਝੂਟ ਰਹੀ ਸੀ । ਦੋਹਾਂ ਨੇ ਉਹਨੂੰ ਤੱਕਿਆ। ਉਹ ਉਹਦੇ ਕੋਲ ਗਏ। ਵੇਸਵਾ ਨੇ ਉਨ੍ਹਾਂ ਦੋਹਾਂ ਦਾ ਸਵਾਗਤ ਕੀਤਾ। ਧਰਮਾਤਮਾ ਬ੍ਰਾਹਮਣ ਦਾ ਵੱਡਾ ਮੁੰਡਾ ਵੇਸਵਾ ’ਤੇ ਮੋਹਿਤ ਹੋ ਗਿਆ। ਵੇਸਵਾ ਵੀ ਉਹਦੀ ਵੱਲ ਖਿੱਚੀ ਤੁਰੀ ਗਈ । ਦੋਵੇਂ ਉਹਦੇ ਨਾਲ ਗੱਲਾਂ ਕਰਕੇ ਵਾਪਸ ਆ ਗਏ।
ਰਾਜੇ ਨੇ ਪੁੱਛਿਆ-"ਕਿਹੋ ਜਿਹੀ ਏ ਉਹ ?”
"ਬੜੀ ਸੋਹਣੀ ਏ ਮਹਾਰਾਜ!" ਵੱਡਾ ਮੁੰਡਾ ਬੋਲਿਆ।
"ਉਹਦੇ ਗੁਣਾਂ ਬਾਰੇ ਦੱਸੋ।"
"ਮਹਾਰਾਜ ! ਵੇਸਵਾ ਬੜੇ ਚੰਗੇ ਸੁਭਾਅ ਦੀ ਹੈ ਤੇ ਸਾਫ਼ ਚਰਿੱਤਰ ਵਾਲੀ ਹੈ ਪਰ ਦੋਗਲੀ ਸੰਤਾਨ ਹੈ। ਉਹਦਾ ਪਿਉ ਬ੍ਰਾਹਮਣ ਤੇ ਮਾਂ ਸ਼ੂਦਰ ਹੈ। ਇਸੇ ਕਾਰਨ ਉਹਦੇ ਨਾਲ ਕੋਈ ਵਿਆਹ ਨਹੀਂ ਕਰਵਾ ਰਿਹਾ। ਫਲਸਰੂਪ ਉਹ ਵੇਸਵਾ ਬਣ ਗਈ।”
ਰਾਜੇ ਨੇ ਵੇਸਵਾ ਨੂੰ ਆਪਣੇ ਦਰਬਾਰ 'ਚ ਨਰਤਕੀ ਬਣਾ ਦਿੱਤਾ। ਉਹ ਰਾਜੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਕਹਿਣ ਲੱਗੀ-"ਮਹਾਰਾਜ। ਤੁਹਾਨੂੰ ਮੇਰੇ ਮਾਂ-ਪਿਉ ਬਾਰੇ ਕਿਵੇਂ ਪਤਾ ਲੱਗਾ ? ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ।"
ਰਾਜੇ ਨੇ ਧਰਮਾਤਮਾ ਬ੍ਰਾਹਮਣ ਦੇ ਮੁੰਡਿਆਂ ਦੇ ਗੁਣਾਂ ਬਾਰੇ ਦੱਸਿਆ।
ਵੇਸਵਾ ਦੀ ਖਿੱਚ ਹੋਰ ਵਧ ਗਈ।
ਉਹਨੇ ਵੱਡੇ ਮੁੰਡੇ ਨੂੰ ਆਪਣੇ ਨਿਵਾਸ 'ਤੇ ਸੱਦਿਆ ਅਤੇ ਭੋਗ- ਵਿਲਾਸ ਦਾ ਸੁਖ ਮਾਣਿਆ।
ਧਰਮਾਤਮਾ ਬ੍ਰਾਹਮਣ ਦਾ ਵੱਡਾ ਮੁੰਡਾ ਕਹਿਣ ਲੱਗਾ-ਤੂੰ ਤਾਂ ਮੈਨੂੰ ਦੁਖ ਦੇ ਰਹੀ ਏਂ।”
"ਕਿਉਂ ?”
"ਤੇਰੇ ਉਸ ਗੱਦੇ 'ਚ ਇਕ ਵਾਲ ਏ, ਜਿਹੜਾ ਮੈਨੂੰ ਚੁਭ ਰਿਹਾ ਹੈ।"
"ਹਾਂ, ਪਿਆਰੇ ।”
ਉਸ ਸ਼ਾਨਦਾਰ ਗੱਦੇ ਦੀਆਂ ਤਹਿਆਂ ਵਿਚੋਂ ਸੱਚਮੁੱਚ ਇਕ ਵਾਲ ਨਿਕਲਿਆ। ਵੇਸਵਾ ਹੈਰਾਨ ਹੋ ਗਈ। ਉਹ ਗਦਗਦ ਹੋ ਗਈ। ਉਹ ਉਹਦੇ ਪਿਆਰ 'ਚ ਹੋਰ ਦੀਵਾਨੀ ਹੋ ਗਈ।
ਦੋਵੇਂ ਬੜੇ ਮਜ਼ੇ ਨਾਲ ਰਹਿਣ ਲੱਗੇ। ਐ ਨਿਆਂ ਪਸੰਦ ਰਾਜਾ ਵਿਕਰਮ । ਦੱਸ ਕਿ ਦੋਹਾਂ 'ਚੋਂ ਕਿਹੜਾ ਜ਼ਿਆਦਾ ਗੁਣੀ ਹੈ ? ਵੱਡਾ ਮੁੰਡਾ ਜਾਂ ਛੋਟਾ ?
"ਵੇਖ ਬੇਤਾਲ ! ਰਾਜਾ ਵਿਕਰਮ ਨੇ ਆਖਿਆ-"ਗਿਆਨੀ ਦੇ ਗਿਆਨ
ਦੀ ਕੋਈ ਸੀਮਾ ਨਹੀਂ ਹੁੰਦੀ। ਦੋਵੇਂ ਆਪਣੀ ਜਗ੍ਹਾ 'ਤੇ ਠੀਕ ਹਨ।"
“ਰੂੰ 'ਚ ਲੁਕਿਆ ਵਾਲ ਮੁੰਡੇ ਨੂੰ ਕਿਉਂ ਚੁਭਿਆ ?" ਬੇਤਾਲ ਨੇ ਆਖਿਆ।
“ਉਹ ਵਾਲ ਇਸ ਕਰਕੇ ਚੁਭਿਆ ਸੀ ਕਿਉਂਕਿ ਉਹਦੇ 'ਚ ਬਦਬੂ ਸੀ।" ਵਿਕਰਮ ਨੇ ਆਖਿਆ- "ਉਹ ਕਿਸੇ ਨੀਚ ਪਸ਼ੂ ਦਾ ਵਾਲ ਹੋਵੇਗਾ ।"
“ਤੂੰ ਠੀਕ ਆਖਦਾ ਏਂ ਰਾਜਾ ਵਿਕਰਮ !" ਬੇਤਾਲ ਹੱਸ ਪਿਆ।
ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਇਸ ਵਾਰ ਉਹ ਵਿਕਰਮ ਦੀ ਪਕੜ 'ਚੋਂ ਨਿਕਲ ਨਾ ਸਕਿਆ। ਰਾਜਾ ਵਿਕਰਮ ਆਪਣੀ ਇਸ ਸਫ਼ਲਤਾ 'ਤੇ ਖ਼ੁਸ਼ ਹੋ ਕੇ ਤੇਜ਼-ਤੇਜ਼ ਤੁਰਨ ਲੱਗ ਪਿਆ। ਹੁਣ ਉਹ ਬੇਤਾਲ ਨੂੰ ਭੱਜਣ ਨਹੀਂ ਦੇਵੇਗਾ। ਉਹਨੂੰ ਲੈ ਕੇ ਸ਼ਮਸ਼ਾਨ ਤਕ ਜ਼ਰੂਰ ਪਹੁੰਚ ਜਾਵੇਗਾ।
ਅਪਰਾਧੀ ਕੌਣ ?
