ਰਾਜਾ ਵਿਕਰਮ! ਧਰਮ ਦਾ ਖ਼ਿਆਲ ਕਰਕੇ ਜੀਮੂਤਵਾਹਨ ਅਗਿਨਵਾਹਨ ਨੂੰ ਆਪਣਾ ਰਾਜਪਾਟ ਸੌਂਪ ਕੇ ਜੰਗਲ 'ਚ ਤਪੱਸਿਆ ਕਰਨ ਚਲਾ ਗਿਆ। ਅਗਿਨਵਾਹਨ ਨੇ ਰਾਜਾ ਬਣ ਕੇ ਪਰਜਾ 'ਤੇ ਨਾਨਾ ਪ੍ਰਕਾਰ ਦੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਪਰਜਾ ਤਰਾਹ-ਤਰਾਹ ਕਰਨ ਲੱਗੀ।
ਉਧਰ ਜੀਮੂਤਵਾਹਨ ਜੰਗਲ 'ਚ ਰਹਿ ਕੇ ਤਪੱਸਿਆ ਕਰਕੇ ਆਪਣਾ ਜੀਵਨ ਗੁਜਾਰ ਰਿਹਾ ਸੀ । ਇਕ ਦਿਨ ਜਦੋਂ ਉਹ ਭਗਵਦ ਭਜਨ ਕਰ ਰਿਹਾ ਸੀ ਤਾਂ ਉਹਨੂੰ ਇਕ ਬੁੱਢੀ ਦੇ ਰੋਣ ਦੀ ਆਵਾਜ਼ ਆਈ। ਜੀਮੂਤਵਾਹਨ ਤਤਕਾਲ ਉਸ ਬੁੱਢੀ ਕੋਲ ਗਿਆ ਤੇ ਉਹਦੇ ਕੋਲੋਂ ਰੋਣ ਦਾ ਕਾਰਨ ਪੁੱਛਿਆ।
ਬੁੱਢੀ ਬੋਲੀ-"ਹੇ ਤਪੱਸਵੀ ! ਮੇਰਾ ਇਕ ਹੀ ਮੁੰਡਾ ਹੈ। ਇਥੇ ਇਕ ਦਾਨਵ ਰਹਿੰਦਾ ਏ, ਅੱਜ ਰਾਤ ਉਹ ਮੇਰੇ ਮੁੰਡੇ ਨੂੰ ਖਾ ਜਾਵੇਗਾ।"
ਬੁੱਢੀ ਦੀ ਗੱਲ ਸੁਣ ਕੇ ਰਾਜਾ ਜੀਮੂਤਵਾਹਨ ਨੇ ਆਖਿਆ-“ਮਾਤਾ! ਤੂੰ ਦੁਖੀ ਨਾ ਹੋ । ਜੇਕਰ ਇਹ ਸਰੀਰ ਕਿਸੇ ਦੇ ਕੰਮ ਆ ਗਿਆ ਤਾਂ ਮੈਨੂੰ ਬੜੀ ਖ਼ੁਸ਼ੀ ਹੋਵੇਗੀ। ਮੈਂ ਤੇਰਾ ਪੁੱਤਰ ਬਣ ਕੇ ਖ਼ੁਦ ਉਸ ਦਾਨਵ ਦਾ ਭੋਜਨ ਬਣ ਜਾਵਾਂਗਾ।"
ਬੁੱਢੀ ਨੇ ਰਾਜੇ ਦੀ ਇਹ ਗੱਲ ਨਾ ਮੰਨੀ ਪਰ ਰਾਜਾ ਜੀਮੂਤਵਾਹਨ ਆਪਣੀ ਗੱਲ 'ਤੇ ਅੜਿਆ ਰਿਹਾ । ਅਖ਼ੀਰ ਬੁੱਢੀ ਨੂੰ ਉਹਦੀ ਗੱਲ ਮੰਨਣੀ ਹੀ ਪਈ।
ਸ਼ਾਮ ਨੂੰ ਬੁੱਢੀ ਦਾ ਮੁੰਡਾ ਵਾਪਸ ਆਇਆ । ਬੁੱਢੀ ਨੇ ਉਹਨੂੰ ਸਾਰਾ ਕੁਝ ਦੱਸ ਦਿੱਤਾ । ਉਹਦੀ ਗੱਲ ਸੁਣ ਕੇ ਮੁੰਡਾ ਨਾ ਮੰਨਿਆ। ਉਹਨੇ ਰਾਜੇ ਨੂੰ ਵਾਪਸ ਜਾਣ ਲਈ ਆਖਿਆ। ਰਾਜਾ ਆਪਣੀ ਗੱਲ 'ਤੇ ਅੜਿਆ ਰਿਹਾ ਤੇ ਬੁੱਢੀ ਨੇ ਮੁੰਡੇ ਨੂੰ ਸਮਝਾ ਕੇ ਰਾਜ਼ੀ ਕਰ ਲਿਆ । ਰਾਜਾ ਵਿਕਰਮ । ਇਸ ਤਰ੍ਹਾਂ ਜੀਮੂਤਵਾਹਨ ਉਸ ਦਾਨਵ ਦਾ ਭੋਜਨ ਬਣ ਗਿਆ । ਬੁੱਢੀ ਦਾ ਮੁੰਡਾ ਬਚ ਗਿਆ। ਹੁਣ ਦੱਸ ਕਿ ਜੀਮੂਤਵਾਹਨ ਦਾ ਇਹ ਪਰਉਪਕਾਰ ਕਿਹੋ ਜਿਹਾ ਸੀ ? ਤੇਰਾ ਨਿਆਂ ਕੀ ਕਹਿੰਦਾ ਹੈ ?"