ਪਿਲਾਉਣ ਲਈ ਰੁਕੇ ਤਾਂ ਦਲੇਰ ਸਿੰਘ ਝੱਟ ਆਪਣੇ ਘੋੜੇ ਤੋਂ ਛਾਲ ਮਾਰ ਕੇ ਰੂਪ ਨੂੰ ਘੋੜੇ ਤੋਂ ਉਤਾਰਨ ਲਈ ਉਸ ਕੋਲ ਜਾ ਪਹੁੰਚਿਆ। ਰੂਪ ਨੇ ਵੀ ਮੁਸਕਰਾ ਕੇ ਉਸ ਵੱਲ ਤੱਕਿਆ ਅਤੇ ਉਸ ਦੇ ਹੱਥ ਦਾ ਸਹਾਰਾ ਲੈ ਕੇ ਥੱਲੇ ਉੱਤਰ ਗਈ। ਪਰ ਅੰਦਰੋਂ ਉਸ ਦਾ ਧਿਆਨ ਕੀਰਤ ਸਿੰਘ ਵੱਲ ਸੀ। ਤਿੰਨ ਘੰਟੇ ਦੀ ਇਸ ਘੋੜ-ਸਵਾਰੀ ਕਾਰਨ ਉਸ ਦੀਆਂ ਲੱਤਾਂ ਆਕੜੀਆਂ ਹੋਈਆਂ ਸਨ ਅਤੇ ਉਸ ਨੂੰ ਧਰਤੀ 'ਤੇ ਪੈਰ ਰੱਖ ਕੇ ਆਪਣਾ ਸੰਤੁਲਨ ਕਾਇਮ ਰੱਖਣਾ ਮੁਸ਼ਕਿਲ ਹੋਣ ਲੱਗਾ। ਦਲੇਰ ਸਿੰਘ ਨੇ ਉਸ ਦੇ ਲੱਕ ਦੁਆਲੇ ਬਾਂਹ ਵਲ ਕੇ ਉਸ ਨੂੰ ਸਹਾਰਾ ਦਿੱਤਾ।
"ਸਾਵਧਾਨ ਦਲੇਰ ਸਿੰਘ ਸਾਵਧਾਨ।" ਕੀਰਤ ਸਿੰਘ ਮਨ ਹੀ ਮਨ ਕਹਿ ਉੱਠਿਆ, "ਇਹ ਸ਼ਾਹੀ ਖ਼ਾਨਦਾਨ ਦੀ ਔਰਤ ਹੈ।" ਫੇਰ ਉਸ ਨੇ ਦੂਜਿਆਂ ਵੱਲ ਤੱਕਦਿਆਂ ਆਖਿਆ:
"ਸਾਨੂੰ ਬਹੁਤ ਸਾਵਧਾਨ ਹੋ ਕੇ ਚੱਲਣਾ ਪਵੇਗਾ ਸ਼ਾਹ ਸਾਹਿਬ । ਸਾਰੇ ਪੰਜਾਬ 'ਚ ਨੌਕਰੀਓਂ ਬਰਖ਼ਾਸਤ ਕੀਤੇ ਵਿਹਲੇ ਸਿਪਾਹੀ ਜੁੰਡਲੀਆਂ ਬਣਾ ਕੇ ਇੱਧਰ-ਉੱਧਰ ਘੁੰਮ ਰਹੇ ਨੇ । ਤੁਸੀਂ ਰਸਤੇ 'ਚ ਵੇਖਿਆ ਹੀ ਹੋਵੇਗਾ।"
"ਹਾਂ, ਮੈਂ ਵੇਖ ਰਿਹਾ ਹਾਂ ਸਿੰਘ ਜੀ। ਐਨੇ ਵਰ੍ਹੇ ਸਿਪਾਹੀਗਿਰੀ ਕਰਨ ਤੋਂ ਬਾਅਦ ਤਲਵਾਰ ਦੀ ਥਾਵੇਂ ਹਲ ਨੂੰ ਏਨੀ ਅਸਾਨੀ ਨਾਲ ਨਹੀਂ ਫੜਿਆ ਜਾ ਸਕਦਾ। ਹੁਣ ਧਾੜਵੀ ਬਣ ਕੇ ਲੁੱਟ ਮਾਰ ਕਰਦੇ ਘੁੰਮ ਫਿਰ ਰਹੇ ਹਨ। ਕੋਈ ਇਕੱਲਾ ਦੁਕੱਲਾ ਮੁਸਾਫ਼ਿਰ ਇਨ੍ਹਾਂ ਤੋਂ ਮਹਿਫ਼ੂਜ਼ ਨਹੀਂ।"
ਪਾਣੀ ਪੀਣ ਅਤੇ ਘੋੜਿਆਂ ਨੂੰ ਸਾਹ ਦਿਵਾਉਣ ਤੋਂ ਬਾਅਦ ਉਹ ਫੇਰ ਤੁਰ ਪਏ। ਪੰਦਰਾਂ ਕੁ ਮੀਲ ਧੂੜ ਦੇ ਬੱਦਲ ਉਡਾਉਣ ਤੋਂ ਬਾਅਦ ਉਨ੍ਹਾਂ ਨੇ ਵੇਖਿਆ ਕਿ ਕਾਫੀ ਸਾਰੇ ਫ਼ੌਜੀ ਸਿਪਾਹੀ ਇਕ ਵਿਸ਼ਾਲ ਬੋਹੜ ਥੱਲੇ ਬੈਠੇ ਪੱਥਰਾਂ ਦੇ ਚੁੱਲ੍ਹੇ ਬਣਾ ਕੇ ਕੁਝ ਰਿੰਨ ਪਕਾ ਰਹੇ ਸਨ।