ਬੇਤਾਲ ਕੋਲੋਂ ਭੱਜਿਆ ਨਹੀਂ ਸੀ ਗਿਆ, ਇਸ ਕਰਕੇ ਰਾਜਾ ਵਿਕਰਮ ਖ਼ੁਸ਼ ਸੀ। ਉਹਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਆਪਣੇ ਉਦੇਸ਼ 'ਚ ਸਫ਼ਲ ਹੋ ਜਾਵੇਗਾ। ਉਹ ਕਾਹਲੀ-ਕਾਹਲੀ ਤੁਰਿਆ ਜਾ ਰਿਹਾ ਸੀ । ਬੇਤਾਲ ਚੁੱਪਚਾਪ ਪਿੱਠ 'ਤੇ ਲਟਕਿਆ ਹੋਇਆ ਸੀ । ਕੁਝ ਦੇਰ ਬਾਅਦ ਬੋਲਿਆ-"ਰਾਜਾ ਵਿਕਰਮ । ਜੇਕਰ ਸਫ਼ਰ ਅਜੇ ਕਾਫ਼ੀ ਪਿਆ ਹੈ ਤਾਂ ਮੇਰੀ ਇਕ ਹੋਰ ਕਹਾਣੀ ਸੁਣ ਲੈ ।"
ਵਿਕਰਮ ਉਹਦੇ ਨਾ ਭੱਜਣ ਕਰਕੇ ਖ਼ੁਸ਼ ਸੀ। ਬੋਲਿਆ-“ਚੰਗਾ, ਸੁਣਾ।”
ਬੇਤਾਲ ਬੋਲਿਆ-"ਰਾਜਾ ਵਿਕਰਮ । ਪ੍ਰਾਚੀਨਕਾਲ 'ਚ ਚੰਦਿ ਦੇਸ਼ 'ਚ ਇਕ ਬ੍ਰਾਹਮਣ ਰਹਿੰਦਾ ਸੀ । ਉਹ ਰਿਸ਼ਟ-ਪੁਸ਼ਟ ਸੀ, ਪਰ ਸਰੀਰਕ ਪੱਖੋਂ ਬਦਸੂਰਤ ਸੀ । ਰੰਗ ਕਾਲਾ ਅਤੇ ਸ਼ਕਲ ਵੀ ਬੜੀ ਭੈੜੀ ਸੀ । ਇਸ ਕਰਕੇ ਉਹਦਾ ਵਿਆਹ ਨਹੀਂ ਸੀ ਹੋ ਰਿਹਾ।
ਬ੍ਰਾਹਮਣ ਕਾਮ ਨਾਲ ਤੜਪ ਰਿਹਾ ਸੀ, ਪਰ ਕੋਈ ਵੀ ਔਰਤ ਉਹਨੂੰ ਘਾਹ ਨਹੀਂ ਸੀ ਪਾਉਂਦੀ । ਇਸ ਕਾਰਨ ਉਹ ਬ੍ਰਾਹਮਣ ਬੜਾ ਦੁਖੀ ਸੀ । ਆਪਣੇ ਬ੍ਰਾਹਮਣ ਕਰਮ-ਕਾਂਡ 'ਚ ਉਹਦਾ ਮਨ ਨਹੀਂ ਸੀ ਲੱਗ ਰਿਹਾ। ਉਹ ਹਮੇਸ਼ਾ ਏਧਰ-ਉਧਰ ਝਾਕਦਾ ਰਹਿੰਦਾ ਸੀ ਤੇ ਕਿਸੇ ਔਰਤ ਨੂੰ ਹਾਸਿਲ ਕਰਨ ਲਈ ਯਤਨ ਕਰਦਾ ਰਹਿੰਦਾ ਸੀ । ਹੇ ਰਾਜਾ ਵਿਕਰਮ । ਜਦੋਂ ਮਨੁੱਖ ਕਾਮ ਨਾਲ ਪੀੜਤ ਹੋ ਜਾਂਦਾ ਹੈ ਤਾਂ ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ।
ਧਰਮਦੱਤ ਨਾਂ ਦੇ ਇਸ ਬ੍ਰਾਹਮਣ ਦੀ ਹਾਲਤ ਵੀ ਇਹੋ ਸੀ। ਇਹ ਆਪਣੇ ਮਾਰਗ ਤੋਂ ਭਟਕਦਾ ਜਾ ਰਿਹਾ ਸੀ।
ਫਿਰ ਵੀ ਬ੍ਰਾਹਮਣ ਹੋਣ ਕਰਕੇ ਕਰਮ-ਕਾਂਡ ਦਾ ਕੰਮ ਉਹਨੂੰ ਮਿਲਦਾ ਹੀ ਰਹਿੰਦਾ ਸੀ। ਉਹਨੂੰ ਇਕ ਵਿਆਹ ਦਾ ਕੰਮ ਮਿਲਿਆ । ਧਰਮਦੱਤ ਨੇ ਵਿਧੀ ਪੂਰਵਕ ਵਿਆਹ ਪੂਰਾ ਕਰਵਾਇਆ। ਜਦੋਂ ਵਹੁਟੀ ਵਰਮਾਲਾ ਲੈ ਕੇ ਆਈ ਤਾਂ ਉਹ ਵੇਖਦਾ ਹੀ ਰਹਿ ਗਿਆ। ਵਹੁਟੀ ਬੜੀ ਸੋਹਣੀ ਸੀ । ਬ੍ਰਾਹਮਣ ਧਰਮਦੱਤ ਉਹਦੇ ’ਤੇ ਲੱਟੂ ਹੋ ਗਿਆ। ਵਿਆਹ ਪੂਰਾ ਕਰਨ ਤੋਂ ਬਾਅਦ ਉਹਨੇ ਲਾੜੇ ਨੂੰ ਆਖਿਆ ਕਿ ਕੁੜੀ 'ਚ ਮੰਗਲ ਦਾ ਦੋਸ਼ ਹੈ ਅਤੇ ਤਤਕਾਲ ਵਿਦਾਈ ਕਰਨੀ ਕੁੰਡਲੀ ਦੀ ਦ੍ਰਿਸ਼ਟੀ ਤੋਂ ਠੀਕ ਨਹੀਂ ਹੈ। ਮੁੰਡੇ ਵਾਲੇ ਮੰਨ ਗਏ । ਫਿਰ ਉਹ ਮੰਗਲ ਦੋਸ਼ ਖ਼ਤਮ ਕਰਨ ਲਈ ਨਾਟਕੀ ਢੰਗ ਨਾਲ ਵਿਧੀ-ਵਿਧਾਨ ਕਰ ਰਿਹਾ ਸੀ ਕਿ ਕੁੜੀ ਹਵਨ ਕਰਨ ਵੇਲੇ ਉਹਦੇ ਨਾਲ ਇਕੱਲੀ ਜਾਵੇਗੀ। ਸਾਰੀ ਰਾਤ ਪੂਜਾ-ਪਾਠ ਕਰਨ ਤੋਂ ਬਾਅਦ ਸ਼ੁੱਧ ਹੋ ਜਾਵੇਗੀ।
ਸੁਣ ਰਾਜਾ ਵਿਕਰਮ! ਬ੍ਰਾਹਮਣ 'ਤੇ ਵਿਸ਼ਵਾਸ ਕਰਕੇ ਮੰਗਲ ਦੋਸ਼ ਦੂਰ ਕਰਨ ਲਈ ਕੁੜੀ ਸਾਰੀ ਰਾਤ ਲਈ ਉਹਦੇ ਹਵਾਲੇ ਕਰ ਦਿੱਤੀ ਗਈ । ਕਾਮ ਤੋਂ ਪੀੜਤ ਉਸ ਬ੍ਰਾਹਮਣ ਨੇ ਪੂਜਾ ਦੇ ਬਹਾਨੇ ਉਸ ਕੁੜੀ ਨੂੰ ਦਾਗੀ ਕਰ ਦਿੱਤਾ। ਉਹ ਕੁੜੀ ਕੁਝ ਨਾ ਬੋਲੀ। ਉਹ ਬ੍ਰਾਹਮਣ ਸਾਰੀ ਰਾਤ ਭੋਗ- ਵਿਲਾਸ ਵਿਚ ਡੁੱਬਿਆ ਰਿਹਾ। ਸਵੇਰੇ ਕੁੜੀ ਚਲੀ ਗਈ।
ਕੁਝ ਸਮੇਂ ਬਾਅਦ ਉਸ ਕੁੜੀ ਦੀ ਕੁੱਖੋਂ ਧਰਮਦੱਤ ਦੇ ਪੁੱਤਰ ਨੇ ਜਨਮ
ਲਿਆ। ਬਿਲਕੁਲ ਉਹੋ ਜਿਹਾ ਰੂਪ-ਰੰਗ, ਕਾਲਾ-ਕਲੂਟਾ। ਪੁੱਤਰ ਦੇ ਜਨਮ ਸਮੇਂ ਉਹਦੇ ਘਰਵਾਲੇ ਨੂੰ ਸ਼ੱਕ ਪੈ ਗਿਆ।
"ਇਹ ਕਿਹੋ ਜਿਹਾ ਮੁੰਡਾ ਏ ?"
ਉਹਦੀ ਘਰਵਾਲੀ ਨੇ ਸਾਰਾ ਕੁਝ ਦੱਸ ਦਿੱਤਾ ਤੇ ਸੁਣ ਕੇ ਉਹਦੇ ਘਰਵਾਲੇ ਨੇ ਉਹਨੂੰ ਘਰੋਂ ਕੱਢ ਦਿੱਤਾ। ਉਹ ਆਪਣੀ ਫਰਿਆਦ ਲੈ ਕੇ ਰਾਜੇ ਕੋਲ ਗਈ । ਹੁਣ ਦੱਸ ਰਾਜਾ ਵਿਕਰਮ ! ਉਸ ਰਾਜੇ ਨੂੰ ਕੀ ਕਰਨਾ ਚਾਹੀਦਾ ਸੀ ? ਉਸ ਕੁੜੀ ਨੇ ਰੌਲਾ ਕਿਉਂ ਨਹੀਂ ਪਾਇਆ ? ਬਾਅਦ 'ਚ ਪਤੀ ਦੇ ਪੁੱਛਣ 'ਤੇ ਉਹਨੇ ਸਾਰਾ ਕੁਝ ਸੱਚ ਦੱਸ ਦਿੱਤਾ ? ਪਤੀ ਨੇ ਘਰੋਂ ਕੱਢ ਦਿੱਤਾ । ਸਜ਼ਾ ਦਾ ਹੱਕਦਾਰ ਕੌਣ ਸੀ ? ਉਹਦਾ ਘਰਵਾਲਾ... ਬ੍ਰਾਹਮਣ ਜਾਂ ਕੁੜੀ ਦੇ ਮਾਂ-ਪਿਉ ?
ਰਾਜਾ ਵਿਕਰਮ ਬੋਲਿਆ- "ਸੁਣ ਬੇਤਾਲ ! ਕੁੜੀ ਦਾ ਇਹਦੇ ਵਿਚ ਰਤੀ ਭਰ ਵੀ ਕਸੂਰ ਨਹੀਂ ਹੈ। ਉਹ ਨਿਰਸੰਦੇਹ ਅਤਿਅੰਤ ਭੋਲੀ ਕੁੜੀ ਹੋਵੇਗੀ। ਪਾਪੀ ਬ੍ਰਾਹਮਣ ਨੇ ਜੋ ਕੀਤਾ, ਉਹਨੂੰ ਉਸ ਅਣਜਾਣ ਕੁੜੀ ਨੇ ਪੂਜਾ-ਪਾਠ ਦਾ ਹੀ ਇਕ ਹਿੱਸਾ ਮੰਨਿਆ। ਇਸ ਕਾਰਨ ਇਸਦੀ ਚਰਚਾ ਨਹੀਂ ਕੀਤੀ। ਇਸ ਲਈ ਧਰਮਦੱਤ ਬ੍ਰਾਹਮਣ ਵੀ ਦੋਸ਼ੀ ਨਹੀਂ ਹੈ।"
“ਫਿਰ ਕੀ ਕੁੜੀ ਦੇ ਮਾਂ-ਪਿਉ ?"
