ਇਸ ਫਤਹ ਦੇ ਮਗਰੋਂ ਗੁਰੂ ਸਾਹਿਬ ਮਾਲਵੇ ਵਿਚ ਵਿਚਰਦੇ ਡੱਲੇ ਪਾਸ ਜਾ ਠਹਿਰੇ, ਜਿੱਥੇ ਹੁਣ ਦਮਦਮਾ ਸਾਹਿਬ ਹੈ। ਦੱਖਣ ਤੋਂ ਦਇਆ ਸਿੰਘ ਜੀ ਦਾ ਖਤ ਆਇਆ ਸੀ ਕਿ ਸਾਨੂੰ ਅਨੇਕ ਜਤਨ ਕਰਨੇ ਤੇ ਬੀ ਸ਼ਾਹ ਦੀ ਮੁਲਾਕਾਤ ਨਹੀਂ ਮਿਲੀ। ਸਤਿਗੁਰਾਂ ਨੇ ਉੱਤਰ ਘੱਲਿਆ ਕਿ ਬੈਠੇ ਰਹੋ, ਸ਼ਾਹ ਹੁਣ ਆਪ ਹੀ ਤੁਸਾਨੂੰ ਬੁਲਾਵੇਗਾ, ਸੋ ਐਸਾ ਹੀ ਹੋਇਆ, ਦਇਆ ਸਿੰਘ ਜੀ ਧਰਮ ਸਿੰਘ ਜੀ ਬੁਲਾਏ ਗਏ, ਜਿਨ੍ਹਾਂ ਨੇ ਜਾ ਕੇ ਰੱਜ ਕੇ ਫਤਹ ਗਜਾਈ ਤੇ ਜ਼ਫਰਨਾਮਾ ਆਪਣੇ ਹੱਥੀਂ ਸ਼ਾਹ ਨੂੰ ਦਿੱਤਾ। ਇਸ ਨੂੰ ਪੜ੍ਹ ਕੇ ਉਸ ਬੁਢੇ ਤੇ ਪਤਾ ਨਹੀਂ ਕੀ ਅਸਰ ਹੋਇਆ ਕਿ ਦੁਹਾਂ ਸਿੰਘਾਂ ਨਾਲ ਢੇਰ ਚਿਰ ਗੱਲਾਂ ਬਾਤਾਂ ਕਰਦਾ ਰਿਹਾ ਤੇ ਫਿਰ ਸ੍ਰੀ ਗੁਰੂ ਜੀ ਵੱਲ ਜਵਾਬ ਲਿਖਵਾ ਕੇ ਉਨ੍ਹਾਂ ਦੇ ਹੱਥ ਦਿੱਤਾ, ਇਹ ਉਸ ਦਾ ਖਤ ਅਜੇ ਤਕ ਨਹੀਂ ਲੱਭਾ, ਖੋਜ ਦੀ ਲੋੜ ਹੈ। ਦੂਸਰੇ ਉਸਨੇ ਸਰਹਿੰਦ, ਦਿੱਲੀ ਤੇ ਪੰਜਾਬ ਦੇ ਸੂਬਿਆਂ ਨੂੰ ਪਰਵਾਨੇ ਲਿਖੇ ਕਿ ਗੁਰੂ ਸਾਹਿਬ ਦਾ ਪਿੱਛਾ ਕੋਈ ਨਾ ਕਰੇ, ਨਾ ਪਕੜੇ ਨਾ ਮਾਰਨ ਦਾ ਜਤਨ ਕਰੇ, ਓਹ ਜਿੱਧਰ ਚਾਹੁਣ ਸੁਤੰਤ੍ਰ ਵਿਚਰਨ। ਇਹ ਫੁਰਮਾਨ ਬੀ ਅਜੇ ਲੱਭਾ ਨਹੀਂ, ਪਰ ਇਸਦਾ ਜ਼ਿਕਰ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇਉਂ ਲਿਖਿਆ ਹੈ:-
ਗੁਰਜਦਾਰ ਦੈ ਦੀਨੇ ਸੰਗ।
ਸਭਿ ਸਮਝਾਯੋ ਗੁਰੂ ਪ੍ਰਸੰਗ।
ਸਭ ਕੋ ਹਟਕਯੋ ਲਿਖ ਪਰਵਾਨੇ।
ਲਰਹਿ ਨ ਕੋਇ ਜਾਹਿ ਜਿਸ ਥਾਨੇ।
ਉਧਰ ਗੁਰੂ ਸਾਹਿਬ ਇਸ ਵੇਲੇ ਤਾਈਂ ਰਾਜਪੂਤਾਨੇ ਪ੍ਰਵੇਸ਼ ਕਰ ਚੁਕੇ ਸਨ। ਦਇਆ ਸਿੰਘ ਜੀ ਧਰਮ ਸਿੰਘ ਜੀ ਉੱਥੇ ਹੀ ਆ ਕੇ ਮਿਲੇ ਤੇ ਮੁਲਾਕਾਤ ਦਾ ਸਾਰਾ ਹਾਲ ਦੱਸਿਆ ਕਿ ਅਸੀਂ ਤਾਂ ਇਧਰ ਆਪ ਦਾ ਆਗਮਨ ਸੁਣ ਕੇ ਆ ਗਏ ਹਾਂ ਤੇ ਗੁਰਜਦਾਰ ਦਿੱਲੀ ਨੂੰ ਗਏ ਹਨ; ਸੂਬਿਆਂ ਤੇ ਉਮਰਾਵਾਂ ਵੱਲ ਸ਼ਾਹ ਨੇ ਇਹ ਪਰਵਾਨੇ ਲਿਖੇ ਹਨ:-
'ਜਿਸ ਕੀ ਦਿਸ ਸਤਿਗੁਰ ਚਲਿ ਆਵੈਂ॥
ਦਲ ਸਮੇਤ ਜਹਿ ਸਿਵਰ ਲਗਾਵੈਂ॥