

ਤੋਂ ਅਗਲਾ ਪਿੰਡ ਗਾਹ ਹੈ । ਉਸ ਪਿੰਡ ਤੋਂ ਬਾਹਰ ਆ ਕੇ ਫਿਰ ਸੜਕ ਦੇ ਨਾਲ ਨਾਲ ਬੇਰੀਆਂ ਦੇ ਦਰਖਤ ਅਤੇ ਬੇਰਾਂ ਦੇ ਮ੍ਹਲੇ ਵੀ ਕਾਫੀ ਨਜਰ ਆ ਰਹੇ ਸਨ। ਕੱਚੇ ਰਸਤੇ ਅਤੇ ਪੈਲੀਆਂ ਦੀਆਂ ਡੰਡੀਆਂ ਦੂਰ ਦੂਰ ਤਕ ਜਾਂਦੀਆਂ ਨਜਰ ਆਉਂਦੀਆਂ ਸਨ, ਪਰ ਮੀਂਹ ਲਗਾਤਾਰ ਪੈ ਰਿਹਾ ਸੀ ਅਤੇ ਦੂਰ ਦੂਰ ਤਕ ਕਿਤੇ ਵੀ ਕੋਈ ਵਿਅਕਤੀ ਨਜਰ ਨਹੀਂ ਸੀ ਆਉਂਦਾ। ਸੜਕ ਦੇ ਕਿਨਾਰੇ ਜਿਹੜੇ ਘਰ ਆਉਂਦੇ ਸਨ, ਉਹ ਕੁਝ ਕੱਚੇ ਅਤੇ ਕੁਝ ਪੱਕੇ ਸਨ, ਪਰ ਪਿੱਪਲਾਂ ਦੇ ਬਹੁਤ ਵੱਡੇ ਵੱਡੇ ਦਰਖਤ ਬੜੇ ਖਿਲਾਰ ਵਿਚ ਸਨ, ਕਿਤੇ ਕਿਤੇ ਗੈਰ ਕਾਸ਼ਤ ਖੱਡਾਂ ਸਨ ਅਤੇ ਫਿਰ ਪ੍ਰਧਾਨ ਮੰਤਰੀ ਦਾ ਪਿੰਡ "ਗਾਹ" ਆ ਗਿਆ। ਇਹ ਇਕ ਛੋਟਾ ਜਿਹਾ ਪਿੰਡ ਸੀ। ਰਸਤੇ ਕੱਚੇ ਸਨ, ਪਿੰਡ ਵਿਚ ਕੁਝ ਕੱਚੇ ਅਤੇ ਕੁਝ ਪੱਕੇ ਘਰ ਸਨ। ਅਜੇ ਵੀ ਬਾਰਸ਼ ਲਗਾਤਾਰ ਜਾਰੀ ਸੀ । ਕੁਝ ਲੋਕ ਛਤਰੀਆਂ ਲੈ ਕੇ ਸਾਨੂੰ ਚੌਕ ਵਿਚ ਉਡੀਕ ਰਹੇ ਸਨ। ਡੈਲੀਗੇਸ਼ਨ ਦਾ ਸਕੂਲ ਵਿਚ ਪ੍ਰੋਗਰਾਮ ਰੱਖਿਆ ਹੋਇਆ ਸੀ । ਪਰ ਉਸ ਜਗਾਹ ਤੋਂ ਸਕੂਲ ਤਕ ਪਹੁੰਚਣਾ ਬਾਰਸ਼ ਕਰਕੇ ਮੁਸ਼ਕਿਲ ਬਣਿਆ ਹੋਇਆ ਸੀ। ਉਸ ਗਲੀ ਵਿਚ ਬੱਸ ਨਹੀਂ ਸੀ ਜਾ ਸਕਦੀ, ਕਿਉਂ ਜੋ ਗਲੀ ਤੰਗ ਸੀ। ਸਕੂਲ ਤਕ ਪਹੁੰਚਣ ਲਈ ਵੱਖ ਵੱਖ ਸਕੀਮਾਂ ਸੋਚੀਆਂ ਜਾ ਰਹੀਆਂ ਸਨ । ਪਰ ਫਿਰ ਇਕ ਆਦਮੀ ਇਕ ਛੋਟੀ ਜੀਪ ਲੈ ਕੇ ਆ ਗਿਆ ਜੋ ਪਿਛੋਂ ਤੋਂ ਖੁਲੀ ਸੀ ਤੇ ਛੱਤੀ ਹੋਈ ਸੀ । ਤਿੰਨ, ਚਾਰ ਫੇਰਿਆਂ ਵਿਚ ਅਸੀ ਸਾਰੇ ਲੋਕ ਸਕੂਲ ਵਿਚ ਪਹੁੰਚ ਗਏ। ਉਸ ਸਕੂਲ ਦੀ ਚਾਰ ਦੀਵਾਰੀ ਇਕ ਤਰਫ ਤੋਂ ਅਜੇ ਵੀ ਕੱਚੀ ਇੱਟ ਦੀ ਬਣੀ ਹੋਈ ਸੀ। ਸਕੂਲ ਦੇ ਵਿਹੜੇ ਦਾ ਜਿਆਦਾ ਫਰਸ਼ ਕੱਚਾ ਸੀ । ਸਕੂਲ ਵਿਚ ਤਾਂ ਅਜੇ ਵੀ ਦੋ, ਤਿੰਨ ਕਮਰੇ ਸਨ ਭਾਵੇਂ ਕਿ ਉਨਾਂ ਦਾ ਅਕਾਰ ਕਾਫੀ ਵੱਡਾ ਸੀ। ਹੁਣ ਇਹ ਮਿਡਲ ਸਕੂਲ ਸੀ ਅਤੇ ਮਿਡਲ ਸਕੂਲ ਵਿਚ ਤਾਂ ਅੱਠ ਕਲਾਸਾਂ ਲਗਦੀਆਂ ਹਨ । ਪਰ ਪਿੰਡ ਦੇ ਲੋਕ ਦਸ ਰਹੇ ਸਨ ਕਿ ਮਿਡਲ ਸਕੂਲ ਤਾਂ ਇਹ ਹੁਣੇ ਹੀ ਬਣਿਆ ਹੈ, ਪਹਿਲਾਂ ਤਾਂ ਪ੍ਰਾਇਮਰੀ ਸਕੂਲ ਹੀ ਸੀ । ਅਸੀ ਮਹਿਸੂਸ ਕਰ ਰਹੇ ਸਾਂ ਕਿ ਇਸ ਹੀ ਸਕੂਲ ਵਿਚ ਸਾਡੇ ਪ੍ਰਧਾਨ ਮੰਤਰੀ ਸਵੇਰੇ-ਸਵੇਰੇ ਆਪਣਾ ਬਸਤਾ ਲੈ ਕੇ ਇੰਨਾਂ ਕਮਰਿਆਂ ਵਿਚ ਆ ਕੇ ਬੈਠਦੇ ਹੋਣਗੇ ਅਤੇ ਇਸ ਹੀ ਵਿਹੜੇ ਵਿਚ ਛੁੱਟੀ ਦੇ ਸਮੇਂ ਖੇਡਦੇ ਹੋਣਗੇ। ਉਹ ਇਸ ਹੀ ਪਿੰਡ ਵਿਚ ਗੁੱਲੀ ਡੰਡਾ, ਹਾਕੀ, ਸ਼ਟਾਪੂ ਅਤੇ ਹੋਰ ਖੇਡਾਂ ਖੇਡਦੇ ਹੋਣਗੇ। ਉਨਾਂ ਦੇ ਨਾਲ ਇਸ ਪਿੰਡ ਦੇ ਕਈ ਸਾਥੀ ਹੋਣਗੇ ਪਰ ਵੰਡ ਤੋਂ ਬਾਦ ਉਹ ਉਹਨਾਂ ਵਿਚੋਂ ਕਿਸੇ ਨੂੰ ਹੀ ਸ਼ਾਇਦ ਮਿਲੇ ਹੋਣ ਜਾਂ ਖੱਤ ਪੱਤਰ ਨਾਲ ਸਬੰਧ ਰੱਖੇ ਹੋਣ