"ਚੰਗਾ ਹੋਵੇ ਜੇ ਅਸੀਂ ਇਨ੍ਹਾਂ ਕੋਲ ਕੁਝ ਪਲ ਰੁਕ ਕੇ ਇਨ੍ਹਾਂ ਨਾਲ ਦੋ ਚਾਰ ਗੱਲਾਂ ਕਰ ਲਈਏ। ਵਰਨਾ ਬਹੁਤ ਅਸੁਭਾਵਿਕ ਲੱਗੇਗਾ।" ਕੀਰਤ ਸਿੰਘ ਨੇ ਸੁਝਾਅ ਦਿੱਤਾ।
ਸ਼ਾਹ ਮੁਹੰਮਦ ਬਖ਼ਸ਼ ਨੇ 'ਹਾਂ' 'ਚ ਸਿਰ ਹਿਲਾ ਦਿੱਤਾ। ਕੀਰਤ ਸਿੰਘ ਦੇ ਇਸ਼ਾਰੇ ਨਾਲ ਰੂਪ ਅਤੇ ਦਲੇਰ ਸਿੰਘ ਨੇ ਆਪਣੀਆਂ ਪੱਗਾਂ ਦੇ ਲੜ ਆਪਣੇ ਚਿਹਰਿਆਂ ਦੁਆਲੇ ਵਲ ਕੇ ਆਪਣੇ ਮੂੰਹ ਢਕ ਲਏ।
ਉਨ੍ਹਾਂ ਆਪਣੇ ਘੋੜਿਆਂ ਦੀ ਲਗਾਮ ਖਿੱਚੀ ਅਤੇ ਘੋੜਿਆਂ 'ਤੇ ਬੈਠਿਆਂ ਬੈਠਿਆਂ 'ਵਾਹਿਗੁਰੂ ਜੀ ਕਾ ਖ਼ਾਲਸਾ' ਆਖਿਆ। ਅੱਗਿਓਂ'' ਵਾਹਿਗੁਰੂ ਜੀ ਕੀ ਫਤਿਹ ਆਖਦਿਆਂ ਉਨ੍ਹਾਂ 'ਚੋਂ ਇਕ ਸਿੰਘ ਬੋਲਿਆ:
"ਆਓ, ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਛੱਕਦੇ ਜਾਓ।"
"ਨਹੀਂ, ਅਸੀਂ ਲਾਹੌਰ ਤੋਂ ਖੂਬ ਢਿੱਡ ਭਰ ਕੇ ਤੁਰੇ ਸਾਂ।"
"ਓਹ । ਤਾਂ ਤੁਸੀਂ ਲਾਹੌਰ ਤੋਂ ਆ ਰਹੇ ਹੋ। ਕੀ ਹੈ ਉੱਥੋਂ ਦੀ ਤਾਜਾ ਖ਼ਬਰ ?”
"ਕੁਝ ਖ਼ਾਸ ਨਹੀਂ। ਸਭ ਕੁਝ ਸ਼ਮਸ਼ਾਨ ਵਾਂਗ ਚੁੱਪ। ਲੋਕਾਂ ਦਾ ਕਹਿਣਾ ਹੈ ਕਿ ਫਰੰਗੀ ਇੱਥੋਂ ਛੇਤੀ ਹੀ ਚਲੇ ਜਾਣਗੇ ।" ਕੀਰਤ ਸਿੰਘ ਨੇ ਉੱਤਰ ਦੇਂਦਿਆਂ ਆਖਿਆ।
"ਕੀ ਗੱਲਾਂ ਕਰ ਰਹੇ ਹੋ ਸਿੰਘ ਜੀ, ਆਪਣੀਆ ਅੱਖਾਂ 'ਚ ਆਪ ਮਿੱਟੀ ਪਾਉਣ ਵਾਲੀਆਂ। ਸਾਡੇ ਰਾਜੇ ਅਤੇ ਰਾਣੀਆਂ ਆਪ ਬੁਲਾ ਰਹੀਆਂ ਹਨ ਇਨ੍ਹਾਂ ਫਰੰਗੀਆਂ ਨੂੰ-ਆਓ ਆਓ !" ਇਕ ਸਿੱਖ ਸਿਪਾਹੀ ਰੋਹ ਨਾਲ ਕਹਿ ਉੱਠਿਆ, "ਬੋਲੀਆਂ ਲੱਗੀਆਂ ਹੋਈਆਂ ਹਨ ਪੰਜਾਬ ਦੀਆਂ -ਪਹਿਲਾਂ ਨੌਨਿਹਾਲ ਸਿੰਘ ਦੀ ਮਾਂ ਨੇ ਫਰੰਗੀਆਂ ਨੂੰ ਆਪਣੇ ਬਚਾਓ ਲਈ ਪੰਜਾਬ ਦੇ ਕੁਲ ਮਾਲ ਗੁਜਾਰੀ ਦੇ ਰੁਪਏ 'ਚੋਂ ਛੇ ਆਨੇ ਦੇਣ ਦੀ ਪੇਸ਼ਕਸ਼ ਕੀਤੀ। ਉਸ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਇਹ ਬੋਲੀ ਵਧਾਉਂਦਿਆਂ ਸਤਲੁਜ ਪਾਰ ਦੇ ਆਪਣੇ ਸਾਰੇ ਇਲਾਕੇ ਫਰੰਗੀਆਂ ਨੂੰ ਦੇਣ ਦਾ ਵਾਅਦਾ ਕਰ ਦਿੱਤਾ ।"