“ਹਾਂ, ਇਸ ਤਰ੍ਹਾਂ ਦੀ ਮੂਰਖਤਾ ਭਰੀ ਗੱਲ ਕਿ ਕੁੜੀ ਨੂੰ ਮੰਗਲ ਦਾ ਦੋਸ਼ ਹੈ, 'ਤੇ ਵਿਸ਼ਵਾਸ ਕਰਕੇ ਉਹ ਭੋਲੀ-ਭਾਲੀ ਕੁੜੀ ਨੂੰ ਪਾਪੀ ਬ੍ਰਾਹਮਣ ਕੋਲ ਸਾਰੀ ਰਾਤ ਇਕੱਲੀ ਕਿਉਂ ਘੱਲਿਆ ? ਅਜਿਹੇ ਮਾਤਾ-ਪਿਤਾ ਹੀ ਸਜ਼ਾ ਦੇ ਹੱਕਦਾਰ ਹਨ। ਅਪਰਾਧੀ ਉਹ ਹੁੰਦਾ ਹੈ, ਜੀਹਦੇ ਕੰਮ ਕਰਨ ਦੇ ਤਰੀਕੇ ਨਾਲ ਅਪਰਾਧ ਜਨਮ ਲੈਂਦਾ ਹੈ।"
ਵਿਕਰਮ ਦੇ ਉੱਤਰ 'ਤੇ ਬੇਤਾਲ ਨੇ ਜ਼ੋਰਦਾਰ ਠਹਾਕਾ ਲਾਇਆ।
ਉਹਦੇ ਠਹਾਕੇ ਨਾਲ ਇਕ ਵਾਰ ਸਾਰਾ ਜੰਗਲ ਕੰਬ ਗਿਆ। ਰਾਜਾ ਵਿਕਰਮ ਸਾਵਧਾਨ ਹੋ ਗਿਆ । ਬੇਤਾਲ ਹੁਣ ਉੱਡ ਜਾਵੇਗਾ, ਸੱਚਮੁੱਚ ਬੇਤਾਲ ਉੱਡ ਗਿਆ। ਰਾਜਾ ਵਿਕਰਮ ਦੇ ਬਲਸ਼ਾਲੀ ਹੱਥਾਂ 'ਚੋਂ ਇਕ ਵਾਰ
ਫਿਰ ਝਟਕਾ ਮਾਰ ਕੇ ਉਹ ਨਿਕਲ ਗਿਆ। ਰਾਜਾ ਵਿਕਰਮ ਹੱਕਾ-ਬੱਕਾ ਰਹਿ ਗਿਆ।
"ਉਏ। ਭੱਜ ਗਿਆਂ ।" ਉਹਦੇ ਮੂੰਹੋਂ ਨਿਕਲਿਆ।
ਰਾਜਾ ਵਿਕਰਮ ਬੜੀ ਤੇਜ਼ ਦੌੜਿਆ ਪਰ ਉਹ ਫਿਰ ਵੀ ਬੇਤਾਲ ਨੂੰ ਫੜ ਨਾ ਸਕਿਆ। ਉਹ ਜਾ ਕੇ ਮੁੜ ਦਰਖ਼ਤ 'ਤੇ ਲਟਕ ਗਿਆ।
“ਕਿਉਂ ਉਏ, ਪਾਪੀਆ, ਤੂੰ ਮੰਨੇਂਗਾ ਨਹੀਂ।" ਵਿਕਰਮ ਨੇ ਉਹਦੀ ਗਰਦਨ ਘੁੱਟੀ।
"ਹਾਏ ! ਮਾਰ ਸੁੱਟਿਆ।"
"ਮਰਿਆ ਤਾਂ ਤੂੰ ਪਹਿਲਾਂ ਹੀ ਏਂ।"
ਵਿਕਰਮ ਨੇ ਉਹਨੂੰ ਪਿੱਠ 'ਤੇ ਲੱਦਿਆ ਤੇ ਤੁਰ ਪਿਆ। ਬੋਤਾਲ ਚੁੱਪਚਾਪ ਲਟਕਿਆ ਰਿਹਾ। ਕੁਝ ਦੇਰ ਬਾਅਦ ਬੋਲਿਆ-"ਰਾਜਾ ਵਿਕਰਮ! ਤੇਰਾ ਨਿਆਂ ਸਹੀ ਸੀ ਪਰ ਰਾਜੇ ਨੇ ਉਸ ਪਾਪੀ ਬ੍ਰਾਹਮਣ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਉਹਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ । ਇਹ ਕੰਮ ਅਸਲ 'ਚ ਮਨੁੱਖ ਦੇ ਪਤਨ ਦਾ ਕਾਰਨ ਹੈ। ਕਾਮ ਦੀ ਅੱਗ ਭਰਾਵਾਂ ਨੂੰ ਵੀ ਦੁਸ਼ਮਣ ਬਣਾ ਦੇਂਦਾ ਹੈ। ਮੈਂ ਅੰਗਜ ਦੇਸ਼ ਦੇ ਦੋ ਨੌਜਵਾਨਾਂ ਦੀ ਕਹਾਣੀ ਸੁਣਾਉਂਦਾ ਹਾਂ । ਉਹ ਦੋਵੇਂ ਹੀ ਕਾਮ ਨਾਲ ਪੀੜਤ ਹੋ ਕੇ ਕੀ ਕਰ ਬੈਠੇ ਸਨ ।"
ਬੇਤਾਲ ਕਹਾਣੀ ਸੁਣਾਉਂਦਾ ਜਾ ਰਿਹਾ ਸੀ । ਵਿਕਰਮ ਤੇਜ਼-ਤੇਜ਼ ਤੁਰਿਆ ਜਾ ਰਿਹਾ ਸੀ।
ਰੂਪ ਸੁੰਦਰੀ
"ਰਾਜਾ ਵਿਕਰਮ! ਅੰਗਜ ਦੇਸ਼ 'ਚ ਸੰਤ ਅਤੇ ਬਸੰਤ ਦੋ ਭਰਾ ਸਨ। ਬਸੰਤ ਵੱਡਾ ਸੀ ਤੇ ਸੰਤ ਛੋਟਾ। ਦੋਵੇਂ ਬੜੇ ਸੋਹਣੇ ਨੌਜਵਾਨ ਸਨ। ਦੋਹਾਂ ਦਾ ਆਪਸ 'ਚ ਪਿਆਰ ਵੀ ਬੜਾ ਸੀ ।
ਇਕ ਵਾਰ ਬਗੀਚੇ 'ਚ ਘੁੰਮਦਿਆਂ ਬਸੰਤ ਦੀ ਨਜ਼ਰ ਇਕ ਸੁੰਦਰੀ 'ਤੇ
ਪਈ । ਉਹ ਆਪਣੀ ਹੋਸ਼ ਗਵਾ ਬੈਠਾ । ਸੰਤ ਦੀਆਂ ਨਿਗਾਹਾਂ ਵੀ ਉਹਦੇ 'ਤੇ ਪੈ ਗਈਆਂ ਤੇ ਦੋਵੇਂ ਭਰਾ ਉਸ ਸੁੰਦਰੀ ’ਤੇ ਲੱਟੂ ਹੋ ਗਏ। ਸੁੰਦਰੀ ਦੇ ਹਾਵ-ਭਾਵਾਂ ਨਾਲ ਉਨ੍ਹਾਂ ਦੋਹਾਂ ਨੂੰ ਲੱਗਾ ਕਿ ਉਹ ਵੀ ਉਨ੍ਹਾਂ 'ਤੇ ਮਰ ਮਿਟੀ ਹੈ। ਉਹ ਚਲੀ ਗਈ।
ਦੋਵੇਂ ਇਧਰ-ਉਧਰ ਚੱਕਰ ਕੱਟ ਕੇ ਪਤਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਕਿ ਉਹ ਸੁੰਦਰੀ ਕੌਣ ਸੀ ? ਕੁਝ ਦੇਰ ਬਾਅਦ ਇਕ ਅਧਖੜ ਔਰਤ ਨਜ਼ਰ ਆਈ। ਉਨ੍ਹਾਂ ਨੇ ਉਹਦੇ ਕੋਲੋਂ ਉਸ ਸੁੰਦਰੀ ਬਾਰੇ ਪੁੱਛਿਆ। ਉਹ ਔਰਤ ਉਨ੍ਹਾਂ ਦੋਹਾਂ ਦਾ ਮਤਲਬ ਸਮਝ ਕੇ ਮੁਸਕਰਾਉਂਦੀ ਹੋਈ ਕਹਿਣ ਲੱਗੀ- "ਕੱਲ੍ਹ ਇਸੇ ਵਕਤ ਬਗੀਚੇ 'ਚ ਆ ਜਾਇਉ। ਏਥੇ ਹੀ ਮਿਲੇਗੀ।"
ਦੋਵੇਂ ਭਰਾ ਉਹਨੂੰ ਮਿਲਣਾ ਚਾਹੁੰਦੇ ਸਨ । ਪਰ ਬਸੰਤ ਨੇ ਆਪਣੇ ਵੱਡੇ ਹੋਣ ਦਾ ਫ਼ਾਇਦਾ ਉਠਾਇਆ। ਉਹਨੇ ਛੋਟੇ ਭਰਾ ਨੂੰ ਨਾ ਮਿਲਣ ਲਈ ਮਜਬੂਰ ਕਰ ਦਿੱਤਾ। ਸੰਤ ਉਦਾਸ ਹੋ ਗਿਆ।
"ਰਾਜਾ ਵਿਕਰਮ! ਇਸ ਤਰ੍ਹਾਂ ਇਸ ਸੋਹਣੀ ਕੁੜੀ ਕਾਰਨ ਦੋਹਾਂ ਭਰਾਵਾਂ 'ਚ ਈਰਖਾ ਪੈਦਾ ਹੋ ਗਈ। ਇਕ ਕੰਧ ਖੜ੍ਹੀ ਹੋ ਗਈ ਦੋਹਾਂ ਵਿਚਕਾਰ। ਦੋਵਾਂ ਦੇ ਮਨ 'ਚ ਇਕ-ਦੂਜੇ ਪ੍ਰਤੀ ਦੋਸ਼ ਜਨਮ ਲੈਣ ਲੱਗੇ । ਦੂਜੇ ਦਿਨ ਬਸੰਤ ਉਸੇ ਬਗੀਚੇ ਵੱਲ ਚਲਾ ਗਿਆ । ਕੁੜੀ ਉਥੇ ਹੀ ਮੌਜੂਦ ਸੀ। ਬਸੰਤ ਉਹਦੇ ਕੋਲ ਆ ਕੇ ਖੜ੍ਹਾ ਹੋ ਗਿਆ ਤੇ ਬੜੇ ਪਿਆਰ ਨਾਲ ਪੁੱਛਿਆ-"ਤੂੰ ਕੌਣ ਏਂ ?"
