ਕਿੰਨੀ ਅਜੀਬ ਵੰਡ ਸੀ ਜਿਸ ਨੇ ਉਹ ਭੈਣ ਭਰਾ ਜੋ ਇਕੱਠੇ ਪਲੇ, ਖੇਡਦੇ ਰਹੇ ਪਰ ਵੰਡ ਤੋਂ ਬਾਦ ਇਕ ਵਾਰ ਵੀ ਨਾ ਮਿਲ ਸਕੇ । ਫਿਰ ਪਾਦਰੀ ਸਾਹਿਬ ਕਹਿਣ ਲਗੇ ਜੱਲ੍ਹਾ ਤਾਂ ਦੋ ਵਾਰ ਹੋ ਆਇਆ ਸੀ ਮੈਂ ਤਾਂ ਸਿਰਫ ਇਕ ਵਾਰ ਹੀ ਗਿਆ ਸੀ।
ਮੈਂ ਜਾਣ ਕੇ ਕਿਹਾ "ਜੇ.ਐਮ ਸਾਹਿਬ ਦੋ ਵਾਰ ਹੋ ਆਏ ਹਨ" ਤਾਂ ਜੇ.ਐਮ ਨੇ ਅਜੀਬ ਹੈਰਾਨੀ ਨਾਲ ਮੇਰੇ ਵਲ ਵੇਖਿਆ ਜਿਵੇਂ ਉਹ ਮਹਿਸੂਸ ਕਰਦਾ ਹੋਵੇ ਕਿ ਮੈਂ ਉਸਦੇ ਨਾਂ ਤੋਂ ਇਲਾਵਾ ਵੀ ਉਸ ਬਾਰੇ ਬਹੁਤ ਕੁਝ ਜਾਣਦਾ ਹਾਂ । ਪਰ ਦੂਸਰੇ ਲੋਕ ਮੇਰੀ ਗਲ ਸੁਣ ਕੇ ਮਾੜਾ ਜਿਹਾ ਹੱਸ ਰਹੇ ਸਨ। ਕਾਫੀ ਲੋਕ ਸਾਡੇ ਇਰਦ ਗਿਰਦ ਮੰਜੀਆਂ ਤੇ ਬੈਠੇ ਸਨ । ਪਾਦਰੀ ਸਾਹਿਬ ਅਤੇ ਮਾਸਟਰ ਜੀ ਆਪਣੇ ਭਣੇਵਿਆਂ ਅਤੇ ਇਰਸ਼ਾਦ ਦਤਾ ਜੀ ਬਾਰੇ ਕਾਫੀ ਕੁਝ ਪੁਛ ਰਹੇ ਸਨ। ਮੈਂ ਉਹਨਾ ਨੂੰ ਫਿਰ ਧਾਰੀਵਾਲ ਆਉਣ ਨੂੰ ਕਿਹਾ ਤਾਂ ਮਾਸਟਰ ਜੀ ਕਹਿਣ ਲੱਗੇ ਹੁਣ ਤਾਂ ਪਾਸਪੋਰਟਾਂ ਦੀ ਮਿਆਦ ਮੁੱਕਿਆਂ ਵੀ ਕਈ ਸਾਲ ਹੋ ਗਏ ਹਨ, ਪਾਸਪੋਰਟ ਬਨਾਉਣ ਤੋਂ ਬਾਦ ਵੀ ਵੀਜਾ ਕਿਹੜਾ ਅਸਾਨੀ ਨਾਲ ਮਿਲ ਜਾਂਦਾ ਹੈ ਪਰ ਚਲੋ ਵੇਖਾਂਗੇ ਭਨੇਵਿਆਂ ਨੂੰ ਮਿਲਣ ਨੂੰ ਦਿਲ ਤਾਂ ਬਹੁਤ ਕਰਦਾ ਹੈ। ਜਦ ਮੈਂ ਉਹਨਾਂ ਕੋਲੋਂ ਛੁੱਟੀ ਮੰਗੀ ਤਾਂ ਪਾਦਰੀ ਸਾਹਿਬ ਕਹਿਣ ਲਗੇ ਬੈਠੋ ਦੁਆ ਤਾਂ ਕਰ ਲਈਏ ਉਹਨਾ ਨੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕੀਤੀ, ਬਿਲਕੁਲ ਉਸ ਤਰਾਂ ਹੀ ਜਿਸ ਤਰਾਂ ਸਾਡੇ ਘਰ ਪਾਦਰੀ ਇਰਸ਼ਾਦ ਦਤਾ ਨੇ ਕੀਤੀ ਸੀ।
"........ਖੁਦਾ ਅਮਨ ਸ਼ਾਂਤੀ ਰੱਖੋ, ਦੋਵੇਂ ਦੇਸ਼ ਤਰੱਕੀ ਕਰਣ, ਦੋਵਾਂ ਦੇਸ਼ਾ ਦੇ ਲੋਕਾਂ ਵਿਚ ਖੁਸ਼ਹਾਲੀ ਵਧੇ, ਪਿਆਰ ਮੁਹੱਬਤ ਵਧੇ......" ਮੈਨੂੰ ਇਸ ਤਰਾਂ ਲੱਗਾ ਜਿਵੇਂ ਮੈਂ ਆਪਣੇ ਪਿੰਡ ਵਾਲੇ ਘਰ ਵਿਚ ਬੈਠਾ ਹੋਇਆ ਹਾਂ। ਇਹੋ ਕੁਝ ਤਾਂ ਦੁਆ ਵਿਚ ਪਾਦਰੀ ਇਰਸ਼ਾਦ ਦਤਾ ਮੰਗ ਰਹੇ ਸਨ। ਉਸ ਵਕਤ ਮੈਂ ਉਹਨਾਂ ਅਨੇਕਾਂ ਲੋਕਾਂ ਨੂੰ ਉਹਨਾਂ ਦੀਆਂ ਇਕੋ ਜਹੀਆਂ ਮਜਬੂਰੀਆਂ ਵਿਚ ਘਿਰਿਆ ਹੋਇਆਂ, ਲਕੀਰ ਦੇ ਇਸ ਪਾਸੇ ਜਾਂ ਉਸ ਪਾਸੇ, ਦੂਰ ਤੋਂ ਹੀ ਇਕ ਦੂਜੇ ਦੀ ਸੁੱਖ ਮੰਗਦੇ ਹੋਏ ਵੇਖ ਰਿਹਾ ਸਾਂ।