ਹਥਲੀ ਰਚਨਾ ਵਿਚ ਪੇਸ਼ ਪ੍ਰਸੰਗਾਂ ਤੋਂ ਸਪੱਸ਼ਟ ਹੈ ਮਾਂ-ਮਿੱਟੀ ਅਤੇ ਬੋਲੀ ਦੀ ਸਾਂਝ ਵਤਨੋਂ ਦੂਰ ਵੀ ਰੰਗ ਲੈ ਆਉਂਦੀ ਹੈ। ਕੈਨੇਡਾ ਦੀ ਉਨਟਾਰੀਓ ਸਟੇਟ ਵਿਚ ਡਾ. ਜਫ਼ਰ ਇਕਬਾਲ ਅਤੇ ਲੇਖਕ ਦੀ ਨਿਕਟਤਾ ਅਤੇ ਪਿਆਰ ਦਾ ਆਧਾਰ ਇਹੋ ਤੱਥ ਬਣਦਾ ਹੈ।
'ਸਰਹੱਦ ਤੋਂ ਦਿਸਦਾ ਆਪਣਾਂ ਪਿੰਡ' ਦੇ ਬਿਰਤਾਂਤ ਵਿਚ ਦੋਹਾ ਦੇਸ਼ਾਂ ਦਾ ਰੌਚਿਕਤਾ ਭਰਪੂਰ ਭੂਗੋਲਿਕ ਅਧਿਐਨ ਪੇਸ਼ ਹੈ। ਅਜਨਾਲਾ ਤਹਿਸੀਲ ਦੇ ਬਲ੍ਹੜਵਾਲ ਪਿੰਡ ਅਤੇ ਪਾਕਿਸਤਾਨ ਦੇ ਬਦੋਵਾਲ ਪਿੰਡ ਦੇ ਨਜ਼ਦੀਕੀ ਫਾਸਲੇ ਕਰਕੇ ਲੋਕਾਂ ਵਿਚ ਸਮਾਜਕ ਅਤੇ ਜਜ਼ਬਾਤੀ ਤੰਦਾਂ ਵਿਚ ਵੀ ਨਜ਼ਦੀਕੀ ਬਣੀ ਰਹੀ।
ਮਾਸਟਰ ਨਜ਼ੀਰ ਅਹਿਮਦ ਵੰਡ ਪਿਛੋਂ ਵੀ ਆਪਣੇ ਸਕੂਲ ਬਲ੍ਹੜਵਾਲ ਵਿਚ ਸਕੂਲ ਬੰਦ ਹੋਣ ਤੇ ਕੁਝ ਦੇਰ ਬੱਚਿਆਂ ਦੇ ਘਰੀਂ ਆ ਕੇ ਪੜ੍ਹਾਉਂਦਾ ਰਿਹਾ। ਵੰਡ ਦੇ ਇਤਿਹਾਸਕ ਫੈਸਲੇ ਲੋਕਾਂ ਦੇ ਮਨਾਂ ਨੂੰ ਨਹੀਂ ਵੰਡ ਸਕੇ। ਕੋਹਾਂ ਦੂਰ ਭਾਸਦੇ ਨਗਰਾਂ ਦੀ ਸਥਿਤੀ ਕਦੀ ਕੁਝ ਕੁ ਵਾਟਾਂ ਦੀ ਵਿੱਥ ਉੱਤੇ ਹੋਣ ਕਰਕੇ ਪੰਜਾਬੀ, ਲਹੌਰੋਂ ਫਿਰੋਜ਼ਪੁਰ ਅਤੇ ਲਹੌਰੋਂ ਅੰਮ੍ਰਿਤਸਰ ਕੰਮ ਕਰਕੇ ਸਾ-ਦਿਨ ਮੁੜ ਜਾਂਦੇ ਸਨ । ਲੋਪੋਕੇ ਦਾ ਜ਼ਮੀਨਦਾਰ ਧਨਵੰਤ ਸਿੰਘ ਸੰਧੂ ਦੌੜਾਕ ਦਸਦਾ ਹੈ"ਮੈਂ ਸਵੇਰੇ ਲਹੌਰੋਂ ਤੁਰ ਕੇ ਭਜਦਾ ਹੋਇਆ ਆਪਣੇ ਨਾਨਕੇ ਲੋਪੋਕੇ ਹੋ ਕੇ ਸ਼ਾਮ ਨੂੰ ਮੁੜ ਆਪਣੇ ਘਰ ਨਨਕਾਣਾ ਸਾਹਿਬ ਮੁੜ ਜਾਂਦਾ ਸਾਂ। ਆਪਣੇ ਵਤਨ ਨਾਲ ਆਦਰਸ਼ਕ ਪਿਆਰ ਦੀਆਂ ਇਸ ਪ੍ਰਕਾਰ ਦੀਆਂ ਝਲਕੀਆਂ ਅਨੇਕਾਂ ਹਨ। ਪਿੰਡਾਂ ਦੀ ਨੇੜੇ ਸਥਿਤੀ ਦੇ ਆਧਾਰ ਉੱਤੇ ਪੰਜਾਬ ਵਾਸੀਆਂ ਨੇ ਕਈ ਅਖੌਤਾਂ ਮੁਹਾਵਰਿਆਂ ਦੀ ਸਿਰਜਨਾ ਕਰ ਲਈ ਸੀ।