"ਸਿਰਫ ਇਲਾਕੇ ਹੀ ਨਹੀਂ।" ਦੂਜਾ ਬੋਲਿਆ, "ਨਾਲ ਚਾਰ ਲੱਖ ਰੁਪਈਏ ਵੀ। ਅਤੇ ਇਹ ਵੇਖ ਕੇ ਪਸ਼ੌਰਾ ਸਿੰਘ ਨੇ ਇਸ ਪੇਸਕਸ਼ ਤੋਂ ਉੱਪਰ ਵਧਾਦਿਆਂ ਕਸ਼ਮੀਰ ਵੀ ਫਰੰਗੀਆਂ ਨੂੰ ਦੇਣ ਦੀ ਪੇਸ਼ਕਸ਼ ਭੇਜ ਦਿੱਤੀ। ਅਤੇ, ਅਤੇ ਹੁਣ ਰਾਣੀ ਜਿੰਦਾਂ ਨੇ ਫਰੰਗੀਆਂ ਨੂੰ ਦੁਆਬਾ ਦੇ ਕੇ ਆਪਣੇ ਲਈ ਸੁਰੱਖਿਆ ਖਰੀਦ ਲਈ ।"
"ਚੰਗਾ ਹੋਵੇ ਜੇ ਇਹ ਫਰੰਗੀ ਲਾਹੌਰ ਤੋਂ ਦਫ਼ਾ ਹੋ ਜਾਣ। ਉਨ੍ਹਾਂ ਦੇ ਜਾਂਦਿਆਂ ਹੀ ਅਸੀਂ ਇਸ ਰਾਣੀ ਅਤੇ ਇਸ ਦੇ ਪੁੱਤਰ ਨੂੰ ਚਲਦਾ ਕਰ ਦੇਣਾ ਏ। ਇਹ ਤੇ ਫਰੰਗੀਆਂ ਦੇ ਹੱਥ ਦੀ ਕਠਪੁਤਲੀ ਹੈ ।"
"ਇੰਝ ਕਿਉਂ ਕਹਿੰਦੇ ਹੋ ਮਹਾਰਾਣੀ ਨੂੰ ?" ਕੀਰਤ ਸਿੰਘ ਗੱਲ ਨੂੰ ਅੱਗੇ ਤੋਰਨ ਦੀ ਖ਼ਾਤਿਰ ਬੋਲਿਆ, "ਹੁਣ ਤਾਂ ਲਾਹੌਰ ਨੂੰ ਆਪਣਾ ਅਸਲੀ ਵਾਰਿਸ ਮਿਲਿਆ ਹੈ। ਮੈਂ ਸੁਣਿਆ ਹੈ ਕਿ ਉਹ ਇਕ ਕਾਬਲ ਅਤੇ ਦਲੇਰ ਔਰਤ ਹੈ।"
"ਵਾਰਿਸ ਕਿ ਦੁਸ਼ਮਣ ? ਦਲੇਰ ਕਿ ਚਾਲਬਾਜ ?" ਉਨ੍ਹਾਂ 'ਚੋਂ ਇਕ ਅੱਧਖੜ ਉਮਰ ਦਾ ਸਰਦਾਰ ਬੋਲਿਆ। ਇਸ ਦੇ ਮੱਥੇ ਅਤੇ ਗਰਦਨ ਉੱਤੇ ਸੱਟਾਂ ਦੇ ਨਿਸ਼ਾਨ ਸਨ। "ਜੇ ਇਸ ਨੇ ਮੁਦਕੀ ਤੇ ਫਿਰੋਜ਼ਪੁਰ ਦੀ ਲੜਾਈ 'ਚ ਲਾਲ ਸਿੰਘ ਅਤੇ ਤੇਜ ਸਿੰਘ ਨਾਲ ਮਿਲ ਕੇ ਖਾਲਸਾ ਫੌਜ ਨਾਲ ਦਗਾਬਾਜ਼ੀ ਨਾ ਕੀਤੀ ਹੁੰਦੀ ਤਾਂ ਅਸੀਂ ਉਹ ਲੜਾਈ ਜਿੱਤ ਲਈ ਹੁੰਦੀ ।" ਫੇਰ ਉਸ ਨੇ ਸ਼ਾਹ ਬਖ਼ਸ ਵੱਲ ਗੌਹ ਨਾਲ ਵੇਖਦਿਆਂ ਆਖਿਆ:
"ਜੇ ਮੈਨੂੰ ਭੁਲੇਖਾ ਨਹੀਂ ਪੈਂਦਾ ਤਾਂ ਇਹ ਸ਼ਾਹ ਮੁਹੰਮਦ ਦੇ ਸਪੁੱਤਰ ਸ਼ਾਹ ਬਖਸ਼ ਹਨ, ਖ਼ਾਲਸਾਈ ਤੋਪਖਾਨੇ ਦੇ ਮਸ਼ਹੂਰ ਤੋਪਚੀ ਤੇ ਜਿਨ੍ਹਾਂ ਦੇ ਵਾਲਦ ਨੇ ਇਸ ਜੰਗ ਬਾਰੇ ਕੋਈ ਲੰਮਾ ਕਿੱਸਾ ਲਿਖਿਆ ਹੈ ।" ਉਸ ਦੇ ਪਛਾਣੇ ਜਾਣ 'ਤੇ ਕੀਰਤ ਸਿੰਘ ਮਨ ਹੀ ਮਨ ਘਬਰਾਇਆ। ਫੇਰ ਉਨ੍ਹਾਂ ਸਾਹਮਣੇ ਸੁਭਾਵਿਕ ਹੁੰਦਿਆਂ ਆਖਿਆ-
"ਤੁਸਾਂ ਠੀਕ ਹੀ ਪਛਾਣਿਆ ਹੈ।"
"ਤਾਂ ਫੇਰ ਕੁਝ ਸੁਣਾਓ ਸ਼ਾਹ ਜੀ । ਅਸੀਂ ਵੀ ਸੁਣੀਏ ਕਿ ਸੱਚ ਲਿਖਿਆ ਹੈ ਜਾਂ ਝੂਠ?”
