“ਵਿਰਕਾਂ ਦਾ ਦੋਹਤਰਾ ਹੋਵੇ ਤੇ.......
ਕੁਝ ਚਿਰ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਵਿਚ ਗੁਰਦਵਾਰਿਆਂ ਦੀ ਯਾਤਰਾ ਦਾ ਵੀਜਾ ਮਿਲਿਆ ਤਾਂ ਇਸ ਵਿਚ ਕਰਤਾਰਪੁਰ ਸਾਹਿਬ, ਲਹੌਰ ਅਤੇ ਸੱਚਾ ਸੌਦਾ ਦਾ ਵੀਜਾ ਵੀ ਸੀ। ਇਸ ਤੋਂ ਸਾਲ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਆਣ ਦਾ ਮੌਕਾ ਮਿਲਿਆ ਸੀ ਤਾਂ ਮੈਂ ਆਪਣੇ ਜਨਮ ਅਸਥਾਨ ਵਾਲੇ ਪਿੰਡ ਚੱਕ ਨੰਬਰ ੯੬ ਜਿਲਾ ਸਰਗੋਧਾ ਵੀ ਗਿਆ ਸਾਂ, ਉਥੇ ਜਿਸ ਪਿਆਰ ਨਾਲ ਮੇਰੇ ਪਿੰਡ ਵਾਲਿਆਂ ਨੇ ਮੇਰਾ ਸੁਆਗਤ ਕੀਤਾ ਸੀ, ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ। ਪਿੰਡ ਪਹੁੰਚ ਕੇ ਜਦੋਂ ਮੈਂ ਦੱਸਿਆ ਕਿ ਮੈਂ ਨੰਬਰਦਾਰ ਲਛਮਣ ਸਿੰਘ ਦਾ ਪੋਤਰਾ ਹਾਂ, ਤਦ ਕੁਝ ਹੀ ਮਿੰਟਾਂ ਵਿਚ ਤਕਰੀਬਨ ਸਾਰੇ ਹੀ ਪਿੰਡ ਦੇ ਮਰਦ ਇਕ ਚੌਂਕ ਵਿਚ ਮੇਰੇ ਇਰਦ ਗਿਰਦ ਆ ਕੇ ਬੈਠ ਗਏ ਅਤੇ ਹੈਰਾਨੀ ਵਾਲੀ ਗਲ ਸੀ ਕਿ ਕੁਝ ਹੀ ਮਿੰਟਾਂ ਵਿਚ ਚਾਹ, ਪਕੌੜੇ ਅਤੇ ਜਲੇਬੀਆਂ ਵਗੈਰਾ ਕਿਧਰੋਂ ਉਥੇ ਆ ਗਈਆਂ ਅਤੇ ਉਥੇ ਏਦਾਂ ਲੱਗ ਰਿਹਾ ਸੀ, ਜਿਵੇਂ ਕੋਈ ਸਮਾਗਮ ਜਾਂ ਜਸ਼ਨ ਮਨਾਇਆ ਜਾ ਰਿਹਾ ਹੋਵੇ । ਉਥੇ ਬੈਠੇ ਸਭ ਜਣੇ ਸਾਡੇ ਸਾਰੇ ਪਰਿਵਾਰ ਬਾਰੇ ਏਦਾਂ ਪੁੱਛ ਰਹੇ ਸਨ, ਜਿਵੇਂ ਉਹਨਾਂ ਨੂੰ ਵਿਛੜਨ ਦਾ ਬੜਾ ਉਦਰੇਵਾਂ ਹੋਵੇ।
ਸੱਚਾ ਸੌਦਾ ਦੇ ਕੋਲ ਮੇਰੇ ਨਾਨਕਿਆਂ ਦਾ ਪਿੰਡ ਫੁੱਲਰਵਾਨ ਸੀ ਅਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਮੈਂ ਅਤੇ ਮੇਰਾ ਛੋਟਾ ਭਰਾ ਆਪਣੀ ਬੀਬੀ ਜੀ (ਮਾਤਾ ਜੀ) ਨਾਲ ਆਪਣੇ ਨਾਨਕੇ ਆਏ ਹੋਏ ਸਾਂ ਅਤੇ ਇਥੋਂ ਹੀ ਅਸੀ ਇਕ ਕਾਫਲੇ ਵਿਚ ਚਲ ਕੇ ਪੂਰਬੀ ਪੰਜਾਬ ਆਏ ਸਾਂ। ਇਸ ਕਾਫਲੇ ਨੂੰ ਕੁਝ ਦਿਨ ਸੱਚਾ ਸੌਦਾ ਗੁਰਦਵਾਰੇ ਰਹਿਣਾ ਪਿਆ ਸੀ, ਇਸ ਲਈ ੬੦ ਸਾਲ ਮਗਰੋਂ ਮੇਰੇ ਮਨ ਵਿਚ ਉਸ ਗੁਰਦਵਾਰੇ ਨੂੰ ਵੇਖਣ ਦੀ ਚਾਹ ਜਾਗ ਰਹੀ ਸੀ ਅਤੇ ਇਸ ਨਾਲ ਹੀ ਮੈਂ ਆਪਣੇ ਨਾਨਕੇ ਪਿੰਡ ਫੁੱਲਰਵਾਨ ਵੀ ਜਾਣਾ ਚਾਹੁੰਦਾ ਸਾਂ । ਮੈਂ ਇਕ ਦਿਨ ਲਹੌਰ ਰਿਹਾ ਤੇ ਅਗਲੇ ਦਿਨ ਮੈਂ ਇਕ ਕਾਰ ਤੇ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ, ਮੇਰੇ ਨਾਲ ਇਕ ਡਰਾਈਵਰ ਅਤੇ ਲਹੌਰ ਤੋਂ ਇਕ ਹੋਰ ਆਦਮੀ ਸੀ । ਕਰਤਾਰਪੁਰ ਵੱਲ ਜਾਂਦਿਆਂ ਰਾਹ ਵਿਚ ਇਕ ਵੱਡਾ ਸ਼ਹਿਰ ਨਾਰੋਵਾਲ ਆਇਆ। ਉਥੇ ਕਈ ਥਾਵਾਂ ਤੇ, "ਬਾਜਵਾ