'ਵਾਹਗੇ ਦੀ ਲਕੀਰ' ਸੰਤਾਲੀ ਦੀ ਵੰਡ ਸਮੇਂ ਘਟੀ ਭਿਆਨਕਤਾ ਦੀ ਦਸ਼ਾ ਨੂੰ ਵੀ ਵਿਅਕਤ ਕਰਦੀ ਹੈ ਪਰ ਅਜਿਹੀਆਂ ਬੱਜਰ ਭੁੱਲਾਂ ਤੋਂ ਸੁਚੇਤ ਰਹਿ ਕੇ ਪੰਜਾਬੀਆਂ ਵਿਚ ਪੁਰਾਣੇ ਪਿਆਰ ਨੂੰ ਨਿਭਾਈ ਰੱਖਣ ਦੀ ਦਿਸ਼ਾ ਵੀ ਨਿਰਧਾਰਤ ਕਰਦੀ ਹੈ। ਪੁਸਤਕ ਦਾ ਲੇਖਕ ਇਸ ਦਿਸ਼ਾ ਵਲ ਅਗ੍ਰਸਰ ਹੋਣ ਦੀ ਚੇਤਨਾ ਵੀ ਜਗਾਉਂਦਾ ਹੈ।
ਡਾ. ਛੀਨਾ ਨੇ ਸਰਲ ਪੰਜਾਬੀ ਭਾਸ਼ਾ ਅਤੇ ਬਿਰਤਾਂਤ ਰਸ ਨਾਲ ਗੁੱਧੀ ਇਸ ਪੁਸਤਕ ਦੀ ਰਚਨਾ ਨਾਲ ਪੰਜਾਬੀਆਂ ਦੇ ਪਰਸਪਰ ਪਿਆਰ, ਪਛਾਣ ਅਤੇ ਸਾਂਝ ਦੇ ਮਾਰਗ ਉੱਤੇ ਇਕ ਹੋਰ ਮੀਲ-ਪੱਥਰ ਗੱਡ ਦਿੱਤਾ ਹੈ ਜੋ ਸਾਂਝੀ ਮਾਨਵੀ ਸੋਚ ਨੂੰ ਸਦਾ ਚਾਨਣ ਪ੍ਰਦਾਨ ਕਰਦਾ ਰਹੇਗਾ। ਇਕ ਸੰਜੀਦਾ ਵਿਸ਼ੇ ਨੂੰ ਇੰਨੀ ਸਪੱਸ਼ਟਤਾ ਨਾਲ ਪੇਸ਼ ਕਰਨ ਦਾ ਇਹ ਯਤਨ ਪਾਠਕਾਂ ਵਿਚ ਰਚਨਾ ਪ੍ਰਤਿ ਅਵਸ਼ ਪੜ੍ਹਨ ਦੀ ਰੁਚੀ ਅਤੇ ਦਿਲਚਸਪੀ ਉਤਪੰਨ ਕਰੇਗਾ ਮੈਨੂੰ ਇਹ ਪੂਰਾ ਵਿਸ਼ਵਾਸ ਹੈ।
ਹਿੰਦ-ਪਾਕ ਦੋਸਤੀ ਦੇ ਅਲੰਬਰਦਾਰਾਂ ਵਲੋਂ ਇਸ ਰਚਨਾ ਦਾ ਸੁਆਗਤ ਕਰਨਾ ਬਣਦਾ ਹੈ। ਮੇਰੇ ਵਲੋਂ ਆਪਸੀ ਸਾਂਝਾਂ ਦੇ ਸੁਨੇਹੇ ਦੇ ਇਸ ਸ਼ਾਬਦਿਕ ਗੁਲਦਸਤੇ ਦੀ ਰਚਨਾ ਗੁੰਦਾਈ ਲਈ ਪੁਸਤਕ ਦੇ ਲੇਖਕ ਡਾ. ਸਰਬਜੀਤ ਛੀਨਾ ਨੂੰ ਮੁਬਾਰਕ।
ਸ਼ਾਲਾ! ਮੁੜ ਵਿਛੜਨ ਰਾਤ ਨਾ ਆਵੇ ਤੇ ਸਾਂਝਾਂ ਦੀਆਂ ਇਹ ਤੰਦਾਂ ਹੋਰ ਪੀਢੀਆਂ ਹੋਣ।
ਇਕਬਾਲ ਕੌਰ (ਡਾ.)
ਰਿਟਾਇਰਡ ਪ੍ਰੋ. (H/O/E/V), ਅੰਮ੍ਰਿਤਸਰ
ਮੋ. 9646237373