ਕੀਰਤ ਸਿੰਘ ਨੇ ਸ਼ਾਹ ਬਖ਼ਸ ਨੂੰ ਇਸ਼ਾਰਾ ਕੀਤਾ, ਅਤੇ ਉਹ ਬੋਲਿਆ:
"ਮੈਨੂੰ ਪੂਰੀ ਤਾਂ ਯਾਦ ਨਹੀਂ, ਪਰ ਉਹ ਬੰਦ ਜਰੂਰ ਸੁਣਾ ਸਕਦਾ ਹਾਂ ਜੋ ਤੁਸੀ ਸੁਨਣਾ ਚਾਹੁੰਦੇ ਹੋ, ਯਾਅਨੀ ਰਾਣੀ ਜਿੰਦਾਂ ਬਾਰੇ :
ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ
ਸਾਰੇ ਦੇਸ ਦੇ ਵਿੱਚ ਜਾ ਤੁਰਨ ਵਾਰਾਂ।
ਛੱਡਾਂ ਨਹੀਂ ਲਾਹੌਰ ਵਿੱਚ ਵੜਨ ਜੋਗੇ
ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ।
ਪਏ ਰੁਲਣ ਇਹ ਵਿੱਚ ਪਰਦੇਸ ਮੁਰਦੇ,
ਸ਼ਾਹ ਮੁਹੰਮਦ ਮਾਰਨੀ ਏਸ ਮਾਰਾ।
“ਤੁਹਾਡੇ ਇਸ ਬੰਦ ਤੋਂ ਤਾਂ ਇਹ ਅਰਥ ਨਿਕਲਦੇ ਹਨ ਕਿ ਸਿੱਖ ਫੌਜਾਂ ਦੀ ਹਾਰ ਨੂੰ ਵੇਖਕੇ ਰਾਣੀ ਜਿੰਦਾਂ ਖੁਸ਼ ਸੀ।“ ਇੱਕ ਸਿੰਘ ਬੋਲਿਆ।
"ਖੁਸ਼ ਤਾਂ ਹੋਣਾ ਹੀ ਹੋਇਆ। ਉਨ੍ਹਾਂ ਚੋਂ ਇਕ ਨੇ ਆਖਿਆ, "ਬਲਕਿ ਮੈਂ ਤੇ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਇਸੇ ਨੇ ਗੁਲਾਬ ਸਿੰਘ ਡੋਗਰੇ ਨਾਲ ਮਿਲ ਕੇ ਖਾਲਸਾ ਫੌਜ ਨੂੰ ਹਰਾਉਣ ਦਾ ਛੜਯੰਤਰ ਰਚਿਆ ਸੀ।"
"ਅਤੇ ਮਿਸਰ ਲਾਲ ਸਿੰਘ 'ਤੇ ਤੇਜ ਸਿੰਘ ।" ਇਕ ਨੇ ਪੁੱਛਿਆ।
"ਉਹ ਤੇ ਮੋਹਰੇ ਸਨ ਭਾਈ ਮੋਹਰੇ।" ਸ਼ਾਹ ਬਖ਼ਸ਼ ਬੋਲਿਆ। ਇਸ ਬਾਰੇ ਜੋ ਲਿਖਿਆ ਹੈ, ਉਹ ਵੀ ਸੁਣ ਲਓ-
"ਅਰਜ਼ੀ ਲਿਖ ਫਰੰਗੀਆਂ ਕੁੰਜ (ਗੁਪਤ) ਗੋਸ਼ੇ,
ਪਹਿਲੇ ਆਪਣਾ ਸੁਖ ਅਨੰਦ ਵਾਰੀ
ਤੇਰੇ ਵਲ ਮੈਂ ਫੌਜ ਨੂੰ ਘਲਣੀ ਆਂ
ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।"
"ਪਰ... ਪਰ ਮੈਨੂੰ ਹਾਲੇ ਤੱਕ ਸਮਝ ਨਹੀਂ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਰਾਣੀ ਕਿਉਂ ਚਾਹੁੰਦੀ ਸੀ ਕਿ ਖ਼ਾਲਸਾ ਫ਼ੌਜ ਹਾਰ ਜਾਵੇ?" ਇਕ ਨੌਜਵਾਨ ਸਿੱਖ ਸਿਪਾਹੀ ਨੇ ਪੁੱਛਿਆ, "ਇਸ ਵਿੱਚ ਤਾਂ ਸਾਰਿਆਂ ਦਾ ਨੁਕਸਾਨ ?"