"ਮੇਰਾ ਨਾਂ ਮਾਇਆ ਹੈ।” ਉਹ ਹੱਸ ਕੇ ਬੋਲੀ।
"ਤੇਰਾ ਨਾਂ ਸੁਣ ਕੇ ਬੜੀ ਖੁਸ਼ੀ ਹੋਈ।” ਬਸੰਤ ਨੇ ਪੁੱਛਿਆ-"ਕੀ ਤੈਨੂੰ ਮੇਰਾ ਪਿਆਰ ਸਵੀਕਾਰ ਹੈ।"
“ਪਿਆਰ।” ਉਹ ਖਿੜਖਿੜਾ ਕੇ ਹੱਸੀ-“ਕੀ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਏਂ ?"
“ਹਾਂ।“
“ਪਰ ਮੇਰਾ ਇਹ ਰੂਪ ਬਨਾਵਟੀ ਹੈ, ਵੇਖ।"
...ਅਤੇ ਉਹ ਸੋਹਣੀ ਕੁੜੀ ਇਕ ਸਾਧਾਰਨ ਜਿਹੀ ਕੁੜੀ 'ਚ ਬਦਲ ਗਈ। ਕਹਿਣ ਲੱਗੀ-"ਇਕ ਵਿਸ਼ੇਸ਼ ਲੇਪ ਲਾਉਣ ਕਰਕੇ ਮੈਂ ਸੋਹਣੀ ਕੁੜੀ 'ਚ ਤਬਦੀਲ ਹੋ ਜਾਂਦੀ ਹਾਂ । ਇਹ ਲੇਪ ਇਕ ਰਿਸ਼ੀ ਨੇ ਮੈਨੂੰ ਦਿੱਤਾ। ਹੈ। ਜਦੋਂ ਤਕ ਮੈਨੂੰ ਕੋਈ ਹੱਥ ਨਹੀਂ ਲਾਵੇਗਾ, ਮੇਰੀ ਇਹ ਸੁੰਦਰਤਾ ਬਰਕਰਾਰ ਰਹੇਗੀ। ਪਰ ਹੱਥ ਲੱਗਦਿਆਂ ਹੀ ਮੇਰਾ ਅਸਲੀ ਰੂਪ ਸਾਹਮਣੇ ਆ ਜਾਵੇਗਾ। ਕੀ ਤੂੰ ਉਦੋਂ ਵੀ ਮੇਰੇ ਨਾਲ ਪਿਆਰ ਕਰ ਸਕੇਂਗਾ?"
ਉਸ ਕੁੜੀ ਦਾ ਬਦਲਿਆ ਹੋਇਆ ਰੂਪ ਵੇਖ ਕੇ ਬਸੰਤ ਦਾ ਮਨ ਟੁੱਟ ਗਿਆ। ਉਹਦਾ ਸਾਰਾ ਸਨੇਹ ਅਤੇ ਪਿਆਰ ਹਵਾ 'ਚ ਉੱਡ ਗਿਆ। ਉਹ ਚੁੱਪਚਾਪ ਵਾਪਸ ਆ ਗਿਆ । ਸੰਤ ਬੜੀ ਬੇਕਰਾਰੀ ਨਾਲ ਬਸੰਤ ਨੂੰ ਉਡੀਕ ਰਿਹਾ ਸੀ । ਬਸੰਤ ਨੂੰ ਨਿਰਾਸ਼ ਵੇਖ ਕੇ ਉਹ ਦੌੜਿਆ ਹੋਇਆ ਵਾਪਸ ਆਇਆ-"ਕੀ ਹੋਇਆ ਭਰਾਵਾ ?"
ਬਸੰਤ ਨੇ ਠੰਡਾ ਸਾਹ ਲਿਆ ਤੇ ਆਖਿਆ-" ਕੱਲ੍ਹ ਤੂੰ ਚਲਾ ਜਾਵੀਂ ।"
ਸੰਤ ਦਾ ਮਨ ਉਤਸ਼ਾਹ ਨਾਲ ਭਰ ਗਿਆ। ਉਹਨੂੰ ਵਿਸ਼ਵਾਸ ਹੋ ਗਿਆ ਕਿ ਉਹਨੇ ਬਸੰਤ ਨੂੰ ਨਾਂਹ ਕਰ ਦਿੱਤੀ ਹੈ। ਉਹ ਸਾਰੀ ਰਾਤ ਕਰਵਟਾਂ ਬਦਲਦਾ ਰਿਹਾ। ਸਵੇਰ ਹੋਈ ਤੇ ਵੇਲੇ ਸਿਰ ਉਹ ਬਗੀਚੇ 'ਚ ਆ ਗਿਆ। ਉਹ ਕੁੜੀ ਉਥੇ ਹੀ ਮੌਜੂਦ ਸੀ । ਸੰਤ ਉਹਦੇ ਕੋਲ ਗਿਆ।
"ਤੂੰ ਕੌਣ ਏਂ ?"
"ਮੇਰਾ ਨਾਂ ਮਾਇਆ ਹੈ।"
ਸੰਤ ਨੇ ਆਪਣਾ ਪਰਿਚੈ ਕਰਵਾਇਆ। ਫਿਰ ਪੁੱਛਿਆ-"ਕੀ ਤੈਨੂੰ ਮੇਰਾ ਪਿਆਰ ਸਵੀਕਾਰ ਏ ?"
"ਹਾਂ, ਕੀ ਤੂੰ ਮੇਰੇ ਨਾਲ ਵਿਆਹ ਕਰਾਵੇਂਗਾ?"
"ਜ਼ਰੂਰ ।"
"ਪਰ ਮੈਨੂੰ ਇਕ ਵਾਰ ਵੇਖ ਲੈ।"
ਅਚਾਨਕ ਉਹਦਾ ਅਸਲੀ ਰੂਪ ਸਾਹਮਣੇ ਆ ਗਿਆ ਸੀ । ਬੋਲਿਆ- "ਲੇਪ ਕਾਰਨ ਮੈਂ ਬਹੁਤ ਸੋਹਣੀ ਬਣ ਜਾਂਦੀ ਹਾਂ ਪਰ ਮੈਨੂੰ ਛੂੰਹਦਿਆਂ ਹੀ
ਮੇਰਾ ਅਸਲੀ ਰੂਪ ਸਾਹਮਣੇ ਆ ਜਾਂਦਾ ਹੈ।"
ਸੰਤ ਹੱਸਣ ਲੱਗ ਪਿਆ-"ਤਾਂ ਕੀ ਹੋਇਆ ? ਮੈਨੂੰ ਤਾਂ ਤੇਰੇ ਨਾਲ ਪਿਆਰ ਹੋ ਗਿਆ ਹੈ। ਜੇ ਤੂੰ ਸੋਹਣੀ ਨਹੀਂ, ਗੁਣੀ ਤਾਂ ਹੋਵੇਂਗੀ ਹੀ।”
"ਮੈਨੂੰ ਸਾਰਾ ਕੁਝ ਆਉਂਦਾ ਹੈ । ਪਤੀ ਨੂੰ ਖ਼ੁਸ਼ ਤੇ ਸੰਤੁਸ਼ਟ ਰੱਖਣ ਦੇ ਨਾਲ-ਨਾਲ ਮੈਂ ਇਕ ਚੰਗੀ ਗ੍ਰਹਿਣੀ ਵੀ ਹਾਂ।"
"ਮੈਂ ਤੇਰੇ ਨਾਲ ਵਿਆਹ ਕਰਾਵਾਂਗਾ।" ਸੰਤ ਨੇ ਆਪਣਾ ਵਿਚਾਰ ਨਾ ਬਦਲਿਆ।
ਉਹ ਕੁੜੀ ਸੰਤ ਨੂੰ ਆਪਣੇ ਘਰ ਲੈ ਗਈ। ਆਪਣੇ ਮਾਂ-ਪਿਉ ਨਾਲ ਸੰਤ ਨੂੰ ਮਿਲਵਾਇਆ । ਮਾਂ-ਪਿਉ ਮੰਨ ਗਏ । ਸੰਤ ਖ਼ੁਸ਼ ਹੋ ਕੇ ਵਾਪਸ ਆ ਗਿਆ।
ਉਹਨੇ ਬਸੰਤ ਨੂੰ ਆਖਿਆ-"ਮੈਂ ਵਿਆਹ ਕਰਵਾ ਰਿਹਾ ਹਾਂ।”
ਇਹ ਗੱਲ ਸੁਣ ਕੇ ਬਸੰਤ ਨੂੰ ਹੈਰਾਨੀ ਹੋਈ । ਰਾਜਾ ਵਿਕਰਮ ! ਸੰਤ ਵਿਆਹ ਕਰਵਾ ਕੇ ਉਸ ਰੂਪਵਤੀ ਨੂੰ ਘਰ ਲੈ ਆਇਆ। ਮਾਤਾ-ਪਿਤਾ ਬੜੇ ਖ਼ੁਸ਼ ਹੋਏ। ਬਸੰਤ ਦਾ ਮਨ ਢਹਿ ਗਿਆ। ਸੰਤ ਨੇ ਵਿਆਹ ਤੋਂ ਬਾਅਦ ਉਸਨੂੰ ਹੱਥ ਲਾਇਆ ਤਾਂ ਉਸਦਾ ਰੂਪ ਨਾ ਬਦਲਿਆ। ਉਹਦਾ ਰੂਪ ਵੇਖ ਕੇ ਸੰਤ ਹੈਰਾਨ ਹੋ ਗਿਆ।
"ਤੂੰ ਤਾਂ ਬਦਲਦੀ ਨਹੀਂ ਏਂ।”
"ਨਹੀਂ, ਮੇਰਾ ਅਸਲੀ ਰੂਪ ਇਹੋ ਏ । ਮੈਂ ਤਾਂ ਇਮਤਿਹਾਨ ਲੈਣ ਲਈ ਅਜਿਹਾ ਕਰਦੀ ਸਾਂ । ਵੇਖਣਾ ਚਾਹੁੰਦੀ ਸਾਂ ਕਿ ਕੌਣ ਮੇਰੇ ਸਰੀਰ ਦੀ ਬਜਾਏ ਗੁਣਾਂ ਨਾਲ ਪਿਆਰ ਕਰਦਾ ਹੈ।”
