ਉਹ ਦੌੜ ਕੇ ਸਮੁੰਦਰ 'ਚ ਭੱਜਣ ਲੱਗ ਪਈ । ਪਰ ਰਾਜੇ ਨੇ ਉਹਦਾ ਪਿੱਛਾ ਕਰਕੇ ਆਖ਼ਿਰਕਾਰ ਉਹਨੂੰ ਫੜ ਹੀ ਲਿਆ ਤੇ ਆਖਿਆ-‘ਕੌਣ ਏਂ ਤੂੰ ? ਕਿਹੜੇ ਲੋਕ ਦੀ ਪਰੀ ਏਂ ? ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ।"
ਰਾਜੇ ਦੇ ਮੂੰਹੋਂ ਇਹ ਵਚਨ ਸੁਣ ਕੇ ਉਸ ਸੁੰਦਰੀ ਨੇ ਆਖਿਆ-"ਹੇ ਰਾਜਨ ! ਜੇਕਰ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਤੁਰਦਸ਼ੀ ਦੀ ਰਾਤ ਤਕ ਇੰਤਜ਼ਾਰ ਕਰਨਾ ਪਵੇਗਾ। ਮੈਨੂੰ ਤੁਹਾਡੇ ਨਾਲ ਵਿਆਹ ਕਰਾਉਣ 'ਚ ਕੋਈ ਝਿਜਕ ਨਹੀਂ । ਤੁਹਾਡੇ ਵਰਗੇ ਗੁਣਵਾਨ ਤੇ ਸ਼ਕਤੀਸ਼ਾਲੀ ਰਾਜੇ ਨਾਲ ਵਿਆਹ ਕਰਕੇ ਮੈਂ ਖ਼ੁਦ ਨੂੰ ਕਿਸਮਤ ਵਾਲੀ ਸਮਝਾਂਗੀ।"
ਇਹ ਸੁਣ ਕੇ ਰਾਜਾ ਵੀਰਭਦ੍ਰ ਨੇ ਸੁੰਦਰੀ ਨੂੰ ਪੁੱਛਿਆ-"ਚਤੁਰਦਸ਼ੀ ਦੀ ਕਾਲੀ ਰਾਤ ਦਾ ਕੀ ਰਹੱਸ ਹੈ ?"
ਸੁੰਦਰੀ ਨੇ ਆਖਿਆ-"ਤੁਸੀਂ ਖ਼ੁਦ ਵੇਖ ਲਿਉ, ਕ੍ਰਿਪਾ ਕਰਕੇ ਇੰਤਜ਼ਾਰ ਕਰੋ।”
ਰਾਜਾ ਸੁੰਦਰੀ 'ਤੇ ਅਜਿਹਾ ਮੋਹਿਤ ਹੋਇਆ ਕਿ ਚਤੁਰਦਸ਼ੀ ਦੀ ਰਾਤ ਤਕ ਉਹ ਉਹਦੇ ਨਾਲ ਹੀ ਰਿਹਾ। ਚਤੁਰਦਸ਼ੀ ਦੀ ਕਾਲੀ ਰਾਤ ਨੂੰ ਇਕ ਵਿਸ਼ਾਲ ਰਾਖਸ਼ਸ਼ ਉਥੇ ਆਇਆ। ਆਉਂਦਿਆਂ ਹੀ ਉਹਨੇ ਸੁੰਦਰੀ ਨੂੰ ਆਪਣੀਆਂ ਬਾਹਾਂ 'ਚ ਭਰ ਕੇ ਉਹਨੂੰ ਗਲਵੱਕੜੀ ਪਾਉਣੀ ਚਾਹੀ। ਰਾਜਾ ਇਹ ਦ੍ਰਿਸ਼ ਵੇਖ ਕੇ ਕ੍ਰੋਧ ਨਾਲ ਭਰ ਗਿਆ। ਉਹਨੇ ਆਪਣੀ ਤਲਵਾਰ ਮਿਆਨ 'ਚੋਂ ਬਾਹਰ ਕੱਢੀ ਤੇ ਉਸ ਰਾਖਸ਼ਸ਼ ਨੂੰ ਯੁੱਧ ਲਈ ਲਲਕਾਰਿਆ।
ਰਾਜਾ ਵੀਰਭਦ੍ਰ ਦੀ ਲਲਕਾਰ ਸੁਣ ਕੇ ਉਹ ਤੁਰੰਤ ਉਹਦੇ 'ਤੇ ਝਪਟਿਆ ਪਰ ਰਾਜੇ ਨੇ ਆਪਣੀ ਦੋ-ਧਾਰੀ ਤਲਵਾਰ ਦੇ ਇਕੋ ਹੀ ਵਾਰ ਨਾਲ ਰਾਖਸ਼ਸ਼ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਸ ਤਰ੍ਹਾਂ ਰਾਖਸ਼ਸ਼ ਦੀ ਜੀਵਨ- ਲੀਲਾ ਖ਼ਤਮ ਹੋ ਗਈ। ਇਹ ਵੇਖ ਕੇ ਸੁੰਦਰੀ ਬੜੀ ਖ਼ੁਸ਼ ਹੋਈ ਤੇ ਦੌੜ ਕੇ ਰਾਜੇ ਦੇ ਗਲ ਨਾਲ ਚਿੰਬੜ ਗਈ।