"ਤੈਨੂੰ ਨਹੀਂ ਪਤਾ ਮੁੰਡਿਆ, ਉਹੀ ਸਰਦਾਰ, ਜੋ ਇਸ ਦਸਤੇ ਦਾ ਸਰਗਨਾ ਲੱਗਦਾ ਸੀ ਬੋਲਿਆ:
“ਛੋਟੀਆਂ ਔਰਤਾਂ ਆਪਣੇ ਜਾਤੀ ਖ਼ੁਦਗਰਜ਼ੀ ਤੋਂ ਉੱਪਰ ਉੱਠ ਕੇ ਕੁਝ ਨਹੀਂ ਸੋਚ ਸਕਦੀਆਂ। ਇਹ ਔਰਤ ਮਹਾਰਾਜਾ ਰਣਜੀਤ ਸਿੰਘ ਦੇ ਸ਼ਿਕਾਰੀ ਕੁੱਤਿਆਂ ਦੇ ਰਖਵਾਲੇ ਦੀ ਧੀ ਸੀ। ਬਸ ਇਕ ਦਿਨ ਉਸ ਦੀ ਦਸ-ਬਾਰਾਂ ਵਰ੍ਹਿਆਂ ਦੀ ਧੀ ਦੀ ਖੂਬਸੂਰਤੀ 'ਤੇ ਆਸ਼ਿਕ ਹੋ ਕੇ ਮਹਾਰਾਜਾ ਇਸ ਨੂੰ ਘਰ ਲੈ ਆਇਆ।"
"ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਿਰਫ ਵੱਡਾ ਆਦਮੀ ਉੱਚੀ ਸੋਚ ਵਾਲਾ ਹੁੰਦਾ ਹੈ।" ਵਿਚੋਂ ਇਕ ਬੋਲਿਆ, "ਇਹ ਗੁਲਾਬ ਸਿੰਘ, ਧਿਆਨ ਸਿੰਘ ਡੋਗਰੇ ਕੋਈ ਛੋਟੇ ਆਦਮੀ ਸਨ... ਅਤੇ ਸੰਧਾਵਾਲੀਏ ?"
"ਤੇਰੇ ਨਾਲ ਮੈਂ ਸਹਿਮਤ ਹਾਂ।" ਉਹੀ ਸਰਦਾਰ ਕਹਿਣ ਲੱਗਾ, “ਗੱਲ ਇਸ ਤਰ੍ਹਾਂ ਹੋਈ ਕਿ ਰਾਣੀ ਜਿੰਦਾਂ ਦਾ ਜਵਾਹਰ ਸਿੰਘ ਨਾਮ ਦਾ ਇਕ ਭਰਾ ਵੀ ਸੀ ਜਿਸ ਨੇ ਆਪਣੇ ਭਾਣਜੇ ਦਲੀਪ ਸਿੰਘ ਲਈ ਰਸਤਾ ਸਾਫ਼ ਕਰਨ ਖ਼ਾਤਿਰ ਕੰਵਰ ਪਸ਼ੌਰਾ ਸਿੰਘ ਨੂੰ ਮਰਵਾ ਦਿੱਤਾ। ਇਸ ਘਟਨਾ ਨੇ ਖਾਲਸਾ ਫੌਜ ਨੂੰ ਆਪੇ ਤੋਂ ਬਾਹਰ ਕਰ ਦਿੱਤਾ। ਫੌਜ ਨੇ ਜਵਾਹਰ ਸਿੰਘ ਨੂੰ ਮਾਰ ਸੁੱਟਿਆ।"
"ਮੈਂ ਤੁਹਾਨੂੰ ਇਸ ਬਾਰੇ ਇਕ ਬੰਦ ਸੁਣਾਉਂਦਾ ਹਾਂ।" ਸਾਹ ਬਖ਼ਸ ਨੇ ਜੋਸ਼ 'ਚ ਆਉਂਦਿਆਂ ਸੁਣਾਉਣਾ ਸ਼ੁਰੂ ਕੀਤਾ-
ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ
ਮੈਂ ਖੁਹਾਊਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ।
ਧਾਕਾਂ ਜਾਣ ਵਲਾਇਤੀ ਦੇਸ਼ ਸਾਰੇ
ਪਾਵਾਂ ਬੱਕਰੇ ਵਾਂਗ ਜਾ ਵੰਡੀਆਂ ਨੀ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ
