ਦੂਸਰੇ ਦਿਨ ਟੋਰਾਟੋਂ ਵਿਚ ਜਦ ਅਸੀਂ ਇਕ ਇੰਡੀਅਨ ਰੈਸਟੋਰੈਂਟ ਦੇ ਅੱਗੋਂ ਦੀ ਲੰਘ ਰਹੇ ਸਾਂ, ਤਾਂ ਬੱਸ ਨੂੰ ਮਿਸ ਮੈਲਨੀ ਨੇ ਠਹਿਰਾ ਲਿਆ ਅਤੇ ਦੱਸਣ ਲੱਗੀ ਕਿ ਇਹ ਇੰਡੀਅਨ ਰੇਸਟੋਰੈਂਟ ਹੈ, ਸਾਨੂੰ ਅੰਦਰ ਜਾ ਕੇ ਹੈਰਾਨੀ ਹੋਈ ਕਿ ਉਸ ਨੂੰ ਚਲਾਉਣ ਵਾਲਾ ਭਾਰਤੀ ਪੰਜਾਬੀ ਸੀ ਅਤੇ ਉਸ ਰੈਸਟੋਰੈਂਟ ਵਿਚ ਬਰਫੀ, ਪੇਸਟਰੀ, ਗੁਲਾਬ ਜਾਮੁਨ ਅਤੇ ਸਮੋਸੇ ਆਦਿ ਇਸ ਤਰ੍ਹਾਂ ਹੀ ਸਨ ਜਿਵੇਂ ਉਹ ਅੰਮ੍ਰਿਤਸਰ ਦਾ ਕੋਈ ਰੈਸਟੋਰੇਂਟ ਹੋਵੇ। ਮੇਰੇ ਕੋਲ ਡਾ. ਜਫਰ ਇਕਬਾਲ ਆ ਕੇ ਕਹਿਣ ਲੱਗਾ ਇਹ ਤਾਂ ਮੁਲਤਾਨ ਦਾ ਰੈਸਟੋਰੈਂਟ ਲੱਗਦਾ ਹੈ। ਸਾਡੇ ਕਹਿਣ ਤੇ ਸਾਰਾ ਹੀ ਡੈਲੀਗੇਸ਼ਨ ਚਾਹ ਪੀਣ ਲਈ ਮੰਨ ਗਿਆ ਅਤੇ ਅਸੀਂ ਪੇਸਟਰੀ, ਬਰਫੀ, ਸਮੋਸੇ ਅਤੇ ਪਕੌੜਿਆ ਦਾ ਆਰਡਰ ਕਰ ਦਿੱਤਾ। ਹਰ ਇਕ ਨੇ ਇਨ੍ਹਾਂ ਡਿਸ਼ਾਂ ਦਾ ਆਨੰਦ ਲਿਆ। ਮੈਂ ਕਾਉਂਟਰ 'ਤੇ ਜਾ ਕੇ ਇਸ ਦਾ 270 ਡਾਲਰ ਬਿੱਲ ਦੇ ਦਿੱਤਾ। ਜਿਸ ਦਿਨ ਦਾ ਮੈਂ ਕੈਨੇਡਾ ਆਇਆ ਸਾਂ, ਮੈਨੂੰ ਕੋਈ ਵੀ ਪੈਸਾ ਖਰਚਣ ਦਾ ਮੌਕਾ ਨਹੀਂ ਸੀ ਮਿਲਿਆ। ਮੇਰੇ ਮਗਰ ਇਕਦਮ ਜਫਰ ਇਕਬਾਲ ਆ ਗਿਆ ਅਤੇ ਪੁਛਣ ਲੱਗਾ ਕਿ ਕਿੰਨਾ ਬਿੱਲ ਹੈ। ਜਦ ਮੈਂ ਉਸ ਨੂੰ ਦੱਸਿਆ ਕਿ ਬਿੱਲ ਮੈਂ ਦੇ ਦਿੱਤਾ ਹੈ ਤਾਂ ਉਹ ਕਹਿਣ ਲੱਗਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਅੱਧਾ ਬਿੱਲ ਮੈਂ ਦੇਵਾਂਗਾ। ਮੈਂ ਉਸ ਨੂੰ ਬਥੇਰਾ ਕਿਹਾ ਪਰ ਅਖੀਰ 'ਤੇ ਉਹ ਕਹਿਣ ਲੱਗਾ, “ਛੀਨਾ ਸਾਹਿਬ, ਉਥੇ ਇਕ ਵਾਹਗੇ ਵਾਲੀ ਲਕੀਰ ਹੈ। ਤੁਸੀਂ ਕੈਨੇਡਾ, ਅਮਰੀਕਾ ਦੇ ਆਦਮੀ ਨੂੰ ਤਾਂ ਯਕੀਨਨ ਦੁਬਾਰਾ ਮਿਲ ਸਕਦੇ ਹੋ, ਭਾਰਤ ਪਾਕਿਸਤਾਨ ਦਾ ਆਦਮੀ ਯਕੀਨੀ ਤੌਰ ਤੇ ਦੁਬਾਰਾ ਮਿਲ ਸਕਦਾ ਹੈ ਕਿ ਨਹੀਂ ਇਸ ਨੂੰ ਤੁਸੀਂ ਯਕੀਨੀ ਨਹੀਂ ਕਹਿ ਸਕਦੇ। ਮੈਂ ਇਹ ਕਰਜ਼ਾ ਨਹੀਂ ਲੈਣਾ ਚਾਹੁੰਦਾ। ਅੱਧੇ ਪੈਸੇ ਤੁਸੀਂ ਦਿਓਗੇ, ਅੱਧੇ ਮੈਂ ਦੇਵਾਂਗਾ।" ਅਤੇ ਇਸ ਤੋਂ ਬਾਅਦ ਮੈਂ ਕੁਝ ਨਾ ਕਿਹਾ।
ਉਸ ਚਾਹ-ਪਾਣੀ ਤੋਂ ਬਾਅਦ ਲੰਚ ਦੀ ਲੋੜ ਹੀ ਨਾ ਰਹੀ। ਮਿਸ ਮੈਲਨੀ ਕਹਿਣ ਲੱਗੀ ਇਹ ਫਾਰਮ ਭਰ ਕੇ ਬਿੱਲ ਨਾਲ ਲਾ ਦਿਓ, ਮੈਂ ਇਹ ਪੈਸੇ ਤੁਹਾਨੂੰ ਦੇ ਦੇਵਾਂਗੀ । ਅਸੀਂ ਦੋਵਾਂ ਨੇ ਉਸ ਨੂੰ ਦੱਸਿਆ ਕਿ ਸਾਡੇ ਪੰਜਾਬੀ ਕਲਚਰ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤੋਂ ਬਾਅਦ ਉਸ ਨੂੰ ਸਾਡੇ ਸਾਂਝੇ ਪੰਜਾਬੀ ਕਲਚਰ ਬਾਰੇ ਸਮਝਾਉਣ ਲਈ ਜਫਰ ਇਕਬਾਲ ਕੋਈ ਅੱਧਾ ਘੰਟਾ ਸਿਰ ਖਪਾਉਂਦਾ ਰਿਹਾ।