ਸਾਬਤ ਕਰਦਾ ਸੀ। ਇਸ ਕਾਰਨ ਉਹ ਠਹਾਕਾ ਮਾਰ ਕੇ ਹੱਸਿਆ। ਮੇਰਾ ਤਾਂ ਇਹੋ ਮੰਨਣਾ ਹੈ।"
"ਤੂੰ ਠੀਕ ਆਖਦਾ ਏਂ ਰਾਜਾ ਵਿਕਰਮ ।" ਬੇਤਾਲ ਠਹਾਕਾ ਮਾਰ ਕੇ ਹੱਸਿਆ।
ਉਹਦਾ ਭਿਆਨਕ ਹਾਸਾ ਸੁੰਨਸਾਨ ਰਸਤੇ 'ਚ ਦੂਰ-ਦੂਰ ਤਕ ਗੂੰਜ ਗਿਆ। ਇਸ ਵੇਲੇ ਉਹ ਪੂਰੀ ਤਾਕਤ ਨਾਲ ਉਛਲਿਆ ਤੇ ਵਿਕਰਮ ਦੇ ਮੋਢਿਆਂ ਤੋਂ ਉੱਡ ਕੇ ਹਵਾ 'ਚ ਤੈਰਨ ਲੱਗ ਪਿਆ। ਵਿਕਰਮ ਨੇ ਗੁੱਸੇ 'ਚ ਮਿਆਨ 'ਚੋਂ ਤਲਵਾਰ ਖਿੱਚੀ ਤੇ ਉਹਦੇ ਮਗਰ ਦੌੜਿਆ ਪਰ ਬੇਤਾਲ ਆਪਣੇ ਟਿਕਾਣੇ 'ਤੇ ਪਹੁੰਚਣ ਤੋਂ ਪਹਿਲਾਂ ਵਿਕਰਮ ਦੇ ਹੱਥ ਕਦੋਂ ਆਉਣ ਵਾਲਾ ਸੀ।
ਜੋ ਦੁਨੀਆ ਜਾਣੇ ਸੋ ਸੱਚਾ
ਵਿਕਰਮ ਇਕ ਵਾਰ ਮੁੜ ਉਸ ਦਰਖ਼ਤ ਦੇ ਲਾਗੇ ਗਿਆ । ਬੇਤਾਲ ਦੇ ਵਾਰ-ਵਾਰ ਭੱਜਣ 'ਤੇ ਹਾਲਾਂਕਿ ਵਿਕਰਮ ਨੂੰ ਕਾਫ਼ੀ ਗੁੱਸਾ ਆਉਂਦਾ ਸੀ ਪਰ ਉਸ ਯੋਗੀ ਨੇ ਉਹਨੂੰ ਪਹਿਲਾਂ ਹੀ ਸਮਝਾ ਰੱਖਿਆ ਸੀ ਕਿ ਬੇਤਾਲ ਸਿੱਧੀ ਤਰ੍ਹਾਂ ਏਥੇ ਆਉਣ ਵਾਲਾ ਨਹੀਂ । ਉਹ ਲੱਖਾਂ ਰੁਕਾਵਟਾਂ ਪਾਵੇਗਾ, ਪਰ ਤੂੰ ਉਹਨੂੰ ਕਿਸੇ ਨਾ ਕਿਸੇ ਬਹਾਨੇ ਇਥੇ ਲਿਆਉਣਾ ਹੈ।
ਬੇਤਾਲ ਮੁਰਦਿਆਂ ਵਾਂਗ ਲਟਕਿਆ ਹੋਇਆ ਸੀ । ਰਾਜਾ ਵਿਕਰਮ ਨੇ ਉਹਨੂੰ ਚੁੱਕ ਕੇ ਮੋਢਿਆਂ 'ਤੇ ਲੱਦ ਲਿਆ। ਬੇਤਾਲ ਬੋਲਿਆ-"ਰਾਜਾ ਵਿਕਰਮ ਮੈਂ ਜਾਣਦਾ ਹਾਂ ਕਿ ਤੂੰ ਆਵੇਂਗਾ। ਉਸ ਯੋਗੀ ਨੂੰ ਮੇਰੀ ਬਹੁਤ ਜ਼ਰੂਰਤ ਹੈ।" ਤੇ ਉਹ ਹੱਸਣ ਲੱਗ ਪਿਆ।
"ਤੂੰ ਹੱਸਦਾ ਕਿਉਂ ਏਂ ?" ਵਿਕਰਮ ਨੇ ਪੁੱਛਿਆ।
"ਰਾਜਾ ਵਿਕਰਮ ।" ਬੇਤਾਲ ਬੋਲਿਆ-"ਮੈਨੂੰ ਹਾਸਾ ਇਸ ਗੱਲ 'ਤੇ ਆ ਰਿਹਾ ਹੈ ਕਿ ਵਿਦਵਾਨ ਵੀ ਕਦੀ-ਕਦੀ ਸਮੇਂ ਨੂੰ ਨਹੀਂ ਪਹਿਚਾਣ ਪਾਉਂਦੇ।"