ਲੇ ਖ ਕ ਵਲੋਂ
ਦੁਨੀਆਂ ਦੇ ਇਤਿਹਾਸ ਵਿਚ ਵਸੋਂ ਦੇ ਇੰਨੇ ਵੱਡੇ ਤਬਾਦਲੇ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ ਜੋ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਨਾਲ ਮਿਲਦੀ ਹੋਵੇ। ਕਈ ਵਿਦਵਾਨਾਂ ਅਨੁਸਾਰ ਮਨੁੱਖੀ ਵਿਕਾਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਤੇ ਕੋਈ 2 ਕਰੋੜ ਦੇ ਕਰੀਬ ਪੁਸਤਕਾਂ ਲਿਖੀਆਂ ਗਈਆਂ ਹਨ, ਹਰ ਧਰਮ ਵਿਚ ਦਯਾ ਅਤੇ ਪ੍ਰੇਮ ਭਾਵ ਨੂੰ ਵਧਾਉਣ ਦੀ ਸਿਖਿਆ ਦਿੱਤੀ ਗਈ ਹੈ ਪਰ ਜਿੰਨੇ ਕਤਲ ਅਤੇ ਜੁਰਮ ਧਰਮ ਦੇ ਨਾਂ ਤੇ ਹੋਏ ਹਨ ਇਹ ਕਿਸੇ ਹੋਰ ਮੁੱਦੇ ਤੇ ਨਹੀਂ ਹੋਏ। ਇਕ ਪ੍ਰਸਿੱਧ ਸ਼ਾਇਰ ਦੀਆਂ ਇਹ ਸਤਰਾਂ :
ਤਾਰੀਖ ਦੀ ਨਜਰੋਂ ਨੇ ਵਹੁ ਦੌਰ ਭੀ ਦੇਖੇ ਹੈ
ਲੰਬੋਂਹ ਨੇ ਖਤਾ ਕੀ, ਸਦੀਓ ਨੇ ਸਜਾ ਪਾਈ
ਪਰ ਉਸ ਵੰਡ ਵਿਚ ਹਜ਼ਾਰਾਂ, ਲਖਾਂ ਪ੍ਰੀਵਾਰਾਂ ਜਿੰਨ੍ਹਾਂ ਦੇ ਬੇਟੇ, ਬੇਟੀਆਂ, ਭੈਣ, ਭਰਾ, ਮਾਂ, ਬਾਪ, ਮਾਰੇ ਗਏ ਜਾਂ ਗੁੰਮ ਹੋਏ ਉਹਨਾਂ ਦੀ ਆਪਣੀ ਤਾਂ ਕੋਈ ਵੀ ਖ਼ਤਾ (ਗਲਤੀ) ਨਹੀਂ ਸੀ। ਪਰ ਉਸ ਦੇ ਜੋ ਨਸੂਰ ਉਨ੍ਹਾਂ ਨੂੰ ਮਿਲੇ ਉਹਨਾਂ ਤੋਂ ਛੁਟਕਾਰਾ ਜ਼ਿੰਦਗੀ ਭਰ ਨਾ ਹੋ ਸਕਿਆ।
ਪੰਜ ਦਰਿਆਵਾਂ ਦੀ ਹਰੀ ਭਰੀ ਧਰਤੀ 'ਤੇ ਇਹ ਲੋਕ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਸਦੀਆਂ ਤੋਂ ਇਕੱਠੇ ਇਕ ਹੀ ਸਭਿਆਚਾਰ ਦਾ ਜੀਵਨ ਜੀ ਰਹੇ ਸਨ। ਇਕ ਬੋਲੀ, ਇਕੋ ਜਿਹੀਆਂ ਰਸਮਾਂ, ਰਿਵਾਜ, ਇਕ ਪਿਛੋਕੜ ਅਤੇ ਆਪਸ ਵਿਚ ਪ੍ਰੇਮ ਭਾਵਨਾ। ਕੁਝ ਮੁੱਠੀ ਭਰ ਲੋਕਾਂ ਵਲੋਂ ਫੈਲਾਈ ਇਸ ਨਫਰਤ ਨੇ ਹੱਸਦੇ ਵੱਸਦੇ ਘਰ ਉਜਾੜੇ ਅਤੇ ਜਿੰਨਾ ਲੋਕਾਂ ਨੇ ਉਹ ਸੰਤਾਪ ਭੋਗਿਆ, ਉਹਨਾਂ ਦੇ ਦੁੱਖ, ਦਰਦ ਦੀਆਂ ਭਾਵਨਾਵਾਂ ਦੀ ਤਰਜਮਾਨੀ, ਦੁਨੀਆਂ ਦਾ ਕੋਈ ਵੀ ਲੇਖਕ ਆਪਣੇ ਸ਼ਬਦਾਂ ਵਿਚ ਨਹੀਂ ਕਰ ਸਕਦਾ।
ਪਰ ਅਨੇਕਾਂ ਉਹ ਮਿਸਾਲਾਂ ਜਿਨ੍ਹਾਂ ਵਿਚ ਉਥੇ ਰਹਿਣ ਵਾਲੇ ਲੋਕਾਂ ਨੇ ਇਨਸਾਨੀਅਤ ਦੇ ਫਰਜ ਵਜੋਂ ਦੂਸਰਿਆਂ ਨੂੰ ਸੁਰੱਖਿਆ ਦਿੱਤੀ ਉਹ ਕਹਾਣੀਆਂ, ਇਧਰ ਅਤੇ ਉਧਰ ਦੇ ਲੋਕਾਂ ਵਿਚ ਆਪਸ ਵਿਚ ਮਿਲਣ ਅਤੇ ਆਪਣੀ ਛੱਡੀ ਹੋਈ ਧਰਤੀ ਨੂੰ ਵੇਖਣ ਦੀ ਵੱਡੀ ਖਾਹਿਸ਼ ਪੈਦਾ ਕਰਦੀ ਹੈ। ਵੰਡ ਤੋਂ ਬਹੁਤ ਲੰਮਾਂ ਸਮਾਂ ਬਾਅਦ ਵੀ ਲੋਕਾਂ ਦੀਆਂ ਜੋ ਭਾਵਨਾਵਾਂ ਹਨ, ਉਹਨਾਂ ਦੀ ਤਰਜਮਾਨੀ ਕਰਨ ਦੀ ਮੈਂ ਇਹ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਉਮੀਦ ਹੈ ਪਾਠਕ ਇਸ ਨੂੰ ਪਸੰਦ ਕਰਣਗੇ।
ਡਾ. ਸ. ਸ. ਛੀਨਾ
ਫੋਨ. 98551-70335