ਨੱਥ ਚੌਂਕ ਤੇ ਵਾਲੀਆਂ ਡੰਡੀਆਂ ਨੀ
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਉਹ ਕੁਝ ਦੇਰ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ। ਕੀਰਤ ਸਿੰਘ ਨੇ ਉਨ੍ਹਾਂ ਦੀ ਹਾਂ 'ਚ ਹਾਂ ਮਿਲਾਉਣਾ ਹੀ ਬਿਹਤਰ ਸਮਝਿਆ।
ਇਸ ਅੱਧਖੜ ਸਿਪਾਹੀ ਬੋਲਿਆ, 'ਸਾਨੂੰ ਪੰਜਾਬ ਦੇ ਤਖ਼ਤ 'ਤੇ ਕੁੱਛੜ ਚੁੱਕਿਆ ਛੋਕਰਾ ਨਹੀਂ ਚਾਹੀਦਾ ਅਤੇ ਨਾ ਹੀ ਖੜਯੰਤਰੀ ਔਰਤ। ਇਹ ਪੰਜਾਬ ਕੋਈ ਇਨ੍ਹਾਂ ਦੀ ਜੱਦੀ ਜਗੀਰ ਨਹੀਂ। ਇਸ ਵੇਲੇ ਸਾਨੂੰ ਲੋੜ ਹੈ ਕਿਸੇ ਬਹਾਦਰ, ਖੁੱਦਦਾਰ ਅਤੇ ਸਿਆਣੇ ਸਰਦਾਰ ਦੀ ਜੋ ਫਰੰਗੀਆਂ ਨਾਲ ਲੜਨ ਦੀ ਹਿੰਮਤ ਕਰ ਸਕੇ ।“
"ਕਿਸ ਦੀ ਜਗੀਰ, ਕਿਸ ਦੀ ਨਹੀਂ ।“ ਕੀਰਤ ਸਿੰਘ ਉਨ੍ਹਾਂ ਦੀ ਨੀਯਤ ਜਾਣਨ ਖਾਤਰ ਬੋਲਿਆ, "ਅਸੀਂ ਸਿਪਾਹੀਆਂ ਨੇ ਤਾਂ ਨੌਕਰੀ ਕਰਨੀ ਹੁੰਦੀ ਦੇ। ਗਲਤ-ਠੀਕ ਨਾਲ ਇਕ ਸਿਪਾਹੀ ਨੂੰ ਭਲਾ ਕੀ ਸਰੋਕਾਰ ? ਮੈਂ ਤਾਂ ਕਹਿੰਦਾ ਹਾਂ ਕਿ ਨੌਕਰੀ ਲੱਭਣੀ ਹੋਵੇ ਤਾਂ ਜੰਮੂ ਤੋਂ ਵੱਧ ਚੰਗੀ ਜਗ੍ਹਾ ਹੋਰ ਕੋਈ ਨਹੀ ?"
"ਇਹ ਮੈਂ ਕੀ ਸੁਣ ਰਿਹਾ ਹਾਂ ਤੁਹਾਡੇ ਮੂੰਹੋਂ ਖਾਲਸਾ ਜੀ। ਬਹਾਦਰਾਂ ਨੂੰ ਭਲਾ ਭੁੱਖੇ ਮਰਨ ਦੀ ਕੀ ਲੋੜ? ਜਾਂ ਤੇ ਲੁੱਟ ਮਾਰ ਕਰਾਂਗੇ ਅਤੇ ਜੇ ਨੌਕਰੀ ਕਰਾਂਗੇ ਤਾਂ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਦੀ। ਇਨ੍ਹਾਂ ਸੁਆਰਥੀ ਸਰਦਾਰਾਂ ਤੋਂ ਤਾਂ ਮੂਲਾ ਖੱਤਰੀ ਚੰਗਾ ਜਿਸ ਨੇ ਫਰੰਗੀਆਂ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕਰ ਦਿੱਤਾ।“
"ਤੁਸਾਂ ਮੇਰੇ ਦਿਲ ਦੀ ਗੱਲ ਆਖੀ ਖਾਲਸਾ ਜੀ।“ ਸ਼ਾਹ ਬਖਸ ਨੇ ਆਖਿਆ,