ਸੰਤ ਬਹੁਤ ਖ਼ੁਸ਼ ਹੋਇਆ। ਜਦੋਂ ਇਹ ਗੱਲ ਬਸੰਤ ਨੂੰ ਪਤਾ ਲੱਗੀ ਤਾਂ ਬਸੰਤ ਦੀ ਛਾਤੀ 'ਤੇ ਸੱਪ ਲੇਟਣ ਲੱਗਾ । ਉਹ ਬੇਚੈਨ ਹੋ ਗਿਆ। ਆਪਣੀ ਮੂਰਖਤਾ 'ਤੇ ਪਛਤਾਉਣ ਲੱਗਾ । ਰਾਜਾ ਵਿਕਰਮ ! ਦੋਵਾਂ ਭਰਾਵਾਂ ਨੂੰ ਇਕ ਸੋਹਣੀ ਕੁੜੀ ਨੇ ਦੁਸ਼ਮਣ ਬਣਾ ਦਿੱਤਾ ਅਤੇ ਇਕ ਦਿਨ ਤਾਂ ਕਾਮ ਵਿਚ ਪਾਗਲ ਹੋ ਕੇ ਬਸੰਤ ਨੇ ਰੂਪਵਤੀ ਨੂੰ ਫੜ ਲਿਆ । ਰੂਪਵਤੀ ਰੌਲਾ ਪਾਉਣ
ਲੱਗ ਪਈ ਤੇ ਉਹਦੇ ਚੀਕਣ ਦੀ ਆਵਾਜ਼ ਸੁਣ ਕੇ ਸੰਤ ਆ ਗਿਆ। ਉਹਨੇ ਆਪਣੇ ਵੱਡੇ ਭਰਾ ਦੀ ਇਹ ਹਰਕਤ ਵੇਖੀ ਤਾਂ ਉਸਦੇ ਗੁੱਸੇ ਦਾ ਕੋਈ ਪਾਰਾਵਾਰ ਨਾ ਰਿਹਾ। ਉਹਨੇ ਤੁਰੰਤ ਤਲਵਾਰ ਲਿਆ ਕੇ ਬਸੰਤ ਦਾ ਸਿਰ ਵੱਢ ਦਿੱਤਾ।
ਹਾਹਾਕਾਰ ਮੱਚ ਗਿਆ। ਸਾਰੇ ਸੰਤ ਨੂੰ ਬੁਰਾ-ਭਲਾ ਕਹਿਣ ਲੱਗੇ। ਵੱਡੇ ਭਰਾ ਦਾ ਸਿਰ ਵੱਢ ਸੁੱਟਿਆ। ਲੋਕ ਹੈਰਾਨ ਸਨ । ਦੋਹਾਂ ਭਰਾਵਾਂ 'ਚ ਕਿੰਨਾ ਪਿਆਰ ਸੀ । ਰਾਜੇ ਨੂੰ ਪਤਾ ਲੱਗਾ। ਸੰਤ ਨੂੰ ਸਿਪਾਹੀ ਫੜ ਕੇ ਲੈ ਗਏ। ਰਾਜੇ ਨੇ ਸਾਰਾ ਬਿਰਤਾਂਤ ਸੁਣਿਆ ਤਾਂ ਆਪਣਾ ਫ਼ੈਸਲਾ ਸੁਣਾ ਦਿੱਤਾ । ਤੂੰ ਤਾਂ ਨਿਆਂ ਕਰਨ 'ਚ ਬੜਾ ਪ੍ਰਸਿੱਧ ਏਂ ਰਾਜਾ ਵਿਕਰਮ । ਦੱਸ.... ਰਾਜੇ ਨੇ ਕੀ ਫ਼ੈਸਲਾ ਕੀਤਾ ਹੋਵੇਗਾ।
ਵਿਕਰਮ ਬੋਲਿਆ-"ਸੁਣ ਬੇਤਾਲ । ਬਾਹਰੀ ਖੂਬਸੂਰਤੀ ਹਮੇਸ਼ਾ ਕਾਇਮ ਨਹੀਂ ਰਹਿੰਦੀ। ਗੁਣ ਹੀ ਸਥਾਈ ਸੁੰਦਰਤਾ ਅਤੇ ਸੁਖੀ ਦੰਪਤੀ ਜੀਵਨ ਦੇ ਆਧਾਰ ਹਨ। ਸੰਤ ਦਾ ਨਿਰਣਾ ਠੀਕ ਸੀ ਅਤੇ ਮੈਂ ਸੰਤ ਨੂੰ ਬੇਕਸੂਰ ਮੰਨਦਾ ਹਾਂ।"
"ਧੰਨਵਾਦ ਰਾਜਾ ਵਿਕਰਮ !" ਵਿਕਰਮ ਦੀ ਗੱਲ 'ਤੇ ਬੇਤਾਲ ਖਿੜਖਿੜਾ ਕੇ ਹੱਸਿਆ। ਉਹਦਾ ਇਹ ਹਾਸਾ ਬੜਾ ਹੀ ਭਿਆਨਕ ਸੀ। ਇਸ ਤੋਂ ਪਹਿਲਾਂ ਕਿ ਰਾਜਾ ਵਿਕਰਮ ਖ਼ੁਦ ਨੂੰ ਸੰਭਾਲ ਸਕਦਾ, ਬੇਤਾਲ ਭੱਜ ਗਿਆ। ਵਿਕਰਮ ਦੌੜਿਆ, ਪਰ ਬੇਤਾਲ ਮੁੜ ਉਸੇ ਦਰਖ਼ਤ 'ਤੇ ਜਾ ਕੇ ਉਲਟਾ ਲਟਕ ਗਿਆ । ਵਿਕਰਮ ਗੁੱਸੇ ਨਾਲ ਭਰ ਗਿਆ।
ਉਹ ਬੇਤਾਲ ਨੂੰ ਫੜਨ ਲਈ ਦੌੜਿਆ।
ਬਦਚਲਣ
ਵਿਕਰਮ ਨੇ ਪੂਰੀ ਤਾਕਤ ਨਾਲ ਬੇਤਾਲ ਨੂੰ ਲੱਤ ਤੋਂ ਫੜ ਕੇ ਖਿੱਚਿਆ ਤੇ ਗੁੱਸੇ ਨਾਲ ਚੀਕਿਆ-“ਸ਼ੈਤਾਨ ! ਤੂੰ ਮੰਨਦਾ ਕਿਉਂ ਨਹੀਂ ?”
"ਤੂੰ ਐਵੇਂ ਗੁੱਸੇ 'ਚ ਆ ਜਾਂਦਾ ਏਂ ਵਿਕਰਮ । ਆਖ਼ਿਰ ਤੂੰ ਸਮਝਦਾ ਕਿਉਂ ਨਹੀਂ ਕਿ ਮੈਂ ਜੋ ਕੁਝ ਵੀ ਕਰ ਰਿਹਾ ਹਾਂ ਤੇਰੀ ਭਲਾਈ ਵਾਸਤੇ ਹੀ ਕਰ ਰਿਹਾ ਹਾਂ।"
"ਕਿਹੜੀ ਭਲਾਈ ?" ਝੁੰਝਲਾ ਕੇ ਵਿਕਰਮ ਨੇ ਆਖਿਆ।
"ਇਹ ਗੱਲ ਤੂੰ ਵਕਤ ਆਉਣ 'ਤੇ ਸਮਝੇਂਗਾ।"
" ਤੂੰ ਬਹੁਤ ਚਲਾਕ ਏਂ।"
ਕਹਿੰਦਿਆਂ ਉਹਨੇ ਬੇਤਾਲ ਨੂੰ ਆਪਣੇ ਮੋਢਿਆਂ 'ਤੇ ਲੱਦਿਆ ਤੇ ਤੁਰ ਪਿਆ। ਬੇਤਾਲ ਹੱਸਣ ਲੱਗਾ । ਫਿਰ ਕੁਝ ਦੇਰ ਬਾਅਦ ਬੇਤਾਲ ਬੋਲਿਆ-
"ਸੁਣ ਰਾਜਾ ਵਿਕਰਮ ! ਸਵਰਣ ਦੇਸ਼ ਦਾ ਨਗਰ ਸੇਠ ਬੜਾ ਧਾਰਮਿਕ ਸੀ । ਉਹ ਗ਼ਰੀਬਾਂ ਦੀ ਬੜੀ ਸਹਾਇਤਾ ਕਰਦਾ ਸੀ। ਸਾਰੇ ਲੋਕ ਉਹਦੇ ਗੁਣ ਗਾਉਂਦੇ ਸਨ। ਰਾਜਾ ਵੀ ਉਹਦਾ ਬੜਾ ਪ੍ਰਸ਼ੰਸਕ ਸੀ । ਉਹਦਾ ਇਕ ਮੁੰਡਾ ਸੀ। ਇਕੱਲੀ ਸੰਤਾਨ ਹੋਣ ਕਾਰਨ ਉਹਦਾ ਪਾਲਣ-ਪੋਸ਼ਣ ਬੜੇ ਪਿਆਰ ਨਾਲ ਹੋਇਆ ਸੀ। ਕੁਝ ਸਾਲਾਂ ਬਾਅਦ ਮੁੰਡਾ ਜਵਾਨ ਹੋ ਗਿਆ। ਬਹੁਤ ਸੋਹਣਾ ਸੀ ਉਹ। ਉਹਦੇ ਗੁਆਂਢ 'ਚ ਇਕ ਵਿਆਹੀ ਹੋਈ ਔਰਤ ਰਹਿੰਦੀ ਸੀ । ਉਹ ਸੇਠ ਦੇ ਮੁੰਡੇ 'ਤੇ ਮਰ ਮਿਟੀ ਸੀ । ਦੋਵਾਂ ਦੇ ਘਰ ਨਾਲ-ਨਾਲ ਸਨ। ਬੜੀ ਆਸਾਨੀ ਨਾਲ ਇਕ ਦੂਜੇ ਦੇ ਘਰ 'ਚ ਆਉਣਾ-ਜਾਣਾ ਹੋ ਸਕਦਾ ਸੀ। ਵਿਆਹੀ ਔਰਤ ਬਿਰਹਾ 'ਚ ਬੜੀ ਬੁਰੀ ਤਰ੍ਹਾਂ ਸੜ ਰਹੀ ਸੀ । ਉਹਦਾ ਘਰਵਾਲਾ ਪਰਦੇਸ ਗਿਆ ਸੀ । ਰਾਤ ਉਹਨੂੰ ਨੀਂਦ ਨਹੀਂ ਸੀ ਆਉਂਦੀ। ਉਹ ਬੇਚੈਨ ਹੋ ਕੇ ਰਾਤ ਦੇ ਸੰਨਾਟੇ 'ਚ ਨਗਰ ਸੇਠ ਦੇ ਭਵਨ 'ਚ ਆ ਗਈ। ਉਹਨੂੰ ਪਤਾ ਸੀ ਕਿ ਨਗਰ ਸੇਠ ਦੇ ਪੁੱਤਰ ਦਾ ਕਮਰਾ ਕਿਹੜਾ ਹੈ ? ਉਹ ਉਸੇ ਕਮਰੇ ਵੱਲ ਚਲੀ ਗਈ।
ਨਗਰ ਸੇਠ ਦਾ ਮੁੰਡਾ ਜਾਗ ਰਿਹਾ ਸੀ । ਬਾਹਰ ਬੜਾ ਸੰਘਣਾ ਹਨੇਰਾ ਸੀ ਅਤੇ ਉਹ ਔਰਤ ਨੂੰ ਆਪਣੇ ਬੂਹੇ 'ਚ ਖਲੋਤੀ ਵੇਖ ਕੇ ਚੌਂਕ ਗਿਆ।
"ਕੌਣ ਏਂ ਤੂੰ ?"
