ਕੋਈ ਸਾਲ ਭਰ ਮੈਂ ਅਖੱਤਰ ਅਹਿਸਾਨ ਅਤੇ ਉਸ ਦੇ ਅੱਬਾ ਬਾਰੇ ਸੋਚਦਾ ਰਿਹਾ ਕਿ ਉਹ ਆਉਣ ਵੇਲੇ ਮੈਨੂੰ ਦੱਸਣਗੇ। ਮੈਂ ਸਾਲ ਬਾਅਦ ਫਿਰ ਪਾਕਿਸਤਾਨ ਗਿਆ ਅਤੇ ਮੈਂ ਅਖੱਤਰ ਅਹਿਸਾਨ ਨੂੰ ਲਾਹੌਰ ਤੋਂ ਫੋਨ ਕੀਤਾ। ਉਹ ਬਹੁਤ ਖੁਸ਼ ਸੀ, ਉਹ ਪੁੱਛ ਰਿਹਾ ਸੀ ਕਿ "ਮੈਂ ਕਦੋਂ ਉਸ ਕੋਲ ਆਵਾਂਗਾ। ਉਹ ਮੇਰੇ ਲਈ ਕੀ ਕਰ ਸਕਦਾ ਹੈ। ਉਹ ਕੋਈ ਤਿੰਨ- ਚਾਰ ਮਿੰਟ ਗੱਲਾਂ ਕਰਦਾ ਰਿਹਾ ਤਾਂ ਮੈਂ ਉਸ ਨੂੰ ਯਾਦ ਕਰਾਇਆ ਕਿ "ਮੈਂ ਉਸ ਨੂੰ ਉਡੀਕਦਾ ਰਿਹਾ ਹਾਂ। ਤੁਸੀਂ ਆਪਣੇ ਅੱਬਾ ਜੀ ਨੂੰ ਲੈ ਕੇ ਕਿਉਂ ਨਹੀਂ ਆਏ।" ਉਹ ਚੁੱਪ ਹੋ ਗਿਆ। ਮੈਂ ਤਾਂ ਸਮਝਿਆ ਕਿ ਸ਼ਾਇਦ ਫੋਨ ਕੱਟਿਆ ਗਿਆ ਹੈ, ਪਰ ਉਹ ਬੋਲਿਆ, "ਅੱਬਾ ਜੀ ਆਪਣਾ ਪਿੰਡ ਵੇਖਣ ਦੀ ਖਾਹਿਸ਼ ਨਾਲ ਹੀ ਲੈ ਗਏ।” ਉਹ ਪੁੱਛਣ ਲੱਗਾ ਕਿ "ਤੁਸੀਂ ਆਪਣੇ ਭਾਪਾ ਜੀ ਨੂੰ ਨਾਲ ਲੈ ਕੇ ਆਏ ਹੋ,” ਤਾਂ ਫਿਰ ਮੇਰੀ ਚੁੱਪ ਨੇ ਉਸ ਨੂੰ ਸਮਝਾ ਦਿੱਤਾ ਕਿ ਉਹ ਵੀ ਇਹ ਖਾਹਿਸ਼ ਨਾਲ ਹੀ ਲੈ ਗਏ ਹਨ।