ਸ਼ੁਭ ਆਗਮਨ
ਇਹ ਪੰਜਾਬ ਦੀ ਮਿੱਟੀ ਦੀ ਤਾਸੀਰ ਹੈ ਕਿ ਏਥੇ ਇੱਕੋ ਵੇਲੇ ਅਮਰਤਾ ਪ੍ਰਦਾਨ ਕਰਨ ਵਾਲੇ ਬੂਟੇ ਵੀ ਫਲਦੇ ਨੇ ਤੇ ਜ਼ਹਿਰੀਲੀ ਫਸਲ ਵੀ ਉੱਗਦੀ ਹੈ। ਇਹ ਲੋਕ ਮੁਹੱਬਤ ਵਿਚ ਵੀ ਮਰਦੇ ਨੇ ਤੇ ਨਫ਼ਰਤ ਵਿਚ ਵੀ ਜਾਨ ਲੈਂਦੇ ਨੇ। ਇਸ ਖਿੱਤੇ ਦੇ ਦਰਿਆ ਕਈ ਵਾਰ ਲਹੂ ਲੁਹਾਨ ਹੋਏ। ਪੰਜਾਬ ਲਈ ਜੀਵਨ ਦੇ ਇਹ ਅਲੋਕਾਰ ਵਰਤਾਰੇ ਇਸਦੀ ਖਾਸੀਅਤ ਵੀ ਹਨ ਤੇ ਸਰਾਪ ਵੀ।
ਜੇ ਮੁਹੱਬਤਾਂ, ਸਾਂਝਾਂ, ਦੋਸਤੀਆਂ ਤੇ ਨਿੱਘੇ ਰਿਸ਼ਤਿਆਂ ਦੀ ਪ੍ਰੰਪਰਾ ਲਮੇਰੀ ਹੈ ਤਾਂ ਸਰਾਪਾਂ, ਦੁੱਖਾਂ ਤੇ ਕਲੇਸ਼ਾਂ ਦੀ ਦਾਸਤਾਨ ਵੀ ਛੋਟੀ ਨਹੀਂ। ਜੇ ਬਾਹਰੀ ਹਮਲਾਵਰ ਇਸ ਮਿੱਟੀ ਨੂੰ ਲਿਤਾੜਦੇ ਰਹੇ ਤਾਂ ਪੰਜਾਬ ਵਾਸੀ ਖ਼ੁਦ ਵੀ ਗੁੱਥਮਗੁੱਥਾ ਹੋਣੋ ਨਹੀਂ ਗੁਰੇਜ਼ ਕਰਦੇ ਰਹੇ। ਸੰਤਾਲੀ ਦੀ ਵੰਡ ਦਾ ਦੁਖਾਂਤ ਇਸ ਖਾਨਾਜੰਗੀ ਦੀ, ਇਸ ਸਿਰੇ ਦੀ ਮਿਸਾਲ ਹੈ।
ਗੁਰੂਆਂ, ਪੀਰਾਂ, ਪੈਗੰਬਰਾਂ ਤੇ ਦੇਵਤਿਆਂ ਦੀ ਧਰਤੀ ਦੇ ਇਹ ਵਾਸੀ ਹਮੇਸ਼ਾ ਕੌਮਾਂ, ਧਰਮਾਂ ਤੇ ਫਿਰਕਿਆਂ ਵਿਚ ਰਹਿ ਕੇ ਜੀਵੇ। ਸਾਂਝਾ ਜੀਣ- ਥੀਣ ਸ਼ਾਇਦ ਇਨ੍ਹਾਂ ਨੂੰ ਕਦੇ ਰਾਸ ਨਾ ਆਇਆ। ਸ਼ਾਇਦ ਹਰ ਸਮੇਂ ਦਾ ਹਾਕਮ ਪੰਜਾਬੀਆਂ ਦੀ ਇਕਮੁੱਠਤਾ ਨੂੰ ਕਦੇ ਵੀ ਬਰਦਾਸ਼ਤ ਨਾ ਕਰ ਸਕਿਆ, ਜਾਂ ਸ਼ਾਇਦ ਕੱਚੀ ਮਿੱਟੀ ਦੇ ਗੁੰਨੇ ਹੋਏ ਪੰਜਾਬੀ ਜਲਦੀ ਹੀ ਕਿਸੇ 'ਬਾਹਰੀ ਤਾਕਤ' ਦੇ ਢਾਹੇ ਚੜ੍ਹ ਜਾਂਦੇ ਰਹੇ ਤੇ ਹਾਕਮ ਜਮਾਤ ਦੇ ਮਨਸੂਬੇ ਸਫਲ ਕਰ ਦਿੰਦੇ ਰਹੇ।
ਸੰਤਾਲੀ ਦੇ ਸਾਕੇ ਨੇ ਪੰਜਾਬੀ ਜਿਸਮ, ਮਨ ਤੇ ਸੋਚ ਨੂੰ ਜੋ ਜ਼ਖ਼ਮ ਦਿੱਤੇ ਉਹ ਕੋਈ ਵਿਅਕਤੀ ਸ਼ਾਇਦ ਕਦੇ ਵੀ ਨਾ ਭੁੱਲ ਸਕੇ। ਜੋ ਉਸ ਸਾਕੇ ਦੇ ਚਸ਼ਮਦੀਦ ਗਵਾਹ ਬਚੇ ਨੇ ਉਹ ਤਾਂ ਹੁਣ ਵੀ ਬੁੱਕ-ਬੁੱਕ ਹੰਝੂ ਕੇਰਦੇ, ਲਹੂ ਦੇ ਘੁੱਟ ਭਰਦੇ ਤੇ ਸੁੱਤੇ ਸੁੱਤੇ ਤਹਿ ਉਠਦੇ ਨੇ। ਜਿਨ੍ਹਾਂ ਇਸ ਖੂਨੀ ਕਾਂਡ ਦੇ ਵਾਪਰਨ ਉਪਰੰਤ ਜਨਮ ਲਿਆ, ਉਨ੍ਹਾਂ ਨੂੰ ਇਹ ਖ਼ੂਨੀ ਮੰਜ਼ਰ ਆਪਣੇ ਵਿਰਸੇ ਵਿਚ ਪਿਆ ਦਿਸਦਾ ਹੈ। ਇਸ ਦਰਦ ਦੀ ਇੰਤਹਾ ਨੂੰ ਉਹ ਚਸ਼ਮਦੀਦ ਗਵਾਹਾਂ ਦੀ ਗਹਿਰਾਈ ਨਾਲ ਹੀ ਮਹਿਸੂਸ ਕਰਦੇ ਨੇ।