ਸੋ ਸਭ ਕਰ ਜੋਰਹਿ ਸਿਰ ਨ੍ਯਾਇ॥
ਅਨਿਕ ਰੀਤ ਕੀ ਸੇਵ ਕਮਾਇ॥
ਨਹਿਂ ਕੋ ਸਨਮੁਖ ਹੈ ਰਨ ਕਰੈ॥
ਕੇਸਿਹੁੰ ਗੁਰ ਕੇ ਸੰਗ ਨ ਅਰੇ॥
ਗੁਰਜਦਾਰ ਦਿੱਲੀ ਅਬ ਜੈ ਹੈ ॥
ਦੇਸ ਬਦੇਸਨ ਐਸ ਪਠੈਹੈਂ॥
ਇਸ ਪ੍ਰਕਾਰ ਦੇ ਸਮਾਚਾਰਾਂ ਦੇ ਮਗਰੋਂ ਕੁਛ ਸਮਾਂ ਬੀਤਣ ਤੇ ਔਰੰਗਜ਼ੇਬ ਚੜ੍ਹਾਈ ਕਰ ਗਿਆ ਤੇ ਬਹਾਦਰ ਸ਼ਾਹ ਉਸ ਦੇ ਵਡੇ ਪੁਤ੍ਰ ਨੇ ਤਖਤ ਦੀ ਵਾਰਸੀ ਪ੍ਰਾਪਤ ਕਰਨੇ ਲਈ ਚੜ੍ਹਾਈ ਕੀਤੀ ਤੇ ਇਸ ਨੇ ਸ੍ਰੀ ਗੁਰੂ ਜੀ ਵਲ ਬੀ ਸਹਾਇਤਾ ਲਈ ਖਤ ਲਿਖਿਆ ਤੇ ਭਾਈ ਨੰਦ ਲਾਲ ਜੀ ਆਦਿ ਸੱਜਣਾਂ ਨੂੰ ਘੱਲਿਆ।
ਜ਼ਫਰਨਾਮੇ ਦੀ ਅੰਦਰਲੀ ਇਤਿਹਾਸਕ ਉਗਾਹੀ
ਇਤਿਹਾਸਾਂ ਤੋਂ ਪਤਾ ਚਲਦਾ ਹੈ ਕਿ ਜਦੋਂ ਸੱਤ ਅੱਠ ਮਹੀਨੇ ਅਨੰਦਪੁਰ ਦੇ ਜੰਗ ਨੂੰ ਗੁਜ਼ਰ ਗਏ, ਜਿਨ੍ਹਾਂ ਵਿਚੋਂ ਕਈ ਮਹੀਨੇ ਘੇਰਾ ਪਾ ਕੇ ਬੈਠਿਆਂ ਬੀ ਲੰਘ ਗਿਆ ਅਤੇ ਸ਼ਾਹੀ ਤੇ ਰਾਜਿਆਂ ਦੀ ਸੰਮਿਲਤ ਸੈਨਾ ਨੂੰ ਕੋਈ ਕਾਮਯਾਬੀ ਨਾ ਹੋਈ ਤਾਂ ਸੁਲਹ ਦੀਆਂ ਤਜਵੀਜ਼ਾਂ ਗੁਰੂ ਜੀ ਪਾਸ ਰਾਜਿਆਂ ਤੇ ਸੂਬੇ ਸਰਹੰਦ ਵਲੋਂ ਪੁੱਜੀਆਂ। ਗੁਰੂ ਜੀ ਨੇ ਅਮੈਨਾ ਨਾ ਕੀਤਾ ਤੇ ਤਜਰਬਾ ਕਰਕੇ ਬੀ ਦੱਸ ਦਿੱਤਾ, ਜਿਸ ਨਾਲ ਅੰਦਰਲੇ ਲੋਕਾਂ ਨੂੰ ਬੀ ਪਤਾ ਲਗ ਗਿਆ ਕਿ ਘੇਰਾ ਪਾਉਣ ਵਾਲੇ ਝੂਠੇ ਇਕਰਾਰ ਕਰਦੇ ਹਨ ਤੇ ਓਹ ਬੀ ਸ਼ਰਮਿੰਦੇ ਹੋਏ। ਹੁਣ ਉਨ੍ਹਾਂ ਦੇ ਅਹਿਦ ਪੈਮਾਨਾ ਤੇ ਨਿਸ਼ਚਾ ਨਹੀਂ ਸੀ
ਆ ਸਕਣਾ। ਤਦ ਉਨ੍ਹਾਂ ਨੇ ਪਾਤਸ਼ਾਹ ਨੂੰ ਜੋ ਦੱਖਣ ਵਿੱਚ ਸੀ ਲਿਖਿਆ, ਉਸ ਵਲੋਂ ਕੁਰਾਨ ਤੇ ਰੱਬ ਦੀ ਸਹੁੰ ਖਾ ਕੇ ਅਹਿਦਨਾਮਾ ਆਇਆ। ਇਸ ਮੂਜਬ ਗੁਰੂ ਸਾਹਿਬ ਅਨੰਦਪੁਰੋਂ ਨਿਕਲੇ ਪਰ ਘੇਰਾ ਪਾਉਣ ਵਾਲੇ ਅਹਿਦ ਤੋੜਦੇ ਆ ਪਏ ਤੇ ਫੇਰ ਚਮਕੌਰ ਜਾ ਘੇਰਾ ਪਾਇਆ ਤੇ ਜੰਗ ਹੋਇਆ ਤੇ ਗੁਰੂ ਜੀ ਸਾਰਾ ਦਿਨ ਜੁੱਧ ਕਰਕੇ ਅਦੁਤੀ ਬਹਾਦਰੀ ਦਿਖਾ ਕੇ ਰਾਤ ਨੂੰ ਸਹੀ ਸਲਾਮਤ ਨਿਕਲ ਗਏ।