ਇੱਥੇ ਆਪ ਕਈ ਇਕ ਥਾਵਾਂ ਤੋਂ ਹੁੰਦੇ ਠਹਿਰਦੇ ਦੀਨੇ ਅੱਪੜੇ। ਇੱਥੋਂ ਜ਼ਫਰਨਾਮਹ ਲਿਖਕੇ ਔਰੰਗ ਜ਼ੇਬ ਨੂੰ ਘੱਲਿਆ। ਕਈ ਲੋਕ ਇਤਿਹਾਸਕਾਰਾਂ ਤੇ ਕਿੰਤੂ ਕਰਦੇ ਹਨ ਕਿ ਔਰੰਗਜ਼ੇਬ ਨੇ ਕਿੱਥੇ ਸਹੁੰ ਖਾਧੀ ਹੋਣੀ ਹੈ ਤੇ ਫੇਰ ਤੋੜੀ ਹੋਣੀ ਹੈ, ਚਮਕੌਰ ਚਾਲੀਆਂ ਨਾਲ ਕਿਥੇ ਜੰਗ ਮਚਾਇਆ ਹੋਣਾ ਹੈ ਫੇਰ ਬੇਸ਼ੁਮਾਰ ਘੇਰੇ ਵਿਚੋਂ ਆਪ ਕਿੱਥੋਂ ਨਿਕਲ ਸਕੇ ਹੋਣੇ ਹਨ? ਇਨ੍ਹਾਂ ਤੇ ਹੋਰ ਬਹੁਤ ਗੱਲਾਂ ਦੇ ਉਤਰ ਜ਼ਫਰਨਾਮੇ ਤੋਂ ਮਿਲਦੇ ਹਨ, ਇਸ ਲਈ ਇਸਦੀ ਅੰਦਰਲੀ ਉਗਾਹੀ ਨੂੰ ਘੋਖਨਾ ਜ਼ਰੂਰੀ ਗੱਲ ਹੈ। ਇਹ ਖਤ ਹੈ ਜੋ ਔਰੰਗਜ਼ੇਬ ਵੱਲ ਗਿਆ। ਗੁਰੂ ਸਾਹਿਬ ਪੂਰਨ ਸਤਵਾਦੀ ਸੇ, ਉਨ੍ਹਾਂ ਦਾ ਆਪਣਾ ਲਿਖਿਆ ਹਾਲ ਸੱਚਾ ਹੋਣ ਕਰ ਕੇ ਬੜਾ ਹੀ ਕੀਮਤੀ ਹੈ। ਆਪਣੇ ਜੀਵਨ ਵਾਯਾਤ ਆਪਣੇ ਲਿਖੇ ਹੋਏ ਮਿਲਣ ਤਾਂ ਉਹ ਬੜੀ ਗੌਰਵਤਾ ਵਾਲੇ ਸਮਝੇ ਜਾਂਦੇ ਹਨ। ਫਿਰ ਸੰਸਾਰਕ ਤੇ ਰਾਜਨੀਤੀ ਦੇ ਨੁਕਤੇ ਤੋਂ ਬੀ ਉਸ ਵਿਚ ਗੁਰੂ ਜੀ ਉਹੋ ਗੱਲ ਲਿਖ ਸਕਦੇ ਸਨ ਜੋ ਕਿ ਔਰੰਗਜ਼ੇਬ ਪਾਸ ਸੋਲ੍ਹਾਂ ਆਨੇ ਸੱਚੀ ਸਾਬਤ ਹੋ ਚੁਕੀ ਹੋਵੇ ਜਾਂ ਕਰ ਦਿਤੀ ਜਾ ਸਕੇ। ਇਨ੍ਹਾਂ ਗੱਲਾਂ ਕਰਕੇ ਜ਼ਫਰਨਾਮੇ ਦੀ ਉਗਾਹੀ ਪੱਕੀ ਇਤਿਹਾਸਕ ਉਗਾਹੀ ਹੈ:-
1. ਪਹਿਲੀ ਗਲ ਇਸ ਵਿਚੋਂ ਇਹ ਲੱਭਦੀ ਹੈ ਕਿ ਔਰੰਗਜ਼ੇਬ ਵਲੋਂ ਗੁਰੂ ਜੀ ਪਾਸ ਕੋਈ ਕਾਜ਼ੀ ਆਇਆ ਹੈ। (ਦੇਖੋ ਸ਼ਿਅਰ 56)
2. ਜਿਸ ਨੇ ਆ ਕੇ ਪਾਤਸ਼ਾਹ ਦਾ ਲਿਖਿਆ ਖਤ ਯਾ ਅਹਿਦ ਯਾ ਕੋਈ ਸ਼ੈ ਦਿੱਤੀ ਹੈ। ਇਸ ਖਤ ਵਿਚ ਇਹ ਲਿਖਿਆ ਜ਼ਰੂਰ ਸਹੀ ਹੁੰਦਾ ਹੈ ਕਿ ਕਾਜ਼ੀ ਜ਼ੁਬਾਨੀ ਬੀ ਮੇਰੇ ਸੁਨੇਹੇ ਦੇਵੇਗਾ ਤੇ ਜੋ ਕੁਛ ਉਹ ਕਹੇਗਾ ਮੇਰੀ ਵਲੋਂ ਹੋਵੇਗਾ। (ਸ਼ਿਅਰ 54)
3. ਗੁਰੂ ਸਾਹਿਬ ਨੇ ਇਹ ਸ਼ੈ ਸੰਭਾਲ ਕੇ ਪਾਸ ਰੱਖੀ ਹੈ ਤੇ ਇੰਨੇ ਖਖੇੜ ਬਖੇੜਾਂ ਦੇ ਵਿਚੋਂ ਲੰਘਕੇ ਬੀ ਉਹ ਸ਼ੈ ਉਨ੍ਹਾਂ ਦੇ ਪਾਸ ਸੀ ਜੋ ਉਹ ਦੀਨੇ ਤੋਂ ਉਸਨੂੰ ਲਿਖਦੇ ਹਨ ਕਿ ਉਹ ਲਿਖਿਆ ਅਹਿਦ ਨਾਮਾ ਜੇ ਚਾਹੋ ਤਾਂ ਮੈਂ ਤੁਸਾਂ ਪਾਸ ਘੱਲ ਸਕਦਾ ਹਾਂ। (ਸ਼ਿਅਰ 57)
4. ਇਸ ਅਹਿਦਨਾਮੇ ਵਿਚ ਜੋ ਔਰੰਗਜ਼ੇਬ ਵਲੋਂ ਆਇਆ ਕੁਰਾਨ ਦੀ ਕਸਮ ਖਾਧੀ ਗਈ ਹੈ, ਰੱਬ ਦੀ ਸਹੁੰ ਖਾਧੀ ਗਈ ਹੈ ਤੇ ਹੋ ਸਕਦਾ