ਇਧਰ ਸਤਿਗੁਰੂ ਜੀ ਦੀਨੇ ਕਾਂਗੜ ਬੈਠੇ ਸੇ। ਆਪ ਤਾਂ ਓਸ ਮਕਾਨ ਵਿਚ ਡੇਰਾ ਰਖਦੇ ਸੇ, ਪਰ ਜੋ ਫੌਜ ਹੁਣ ਇਕੱਤ੍ਰ ਹੋ ਰਹੀ ਸੀ, ਸ਼ਹਿਰੋਂ ਜ਼ਰਾ ਦੂਰ ਆਪਣਾ ਵਸੇਬਾ ਬਣਾ ਰਹੀ ਸੀ। ਇੱਥੇ ਆਪ ਜੀ ਨੇ ਢਾਈ ਤ੍ਰੈ ਮਹੀਨੇ ਕ੍ਯਾਮ ਰੱਖਿਆ ਸਹੀ ਹੁੰਦਾ ਹੈ। ਆਪਣੀ ਫੌਜੀ ਜਮੀਅਤ ਇੱਥੇ ਹੀ ਠਹਿਰਕੇ ਮੁੜ ਬਣਾ ਲਈ। ਸਰਹਿੰਦ ਤੋਂ ਬੀ ਖਬਰਾਂ ਆ ਰਹੀਆਂ ਸਨ ਕਿ ਨਵਾਬ ਇਧਰ ਹਮਲਾ ਕਰਨੇ ਦੀ ਤਿਆਰੀ ਕਰ ਰਿਹਾ ਹੈ, ਤਾਂ ਸ੍ਰੀ ਜੀ ਨੇ ਇਸ ਥਾਂ ਜੁੱਧ ਭੂਮੀ ਬਣਾਉਣਾ ਪਸੰਦ ਨਾ ਕੀਤਾ ਤੇ ਅੱਗੇ ਟੁਰ ਪਏ। ਪਰੋਜਨ ਇਸ ਸਫਰ ਦਾ ਇਹ ਸੀ ਕਿ ਹੋਰ ਜਮੀਅਤ ਕੱਠੀ ਹੋ ਜਾਵੇ ਤੇ ਕਿਸੇ ਐਸੇ ਟਿਕਾਣੇ ਡੇਰਾ ਪਾਇਆ ਜਾਵੇ ਕਿ ਜਿੱਥੇ ਜੁੱਧ ਆ ਪਏ ਤੇ ਹੱਲਾ ਕਰਨ ਵਾਲਿਆਂ ਨੂੰ ਘਾਟੇ ਦਾ ਪੱਖ ਹੋਵੇ ਤੇ ਆਪ ਨੂੰ ਲਾਹੇ ਦਾ ਤੇ ਵੱਸੋਂ ਵਲੋਂ ਸ਼ੂਨ ਯਾ ਘਟ ਵਸੋਂ ਦੀ ਥਾਂ ਹੋਵੇ ਜੋ ਪਰਜਾ ਦੁਖੀ ਨਾ ਹੋਵੇ, ਸੋ ਆਪ ਜੀ ਇੱਥੋਂ ਟੁਰਕੇ ਜਲਾਲ ਤੇ ਹੋਰ ਪਿੰਡੀਂ ਹੁੰਦੇ ਭਗਤੇ, ਕੋਟ ਕਪੂਰੇ, ਢਿੱਲਵਾਂ, ਮਲੂਕੇ ਦੇ ਕੋਠੇ, ਬਨ ਵਿਚ ਕੁਛ ਠਹਿਰਦੇ ਜੈਤੋ ਜਾ ਟਿਕੇ। ਇੱਥੋਂ ਟੁਰਕੇ ਸਨੇਅਰ ਰਾਮੇਆਣੇ ਹੋ ਖਿਦਰਾਣੇ ਦੀ ਢਾਬ ਤੇ ਪਹੁੰਚੇ ਪਰ ਇਹ ਸੁੱਕੀ ਪਈ ਸੀ, ਸੋ ਆਪ ਉਥੋਂ ਟੁਰ ਪਏ ਤੇ ਇਕ ਟਿੱਬੀ ਤੇ ਜਾ ਡੇਰਾ ਲਾਇਆ। ਇੱਥੇ (ਖਿਦਰਾਣੇ) ਮਾਝੇ ਦੇ ਸਿੰਘ ਜੋ ਆ ਮਿਲੇ ਸੇ, ਤੇ ਫੇਰ ਸਾਹਿਬਾਂ ਨਾਲ ਅਜੋੜ ਵਿਚ ਰਹਿ ਕੇ ਠਹਿਰ ਗਏ ਸੇ ਸਾਹਿਬਾਂ ਦੇ ਚਲੇ ਜਾਣ ਬਾਦ ਪਸਚਾਤਾਪ ਵਿਚ ਆਏ ਤੇ ਸੂਬਾ ਸਰਹਿੰਦ ਵਜ਼ੀਰ ਖਾਂ ਦੇ ਹਮਲੇ ਦੀ ਰੋਕ ਬਣੇ। ਇੱਥੇ ਹੀ ਸਾਰੇ ਉਸ ਨਾਲ ਲੜ ਕੇ ਸ਼ਹੀਦ ਹੋ ਗਏ ਤੇ ਵਜ਼ੀਰ ਖਾਂ ਬਹੁਤ ਸੈਨਾ ਮਰਵਾ ਕੇ ਪਾਣੀ ਦੀ ਤੋਟ ਪਿੱਛੇ ਤੇ ਆਪਣੇ ਭਾਣੇ ਸਾਰੀ ਜਮੀਅਤ ਦੇ ਮਾਰੇ ਜਾਣ ਦੀ ਕਾਮਯਾਬੀ ਸਮਝ ਕੇ ਪਿੱਛੇ ਮੁੜ ਗਿਆ। ਇੱਥੇ ਹੀ ਸਾਹਿਬਾਂ ਨੇ ਟੁੱਟੀ ਗੰਢੀ, ਇਸੇ ਸ਼ਹੀਦੀ ਥਾਉਂ ਦਾ ਨਾਉਂ ਮੁਕਤਸਰ ਧਰਿਆ ਸੀ।*
________________________
* ਮੁਕਤਸਰ ਯੁੱਧ ਦੇ ਹਾਲਾਤ 17 ਦਸੰਬਰ 1925 ਦੇ ਖਾਲਸਾ ਸਮਾਚਾਰ ਵਿਚ ਛਪ ਚੁਕੇ ਹਨ ਤੇ ਹੁਣ ਕਲਗੀਧਰ ਚਮਤਕਾਰ ਵਿਚ ਹਨ।