ਪਿਛਲਾ ਪਿੰਡ ਵੇਖਣ ਦੀ ਖਾਹਿਸ਼
ਇਹ ਕਹਾਣੀ ਇਨ੍ਹਾਂ ਦੋ ਬਜ਼ੁਰਗਾਂ ਜਾਂ ਦੋ ਪਰਿਵਾਰਾਂ ਦੀ ਨਹੀਂ, ਇਹ ਤਾਂ ਉਨ੍ਹਾਂ ਲੱਖਾਂ ਲੋਕਾਂ ਦੀ ਹੈ, ਜੋ ਵਾਹਗੇ ਵਾਲੀ ਲਕੀਰ ਤੋਂ ਪਾਰ ਉਸ ਤਰਫ਼ ਜਾਂ ਇਸ ਤਰਫ਼ ਆਏ ਸਨ। ਇਹ ਕਹਾਣੀ ਹਿੰਦੂ, ਸਿੱਖ ਅਤੇ ਮੁਸਲਿਮ ਸਾਰਿਆਂ ਦੀ ਸਾਂਝੀ ਹੈ। ਤਕਰੀਬਨ ਹਰ ਇਕ ਪਰਿਵਾਰ ਅਤੇ ਹਰ ਵਿਅਕਤੀ ਦੀ ਜੋ ਵਾਹਗੇ ਵਾਲੀ ਲਕੀਰ ਪੈਣ ਤੋਂ ਪਹਿਲਾਂ ਪੈਦਾ ਹੋਇਆ, ਉਨ੍ਹਾਂ ਸਾਰਿਆਂ ਦੀ ਮਨੋ-ਦਸ਼ਾ ਤਕਰੀਬਨ ਇਸ ਤਰ੍ਹਾਂ ਦੀ ਹੀ ਰਹੀ ਹੈ। ਮੈਂ ਜਦ ਇਕ ਡੈਲੀਗੇਸ਼ਨ ਨਾਲ ਪਾਕਿਸਤਾਨ ਜਾਣਾ ਸੀ ਤਾਂ ਮੇਰੇ ਇਕ ਮਿੱਤਰ ਧਰਿੰਦਰ ਭਟਨਾਗਰ ਨੇ ਦਿੱਲੀ ਵਿਚ ਮੈਨੂੰ ਦੋ ਵਿਅਕਤੀਆਂ ਦੇ ਟੈਲੀਫੋਨ ਦਿੱਤੇ ਅਤੇ ਇਕ ਕਿਹਾ ਕਿ ਜੇ ਸੰਭਵ ਹੋਇਆ ਤਾਂ ਉਨ੍ਹਾਂ ਨੂੰ ਮਿਲ ਕੇ ਆਇਉ। ਸ੍ਰੀ ਭਟਨਾਗਰ, ਕਨਫੈਡਰੇਸ਼ਨ ਆਫ ਯੂਨੈਸਕੋ ਕਲੱਬਜ਼ ਇਨ ਇੰਡੀਆ ਦਾ ਸੈਕਟਰੀ ਜਨਰਲ ਹੈ ਅਤੇ ਉਹ ਦੋਵੇਂ ਵਿਅਕਤੀ ਪਾਕਿਸਤਾਨ ਵਿਚ ਬਹੁਤ ਉੱਚ ਅਹੁਦਿਆਂ 'ਤੇ ਸਨ ਅਤੇ ਉਹ ਉਸ ਨੂੰ ਕਿਸੇ ਕਾਨਫਰੰਸ ਵਿਚ ਮਿਲੇ ਸਨ। ਜਦ ਅਸੀਂ ਇਸਲਾਮਾਬਾਦ ਦੇ ਹੋਟਲ ਹੋਲੀ-ਡੇ-ਇਨ ਵਿਚ ਠਹਿਰੇ ਤਾਂ ਦੂਸਰੇ ਦਿਨ ਮੈਂ ਉਨ੍ਹਾਂ ਦੋਵਾਂ ਨੂੰ ਫੋਨ ਕੀਤਾ। ਉਨ੍ਹਾਂ ਵਿਚੋਂ ਇਕ ਤਾਂ ਮਿਲਿਆ ਹੀ ਨਾ ਅਤੇ ਦੂਸਰੇ ਸ੍ਰੀ ਅੱਖਤਰ ਅਹਿਸਾਨ ਨੇ ਮੈਨੂੰ ਕਿਹਾ ਕਿ ਉਹ ਆਪ ਹੀ ਮੇਰੇ ਕੋਲ ਕੋਈ 5 ਕੁ ਵਜੇ ਦੇ ਕਰੀਬ ਆਵੇਗਾ। ਮੈਂ 5 ਵਜੇ ਦੇ ਕਰੀਬ ਥੱਲੇ ਰਿਸੈਪਸ਼ਨ ਕਾਊਂਟਰ ਦੇ ਕੋਲ, ਉਸ ਦੀ ਉਡੀਕ ਕਰਨ ਲਈ ਬੈਠ ਗਿਆ। ਮੇਰੇ ਨਾਲ ਸਾਡੇ ਰਿਸ਼ਤੇਦਾਰ ਇੰਦਰਜੀਤ ਸਿੰਘ ਗਿੱਲ ਵੀ ਸਨ, ਜੋ ਮੇਰੇ ਨਾਲ ਉਸ ਡੈਲੀਗੇਸ਼ਨ ਵਿਚ ਗਏ ਸਨ।
ਤਕਰੀਬਨ 5 ਵਜੇ ਜਦ ਅਖੱਤਰ ਰਿਸੈਪਸ਼ਨ ਕਾਊਂਟਰ ਵੱਲ ਆਇਆ ਤਾਂ ਉਸ ਨੇ ਕਾਊਂਟਰ ਵੱਲ ਜਾਣ ਦੀ ਬਜਾਏ ਸਿੱਧਾ ਹੀ ਸਾਡੇ ਕੋਲ ਆ ਕੇ ਪੁੱਛਿਆ, 'ਆਪ ਹੀ ਮਿਸਟਰ ਛੀਨਾ ਹੋ। ਉਹ ਇਕ ਖੂਬਸੂਰਤ ਵਿਅਕਤੀ ਸੀ। ਉਮਰ ਦੇ ਹਿਸਾਬ 60 ਕੁ ਸਾਲ ਦੇ ਕਰੀਬ ਹੋਣ ਦੇ ਬਾਵਜੂਦ ਉਹ ਬਹੁਤ ਸੋਹਣੀ ਦਿੱਖ ਵਾਲਾ ਸੀ, ਭਾਵੇਂ ਕਿ ਉਸ ਦੇ ਸਿਰ ਦੇ ਵਾਲਾਂ ਵਿਚ ਗੰਜ ਜਿਹਾ ਦਿਸਣ ਲੱਗ ਪਿਆ ਸੀ। ਮੈਨੂੰ ਉਹ ਉਸ ਮੁਸਕਰਾਹਟ ਨਾਲ