"ਦਰਅਸਲ ਅਸੀਂ ਵੀ ਉਸੇ ਪਾਸੇ ਜਾ ਰਹੇ ਹਾਂ ।"
***
4
ਖਾਲਸਾ ਫੌਜ ਦਾ ਇਕ ਜਰਨੈਲ ਇਕ ਮੁਸਲਮਾਨ ਅਰਦਲੀ ਨਾਲ ਜਾਨ ਲਾਰੈਂਸ ਦੇ ਕਮਰੇ ਵਿੱਚ ਦਾਖਲ ਹੋ ਕੇ ਇੱਧਰ-ਉੱਧਰ ਵੇਖਣ ਲੱਗਾ। ਜਾਨ ਲਾਰੈਂਸ ਦੀ ਇਹ ਰਿਹਾਇਸ਼-ਗਾਹ ਕਿਸੇ ਵੇਲੇ ਮੁਗਲੀਆ ਸਲਤਨਤ ਦੇ ਕਿਸੇ ਅਮੀਰ ਦੀ ਹੁੰਦੀ ਸੀ। ਇਹ ਸਾਰੇ ਘਰ, ਹਵੇਲੀਆਂ ਅਤੇ ਮਹੱਲ ਜ਼ਿਆਦਾਤਰ ਲਾਹੌਰ ਸ਼ਹਿਰ ਦੇ ਬਾਹਰ ਕਰਕੇ
ਬਣਾਏ ਗਏ ਸਨ ਜਿਨ੍ਹਾਂ ਦੇ ਖੇਤਰਾਂ ਤੋਂ ਬੀਤੇ ਸਮੇਂ ਦੀ ਸ਼ਾਨ-ਓ-ਸ਼ੌਕਤ ਦਾ ਅਨੁਮਾਨ ਲਾਇਆ ਜਾ ਸਕਦਾ ਸੀ।
ਸੜਕ ਤੋਂ ਥੋੜ੍ਹਾ ਦੂਰ, ਸੱਜੇ ਪਾਸੇ ਰੁੱਖਾਂ ਦੇ ਇਕ ਝੁੰਡ ਵਿਚਕਾਰ, ਜੋ ਕਿਸੇ ਵੇਲੇ ਅਲੀ ਮਰਦਾਸ ਖ਼ਾਂ ਦਾ ਨੌ ਲੱਖਾ ਬਾਗ ਹੁੰਦਾ ਸੀ, ਫਰੰਗੀ ਸਿਪਾਹੀਆਂ ਦੇ ਚਿੱਟੇ ਰੰਗ ਦੇ ਤੰਬੂ ਕਤਾਰਾਂ 'ਚ ਲੱਗੇ ਦਿਸ ਰਹੇ ਸਨ, ਅਤੇ ਜਿਨ੍ਹਾਂ ਦੀ ਗਿਣਤੀ ਦਿਨ-ਬਦਿਨ ਵਧਦੀ ਜਾ ਰਹੀ ਸੀ। ਇਸ ਛੋਟੀ ਜਿਹੀ ਛਾਉਣੀ 'ਚ ਅੰਗਰੇਜ ਸਿਪਾਹੀਆਂ ਦੇ ਤੰਬੂ ਪੂਰਬੀਏ ਅਤੇ ਗੋਰਖੇ ਸਿਪਾਹੀਆਂ ਤੋਂ ਕੁਝ ਦੂਰੀ 'ਤੇ ਲੱਗੇ ਹੋਏ ਸਨ। ਫਰੰਗੀ ਰੈਜ਼ੀਡੈਂਟ ਦੇ ਕਹਿਣ ਅਨੁਸਾਰ ਇਹ ਸਿਪਾਹੀ ਉਨ੍ਹਾਂ ਦੀ ਆਪਣੀ ਸੁਰੱਖਿਆ ਅਤੇ ਲਾਹੌਰ ਸ਼ਹਿਰ ਚ ਵਧਦੀ ਜਾ ਰਹੀ ਅਰਾਜਕਤਾ ਨੂੰ ਮੁੱਖ ਰਖਦਿਆਂ ਲੁਧਿਆਣੇ ਤੋਂ ਮੰਗਵਾਏ ਗਏ ਸਨ।
ਹੁਣ ਇਹ ਬਹੁਤ ਸਾਰੇ ਮਕਾਨ ਅਤੇ ਹਵੇਲੀਆਂ ਫਰੰਗੀ ਅਫ਼ਸਰਾਂ ਜਾਂ ਸਿੱਖ ਸਰਦਾਰਾਂ ਨੇ ਮੱਲੀਆਂ ਹੋਈਆਂ ਸਨ। ਜਾਨ ਲਾਰੈਂਸ ਦੀ ਇਸ ਰਹਾਇਸ਼ਗਾਹ ਨੂੰ ਰਹਿਣ ਯੋਗ ਬਣਾਉਣ ਲਈ ਅੱਧ-ਪਚੱਧੇ ਯਤਨ ਕੀਤੇ ਗਏ ਲਗਦੇ ਸਨ। ਵਰਾਂਡੇ ਦੇ ਫਰਸ਼ ਥਾਂ-ਥਾਂ ਤੋਂ ਉੱਖੜੇ ਹੋਏ ਸਨ। ਅਲਬੱਤਾ ਕਮਰੇ ਵਿੱਚ ਈਰਾਨ ਅਤੇ ਕਸ਼ਮੀਰ ਦੇ ਬਣੇ ਰੰਗ-ਬਰੰਗੇ ਗਲੀਚੇ ਜ਼ਰੂਰ ਵਿਛੇ ਦਿਸ ਰਹੇ ਸਨ। ਕਮਰੇ 'ਚ ਚਾਰ ਪੰਜ ਕੁਰਸੀਆਂ ਅਤੇ ਇਕ ਮੇਜ਼ ਦੇ ਇਲਾਵਾ ਹੋਰ ਕੁਝ ਖ਼ਾਸ ਨਹੀਂ ਸੀ ਪਿਆ ਦਿਸ ਰਿਹਾ। ਕੰਧ ਨਾਲ ਜਾਨ ਲਾਰੈਂਸ ਦੇ ਭਰਾ ਹੈਨਰੀ ਲਾਰੈਂਸ ਦੀ ਤਸਵੀਰ ਜ਼ਰੂਰ ਲਮਕ ਰਹੀ ਸੀ ਜਿਸ ਨੂੰ ਫਰੰਗੀ ਗਵਰਨਰ ਨੇ ਲਖਨਊ ਭੇਜ ਦਿੱਤਾ ਸੀ।
"ਆਓ ਕਾਹਨ ਸਿੰਘ ਜੀ," ਇਕ ਦਰਵਾਜ਼ੇ 'ਚੋਂ ਲੰਘ ਕੇ ਅੰਦਰ ਆਉਂਦਿਆਂ ਜਾਨ ਲਾਰੈਂਸ ਨੇ ਆਖਿਆ। ਲਾਰੈਂਸ ਨੂੰ ਅੰਦਰ ਆਉਂਦਿਆਂ ਵੇਖ ਕੇ ਅਰਦਲੀ ਬਾਹਰ ਚਲਾ ਗਿਆ। ਜਾਨ ਲਾਰੈਂਸ ਨੇ ਸਿੰਘਾਂ ਵਾਂਗ ਸਿਰ 'ਤੇ ਪੰਗ ਬੰਨ੍ਹੀ ਹੋਈ, ਲੰਮੀ ਦਾਹੜੀ ਅਤੇ ਕੋਟ ਉੱਤੇ ਕਈ ਤਰ੍ਹਾਂ ਦੇ ਤਮਗੇ ਲਮਕਦੇ ਦਿਸ ਰਹੇ ਸਨ।
ਲਾਰੈਂਸ ਇਕ ਅਲਮਾਰੀ ਵੱਲ ਵਧਿਆ, ਅਲਮਾਰੀ ਖੋਲ੍ਹੀ ਅਤੇ ਅਲਮਾਰੀ 'ਚੋਂ ਇਕ ਬੋਤਲ ਅਤੇ ਦੇ ਗਲਾਸ ਕੱਢ ਕੇ ਮੇਜ਼ 'ਤੇ ਰੱਖ ਦਿੱਤੇ। ਫੇਰ ਰਸੋਈਏ ਨੂੰ ਆਵਾਜ਼ ਮਾਰਦਿਆਂ ਪਾਣੀ ਲਿਆਉਣ ਲਈ ਕਿਹਾ। ਰਸੋਈਏ ਨੇ ਪਾਣੀ ਦਾ ਜੱਗ ਭਰ ਕੇ ਮੇਜ਼ 'ਤੇ ਰੱਖ ਦਿੱਤਾ।
ਲਾਰੈਂਸ ਨੇ ਦੋਹਾਂ ਗਲਾਸਾਂ 'ਚ ਵਿਸਕੀ ਪਾਈ ਅਤੇ ਇਕ ਗਲਾਸ 'ਚ ਪਾਣੀ ਪਾਉਂਦਿਆਂ ਬੋਲਿਆ, "ਮੇਰਾ ਖਿਆਲ ਹੈ ਕਿ ਤੁਹਾਨੂੰ ਤਾਂ ਪਾਣੀ ਦੀ ਲੋੜ ਨਹੀਂ।"
ਜਾਨ ਲਾਰੈਂਸ ਸਿੱਖ ਸਰਦਾਰਾਂ ਦੀ ਇਸ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਇਸ ਦਾ ਉਚਿੱਤ ਲਾਭ ਉਠਾਉਣਾ ਵੀ ਚੰਗੀ ਤਰ੍ਹਾਂ ਜਾਣਦਾ ਸੀ। ਦੋਵੇਂ ਜਣੇ ਕੁਰਸੀਆਂ ਤੇ ਬੈਠ ਗਏ। ਕਾਹਨ ਸਿੰਘ ਨੇ ਵਿਖਾਵੇ ਲਈ ਥੋੜ੍ਹਾ ਜਿਹਾ ਪਾਣੀ ਵਿਸਕੀ ਵਾਲੇ ਗਲਾਸ 'ਚ ਪਾਇਆ ਅਤੇ ਇਕ ਘੁੱਟ ਭਰਦਿਆਂ ਬੋਲਿਆ:
"ਵਾਹ ! ਸੁਆਦ ਆ ਗਿਆ। ਤੁਹਾਡੀ ਵਲੈਤੀ ਸ਼ਰਾਬ ਬਹੁਤ ਵਧੀਆ ਹੁੰਦੀ ਹੈ।“