ਇਸ ਹੀ ਉਮੀਦ ਵਿਚ ਭਾਈ ਜੀ ਤਿੰਨ ਚਾਰ ਮਹੀਨੇ ਸਾਡੇ ਇਧਰ ਵਾਲੇ ਨਵੇਂ ਘਰ ਵਿਚ ਰਹੇ ਅਤੇ ਇਸ ਸਮੇਂ ਵਿਚ ਉਹ ਅਸਾਨੀ ਨਾਲ ਵਾਪਿਸ ਜਾ ਸਕਦੇ ਸਨ, ਪਰ ਫਿਰ ਆਉਣਾ ਜਾਣਾ ਪਰਮਿਟ ਤੇ ਸ਼ੁਰੂ ਹੋ ਗਿਆ। ਪਰ ਇਹ ਵੀ ਮੁਸ਼ਕਲ ਨਹੀਂ ਸੀ ਅਤੇ ਫਿਰ ਭਾਈਆ ਜੀ ਹੀ ਭਾਈ ਨਿਹਾਲ ਮਸੀਹ ਨੂੰ ਕਹਿਣ ਲਗੇ, "ਭਾਈ ਜੀ ਉਥੇ ਵੀ ਤੁਸਾਂ ਹੱਥਾਂ ਨਾਲ ਮਿਹਨਤ ਕਰਣੀ ਹੈ ਅਤੇ ਇਧਰ ਵੀ, ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਇਥੇ ਹੀ ਰਹਿ ਪਉ' ਅਤੇ ਭਾਈਆ ਜੀ ਨੇ ਉਹਨਾਂ ਨੂੰ ਅਲਾਟ ਹੋਏ ਘਰਾਂ ਵਿਚੋਂ ਇਕ ਕਨਾਲ ਜਗਾਹ, ਮਲਬਾ ਅਤੇ ਪੈਸੇ ਦੇ ਕੇ ਉਨਾਂ ਦਾ ਘਰ ਬਣਵਾ ਦਿਤਾ ਅਤੇ ਉਹ ਉਥੇ ਹੀ ਪੱਕੇ ਤੌਰ ਤੇ ਰਹਿਣ ਲੱਗ ਪਿਆ। ਵਧਾਵੇ ਦੀ ਸ਼ਾਦੀ ਹੋ ਗਈ, ਭਾਈ ਜੀ ਪੋਤਰੇ, ਪੋਤਰੀਆਂ ਵਾਲੇ ਬਣ ਗਏ, ਪਰ ਫਿਰ ਉਹਨਾਂ ਨੂੰ ਆਪਣੇ ਘਰ ਅਤੇ ਭਰਾਵਾਂ ਦੀ ਯਾਦ ਆਉਣ ਲਗ ਪਈ।
ਉਸ ਨੇ ਪਾਸਪੋਰਟ ਬਨਾਉਣ ਦੀ ਕੋਸ਼ਿਸ਼ ਕੀਤੀ, ਕਦੀ ਜਨਮ ਤਰੀਕ ਦੀ ਗਲਤੀ, ਕਦੀ ਕੋਈ ਤਰੁਟੀ ਅਤੇ ਫਿਰ ਉਹ ਕੋਸ਼ਿਸ਼ ਛੱਡ ਦਿੰਦਾ। ਉਹਨਾਂ ਦਿਨਾਂ ਵਿਚ ਪਾਸਪੋਰਟ ਵੀ ਦਿੱਲੀ ਤੋਂ ਬਣਦੇ ਸਨ, ਫਿਰ ਉਹ ਭੁਲ ਜਾਂਦਾ ਪਰ ਕੋਈ ਚਾਰ ਮਹੀਨੇ ਬਾਦ ਫਿਰ ਕਹਿਣ ਲਗ ਪੈਂਦਾ "ਰਾਤੀ ਸੁਪਨੇ ਵਿਚ ਮੈਨੂੰ ਮੇਰੇ ਅਬਾ ਮਿਲੇ ਸਨ, ਉਹ ਕਹਿੰਦੇ ਸਨ ਤੈਨੂੰ 96 ਦੀਆਂ ਕਬਰਾਂ ਉਡੀਕਦੀਆਂ ਹਨ, ਆਪਣੇ ਭਰਾਵਾਂ ਕੋਲ ਕਿਉਂ ਨਹੀ ਜਾਂਦਾ, ਜਾ ਅਤੇ ਆਪਣੇ ਭਰਾਵਾਂ ਦੇ ਨਾਲ ਦੀਆਂ ਕਬਰਾਂ ਵਿਚ ਅਰਾਮ ਕਰ।”
ਕੁਝ ਦਿਨਾਂ ਬਾਦ ਭੁਲ ਜਾਂਦਾ, ਫਿਰ ਸਭ ਕੁਝ ਭੁਲ ਜਾਂਦਾ ਕੁਝ ਦਿਰ ਬਾਦ ਫਿਰ ਮਿਲਣ ਦੀ ਖਾਹਿਸ਼ ਪੈਦਾ ਹੁੰਦੀ, ਪਾਸਪੋਰਟ ਬਨਾਉਣਾ ਸ਼ੁਰੂ ਹੁੰਦਾ, ਪਰ ਅੱਧੇ ਮਨ ਨਾਲ ਸ਼ੁਰੂ ਹੋਈ ਕੋਸ਼ਿਸ਼ ਫਿਰ ਵਿਚ ਹੀ ਛੱਡ ਦਿਤੀ ਜਾਂਦੀ ਅਤੇ ਅਖੀਰ ਉਸ ਨੇ ਜਿਵੇਂ ਇਸ ਤਰਾਂ ਦੀ ਆਪਣੇ ਵਿਛੜੇ ਪ੍ਰੀਵਾਰ ਨੂੰ ਮਿਲਣ ਦੀ ਖਾਹਿਸ਼ ਨੂੰ ਛੱਡ ਹੀ ਦਿੱਤਾ, ਹਾਂ ਜੇ ਕਿਤੇ ਹੋਵੇਗੀ ਤਾਂ ਇਹ ਉਸ ਦੇ ਦਿਲ ਤਕ ਹੀ ਸੀ, ਉਸ ਨੇ ਕਦੀ ਕਿਸੇ ਨੂੰ ਇਸ ਤਰਾਂ ਦੀ ਖਾਹਿਸ਼ ਬਾਰੇ ਨਾ ਦਸਿਆ ਸੀ ਅਤੇ ਨਾਂ ਕਿਸੇ ਨੇ ਇਸ ਸਬੰਧੀ ਉਸ ਨੂੰ ਪੁੱਛਿਆ ਹੀ ਸੀ।