ਉਹ ਕੁਝ ਕਹਿਣ ਦੀ ਬਜਾਇ ਬਿਲਕੁਲ ਉਹਦੇ ਨੇੜੇ ਆ ਗਈ।
ਉਹ ਉਹਦੇ ਨਾਲ ਲੇਟ ਗਈ । ਨਗਰ ਸੇਠ ਦਾ ਮੁੰਡਾ ਘਬਰਾ ਗਿਆ। ਕਾਮ ਨਾਲ ਪੀੜਤ ਔਰਤ ਕਾਮ ਦੀ ਯਾਚਨਾ ਕਰਨ ਲੱਗੀ । ਮੁੰਡਾ ਉਹਦਾ ਇਸ਼ਾਰਾ ਸਮਝ ਕੇ ਭੈਭੀਤ ਹੋ ਗਿਆ। ਉਹ ਬੇਹੋਸ਼ ਹੋ ਗਿਆ। ਉਹ ਔਰਤ ਘਬਰਾ ਕੇ ਵਾਪਸ ਚਲੀ ਗਈ। ਕਿਸਮਤ ਵੇਖ ਰਾਜਾ ਵਿਕਰਮ! ਉਸੇ ਵਕਤ ਕੁਝ ਚੋਰ ਨਗਰ ਸੇਠ ਦੇ ਭਵਨ 'ਚ ਆ ਗਏ ਸਨ। ਉਨ੍ਹਾਂ ਚੋਰਾਂ ਵਿਚ ਉਸ ਔਰਤ ਦਾ ਘਰਵਾਲਾ ਵੀ ਸੀ, ਜਿਹੜਾ ਪਰਦੇਸ ਦਾ ਬਹਾਨਾ ਲਾ ਕੇ ਚੋਰੀਆਂ ਕਰਦਾ ਸੀ ਅਤੇ ਚੋਰੀ ਦੇ ਮਾਲ ਨੂੰ ਆਪਣਾ ਵਪਾਰਕ ਲਾਭ ਦੱਸ ਕੇ ਆਪਣੀ ਪਤਨੀ ਅਤੇ ਗੁਆਂਢੀਆਂ ਨੂੰ ਧੋਖਾ ਦੇਂਦਾ ਹੁੰਦਾ ਸੀ ।
ਉਹ ਔਰਤ ਚੋਰਾਂ ਨੂੰ ਵੇਖ ਕੇ ਲੁਕ ਗਈ । ਲੁਕ ਕੇ ਉਹਨੇ ਸਾਰਾ ਕੁਝ ਵੇਖਿਆ। ਉਹਦਾ ਪਤੀ ਆਪਣੇ ਗਰੋਹ ਨਾਲ ਚੋਰੀ ਕਰਕੇ ਚਲਾ ਗਿਆ। ਔਰਤ ਚੁੱਪਚਾਪ ਘਰ ਵਾਪਸ ਆ ਗਈ। ਰਾਜਾ ਵਿਕਰਮ ! ਸਵੇਰੇ ਹੌ-ਹੱਲਾ ਮੱਚ ਗਿਆ । ਪੁੱਤਰ ਨੇ ਸਾਰਾ ਕੁਝ ਦੱਸ ਦਿੱਤਾ। ਔਰਤ ਦੇ ਆਉਣ ਦੀ ਗੱਲ ਵੀ ਦੱਸੀ । ਇਹ ਗੱਲ ਸੁਣ ਕੇ ਸਾਰੇ ਹੈਰਾਨ ਸਨ। ਨਗਰ ਸੇਠ ਦੇ ਪੁੱਤਰ ਦੀ ਨਜ਼ਰ ਗੁਆਂਢਣ ਔਰਤ 'ਤੇ ਗਈ । ਉਹਨੇ ਉਹਨੂੰ ਪਛਾਣ ਲਿਆ ਅਤੇ ਉਹਨੇ ਆਪਣੇ ਪਿਉ ਨੂੰ ਸਾਰਾ ਕੁਝ ਦੱਸ ਦਿੱਤਾ ।
ਨਗਰ ਸੇਠ ਨੇ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ। ਸਿਪਾਹੀ ਉਸ ਔਰਤ ਨੂੰ ਫੜ ਕੇ ਲੈ ਗਏ । ਔਰਤ ਨੇ ਆਪਣੇ ਅਪਰਾਧ ਤੋਂ ਇਨਕਾਰ ਕਰ ਦਿੱਤਾ । ਕਿਸੇ ਕਾਰਨ ਨਗਰ ਸੇਠ ਦੇ ਮੁੰਡੇ ਨੇ ਉਹਦੇ 'ਤੇ ਝੂਠਾ ਇਲਜ਼ਾਮ ਲਾਇਆ ਹੈ। ਰਾਜਾ ਵਿਕਰਮ ! ਅਜੇ ਉਹ ਇਹ ਗੱਲ ਦੱਸ ਹੀ ਰਹੀ ਸੀ ਕਿ ਸਿਪਾਹੀ ਉਹਦੇ ਘਰਵਾਲੇ ਨੂੰ ਚੋਰੀ ਦੇ ਮਾਲ ਸਮੇਤ ਫੜ ਕੇ ਲੈ ਆਏ। ਜਦੋਂ ਉਸ ਔਰਤ ਨੇ ਆਪਣੇ ਪਤੀ ਨੂੰ ਵੇਖਿਆ ਤਾਂ ਉਹ ਘਬਰਾ ਗਈ।
ਰਾਜੇ ਨੇ ਸਾਰੀ ਗੱਲ ਸੁਣ ਕੇ ਚੋਰ ਪਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਦੋਂ ਕਿ ਉਹਦੀ ਪਤਨੀ ਨੂੰ ਰਾਜ 'ਚੋਂ ਕੱਢ ਦਿੱਤਾ। ਆਪਣੀ ਗੱਲ ਪੂਰੀ ਕਰਕੇ ਬੇਤਾਲ ਨੇ ਪੁੱਛਿਆ-"ਰਾਜਾ ਵਿਕਰਮ । ਕੀ ਇਹ ਨਿਆਂ ਠੀਕ ਸੀ ?"
ਵਿਕਰਮ ਕੁਝ ਨਾ ਬੋਲਿਆ। ਬੇਤਾਲ ਨੇ ਫਿਰ ਪੁੱਛਿਆ ਤਾਂ ਵਿਕਰਮ
ਨੇ ਆਪਣਾ ਮਨ ਭੰਗ ਕਰ ਦਿੱਤਾ-"ਮੈਂ ਰਾਜੇ ਦਾ ਨਿਆਂ ਗਲਤ ਮੰਨਦਾ ਹਾਂ। ਪਤੀ ਨੂੰ ਮੌਤ ਦੀ ਸਜ਼ਾ ਦੇਣਾ ਤਾਂ ਠੀਕ ਸੀ ਪਰ ਔਰਤ ਨੂੰ ਦੇਸ਼ ਨਿਕਾਲਾ ਦੇਣਾ ਗਲਤ ਸੀ।"
"ਕਿਉਂ ?"
