ਇਹ ਸਾਰੀ ਗੱਲਬਾਤ ਮੈਂ ਸੁਣ ਤਾਂ ਰਿਹਾ ਸਾਂ, ਪਰ ਇਸ ਵਕਤ ਮੇਰਾ ਧਿਆਨ ਮੇਰੇ ਭਾਪਾ ਜੀ ਦੀ ਉਸ ਖਾਹਿਸ਼ ਵੱਲ ਸੀ, ਜਿਸ ਵਿਚ ਉਹ ਵੀ ਆਪਣਾ ਪਿੰਡ ਵੇਖਣਾ ਚਾਹੁੰਦੇ ਸਨ । ਉਹ ਵੀ ਹਰ ਵਕਤ ਆਪਣੇ ਪਿੰਡ ਚੱਕ ਨੰਬਰ 96 (ਜ਼ਿਲ੍ਹਾ ਸਰਗੋਧਾ) ਵੇਖਣ ਲਈ ਅਹਿਸਾਨ ਸਾਹਿਬ ਦੇ ਅੱਬਾ ਵਾਂਗ ਹੀ ਉਤਸੁਕਤਾ ਰੱਖਦੇ ਸਨ। ਉਹ ਤਾਂ ਅਜੇ ਵੀ ਕਹਿੰਦੇ ਹੁੰਦੇ ਸਨ ਕਿ ਭਾਵੇਂ ਉਧਰੋਂ ਆਇਆ ਨੂੰ 60 ਸਾਲ ਹੋ ਚੱਲੇ ਹਨ, ਪਰ ਸੁਫ਼ਨੇ ਹਰ ਰੋਜ਼ ਪਿੰਡ ਦੇ ਹੀ ਆਉਂਦੇ ਹਨ। ਪਿੰਡ ਦੀਆਂ ਚੌੜੀਆਂ ਗਲੀਆ, ਚੌਕ, ਨਹਿਰਾਂ ਦੇ ਖੁੱਲ੍ਹੇ ਪਾਣੀ, ਆਪਣੇ ਬਾਗ, ਵਗਦੇ ਹੱਲ ਅਤੇ ਆਪਣੇ ਦੋਸਤਾ ਨੂੰ ਹਰ ਵਕਤ ਯਾਦ ਕਰਦੇ ਹਨ। ਅੱਜ ਅਖੱਤਰ ਅਹਿਸਾਨ ਦੀ ਗੱਲ ਸੁਣ ਕੇ ਮੈਨੂੰ ਸ਼ਿੱਦਤ ਮਹਿਸੂਸ ਹੋ ਰਹੀ ਸੀ ਅਤੇ ਮੈਂ ਉਨ੍ਹਾਂ ਦੀ ਇਹ ਖਾਹਿਸ਼ ਛੇਤੀ ਤੋਂ ਛੇਤੀ ਪੂਰੀ ਕਰਨਾ ਚਾਹੁੰਦਾ ਸਾਂ। ਨਾਲ ਹੀ ਮੈਂ ਇਹ ਖਿਆਲ ਕਰ ਰਿਹਾ ਸਾਂ ਕਿ ਲੱਖਾਂ ਲੋਕਾਂ ਨੂੰ ਤਾਂ ਪਾਸਪੋਰਟ ਬਣਾਉਣ ਅਤੇ ਵੀਜ਼ਾ ਪ੍ਰਾਪਤ ਕਰਨ ਬਾਰੇ ਪਤਾ ਨਹੀਂ, ਪਰ ਆਪਣੇ ਛੱਡੇ ਹੋਏ ਪਿੰਡਾਂ ਨੂੰ ਤਾਂ ਉਹ ਵੀ ਓਨੀ ਹੀ ਉਤਸੁਕਤਾ ਨਾਲ ਵੇਖਣਾ ਚਾਹੁੰਦੇ ਹੋਣਗੇ, ਜਿਸ ਤਰ੍ਹਾਂ ਅਖਤਰ ਅਹਿਸਾਨ ਦੇ ਅੱਬਾ ਜਾਂ ਮੇਰੇ ਭਾਪਾ ਜੀ, ਜਦੋਂ ਮੈਂ ਪੁਰਾਣਾ ਪਿੰਡ ਵੇਖ ਕੇ ਆਵਾਂਗਾ ਤਾਂ ਭਾਪਾ ਜੀ ਨੇ ਕਿਹਾ ਸੀ ਕਿ ਉਥੋਂ ਆ ਕੇ ਛੇਤੀ ਤੋਂ ਛੇਤੀ ਮੈਨੂੰ ਮਿਲੀਂ ਅਤੇ ਦੱਸੀ ਕਿ ਹੁਣ ਪਿੰਡ ਕਿੰਨਾ ਕੁ ਬਦਲ ਗਿਆ ਹੈ ਅਤੇ ਤੈਨੂੰ ਕਿਹੜੇ ਕਿਹੜੇ ਲੋਕ ਮਿਲੇ ਸਨ।
ਦੂਸਰੇ ਦਿਨ ਸ਼ਾਮ ਨੂੰ ਜਨਾਬ ਅਖਤਰ ਅਹਿਸਾਨ ਆਏ ਅਤੇ ਉਨ੍ਹਾਂ ਨੇ ਇੰਦਰਜੀਤ ਸਿੰਘ ਲਈ ਫੈਸਲਾਬਾਦ ਦਾ ਵੀਜ਼ਾ ਲੈ ਆਂਦਾ। ਅਸੀਂ ਇਸ ਕੰਮ ਨੂੰ ਸੰਭਵ ਵੀ ਨਹੀਂ ਸਾਂ ਸਮਝਦੇ। ਸਾਡੇ ਲੱਖ ਜ਼ੋਰ ਦੇਣ 'ਤੇ ਵੀ ਉਨ੍ਹਾਂ ਨੇ ਨਾ ਵੀਜ਼ਾ ਫੀਸ ਦੱਸੀ, ਨਾ ਲਈ। ਪਰ ਜਾਣ ਤੋਂ ਪਹਿਲਾਂ ਫਿਰ ਕਹਿਣ ਲੱਗੇ ਕਿ "ਜਦ ਅਸੀਂ ਆਪਣੇ ਅੱਬਾ ਜੀ ਨਾਲ ਆਵਾਗੇ ਤਾਂ ਸਾਡੇ ਨਾਲ ਜ਼ਰੂਰ ਚੱਲਣਾ, ਮੈਂ ਬਹੁਤ ਛੇਤੀ ਅੱਬਾ ਜੀ ਦੀ ਖਾਹਿਸ਼ ਪੂਰੀ ਕਰਣੀ ਹੈ।" ਫਿਰ ਮੈਂ ਉਨ੍ਹਾਂ ਨੂੰ ਆਪਣੇ ਭਾਪਾ ਜੀ ਦੀ ਆਪਣਾ ਪਿੰਡ ਵੇਖਣ ਦੀ ਖਾਹਿਸ਼ ਦੱਸੀ ਤਾਂ ਉਹ ਕਹਿਣ ਲੱਗੇ, "ਜਦ ਤੁਸੀਂ ਲਾਹੌਰ ਆਉਗੇ ਤਾਂ ਮੈਨੂੰ ਦੱਸ