ਵਿਕਰਮ ਨੇ ਗੰਭੀਰਤਾ ਨਾਲ ਆਖਿਆ-"ਬੇਤਾਲ ! ਪਾਪੀ ਤੋਂ ਵੀ ਪਾਪੀ ਆਦਮੀ 'ਚ ਕੋਈ ਨਾ ਕੋਈ ਈਮਾਨ ਵਾਲੀ ਗੱਲ ਜ਼ਰੂਰ ਹੁੰਦੀ ਹੈ। ਕਾਮ ਤੋਂ ਪੀੜਤ ਹੋ ਕੇ ਉਹ ਭਟਕ ਗਈ ਸੀ । ਪਰ ਫਿਰ ਵੀ ਉਹਦੇ ਮਨ 'ਚ ਪਤੀ ਪ੍ਰਤਿ ਪਿਆਰ ਸੀ । ਇਸ ਕਰਕੇ ਉਹਨੂੰ ਸਜ਼ਾ ਨਹੀਂ ਸੀ ਦੇਣੀ ਚਾਹੀਦੀ। ਇਨਸਾਨ ਨੂੰ ਹਰ ਵੇਲੇ ਬਦਚਲਣ ਸਮਝਦਾ ਠੀਕ ਨਹੀਂ ਹੈ ।"
"ਤੂੰ ਠੀਕ ਆਖਦਾ ਏਂ ਰਾਜਾ ਵਿਕਰਮ !" ਆਖਦਿਆਂ ਬੇਤਾਲ ਜਿਵੇਂ ਹੀ ਠਹਾਕਾ ਮਾਰ ਕੇ ਹੱਸਿਆ ਕਿ ਵਿਕਰਮ ਨੇ ਉਹਨੂੰ ਕੱਸ ਕੇ ਫੜ ਲਿਆ।
ਬੇਤਾਲ ਬੋਲਿਆ-"ਰਾਜਾ ਵਿਕਰਮ । ਇਸ ਵਾਰ ਮੈਂ ਭੱਜਾਂਗਾ ਨਹੀਂ । ਤੂੰ ਚਿੰਤਾ ਨਾ ਕਰ ।"
ਵਿਕਰਮ ਨੂੰ ਬੇਤਾਲ ਦੀ ਗੱਲ 'ਤੇ ਵਿਸ਼ਵਾਸ ਨਾ ਆਇਆ। ਉਹਨੇ ਬੇਤਾਲ ਨੂੰ ਕੱਸ ਕੇ ਫੜ ਲਿਆ । ਬੇਤਾਲ ਚੁੱਪਚਾਪ ਬੈਠਾ ਰਿਹਾ।
ਬਰਾਬਰ ਦਾ ਹੱਕ
ਵਿਕਰਮ ਤੁਰਦਾ ਰਿਹਾ। ਬੇਤਾਲ ਹੁਣ ਉਹਨੂੰ ਆਖ਼ਰੀ ਕਹਾਣੀ ਸੁਣਾਉਣ ਲੱਗਾ-
ਸੁਣ ਰਾਜਾ ਵਿਕਰਮ ! ਬਾਤੀ ਦੀਪ 'ਚ ਮਦਨ ਅਤੇ ਰਤਨ ਨਾਂ ਦੇ ਦੋ ਮੁੰਡੇ ਸਨ। ਦੋਵੇਂ ਬੜੇ ਪੱਕੇ ਮਿੱਤਰ ਸਨ। ਦੋਵੇਂ ਬੜੇ ਗੁਣੀ ਸਨ। ਦੋਵੇਂ ਇਕੱਠੇ ਰਲ ਕੇ ਵਪਾਰ ਕਰਨ ਗਏ । ਵਪਾਰ 'ਚ ਉਨ੍ਹਾਂ ਦੋਹਾਂ ਨੂੰ ਬੜਾ ਲਾਭ ਹੋਇਆ। ਉਹ ਵਾਪਸ ਪਰਤਦੇ ਵਕਤ ਇਕ ਦਰਖ਼ਤ ਦੇ ਥੱਲੇ ਬਹਿ ਕੇ ਆਪਣਾ ਬਚਿਆ ਸਮਾਨ ਅਤੇ ਪੈਸੇ ਗਿਣਨ ਲੱਗ ਪਏ । ਉਹ ਆਪਣੇ ਕੰਮ
'ਚ ਰੁੱਝੇ ਹੋਏ ਸਨ ਕਿ ਇਕ ਰੂਪਵਤੀ ਉਥੇ ਆ ਗਈ।
ਦੋਵੇਂ ਹੈਰਾਨ ਹੋ ਕੇ ਵੇਖਣ ਲੱਗੇ । ਫਿਰ ਪੁੱਛਣ ਲੱਗੇ-"ਕੌਣ ਏਂ ਤੂੰ ?"
ਉਹਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਜਾ ਰਹੀ ਸੀ। ਰਸਤੇ 'ਚ ਡਾਕੂਆਂ ਨੇ ਉਹਦੇ ਪਤੀ ਦੀ ਹੱਤਿਆ ਕਰ ਦਿੱਤੀ ਅਤੇ ਸਾਰਾ ਮਾਲ ਲੁੱਟ ਕੇ ਦੌੜ ਗਏ। ਉਹ ਔਰਤ ਆਪਣੀ ਗੱਲ ਦੱਸ ਕੇ ਵਿਰਲਾਪ ਕਰਨ ਲੱਗ ਪਈ । ਹੁਣ ਉਹਦਾ ਕੋਈ ਸਹਾਰਾ ਨਹੀਂ ਸੀ ਰਹਿ ਗਿਆ। ਉਹ ਆਪਣੇ ਮਾਂ-ਪਿਉ ਜਾਂ ਹੋਰ ਰਿਸ਼ਤੇਦਾਰਾਂ ਕੋਲ ਜਾ ਕੇ ਕੀ ਕਰੇਗੀ ? ਖ਼ੁਦਕੁਸ਼ੀ ਕਰ ਲਵੇਗੀ।
ਮਦਨ ਅਤੇ ਰਤਨ ਨੇ ਉਹਨੂੰ ਹੌਸਲਾ ਅਤੇ ਸਬਰ ਕਰਨ ਨੂੰ ਆਖਿਆ ਅਤੇ ਹਰ ਸੰਭਵ ਮਦਦ ਕਰਨ ਲਈ ਤਸੱਲੀ ਦਿੱਤੀ। ਔਰਤ ਨੂੰ ਉਨ੍ਹਾਂ ਦੀ ਗੱਲ ਸੁਣ ਕੇ ਰਤਾ ਹੌਸਲਾ ਹੋਇਆ। ਮਦਨ ਅਤੇ ਰਤਨ ਦੋਵੇਂ ਉਹਨੂੰ ਨਾਲ ਲੈ ਕੇ ਤੁਰ ਪਏ। ਰਸਤੇ 'ਚ ਇਹ ਵਿਚਾਰ ਕਰ ਰਹੇ ਸਨ ਕਿ ਉਸ ਔਰਤ ਦਾ ਕੀ ਕਰਨ ? ਮਦਨ ਬੋਲਿਆ-"ਇਹਦਾ ਵਿਆਹ ਕਰਵਾ ਦੇਂਦੇ ਹਾਂ।"
"ਸਾਡੇ ਦੋਹਾਂ 'ਚੋਂ ਕੋਈ ਉਹਦੇ ਨਾਲ ਵਿਆਹ ਕਰਵਾ ਲਵੇ ।" ਰਤਨ ਨੇ ਆਖਿਆ।
ਦੋਵਾਂ ਨੇ ਜਦੋਂ ਔਰਤ ਨੂੰ ਇਸ ਬਾਰੇ ਪੁੱਛਿਆ ਤਾਂ ਉਹਨੇ ਆਖਿਆ- "ਮੈਨੂੰ ਤਾਂ ਤੁਸੀਂ ਦੋਵੇਂ ਚੰਗੇ ਲੱਗਦੇ ਹੋ।"
ਮਦਨ ਅਤੇ ਰਤਨ ਕੋਈ ਫੈਸਲਾ ਨਾ ਕਰ ਸਕੇ। ਉਹ ਔਰਤ ਉਨ੍ਹਾਂ ਦੋਵਾਂ ਦੇ ਨਾਲ ਸੀ। ਅੰਤ 'ਚ ਦੋਵਾਂ ਨੇ ਪਰਚੀ ਪਾਉਣਾ ਮੰਨ ਲਿਆ । ਪਰਚੀ ਪਾਈ ਗਈ। ਔਰਤ ਮਦਨ ਦੇ ਹਿੱਸੇ 'ਚ ਆ ਗਈ। ਮਦਨ ਨੇ ਉਹਦੇ ਨਾਲ ਵਿਆਹ ਕਰਵਾ ਲਿਆ। ਸਮੇਂ ਦੀ ਲੀਲਾ ਵੇਖ ਰਾਜਾ ਵਿਕਰਮ! ਇਕ ਸੰਤਾਨ ਜੰਮਣ ਤੋਂ ਬਾਅਦ ਕਿਸੇ ਘਟਨਾ 'ਚ ਮਦਨ ਦੀ ਮੌਤ ਹੋ ਗਈ। ਫਿਰ ਉਹ ਔਰਤ ਰਤਨ ਦੀ ਜਾਇਦਾਦ 'ਚੋਂ ਆਪਣਾ ਹਿੱਸਾ ਮੰਗਣ ਲੱਗੀ। ਮਦਨ ਦੀ ਕੋਈ ਵੀ ਭਾਗੀਦਾਰੀ ਰਤਨ ਦੇ ਨਾਲ ਨਹੀਂ ਸੀ ਪਰ ਉਹ ਔਰਤ ਫਿਰ ਵੀ ਆਪਣਾ ਹਿੱਸਾ ਮੰਗਣ ਲੱਗੀ । ਹੁਣ ਦੱਸ ਰਾਜਾ ਵਿਕਰਮ! ਉਹਦੀ
ਇਹ ਮੰਗ ਕਿਥੋਂ ਤਕ ਜਾਇਜ਼ ਹੈ ?"
"ਮਾਮਲਾ ਰਾਜ ਦਰਬਾਰ 'ਚ ਗਿਆ ਹੋਵੇਗਾ ?"
"ਹਾਂ ਗਿਆ ਸੀ। ਫ਼ੈਸਲੇ ਦਾ ਪਤਾ ਹੈ। ਰਾਜੇ ਨੇ ਇਸ ਮੰਗ ਨੂੰ ਅਸਵੀਕਾਰ ਕਰ ਦਿੱਤਾ ਸੀ । ਤੂੰ ਕੀ ਫ਼ੈਸਲਾ ਕਰਨਾ ਸੀ ।"
“ਮੇਰਾ ਫ਼ੈਸਲਾ।" ਵਿਕਰਮ ਹੱਸਿਆ-"ਮੈਂ ਫ਼ੈਸਲਾ ਕਰਨਾ ਸੀ ਕਿ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਸੀ।"
“ਕਿਉਂ ?” ਬੇਤਾਲ ਨੇ ਪੁੱਛਿਆ।
“ਭਾਵੇਂ ਹੀ ਉਹ ਔਰਤ ਪਰਚੀ ਰਾਹੀਂ ਮਦਨ ਦੇ ਹਿੱਸੇ ਆਈ ਸੀ ਪਰ ਉਹ ਜਾਇਦਾਦ ਦੋਹਾਂ ਦੀ ਬਰਾਬਰ ਸੀ । ਮਤਲਬ ਉਹਨੂੰ ਪੂਰਾ ਅਧਿਕਾਰ ਹੈ।"
"ਤੂੰ ਠੀਕ ਆਖਦਾ ਏਂ ਰਾਜਾ ਵਿਕਰਮ !"
ਰਾਜਾ ਵਿਕਰਮ ਸਾਵਧਾਨ ਹੋ ਗਿਆ । ਮੰਜ਼ਲ ਹੁਣ ਨੇੜੇ ਆ ਗਈ ਸੀ। ਜੇਕਰ ਬੇਤਾਲ ਭੱਜ ਗਿਆ ਤਾਂ ਬੜੀ ਮੁਸ਼ਕਿਲ ਹੋ ਜਾਵੇਗੀ। ਇਸ ਵਾਰ ਵਿਕਰਮ ਨੇ ਉਹਨੂੰ ਮਜਬੂਤੀ ਨਾਲ ਫੜ ਲਿਆ।
ਬੇਤਾਲ ਖਿੜਖਿੜਾ ਕੇ ਹੱਸ ਪਿਆ।
"ਹੁਣ ਮੈਂ ਨਹੀਂ ਭੱਜਾਂਗਾ ਰਾਜਾ ਵਿਕਰਮ !” ਉਹਨੇ ਆਖਿਆ-"ਹੁਣ ਤੇਰੀ ਮੰਜ਼ਿਲ ਆ ਗਈ ਹੈ। ਹੁਣ ਸਮਾਂ ਵੀ ਨਹੀਂ ਹੈ। ਮੈਂ ਤੇਰਾ ਸਾਥ ਦਿਆਂਗਾ।"
ਬੇਤਾਲ ਦੀ ਇਸ ਗੱਲ 'ਤੇ ਵੀ ਵਿਕਰਮ ਨੂੰ ਵਿਸ਼ਵਾਸ ਨਾ ਹੋਇਆ। ਉਹਨੇ ਬੇਤਾਲ ਨੂੰ ਘੁੱਟ ਕੇ ਫੜਿਆ ਹੋਇਆ ਸੀ।
ਸ਼ਮਸ਼ਾਨ ਦੀ ਚਿਤਾ ਨਜ਼ਰ ਆਉਣ ਲੱਗੀ ਤਾਂ ਬੇਤਾਲ ਬੋਲਿਆ- "ਰਾਜਾ ਵਿਕਰਮ ! ਉਹ ਸਾਧੂ ਪਖੰਡੀ ਹੈ । ਉਹ ਤੇਰੀ ਹੱਤਿਆ ਕਰਨ ਦੇ ਚੱਕਰ 'ਚ ਹੈ । ਉਹ ਤੈਨੂੰ ਸਿਰ ਝੁਕਾ ਕੇ ਪ੍ਰਣਾਮ ਕਰਨ ਲਈ ਆਖੇਗਾ ਅਤੇ ਜਦੋਂ ਤੂੰ ਅਜਿਹਾ ਕਰੇਂਗਾ ਤਾਂ ਉਹ ਤੇਰੀ ਗਰਦਨ ਤਲਵਾਰ ਨਾਲ ਵੱਢ ਦੇਵੇਗਾ। ਜੇਕਰ ਉਹ ਤੈਨੂੰ ਪ੍ਰਣਾਮ ਕਰਨ ਲਈ ਆਖੇ ਤਾਂ ਆਖੀਂ ਕਿ ਰਾਜਾ
ਹੋਣ ਕਰਕੇ ਮੈਨੂੰ ਪ੍ਰਣਾਮ ਕਰਨਾ ਨਹੀਂ ਆਉਂਦਾ । ਪਹਿਲਾਂ ਉਹ ਖੁਦ ਕਰਕੇ ਦੱਸੇ । ਜਦੋਂ ਉਹ ਝੁਕੇ ਤਾਂ ਤੂੰ ਉਹਦੀ ਗਰਦਨ ਵੱਢ ਦਵੀਂ। ਫਿਰ ਤੈਨੂੰ ਇਕ ਨਵੇਂ ਰਹੱਸ ਦਾ ਪਤਾ ਲੱਗੇਗਾ।"
ਰਾਜਾ ਵਿਕਰਮ ਨੂੰ ਉਹਦੀ ਗੱਲ ਦਾ ਵਿਸ਼ਵਾਸ ਹੋ ਗਿਆ।
ਅਤੇ ਸੱਚਮੁੱਚ ਉਂਝ ਹੀ ਹੋਇਆ । ਵਿਕਰਮ ਨੇ ਤਾਂਤ੍ਰਿਕ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਇੰਝ ਹੁੰਦਿਆਂ ਹੀ ਸ਼ਮਸ਼ਾਨ 'ਚ ਭਿਆਨਕ ਹਾਸਾ ਗੂੰਜਿਆ । ਉਹ ਹਾਸਾ ਬੇਤਾਲ ਦਾ ਸੀ । ਰਾਜਾ ਵਿਕਰਮ ਹੈਰਾਨੀ 'ਚ ਪੈ ਗਿਆ।
ਤਦ ਬੇਤਾਲ ਸਾਹਮਣੇ ਆ ਗਿਆ।
“ਉਏ ਤੂੰ...।"
"ਹਾਂ ਰਾਜਾ ਵਿਕਰਮ !" ਬੇਤਾਲ ਬੋਲਿਆ-"ਇਸ ਸੰਨਿਆਸੀ ਦੀ ਬਲੀ ਚੜ੍ਹਾ ਕੇ ਤੂੰ ਮੈਨੂੰ ਜੀਵਨ ਦਾਨ ਦਿੱਤਾ ਹੈ । ਜੇਕਰ ਤੂੰ ਇਹਦੀ ਬਲੀ ਨਾ ਦੇਂਦਾ ਤਾਂ ਮੇਰਾ ਪੁਨਰ ਜਨਮ ਅਸੰਭਵ ਸੀ । ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਰਾਜਾ ਵਿਕਰਮ।"
ਰਾਜੇ ਨੇ ਵੇਖਿਆ ਕਿ ਬੇਤਾਲ ਦਾ ਰੂਪ-ਰੰਗ ਬਦਲ ਗਿਆ ਸੀ । ਹੁਣ ਉਹ ਇਕ ਸੋਹਣੇ ਆਦਮੀ ਦੇ ਰੂਪ 'ਚ ਬਦਲ ਚੁੱਕਾ ਸੀ । ਰਾਜੇ ਵਿਕਰਮ ਨੇ ਪੁੱਛਿਆ-"ਹੁਣ ਤੂੰ ਕੀ ਕਰੇਂਗਾ ?"
"ਜੋ ਤੂੰ ਕਹੇਂ।"
ਰਾਜਾ ਵਿਕਰਮ ਨੇ ਆਖਿਆ-" ਤੂੰ ਮੇਰੇ ਨਾਲ ਰਹਿ। ਮੈਂ ਤੈਨੂੰ ਆਪਣਾ ਮੰਤਰੀ ਬਣਾ ਲਵਾਂਗਾ।"
ਬੇਤਾਲ ਖ਼ੁਸ਼ ਹੋ ਗਿਆ।
"ਮੈਂ ਪੂਰੀ ਈਮਾਨਦਾਰੀ ਨਾਲ ਤੇਰੀ ਸੇਵਾ ਕਰਾਂਗਾ।" ਬੇਤਾਲ ਨੇ ਧੰਨਵਾਦ ਕਰਦਿਆਂ ਆਖਿਆ-"ਰਾਜਾ ਵਿਕਰਮ। ਇਹ ਸੰਨਿਆਸੀ ਮੇਰਾ ਵੱਡਾ ਭਰਾ ਹੈ। ਇਸਨੇ ਤੰਤਰ ਵਿਦਿਆ ਦੇ ਜ਼ੋਰ 'ਤੇ ਮੈਨੂੰ ਮੁਰਦਾ ਬੇਤਾਲ ਬਣਾ ਦਿੱਤਾ ਸੀ। ਮੇਰੀ ਘਰਵਾਲੀ ਨੂੰ ਅਗਵਾ ਕਰ ਲਿਆ । ਹੁਣ
ਉਹ ਤੇਰਾ ਰਾਜ ਹੜੱਪਣਾ ਚਾਹੁੰਦਾ ਸੀ । ਤੂੰ ਉਹਨੂੰ ਮਾਰ ਦਿੱਤਾ। ਤੇਰਾ ਨਾਂ ਦੁਨੀਆ 'ਤੇ ਹਮੇਸ਼ਾ ਹਮੇਸ਼ਾ ਲਈ ਅਮਰ ਰਹੇਗਾ। ਤੇਰਾ ਜੱਸ ਕਾਇਮ ਰਹੇਗਾ।”
ਰਾਜਾ ਵਿਕਰਮ ਬੇਤਾਲ ਦੇ ਨਾਲ ਆਪਣੇ ਰਾਜਮਹੱਲ 'ਚ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤਾਂ ਸੂਰਜ ਉਦੈ ਹੋ ਰਿਹਾ ਸੀ। ਸਵੇਰ ਸੰਗੀਤ ਨਾਲ ਭਰੀ ਹੋਈ ਸੀ, ਜਿਵੇਂ ਉਹ ਰਾਜੇ ਦਾ ਗੁਣਗਾਨ ਕਰ ਰਹੀ ਹੋਵੇ।
*